'ਧਰਮ ਸੰਸਦ ਚੋਣਾਂ ਨਾਲ ਜੁੜਿਆ ਮੁੱਦਾ ਨਹੀਂ' – ਸਵਾਲਾਂ ਤੋਂ ਨਰਾਜ਼ ਯੂਪੀ ਦੇ ਉਪ-ਮੁੱਖ ਮੰਤਰੀ

ਪਿਛਲੇ ਦਿਨਾਂ ਵਿੱਚ ਹਰਿਦੁਆਰ ਵਿੱਚ ਹੋਈ ਧਰਮ ਸੰਸਦ ਵਿੱਚ ਮੁਸਲਮਾਨਾਂ ਖਿਲਾਫ਼ ਦਿੱਤੇ ਗਏ ਬਿਆਨਾਂ 'ਤੇ ਸਵਾਲ ਪੁੱਛੇ ਜਾਣ 'ਤੇ ਕੇਸ਼ਵ ਪ੍ਰਸਾਦ ਮੌਰਿਆ ਨਰਾਜ਼ ਹੋ ਗਏ ਅਤੇ ਇੰਟਰਵਿਊ ਰੋਕ ਦਿੱਤੀ।
ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਬੀਬੀਸੀ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ''ਲੜਨ ਤੋਂ ਪਹਿਲਾਂ ਹੀ ਹਾਰ ਮੰਨ ਲਈ ਹੈ।''
ਉੱਤਰ ਪ੍ਰਦੇਸ਼ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਬੀਬੀਸੀ ਦੇ ਰਿਪੋਰਟਰ ਅਨੰਦ ਝਣਾਨੇ ਨੇ ਉਪ-ਮੁੱਖ ਮੰਤਰੀ ਨਾਲ ਕਈ ਮੁੱਦਿਆਂ 'ਤੇ ਗੱਲ ਕੀਤੀ।
ਇਹ ਵੀ ਪੜ੍ਹੋ:
ਇੰਟਰਵਿਊ ਰੋਕਣ, ਵੀਡਿਓ ਡਿਲੀਟ ਕਰਾਉਣ ਬਾਰੇ ਤੁਸੀਂ ਅੱਗੇ ਪੜ੍ਹੋਗੇ, ਹਾਲਾਂਕਿ ਕੁਝ ਸਮੇਂ ਬਾਅਦ ਉਪ-ਮੁੱਖ ਮੰਤਰੀ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਿਆ।
ਪਹਿਲਾਂ ਕੁਝ ਖਾਸ ਸਵਾਲਾਂ 'ਤੇ ਉਨ੍ਹਾਂ ਦੇ ਜਵਾਬ
ਗੱਲਬਾਤ ਦਾ ਸਿਲਸਿਲਾ ਇਸ ਸਵਾਲ ਤੋਂ ਸ਼ੁਰੂ ਹੋਇਆ ਜਦੋਂ ਕੇਪੀ ਮੌਰਿਆ ਤੋਂ ਪੁੱਛਿਆ ਗਿਆ ਕਿ ਦੂਜੀਆਂ ਪਾਰਟੀਆਂ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਭਾਜਪਾ ਦੀ ਤਰ੍ਹਾਂ ਵਰਚੁਅਲ ਚੋਣਾਂ ਲੜ ਸਕਣ। ਸਪਾ ਨੇਤਾ ਅਖਿਲੇਸ਼ ਯਾਦਵ ਨੇ ਮੰਗ ਕੀਤੀ ਹੈ ਕਿ ਚੋਣ ਕਮਿਸ਼ਨ ਉਨ੍ਹਾਂ ਨੂੰ ਪੈਸੇ ਦੇਵੇ।
ਇਸ ਦੇ ਜਵਾਬ ਵਿੱਚ ਮੌਰਿਆ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਅਖਿਲੇਸ਼ ਯਾਦਵ ਜੀ ਨੇ ਅੱਜ ਹਿੰਮਤ ਦਿਖਾਈ ਹੈ। 2017 ਦੀ ਤਰ੍ਹਾਂ 2022 ਵਿੱਚ ਸਮਾਜਵਾਦੀ ਪਾਰਟੀ ਦੀ ਹਾਰ ਤੈਅ ਹੈ।''
''ਜਨਤਾ ਕਿਸੇ ਵੀ ਕੀਮਤ 'ਤੇ ਗੁੰਡਾਰਾਜ, ਦੰਗਾ ਰਾਜ, ਮਾਫੀਆ ਰਾਜ, ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੀ।''
''ਹਾਰ ਤਾਂ ਉਨ੍ਹਾਂ ਦੀ ਤੈਅ ਸੀ। ਉਨ੍ਹਾਂ ਨੇ ਅੱਜ ਹਿੰਮਤ ਦਿਖਾਈ ਹੈ ਕਿ ਅੱਜ ਤਰੀਕ ਦਾ ਐਲਾਨ ਹੁੰਦੇ ਹੀ ਉਨ੍ਹਾਂ ਨੇ ਹਾਰ ਸਵੀਕਾਰ ਕਰ ਲਈ। ਉਨ੍ਹਾਂ ਦਾ ਇਸ ਲਈ ਮੈਂ ਧੰਨਵਾਦ ਕਰਦਾ ਹਾਂ।''

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਭਾਜਪਾ ਆਪਣੇ ਪ੍ਰਚਾਰ ਵਿੱਚ ਜਦੋਂ ਮਾਫੀਆ ਖਿਲਾਫ਼ ਕਾਰਵਾਈ ਦਾ ਜ਼ਿਕਰ ਕਰਦੀ ਹੈ ਤਾਂ ਉਹ ਸਿਰਫ਼ ਅਤੀਕ ਅਹਿਮਦ, ਮੁਖਤਾਰ ਅੰਸਾਰੀ ਅਤੇ ਆਜ਼ਮ ਖਾਨ ਦਾ ਨਾਂ ਕਿਉਂ ਲੈਂਦੀ ਹੈ। ਉਹ ਵਿਕਾਸ ਦੁਬੇ ਦਾ ਨਾਂ ਕਿਉਂ ਨਹੀਂ ਲੈਂਦੀ?
ਇਸ ਦੇ ਜਵਾਬ ਵਿੱਚ ਕੇਸ਼ਵ ਮੌਰਿਆ ਨੇ ਕਿਹਾ, ''ਜਿਸ ਦੇ ਨਾਂ 'ਤੇ ਆਮ ਆਦਮੀ ਡਰਦਾ ਹੈ, ਉਹ ਵਿਅਕਤੀ ਕੌਣ ਹੈ? ਜੋ ਇਸ ਸਮੇਂ ਰਾਜਨੀਤੀ ਦੇ ਅੰਦਰ ਅਪਰਾਧੀਕਰਨ ਦਾ ਪ੍ਰਤੱਖ ਸਵਰੂਪ ਹੈ।"
"ਜਿਨ੍ਹਾਂ ਦਾ ਨਾਂ ਤੁਸੀਂ ਲੈ ਰਹੇ ਹੋ। ਪੁਲਿਸ ਨਾਲ ਮੁੱਠਭੇੜ ਹੋਈ, ਉਸ ਵਿੱਚ ਵਿਕਾਸ ਦੁਬੇ ਮਾਰਿਆ ਗਿਆ। ਉਹ ਘਟਨਾ ਸੀ ਅਤੇ ਉਸ ਦਾ ਜਵਾਬ ਪੁਲਿਸ ਵਾਲਿਆਂ ਨੇ ਦਿੱਤਾ।''
ਯੋਗੀ ਆਦਿੱਤਿਆਨਾਥ ਦੇ ਮਥੁਰਾ ਤੋਂ ਚੋਣ ਲੜਨ ਦੇ ਕਿਆਸ ਲਗਾਏ ਜਾ ਰਹੇ ਹਨ, ਅਜਿਹੇ ਵਿੱਚ ਉਪ-ਮੁੱਖ ਮੰਤਰੀ ਕਿੱਥੋਂ ਚੋਣ ਲੜਨਗੇ, ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, ''ਸਤਿਕਾਰਯੋਗ ਯੋਗੀ ਜੀ ਸਾਡੇ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਅਸੀਂ ਲੋਕਾਂ ਨੇ ਬਹੁਤ ਸ਼ਾਨਦਾਰ ਕੰਮ ਕੀਤਾ ਹੈ। ਇਸ ਲਈ ਅਸੀਂ ਵਿਕਾਸ ਦੇ ਫੀਲਡ 'ਤੇ ਸੰਪੂਰਨ ਵਿਰੋਧੀ ਧਿਰ ਨੂੰ ਲਿਆਉਣਾ ਚਾਹੁੰਦੇ ਹਾਂ ਅਤੇ ਇਸ ਫੀਲਡ ਤੋਂ ਵੀ ਵਿਰੋਧੀ ਧਿਰ ਭੱਜ ਰਹੀ ਹੈ।''
''ਉਹ ਜਨਤਾ ਦੇ ਸਾਹਮਣੇ ਮੂੰਹ ਦਿਖਾਉਣ ਲਾਇਕ ਨਹੀਂ ਹਨ, ਜਨਤਾ ਨੂੰ ਸਭ ਯਾਦ ਹੈ। ਭੁੱਲਣ ਵੀ ਨਹੀਂ ਦੇਵਾਂਗੇ।''
ਧਰਮ ਸੰਸਦ ਨਾਲ ਜੁੜੇ ਸਵਾਲ ਅਤੇ ਨਰਾਜ਼ਗੀ
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਹਰਿਦੁਆਰ ਵਿੱਚ ਧਰਮ ਸੰਸਦ ਵਿੱਚ ਮੰਚ ਤੋਂ ਦਿੱਤੇ ਗਏ ਹਿੰਸਾ ਭੜਕਾਉਣ ਵਾਲੇ ਬਿਆਨਾਂ ਦੇ ਬਾਅਦ ਸੂਬੇ ਦੇ ਮੁੱਖ ਮੰਤਰੀ ਚੁੱਪ ਰਹਿੰਦੇ ਹਨ ਇਸ ਨਾਲ ਅਜਿਹੇ ਬਿਆਨ ਦੇਣ ਵਾਲਿਆਂ ਨੂੰ ਹੋਰ ਪ੍ਰੋਤਸਾਹਨ ਮਿਲਦਾ ਹੈ, ਉਨ੍ਹਾਂ ਦੇ ਹੌਸਲੇ ਹੋਰ ਵਧਦੇ ਹਨ। ਕੀ ਤੁਹਾਨੂੰ ਬਿਆਨ ਦੇ ਕੇ ਲੋਕਾਂ ਨੂੰ ਭਰੋਸਾ ਨਹੀਂ ਦੇਣਾ ਚਾਹੀਦਾ ਕਿ ਤੁਸੀਂ ਕਿਸੇ ਧਰਮ ਵਿਸ਼ੇਸ਼ ਦੇ ਖਿਲਾਫ਼ ਨਹੀਂ ਹੋ?
ਕੇਸ਼ਵ ਪ੍ਰਸਾਦ ਮੌਰਿਆ ਨੇ ਇਸ ਦੇ ਜਵਾਬ ਵਿੱਚ ਕਿਹਾ, ''ਭਾਜਪਾ ਨੂੰ ਪ੍ਰਮਾਣ ਪੱਤਰ ਦੇਣ ਦੀ ਜ਼ਰੂਰਤ ਨਹੀਂ ਹੈ। ਅਸੀਂ 'ਸਬਕਾ ਸਾਥ, ਸਬਕਾ ਵਿਕਾਸ' ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਧਾਰਮਿਕ ਸ਼ਖ਼ਸੀਅਤਾਂ ਨੂੰ ਆਪਣੀ ਗੱਲ ਆਪਣੇ ਮੰਚ 'ਤੇ ਕਹਿਣ ਦਾ ਅਧਿਕਾਰ ਹੁੰਦਾ ਹੈ।''
''ਤੁਸੀਂ ਹਿੰਦੂ ਧਾਰਮਿਕ ਸ਼ਖ਼ਸੀਅਤਾਂ ਦੀ ਹੀ ਗੱਲ ਕਿਉਂ ਕਰਦੇ ਹੋ? ਬਾਕੀ ਧਾਰਮਿਕ ਸ਼ਖ਼ਸੀਅਤਾਂ ਬਾਰੇ ਕੀ-ਕੀ ਬਿਆਨ ਦਿੱਤੇ ਗਏ ਹਨ। ਉਨ੍ਹਾਂ ਦੀ ਗੱਲ ਕਿਉਂ ਨਹੀਂ ਕਰਦੇ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਪਹਿਲਾਂ ਉੱਥੋਂ ਕਿੰਨੇ ਹੀ ਲੋਕਾਂ ਨੂੰ ਪਲਾਇਨ ਕਰਨਾ ਪਿਆ, ਇਸ ਦੀ ਗੱਲ ਕਿਉਂ ਨਹੀਂ ਕਰਦੇ ਹੋ?''

ਤਸਵੀਰ ਸਰੋਤ, FACEBOOK/DEVBHOOMI RAKSHA ABHIYAN
''ਤੁਸੀਂ ਜਦੋਂ ਸਵਾਲ ਉਠਾਓ ਤਾਂ ਫਿਰ ਸਵਾਲ ਸਿਰਫ਼ ਇੱਕ ਪਾਸੇ ਦੇ ਹੀ ਨਹੀਂ ਹੋਣੇ ਚਾਹੀਦੇ, ਧਰਮ ਸੰਸਦ ਭਾਜਪਾ ਦੀ ਨਹੀਂ ਹੈ, ਉਹ ਸੰਤਾਂ ਦੀ ਹੁੰਦੀ ਹੈ। ਸੰਤ ਆਪਣੀ ਬੈਠਕ ਵਿੱਚ ਕੀ ਕਹਿੰਦੇ ਹਨ, ਕੀ ਨਹੀਂ ਕਹਿੰਦੇ ਹਨ। ਇਹ ਉਨ੍ਹਾਂ ਦਾ ਵਿਸ਼ਾ ਹੈ।''
ਜਦੋਂ ਉਪ-ਮੁੱਖ ਮੰਤਰੀ ਮੌਰਿਆ ਤੋਂ ਪੁੱਛਿਆ ਗਿਆ ਕਿ ਯਤਿ ਨਰਸਿੰਹਾਨੰਦ ਗਾਜ਼ੀਆਬਾਦ ਦੇ ਹਨ। ਅਨਪੂਰਣਾ ਅਲੀਗੜ੍ਹ ਦੇ ਹਨ। ਇਹ ਲੋਕ ਕਿਸ ਤਰੀਕੇ ਨਾਲ ਮਾਹੌਲ ਬਣਾ ਰਹੇ ਹਨ, ਉਨ੍ਹਾਂ 'ਤੇ ਕਾਰਵਾਈ ਕਿਉਂ ਨਹੀਂ ਹੁੰਦੀ?
ਇਸ ਦੇ ਜਵਾਬ ਵਿੱਚ ਮੌਰਿਆ ਨੇ ਕਿਹਾ, ''ਕੋਈ ਮਾਹੌਲ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹਨ। ਜੋ ਸਹੀ ਗੱਲ ਹੁੰਦੀ ਹੈ, ਜੋ ਉਚਿੱਤ ਗੱਲ ਹੁੰਦੀ ਹੈ, ਜੋ ਉਨ੍ਹਾਂ ਦੇ ਪਲੈਟਫਾਰਮ ਵਿੱਚ ਉਨ੍ਹਾਂ ਨੂੰ ਉਚਿੱਤ ਲੱਗਦੀ ਹੈ, ਉਹ ਕਹਿੰਦੇ ਹੋਣਗੇ। ਤੁਸੀਂ ਅਜਿਹੇ ਸਵਾਲ ਲੈ ਕੇ ਆ ਰਹੇ ਹੋ ਜੋ ਰਾਜਨੀਤਕ ਖੇਤਰ ਨਾਲ ਜੁੜੇ ਹੋਏ ਨਹੀਂ ਹਨ।''
''ਉਨ੍ਹਾਂ ਚੀਜ਼ਾਂ ਨੂੰ ਮੈਂ ਦੇਖਿਆ ਵੀ ਨਹੀਂ ਹੈ ਜਿਸ ਵਿਸ਼ੇ ਦੀ ਮੇਰੇ ਨਾਲ ਚਰਚਾ ਕਰ ਰਹੇ ਹੋ, ਪਰ ਜਦੋਂ ਧਾਰਮਿਕ ਸ਼ਖ਼ਸੀਅਤਾਂ ਦੀ ਗੱਲ ਕਰੋ, ਤਾਂ ਧਾਰਮਿਕ ਸ਼ਖ਼ਸੀਅਤ ਕੇਵਲ ਹਿੰਦੂ ਧਾਰਮਿਕ ਸ਼ਖ਼ਸੀਅਤਾਂ ਨਹੀਂ ਹੁੰਦੀਆਂ। ਮੁਸਲਿਮ ਧਾਰਮਿਕ ਸ਼ਖ਼ਸੀਅਤਾਂ ਵੀ ਹੁੰਦੀਆਂ ਹਨ, ਈਸਾਈ ਧਾਰਮਿਕ ਸ਼ਖ਼ਸੀਅਤਾਂ ਵੀ ਹੁੰਦੀਆਂ ਹਨ।''

ਤਸਵੀਰ ਸਰੋਤ, SAMEERATMAJ MISHRA/BBC
''ਕੌਣ- ਕੌਣ ਕੀ ਗੱਲਾਂ ਕਰ ਰਿਹਾ ਹੈ, ਉਨ੍ਹਾਂ ਚਾਰੋ ਗੱਲਾਂ ਨੂੰ ਇਕੱਤਰ ਕਰਕੇ ਸਵਾਲ ਕਰੋ। ਮੈਂ ਹਰ ਸਵਾਲ ਦਾ ਜਵਾਬ ਦੇਵਾਂਗਾ। ਤੁਸੀਂ ਵਿਸ਼ਾ ਪਹਿਲਾਂ ਦੱਸਦੇ ਤਾਂ ਮੈਂ ਤਿਆਰੀ ਕਰਕੇ ਤੁਹਾਨੂੰ ਜਵਾਬ ਦਿੰਦਾ।''
ਜਦੋਂ ਉਨ੍ਹਾਂ ਨੂੰ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਵਰਗੇ ਮਾਮਲਿਆਂ ਵਿੱਚ ਰਾਜਧ੍ਰੋਹ ਲਗਾਉਣ ਦੀ ਮਿਸਾਲ ਯਾਦ ਦਿਵਾਈ ਗਈ ਤਾਂ ਉਨ੍ਹਾਂ ਨੇ ਸਵਾਲ ਖਤਮ ਹੋਣ ਤੋਂ ਪਹਿਲਾਂ ਹੀ ਕਿਹਾ, ''ਰਾਸ਼ਟਰਧ੍ਰੋਹ ਅਲੱਗ ਵਿਸ਼ਾ ਹੈ, ਤੁਸੀਂ ਰਾਸ਼ਟਰਧ੍ਰੋਹ ਨੂੰ ਜੋ ਲੋਕਾਂ ਦੇ ਮੌਲਿਕ ਅਧਿਕਾਰ ਹਨ, ਉਨ੍ਹਾਂ ਨਾਲ ਨਾ ਜੋੜੋ। ਜੇਕਰ ਭਾਰਤ ਵਿੱਚ ਰਹਿ ਕੇ ਕੋਈ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਗਾਏਗਾ ਤਾਂ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।''
''ਉਹ ਨਿਸ਼ਚਤ ਤੌਰ 'ਤੇ ਦੇਸ਼ਧ੍ਰੋਹੀ ਦੀ ਸ਼੍ਰੇਣੀ ਵਿੱਚ ਆਵੇਗਾ। ਉਸ ਦੇ ਖਿਲਾਫ਼ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਪਰ ਇਹ ਜੋ ਧਰਮ ਸੰਸਦ ਹੁੰਦੀ ਹੈ, ਸਾਰੀਆਂ ਧਾਰਮਿਕ ਸ਼ਖ਼ਸੀਅਤਾਂ ਹੁੰਦੀਆਂ ਹਨ, ਸਾਰੇ ਸੰਪਰਦਾਏ ਦੇ ਹੁੰਦੇ ਹਨ। ਇਹ ਸਭ ਦੀ ਹੁੰਦੀ ਹੈ ਜੋ ਉਨ੍ਹਾਂ ਨੇ ਆਪਣੀ ਗੱਲ ਕਹਿਣੀ ਹੈ, ਉਹ ਕਹਿੰਦੇ ਹਨ।''
ਤਕਰੀਬਨ ਦਸ ਮਿੰਟ ਤੱਕ ਸਵਾਲਾਂ ਦੇ ਜਵਾਬ ਦੇਣ ਦੇ ਬਾਅਦ ਜਦੋਂ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਬੀਬੀਸੀ ਦੇ ਰਿਪੋਰਟਰ ਨੂੰ ਕਿਹਾ ਕਿ ਉਹ ਸਿਰਫ਼ ਚੋਣਾਂ ਬਾਰੇ ਸਵਾਲ ਪੁੱਛੇ।
ਸਿਰਫ਼ ਚੋਣਾਂ ਬਾਰੇ ਪੁੱਛੋ ਸਵਾਲ
ਬੀਬੀਸੀ ਦੇ ਰਿਪੋਰਟਰ ਅਨੰਤ ਝਣਾਨੇ ਨੇ ਕਿਹਾ ਕਿ ਇਹ ਮਾਮਲਾ ਚੋਣ ਨਾਲ ਜੁੜਿਆ ਹੋਇਆ ਹੈ, ਇਸ 'ਤੇ ਉਪ- ਮੁੱਖ ਮੰਤਰੀ ਭੜਕ ਗਏ ਅਤੇ ਉਨ੍ਹਾਂ ਨੇ ਰਿਪੋਰਟਰ ਨੂੰ ਕਿਹਾ ਕਿ ਤੁਸੀਂ ਪੱਤਰਕਾਰ ਦੀ ਤਰ੍ਹਾਂ ਨਹੀਂ, ਬਲਕਿ ਕਿਸੇ ਦੇ 'ਏਜੰਟ' ਦੀ ਤਰ੍ਹਾਂ ਗੱਲ ਕਰ ਰਹੇ ਹੋ।
ਇਸ ਦੇ ਬਾਅਦ ਉਨ੍ਹਾਂ ਨੇ ਆਪਣੀ ਜੈਕੇਟ ਨਾਲ ਲੱਗਿਆ ਹੋਇਆ ਮਾਈਕ ਹਟਾ ਦਿੱਤਾ। ਉਨ੍ਹਾਂ ਨੇ ਗੱਲਬਾਤ ਉੱਥੇ ਹੀ ਰੋਕ ਦਿੱਤੀ ਅਤੇ ਕੈਮਰਾ ਬੰਦ ਕਰਨ ਲਈ ਕਿਹਾ।
ਉਸ ਦੇ ਬਾਅਦ ਉਨ੍ਹਾਂ ਨੇ ਬੀਬੀਸੀ ਰਿਪੋਰਟਰ ਦਾ ਕੋਵਿਡ ਮਾਸਕ ਖਿੱਚਿਆ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਬੁਲਾ ਕੇ ਜ਼ਬਰਦਸਤੀ ਵੀਡਿਓ ਨੂੰ ਡਿਲੀਟ ਕਰਵਾ ਦਿੱਤਾ।
ਕੈਮਰਾਮੈਨ ਨੇ ਡਿਲੀਟ ਕੀਤੀ ਗਈ ਵੀਡਿਓ ਨੂੰ ਰਿਕਵਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਦੋਵੇਂ ਕੈਮਰਿਆਂ ਤੋਂ ਵੀਡਿਓ ਡਿਲੀਟ ਹੋ ਚੁੱਕੀ ਹੈ, ਇਸ ਦੀ ਤਸੱਲੀ ਕੇਪੀ ਮੌਰਿਆ ਦੇ ਸੁਰੱਖਿਆ ਕਰਮਚਾਰੀਆਂ ਨੇ ਕਰ ਲਈ ਸੀ, ਪਰ ਕੈਮਰੇ ਦੀ ਚਿਪ ਤੋਂ ਵੀਡਿਓ ਨੂੰ ਰਿਕਵਰ ਕੀਤਾ ਜਾ ਸਕਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇੱਥੇ ਬੀਬੀਸੀ ਨੇ ਕੇਸ਼ਵ ਪ੍ਰਸਾਦ ਮੌਰਿਆ ਨਾਲ ਗੱਲਬਾਤ ਦੇ ਵੀਡਿਓ ਨੂੰ ਬਿਨਾਂ ਐਡਿਟ ਕੀਤੇ ਜਾਰੀ ਕੀਤਾ ਹੈ, ਯਾਨੀ ਵੀਡਿਓ ਵਿੱਚ ਕੁਝ ਜੋੜਿਆ ਜਾਂ ਹਟਾਇਆ ਨਹੀਂ ਗਿਆ ਹੈ। ਜਿਸ ਘਟਨਾਕ੍ਰਮ ਦਾ ਜ਼ਿਕਰ ਉੱਪਰ ਕੀਤਾ ਗਿਆ ਹੈ, ਉਹ ਕੈਮਰਾ ਬੰਦ ਹੋਣ ਦੇ ਬਾਅਦ ਹੈ, ਇਸ ਲਈ ਉਸ ਦਾ ਫੁਟੇਜ ਮੌਜੂਦ ਨਹੀਂ ਹੈ।
ਤੁਸੀਂ ਦੇਖ ਸਕਦੇ ਹੋ ਕਿ ਉਪ-ਮੁੱਖ ਮੰਤਰੀ ਜੈਕਟ ਵਿੱਚ ਲੱਗਿਆ ਮਾਈਕ ਹਟਾ ਰਹੇ ਹਨ, ਉਸ ਦੇ ਬਾਅਦ ਕੈਮਰਾ ਬੰਦ ਹੋ ਗਿਆ ਸੀ।
ਬੀਬੀਸੀ ਨੇ ਇਸ ਘਟਨਾ 'ਤੇ ਗੰਭੀਰ ਇਤਰਾਜ਼ ਜ਼ਾਹਿਰ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਪ੍ਰਧਾਨ, ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਤੇ ਰਾਜ ਦੇ ਮੁੱਖ ਮੰਤਰੀ ਨੂੰ ਅਧਿਕਾਰਕ ਤੌਰ 'ਤੇ ਇੱਕ ਸ਼ਿਕਾਇਤ ਭੇਜੀ ਹੈ, ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













