You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪੰਜਾਬ 'ਚ ਪੰਜ ਦਿਨਾਂ 'ਚ ਪੰਜ ਗੁਣਾ ਵਧੇ ਕੇਸ, ਅੰਮ੍ਰਿਤਸਰ ਪਹੁੰਚੇ 125 ਹਵਾਈ ਯਾਤਰੀ ਪੌਜ਼ੀਟਿਵ, ਕੁਝ ਹੋਏ ਫਰਾਰ
ਦੇਸ਼ ਦੇ ਹੋਰ ਸੂਬਿਆਂ ਵਾਂਗ ਪੰਜਾਬ 'ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਖ਼ਬਰ ਏਜੰਸੀ ਏਐੱਨਆਈ ਦੇ ਇੱਕ ਟਵੀਟ ਮੁਤਾਬਕ, ਇਟਲੀ ਤੋਂ ਅੰਮ੍ਰਿਤਸਰ ਪਹੁੰਚੀ ਇੱਕ ਅੰਤਰਰਾਸ਼ਟਰੀ ਚਾਰਟਰਡ ਫਲਾਈਟ ਦੇ 125 ਮੁਸਾਫ਼ਿਰਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।
ਏਜੰਸੀ ਅਨੁਸਾਰ, ਇਸ ਦੀ ਜਾਣਕਾਰੀ ਹਵਾਈ ਅੱਡੇ ਦੇ ਨਿਰਦੇਸ਼ਕ ਵੀ ਕੇ ਸੇਠ ਨੇ ਦਿੱਤੀ ਹੈ। ਇਸ ਜਹਾਜ਼ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਦੀ ਕੁੱਲ ਸੰਖਿਆ 179 ਸੀ, ਜਿਨ੍ਹਾਂ ਵਿੱਚੋਂ 125 ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ, ਕੁੱਲ 125 ਮਰੀਜ਼ਾਂ ਵਿੱਚੋਂ 13 ਮਰੀਜ਼ ਅੰਮ੍ਰਿਤਸਰ ਦੇ ਆਏ ਸਨ। ਬਾਕੀ ਮਰੀਜ਼ ਤਾਂ ਆਪਣੇ ਆਪਣੇ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਚਲੇ ਗਏ, ਪਰ ਅੰਮ੍ਰਿਤਸਰ ਜ਼ਿਲ੍ਹੇ ਦੇ 13 ਮਰੀਜਾਂ ਵਿੱਚੋਂ ਨੌਂ ਹਵਾਈ ਅੱਡੇ ਤੋਂ ਹੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਚਕਮਾ ਦੇ ਗਏ ਅਤੇ ਚਾਰ ਜੋ ਗੁਰੂ ਨਾਨਕ ਹਸਪਤਾਲ ਤੱਕ ਆਏ ਸਨ, ਉਹ ਵੀ ਫਰਾਰ ਹੋ ਗਏ ਹਨ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਜੋ ਕਿ ਖੁਦ ਕੋਰੋਨਾ ਪਾਜੀਟਵ ਆਏ ਸਨ, ਨੇ ਵਧੀਕ ਡਿਪਟੀ ਕਮਿਸ਼ਨਰ ਰੂਹੀ ਦੁੱਗ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਸਾਰੇ ਮਰੀਜ਼ਾਂ ਵਿਰੁੱਧ ਪੁਲਿਸ ਕੋਲ ਐਪੀਡੈਮਿਕ ਅਤੇ ਡਿਜਾਸਟਰ ਮੈਨੇਜਮੈਂਟ ਐਕਟ ਅਧੀਨ ਪਰਚੇ ਦਰਜ ਕਰਵਾਉਣ।
ਨਾਲ ਹੀ, ਭਾਰਤ ਵਿੱਚ ਇੱਕ ਦਿਨ ਵਿੱਚ ਹੀ ਕੋਰੋਨਾ ਲਾਗ ਦੇ ਮਾਮਲੇ 30 ਹਜ਼ਾਰ ਤੋਂ ਵੱਧ ਹੋ ਗਏ ਹਨ। ਦੇਸ਼ 'ਚ ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 90,928 ਮਾਮਲੇ ਸਾਹਮਣੇ ਆਏ ਹਨ ਅਤੇ 325 ਲੋਕਾਂ ਦੀ ਮੌਤ ਹੋ ਗਈ ਹੈ।
ਜਦਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੇਸ਼ 'ਚ ਕੋਰੋਨਾ ਦੀ ਲਾਗ ਦੇ 58097 ਮਾਮਲੇ ਸਾਹਮਣੇ ਆਏ ਸਨ।
ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲੇ ਵਲੋਂ ਦੇਸ਼ ਵਿੱਚ ਓਮੀਕਰੋਨ ਵੇਰੀਐਂਟ ਨਾਲ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਰਾਜਸਥਾਨ ਦੇ ਉਦੈਪੁਰ 'ਚ ਓਮੀਕਰੋਨ ਨਾਲ ਪੀੜਤ ਬਜ਼ੁਰਗ ਦੀ ਮੌਤ ਹੋ ਗਈ ਹੈ।
ਦੇਸ਼ ਵਿੱਚ ਕੋਰੋਨਾ ਦੀ ਸਕਾਰਾਤਮਕਤਾ ਦਰ 6.43 ਪ੍ਰਤੀਸ਼ਤ ਹੋ ਗਈ ਹੈ ਅਤੇ ਸਰਗਰਮ ਮਾਮਲਿਆਂ ਦੀ ਗਿਣਤੀ 2 ਲੱਖ 85 ਹਜ਼ਾਰ ਤੋਂ ਵੱਧ ਹੈ।
ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਕੁੱਲ ਮਾਮਲਿਆਂ ਦੀ ਗਿਣਤੀ 3 ਕਰੋੜ 50 ਲੱਖ ਤੋਂ ਜ਼ਿਆਦਾ ਹੋ ਗਈ ਹੈ।
ਜੇ ਟੀਕਾਕਰਨ ਦੀ ਗੱਲ ਕਰੀਏ ਤਾਂ ਇੱਕ ਦਿਨ ਵਿੱਚ ਦੇਸ਼ ਦੇ 91 ਲੱਖ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਹੁਣ ਤੱਕ ਕੁੱਲ 148 ਲੱਖ ਲੋਕਾਂ ਨੂੰ ਇਹ ਟੀਕਾ ਲਗਾਇਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ:
ਲਗਾਤਾਰ ਵਧ ਰਹੇ ਕੋਵਿਡ ਮਾਮਲਿਆਂ ਵਿੱਚ ਕੀ ਹੈ ਪੰਜਾਬ ਦਾ ਹਾਲ...
ਪੰਜਾਬ 'ਚ 5 ਗੁਣਾ ਤੇਜ਼ੀ ਨਾਲ ਵਧ ਰਹੇ ਮਾਮਲੇ
ਪੰਜਾਬ ਵਿੱਚ ਪਿਛਲੇ ਪੰਜ ਦਿਨਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਪੰਜ ਗੁਣਾ ਤੇਜ਼ੀ ਦਰਜ ਕੀਤੀ ਗਈ ਹੈ। ਨਾਲ ਹੀ ਪੰਜਾਬ 'ਚ ਨਵੇਂ ਵੇਰੀਅੰਤ ਓਮੀਕਰੋਨ ਦੇ ਵੀ ਦੋ ਮਾਮਲੇ ਹਨ।
ਸੂਬਾ ਸਰਕਾਰ ਦੁਆਰਾ ਜਾਰੀ ਕੀਤੇ ਗਏ ਕੋਵਿਡ ਬੁਲੇਟਿਨ ਮੁਤਾਬਕ ਪਿਛਲੇ ਪੰਜ ਦਿਨਾਂ, ਭਾਵ 1 ਜਨਵਰੀ ਤੋਂ 5 ਜਨਵਰੀ ਤੱਕ ਦੇ ਅੰਕੜੇ ਕੁਝ ਇਸ ਪ੍ਰਕਾਰ ਹਨ:
•1 ਜਨਵਰੀ - 332 ਕੇਸ
•2 ਜਨਵਰੀ - 417 ਕੇਸ
•3 ਜਨਵਰੀ - 419 ਕੇਸ
•4 ਜਨਵਰੀ - 1027 ਕੇਸ
•5 ਜਨਵਰੀ - 1811 ਕੇਸ
ਇਹ ਅੰਕੜੇ ਸਪਸ਼ਟ ਕਰਦੇ ਹਨ ਕਿ ਪਿਛਲੇ ਪੰਜ ਦਿਨਾਂ 'ਚ ਸੂਬੇ ਵਿੱਚ ਕੋਵਿਡ ਦੇ ਲਾਗ ਦੇ ਮਾਮਲੇ 5 ਗੁਣਾ ਵਧੇ ਹਨ।
ਪੰਜਾਬ ਦੇ ਕਿਹੜੇ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ
ਪੰਜਾਬ ਸਰਕਾਰ ਦੁਆਰਾ ਜਾਰੀ ਕੋਵਿਡ ਬੁਲੇਟਿਨ ਮੁਤਾਬਕ, 5 ਜਨਵਰੀ ਨੂੰ ਸੂਬੇ 'ਚ ਕੁੱਲ 1,811 ਨਵੇਂ ਮਾਮਲੇ ਦਰਜ ਹੋਏ ਅਤੇ ਔਸਤ ਸਕਾਰਤਮਕਤਾ ਦਰ 7.95% ਰਹੀ, ਜਦਕਿ ਐਕਟਿਵ ਮਾਮਲਿਆਂ ਦੀ ਸੰਖਿਆ 4,434 ਰਹੀ, ਜੋ ਕਿ 1 ਜਨਵਰੀ ਨੂੰ 1,041 ਸੀ।
ਇਸ ਤੋਂ ਇਲਾਵਾ ਬਰਨਾਲਾ, ਫਰੀਦਕੋਟ, ਜਲੰਧਰ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ 4 ਮੌਤਾਂ ਵੀ ਦਰਜ ਹੋਈਆਂ।
ਜਾਰੀ ਅੰਕੜਿਆਂ ਮੁਤਾਬਕ, ਲੰਘੇ ਦਿਨ ਕੋਵਿਡ ਦੇ ਸਭ ਤੋਂ ਵੱਧ ਮਾਮਲੇ ਪਟਿਆਲਾ ਜ਼ਿਲ੍ਹੇ 'ਚ ਦਰਜ ਹੋਏ, ਜਿੱਥੇ ਕੁੱਲ 598 ਨਵੇਂ ਕੇਸ ਦਰਜ ਕੀਤੇ ਗਏ ਅਤੇ ਲਾਗ ਦੀ ਸਕਾਰਤਮਕਤਾ ਦਰ 20.56% ਰਹੀ।
ਇਸੇ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 15.21% ਦੀ ਸਕਾਰਾਤਮਕਤਾ ਦਰ ਨਾਲ ਕੁੱਲ 300 ਨਵੇਂ ਮਾਮਲੇ ਸਾਹਮਣੇ ਆਏ। ਜਦਕਿ ਲੁਧਿਆਣਾ ਜ਼ਿਲ੍ਹੇ 'ਚ 203, ਜਲੰਧਰ 'ਚ 183, ਪਠਾਨਕੋਟ 'ਚ 163 ਅਤੇ ਅੰਮ੍ਰਿਤਸਰ 'ਚ 105 ਨਵੇਂ ਮਾਮਲਿਆਂ ਦੀ ਰਿਪੋਰਟ ਕੀਤੀ ਗਈ।
ਇਹ ਉਹ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ 100 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਤੀਜੀ ਲਹਿਰ ਲਈ ਤਿਆਰ ਪੰਜਾਬ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ ਜੀ ਬੀ ਸਿੰਘ ਨੇ ਕਿਹਾ ਹੈ ਕਿ ਸੂਬੇ ਵਿੱਚ ਕੋਵਿਡ ਦੀ ਸਕਾਰਾਤਮਕਤਾ ਦਰ 6% ਬਣੀ ਹੋਈ ਹੈ ਅਤੇ ਲਾਗ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਡਰ ਹੈ ਕਿ ਤੀਜੀ ਲਹਿਰ ਨੇੜੇ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਤਿਆਰ ਹੈ।
ਕੀ ਕਹਿੰਦੇ ਹਨ ਮਾਹਿਰ
ਪੰਜਾਬ ਵਿੱਚ ਹਾਲਾਤ ਕਿਹੋ ਜਿਹੇ ਹਨ, ਕੀ ਡਰਨ ਦੀ ਲੋੜ ਹੈ ਤੇ ਕੀ ਸਰਕਾਰ ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਸਮਰੱਥ ਹੈ?
ਕੁਝ ਦਿਨ ਪਹਿਲਾਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਡਾਕਟਰ ਕੇ ਕੇ ਤਲਵਾਰ ਨੇ ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਜਾਣਨ 'ਚ ਮਦਦ ਕੀਤੀ। ਡਾ. ਤਲਵਾਰ ਪੰਜਾਬ ਦੀ ਕੋਵਿਡ ਦੀ ਮਾਹਰਾਂ ਦੀ ਟੀਮ ਦੇ ਸਾਬਕਾ ਮੁਖੀ ਹਨ ਤੇ ਪੀਜੀਆਈ, ਚੰਡੀਗੜ੍ਹ ਦੇ ਡਾਇਰੈਕਟਰ ਰਹੇ ਹਨ।
ਡਾ. ਤਲਵਾਰ ਕਹਿੰਦੇ ਹਨ, "ਪੰਜਾਬ ਨੂੰ ਟੇਸਟਿੰਗ ਵਧਾਉਣ ਦੀ ਲੋੜ ਹੈ ਕਿਉਂਕਿ ਇੱਥੋਂ ਦੇ ਘੱਟ ਟੈਸਟ ਇੱਕ ਚਿੰਤਾ ਦਾ ਕਾਰਨ ਹੈ।"
"ਇਹ ਨਹੀਂ ਹੈ ਕਿ ਪੰਜਾਬ ਵਿਚ ਕੋਵਿਡ ਟੈਸਟ ਕਰਨ ਦੀ ਸਮਰੱਥਾ ਨਹੀਂ ਹੈ। ਸਗੋਂ ਦੂਜੀ 'ਵੇਵ' ਸਮੇਂ ਇੱਕ ਦਿਨ ਵਿਚ 60,000 ਤੱਕ ਵੀ ਟੈਸਟ ਕੀਤੇ ਗਏ।"
"ਹਾਲਾਂਕਿ, ਇਹ ਜ਼ਰੂਰ ਵੇਖਿਆ ਗਿਆ ਕਿ ਕੁਝ ਲੋਕ ਟੈਸਟ ਕਰਾਉਣ ਤੋਂ ਪਰਹੇਜ਼ ਕਰਦੇ ਸੀ ਪਰ ਉਨ੍ਹਾਂ ਨੂੰ ਮੋਟੀਵੇਟ ਤਾਂ ਕਰਨਾ ਪਵੇਗਾ।"
ਇਸਦੇ ਨਾਲ ਹੀ ਡਾ. ਤਲਵਾਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲੋਕਾਂ ਦਾ ਕਈ ਹੋਰ ਬਿਮਾਰੀਆਂ ਤੋਂ ਪੀੜਤ ਹੋਣਾ ਵੀ ਚਿਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ, "ਪਹਿਲਾਂ ਕੋਵਿਡ ਦੀ ਲਹਿਰ ਵਿੱਚ ਵੀ ਵੇਖਿਆ ਗਿਆ ਸੀ ਕਿ ਪੰਜਾਬ ਦੇ ਲੋਕਾਂ ਦਾ ਕਈ ਹੋਰ ਬਿਮਾਰੀਆਂ ਤੋਂ ਪੀੜਤ ਹੋਣਾ ਅਤੇ ਦੇਰੀ ਨਾਲ ਇਲਾਜ ਤੇ ਟੈਸਟ ਵਾਸਤੇ ਆਉਣਾ, ਮੌਤ ਦੀ ਦਰ ਵਧਣ ਦੇ ਮੁੱਖ ਕਾਰਨ ਸਨ।"
"ਇਸ ਲਈ ਬਹੁਤ ਜ਼ਰੂਰੀ ਹੈ ਕਿ ਅਜਿਹੇ ਲੋਕ ਆਪਣਾ ਖ਼ਾਸ ਧਿਆਨ ਰੱਖਣ, ਸਮੇਂ ਸਿਰ ਦਵਾਈ ਲੈਣ ਤੇ ਕੋਵਿਡ ਜਾਂ ਓਮੀਕਰੋਨ ਦੇ ਲੱਛਣ ਮਹਿਸੂਸ ਹੋਣ ਤੇ ਇਲਾਜ ਵਿੱਚ ਦੇਰ ਨਾ ਕਰਨ।"
ਵੈਕਸੀਨ ਦੇ ਅਸਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਕੋਵਿਡ ਵੈਕਸੀਨ ਲੱਗੀ ਹੈ, ਉਨ੍ਹਾਂ 'ਤੇ ਓਮੀਕਰੋਨ ਦਾ ਘੱਟ ਅਸਰ ਵੇਖਣ ਨੂੰ ਮਿਲਣ ਦੀ ਸੰਭਾਵਨਾ ਹੈ।
"ਇਹ ਨਹੀਂ ਹੈ ਕਿ ਉਨ੍ਹਾਂ ਨੂੰ ਓਮੀਕਰੋਨ ਹੋਏਗਾ ਨਹੀਂ ਪਰ ਇਸ ਦੀ ਘੱਟ ਸੰਭਾਵਨਾ ਹੈ ਕਿ ਜੇਕਰ ਦੋਵੇਂ ਟੀਕੇ ਲੱਗੇ ਹਨ ਤਾਂ ਇਹ ਸੰਭਵ ਹੈ ਉਨ੍ਹਾਂ ਦੀ ਸਿਹਤ ਬਹੁਤੀ ਗੰਭੀਰ ਨਾ ਹੋਵੇ ਤੇ ਹਸਪਤਾਲਾਂ ਵਿੱਚ ਭਰਤੀ ਦੀ ਵੀ ਲੋੜ ਨਾ ਪਵੇ।"
ਡਾਕਟਰ ਤਲਵਾਰ ਕਹਿੰਦੇ ਹਨ, "ਹੁਣ ਤਾਂ ਸਮਾਂ ਹੈ ਕਿ ਜਿੰਨ੍ਹਾਂ ਨੂੰ ਤੀਜੀ ਡੋਜ਼ ਲੱਗ ਸਕਦੀ ਹੈ ਉਨ੍ਹਾਂ ਨੂੰ ਵੀ ਲਵਾ ਲੈਣੀ ਚਾਹੀਦੀ ਹੈ ਜਿਵੇਂ ਕੇ ਹੈਲਥ ਵਰਕਰ, ਜਿੰਨਾਂ ਨੂੰ ਪਹਿਲੀਆਂ ਦੋਵੇਂ ਡੋਜ਼ ਲਵਾਏ ਨੂੰ ਕਾਫ਼ੀ ਟਾਈਮ ਹੋ ਚੁੱਕਾ ਹੈ।"
ਇਹ ਸਾਰੇ ਕਾਰਨਾਂ ਦੇ ਬਾਵਜੂਦ ਤਾਕਟਰ ਤਲਵਾਰ ਦਾ ਕਹਿਣਾ ਹੈ ਕਿ ਜੇ ਲੋਕ ਕੁਝ ਸਾਵਧਾਨੀਆਂ ਵਰਤਣ ਤਾਂ ਓਮੀਕਰੋਨ ਦੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ, "ਮਾਸਕ ਪਾਉਣਾ, ਹੱਥ ਧੋਣਾ ਤੇ ਭੀੜ ਭਾੜ ਵਾਲੇ ਇਲਾਕਿਆਂ ਤੋਂ ਦੂਰ ਰਹਿਣਾ ਖਾਸ ਤੌਰ 'ਤੇ ਕਿਉਂਕਿ ਚੋਣਾਂ ਵੀ ਆ ਰਹੀਆਂ ਹਨ।"
ਪੰਜਾਬ 'ਚ ਇਹ ਹਨ ਕੋਰੋਨਾ ਸਬੰਧੀ ਪਾਬੰਦੀਆਂ
ਇਸ ਤੋਂ ਪਹਿਲਾਂ 4 ਜਨਵਰੀ ਨੂੰ, ਪੰਜਾਬ ਵਿੱਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਵੇਖਦਿਆਂ ਗ੍ਰਹਿ ਮੰਤਰਾਲੇ ਵੱਲੋਂ ਨਵੀਆਂ ਪਾਬੰਦੀਆਂ ਬਾਰੇ ਐਲਾਨ ਕੀਤਾ ਗਿਆ ਹੈ ਜੋ ਕਿ 15 ਜਨਵਰੀ ਤੱਕ ਲਾਗੂ ਰਹਿਣਗੀਆਂ:
- ਪੰਜਾਬ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਜ਼ਰੂਰੀ ਵਸਤੂਆਂ ਲੈ ਕੇ ਜਾਣ ਵਾਲੇ ਵਾਹਨਾਂ ਅਤੇ ਕਰਮਚਾਰੀਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।
- ਇਸ ਦੇ ਨਾਲ ਹੀ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਸਮਾਜਿਕ ਦੂਰੀ ਦਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ।
- ਲੋਕਾਂ ਨੂੰ 6 ਫੁੱਟ (2 ਗਜ਼) ਦੀ ਸਮਾਜਿਕ ਦੂਰੀ ਬਣਾਏ ਰੱਖਣ ਲਈ ਕਿਹਾ ਗਿਆ ਹੈ।
- ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਕੋਚਿੰਗ ਇੰਸਟੀਚਿਊਟ ਨੂੰ ਵੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਵਿੱਦਿਅਕ ਅਦਾਰਿਆਂ ਨੂੰ ਆਨਲਾਈਨ ਪੜ੍ਹਾਈ ਨੂੰ ਤਰਜੀਹ ਦੇਣ ਦੀ ਅਪੀਲ ਵੀ ਕੀਤੀ ਗਈ ਹੈ। ਨਰਸਿੰਗ ਅਤੇ ਮੈਡੀਕਲ ਕਾਲਜ ਬੰਦ ਨਹੀਂ ਹੋਣਗੇ।
- ਸਿਨੇਮਾ, ਬਾਰ, ਰੈਸਟੋਰੈਂਟ, ਮਿਊਜ਼ੀਅਮ, ਚਿੜੀਆ ਘਰ, ਆਦਿ 50 ਫ਼ੀਸਦ ਸਮਰੱਥਾ ਨਾਲ ਖੁੱਲ੍ਹੇ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਸਦੇ ਨਾਲ ਹੀ ਇਨ੍ਹਾਂ ਦੇ ਕਰਮਚਾਰੀਆਂ ਦਾ ਪੂਰਾ ਟੀਕਾਕਰਨ ਵੀ ਜ਼ਰੂਰੀ ਹੈ।
- ਜਿੰਮ, ਸਵਿਮਿੰਗ ਪੂਲ, ਸਟੇਡੀਅਮ ਆਦਿ ਬੰਦ ਰਹਿਣਗੇ। ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈਣਗੇ, ਉਨ੍ਹਾਂ ਦੀ ਟ੍ਰੇਨਿੰਗ ਨੂੰ ਇਸ ਪਾਬੰਦੀ ਤੋਂ ਬਾਹਰ ਰੱਖਿਆ ਗਿਆ ਹੈ।
- ਏਸੀ ਬੱਸਾਂ ਵੀ 50 ਫ਼ੀਸਦ ਸਮਰੱਥਾ ਨਾਲ ਹੀ ਚੱਲਣਗੀਆਂ।
- ਕੋਰੋਨਾਵਾਇਰਸ ਖ਼ਿਲਾਫ਼ ਟੀਕੇ ਦੀਆਂ ਦੋਹੇਂ ਡੋਜ਼ ਲਗਵਾ ਚੁੱਕੇ ਕਰਮਚਾਰੀਆਂ ਨੂੰ ਹੀ ਸਰਕਾਰੀ, ਪ੍ਰਾਈਵੇਟ ਦਫ਼ਤਰ, ਫੈਕਟਰੀਆਂ ਅਤੇ ਇੰਡਸਟਰੀ ਵਿੱਚ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
- ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ 'ਚ ਬਿਨਾਂ ਮਾਸਕ ਵਾਲੇ ਲੋਕਾਂ ਨੂੰ ਕੋਈ ਸੇਵਾ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ: