ਹਰਿਦੁਆਰ ਦੀ ਧਰਮ ਸੰਸਦ ਵਿੱਚ ਦਿੱਤੇ ਭੜਕਾਊ ਭਾਸ਼ਣ ਨੂੰ ਅਸ਼ੋਕ ਗਹਿਲੋਤ ਨੇ ਨਸਲਕੁਸ਼ੀ ਦੇ ਖਦਸ਼ੇ ਨਾਲ ਕਿਉਂ ਜੋੜਿਆ – ਪ੍ਰੈੱਸ ਰਿਵਿਊ

ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਇਸ ਮਾਮਲੇ ਨੂੰ ਧਿਆਨ ਵਿੱਚ ਲੈਣਾ ਚਾਹੀਦਾ ਹੈ ਅਤੇ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਹਰਿਦੁਆਰ ਦੇ ਵੇਦ ਨਿਕੇਤਨ ਧਾਮ 'ਚ ਆਯੋਜਿਤ 'ਧਰਮ ਸੰਸਦ' ਦੌਰਾਨ ਕਿਸੇ ਵਿਸ਼ੇਸ਼ ਭਾਈਚਾਰੇ ਵਿਰੁੱਧ ਕਥਿਤ ਨਫਰਤ ਭਰੇ ਭਾਸ਼ਣਾਂ ਲਈ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।

ਦਿ ਹਿੰਦੂ ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਇਸ ਮਾਮਲੇ ਨੂੰ ਧਿਆਨ ਵਿੱਚ ਚਾਹੀਦਾ ਹੈ ਅਤੇ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ।

17-20 ਦਸੰਬਰ ਤੱਕ ਆਯੋਜਿਤ ਇਸ ਧਰਮ ਸਭਾ ਦਾ ਆਯੋਜਨ ਜੂਨਾ ਅਖਾੜੇ ਦੇ ਯਤੀ ਨਰਸਿਮਹਾਨੰਦ ਗਿਰੀ ਦੁਆਰਾ ਕੀਤਾ ਗਿਆ ਸੀ। ਉਹ ਪਹਿਲਾਂ ਹੀ ਨਫਰਤ ਭਰੇ ਭਾਸ਼ਣ ਦੇਣ ਅਤੇ ਮੁਸਲਮਾਨਾਂ ਵਿਰੁੱਧ ਹਿੰਸਾ ਭੜਕਾਉਣ ਦੇ ਇਲਜ਼ਾਮਾਂ ਤਹਿਤ ਪੁਲਿਸ ਦੇ ਘੇਰੇ ਵਿੱਚ ਹੈ।

ਗਹਲੋਤ ਨੇ ਕਿਹਾ, "ਸਾਡੇ ਦੇਸ਼ 'ਚ ਕੁਝ ਸ਼ਰਾਰਤੀ ਤੱਤ ਇਕ ਭਾਈਚਾਰੇ ਦੇ ਲੋਕਾਂ ਨੂੰ ਮਾਰਨ ਦੀ ਗੱਲ ਕਰਦੇ ਹਨ, ਪਰ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਲੱਗਦਾ ਹੈ ਕਿ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ 'ਚ ਜੰਗਲ ਰਾਜ ਦਾ ਮਾਹੌਲ ਹੈ। ਦੁਨੀਆਂ 'ਚ ਜਦੋਂ-ਕਦੇ ਵੀ ਨਸਲਕੁਸ਼ੀ ਹੋਈ ਹੈ, ਉੱਥੇ ਅਜਿਹੇ ਹੀ ਭੜਕਾਊ ਭਾਸ਼ਣ ਹੋਏ ਸਨ ਜਿਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।''

ਇਸ ਮਾਮਲੇ 'ਤੇ ਕਾਂਗਰਸ ਨੇਤਾ ਗਹਿਲੋਤ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਇੱਕ ਸਮਾਗਮ ਦੇ "ਭੜਕਾਊ ਅਤੇ ਹਿੰਸਾ ਉਕਸਾਉਣ ਵਾਲੇ ਭਾਸ਼ਣਾਂ" ਦੇ ਵੀਡੀਓ ਹਨ, ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਇਸ ਮੁੱਦੇ 'ਤੇ ਚੁੱਪ ਹਨ।

ਇਸ ਦੌਰਾਨ, ਸ਼ੁੱਕਰਵਾਰ ਨੂੰ ਪੁਲਿਸ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਹਰਿਦੁਆਰ ਵਿੱਚ ਇੱਕ ਧਰਮ ਸਭਾ ਵਿੱਚ ਦਿੱਤੇ ਕਥਿਤ ਨਫ਼ਰਤ ਵਾਲੇ ਭਾਸ਼ਣਾਂ ਦੇ ਸਬੰਧ ਵਿੱਚ ਜਤਿੰਦਰ ਨਾਰਾਇਣ ਤਿਆਗੀ ਅਤੇ ਹੋਰਾਂ ਵਿਰੁੱਧ ਇੱਕ ਐਫਆਈਆਰ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ:

ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਦੀ ਸਫਾਈ - ਖੇਤੀ ਕਾਨੂੰਨ ਵਾਪਸ ਨਹੀਂ ਲਿਆਏਗਾ ਕੇਂਦਰ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ਨੀਵਾਰ ਨੂੰ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਸੋਧੇ ਹੋਏ ਰੂਪ ਵਿੱਚ ਦੁਬਾਰਾ ਪੇਸ਼ ਨਹੀਂ ਕਰੇਗੀ।

ਖ਼ਬਰ ਏਜੰਸੀ ਏਐੱਨਆਈਐੱਨਡੀਟੀਵੀ ਦੀ ਖ਼ਬਰ ਅਨੁਸਾਰ, ਕੇਂਦਰੀ ਮੰਤਰੀ ਦਾ ਸਪਸ਼ਟੀਕਰਨ ਕਾਂਗਰਸ ਦੁਆਰਾ ਲਗਾਏ ਉਨ੍ਹਾਂ ਇਲਜ਼ਾਮਾਂ ਤੋਂ ਬਾਅਦ ਆਇਆ ਹੈ ਜਿਨ੍ਹਾਂ ਵਿੱਚ ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਸੀ ਕਿ ਕੇਂਦਰ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ, ਸੋਧਾਂ ਦੇ ਨਾਲ ਤਿੰਨ ਖੇਤੀ ਕਾਨੂੰਨਾਂ (ਜੋ ਹੁਣ ਰੱਦ ਕਰ ਦਿੱਤੇ ਗਏ ਹਨ) ਨੂੰ ਵਾਪਸ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ।

ਤੋਮਰ
ਤਸਵੀਰ ਕੈਪਸ਼ਨ, ਨਾਗਪੁਰ ਵਿੱਚ ਇੱਕ ਸਮਾਗਮ 'ਚ ਉਨ੍ਹਾਂ ਦੇ ਇੱਕ ਬਿਆਨ ਬਿਆਨ ਨੂੰ ਲੈ ਕੇ ਵਿਰੋਧੀ ਆਗੂ ਸਵਾਲ ਚੁੱਕ ਰਹੇ ਹਨ

ਸ਼ੁੱਕਰਵਾਰ ਨੂੰ ਨਾਗਪੁਰ ਵਿੱਚ ਇੱਕ ਸਮਾਗਮ ਵਿੱਚ ਉਨ੍ਹਾਂ ਨੇ ਇੱਕ ਬਿਆਨ ਵਿੱਚ (ਹੁਣ ਰੱਦ ਕੀਤੇ ਗਏ) ਖੇਤੀ ਕਾਨੂੰਨਾਂ ਬਾਰੇ ਦਿੱਤੇ ਉਨ੍ਹਾਂ ਦੇ ਬਿਆਨ ਬਾਰੇ ਉਨ੍ਹਾਂ ਕਿਹਾ, "ਮੈਂ ਇਹ ਨਹੀਂ ਕਿਹਾ"।

ਉਨ੍ਹਾਂ ਕਿਹਾ, "ਮੈਂ ਕਿਹਾ ਸੀ ਕਿ ਸਰਕਾਰ ਨੇ ਚੰਗੇ (ਖੇਤੀ) ਕਾਨੂੰਨ ਬਣਾਏ ਸਨ। ਅਸੀਂ ਉਨ੍ਹਾਂ ਨੂੰ ਕੁਝ ਕਾਰਨਾਂ ਕਰਕੇ ਵਾਪਸ ਲੈ ਲਿਆ ਹੈ। ਸਰਕਾਰ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ।''

ਇਸ ਤੋਂ ਪਹਿਲਾਂ ਤੋਮਰ ਨੇ ਨਾਗਪੁਰ ਸਮਾਗਮ ਦੌਰਾਨ ਕਿਹਾ ਸੀ, "ਅਸੀਂ ਖੇਤੀ ਕਾਨੂੰਨ ਲਿਆਂਦੇ। ਕੁਝ ਲੋਕਾਂ ਨੂੰ ਉਹ ਪਸੰਦ ਨਹੀਂ ਆਏ ਪਰ ਇਹ ਆਜ਼ਾਦੀ ਦੇ 70 ਸਾਲਾਂ ਬਾਅਦ ਇੱਕ ਵੱਡਾ ਸੁਧਾਰ ਸੀ ਜੋ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਅੱਗੇ ਵਧ ਰਿਹਾ ਸੀ। ਪਰ ਸਰਕਾਰ ਨਿਰਾਸ਼ ਨਹੀਂ ਹੈ।“

“ਅਸੀਂ ਇੱਕ ਕਦਮ ਪਿੱਛੇ ਹਟ ਗਏ ਹਾਂ ਅਤੇ ਅਸੀਂ ਦੁਬਾਰਾ ਅੱਗੇ ਵਧਾਂਗੇ ਕਿਉਂਕਿ ਕਿਸਾਨ ਭਾਰਤ ਦੀ ਰੀੜ੍ਹ ਦੀ ਹੱਡੀ ਹਨ ਅਤੇ ਜੇਕਰ ਰੀੜ੍ਹ ਦੀ ਹੱਡੀ ਮਜ਼ਬੂਤ ਹੋਵੇਗੀ ਤਾਂ ਦੇਸ਼ ਮਜ਼ਬੂਤ ਹੋਵੇਗਾ।''

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਆਗੂਆਂ ਵੱਲੋਂ ਕਿਹਾ ਗਿਆ ਕਿ ਇਸ ਤੋਂ ਸਾਫ ਹੁੰਦਾ ਹੈ ਕਿ ਸਰਕਾਰ ਚੋਣਾਂ ਤੋਂ ਮਗਰੋਂ ਇੱਕ ਵਾਰ ਫਿਰ ਖੇਤੀ ਕਾਨੂੰਨ ਵਾਪਿਸ ਲਿਆਉਣ ਦੀ ਤਿਆਰੀ ਕਰ ਰਹੀ ਹੈ।

ਹਿੰਦੂ ਸੰਗਠਨਾਂ ਨੇ ਫੂਕੇਸਾਂਤਾ ਕਲਾਜ਼ ਦੇ ਪੁਤਲੇ

ਆਗਰਾ ਵਿਖੇ ਹਿੰਦੂ ਸੰਗਠਨਾਂ ਵੱਲੋਂ ਸਾਂਤਾ ਕਲਾਜ਼ ਦੇ ਪੁਤਲੇ ਫੂਕਣ ਦਾ ਮਾਮਲਾ ਸਾਹਮਣੇ ਆਇਆ ਹੈ।

ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਕੁਝ ਹਿੰਦੂ ਸੰਗਠਨਾਂ ਨੇ ਦੋਸ਼ ਲਗਾਇਆ ਕਿ ਈਸਾਈ ਮਿਸ਼ਨਰੀਆਂ ਬੱਚਿਆਂ ਅਤੇ ਗਰੀਬਾਂ ਨੂੰ ਆਪਣੇ ਧਰਮ ਵੱਲ ਆਕਰਸ਼ਿਤ ਕਰਨ ਲਈ ਸਾਂਤਾ ਕਲਾਜ਼ ਰਾਹੀਂ ਤੋਹਫ਼ੇ ਵੰਡਣ ਦਾ ਸਹਾਰਾ ਲੈ ਕੇ ਕ੍ਰਿਸਮਸ ਦੇ ਤਿਉਹਾਰ ਨੂੰ ਈਸਾਈ ਧਰਮ ਦਾ ਪ੍ਰਚਾਰ ਕਰਨ ਦੇ ਮੌਕੇ ਵਜੋਂ ਵਰਤਦੀਆਂ ਹਨ।

ਸਾਂਤਾ ਕਲਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਿੰਦੂ ਸੰਗਠਨਾਂ ਦਾ ਇਲਜ਼ਾਮ ਹੈ ਕਿ ਉਹ ਸਾਂਤਾ ਕਲਾਜ਼ ਬਣਾ ਕੇ ਬੱਚਿਆਂ ਨੂੰ ਤੋਹਫ਼ੇ ਵੰਡਦੇ ਹਨ ਤੇ ਈਸਾਈ ਧਰਮ ਵੱਲ ਆਕਰਸ਼ਿਤ ਕਰਦੇ ਹਨ।

ਇਸ ਦੇ ਨਾਲ ਹੀ ਹਿੰਦੂ ਸੰਗਠਨਾਂ, ਅੰਤਰ ਰਾਸ਼ਟਰੀ ਹਿੰਦੂ ਪਰਿਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਦੇ ਕਾਰਕੁਨਾਂ ਨੇ ਸ਼ਨੀਵਾਰ ਨੂੰ ਐਮ ਜੀ ਰੋਡ 'ਤੇ ਸੇਂਟ ਜੌਨਜ਼ ਕਾਲਜ ਅਤੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬਾਹਰ ਸਾਂਤਾ ਕਲਾਜ਼, ਜਿਨ੍ਹਾਂ ਨੂੰ ਫਾਦਰ ਕ੍ਰਿਸਮਸ ਜਾਂ ਸੇਂਟ ਨਿਕੋਲਸ ਵੀ ਕਿਹਾ ਜਾਂਦਾ ਹੈ, ਦੇ ਪੁਤਲੇ ਫੂਕੇ।

ਰਾਸ਼ਟਰੀ ਬਜਰੰਗ ਦਲ ਦੇ ਖੇਤਰੀ ਜਨਰਲ ਸਕੱਤਰ ਅੱਜੂ ਚੌਹਾਨ ਨੇ ਇਲਜ਼ਾਮ ਲਾਇਆ ਕਿ ''ਜਿਵੇਂ ਹੀ ਦਸੰਬਰ ਆਉਂਦਾ ਹੈ, ਈਸਾਈ ਮਿਸ਼ਨਰੀਆਂ ਕ੍ਰਿਸਮਸ, ਸਾਂਤਾ ਕਲਾਜ਼ ਅਤੇ ਨਵੇਂ ਸਾਲ ਦੇ ਨਾਂ 'ਤੇ ਸਰਗਰਮ ਹੋ ਜਾਂਦੀਆਂ ਹਨ। ਉਹ ਸਾਂਤਾ ਕਲਾਜ਼ ਬਣਾ ਕੇ ਬੱਚਿਆਂ ਨੂੰ ਤੋਹਫ਼ੇ ਵੰਡਦੇ ਹਨ ਅਤੇ ਉਨ੍ਹਾਂ ਨੂੰ ਈਸਾਈ ਧਰਮ ਵੱਲ ਆਕਰਸ਼ਿਤ ਕਰਦੇ ਹਨ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)