ਕੋਵਿਡ ਤੇ ਓਮੀਕਰੋਨ: ਪੰਜਾਬ ਦੇ ਲੋਕਾਂ ਲਈ ਚਿੰਤਾ ਬਣ ਸਕਦੇ ਹਨ ਇਹ 4 ਕਾਰਨ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਬਾਕੀ ਭਾਰਤ ਦੇ ਨਾਲ ਹੀ ਸਾਲ 2022 ਦੀ ਸ਼ੁਰੂਆਤ ਨਾਲ ਹੀ ਕੋਰੋਨਾਵਾਇਰਸ ਦੇ ਓਮੀਕਰੋਨ ਵੇਰੀਐਂਟ ਨੇ ਪੰਜਾਬ 'ਚ ਦਸਤਕ ਦੇ ਦਿੱਤੀ ਹੈ।

ਪੰਜਾਬ ਵਿੱਚ ਕਿਹੋ ਜਿਹੇ ਹਨ ਹਾਲਾਤ, ਕੀ ਡਰਨ ਦੀ ਲੋੜ ਹੈ ਤੇ ਕੀ ਸਰਕਾਰ ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਸਮਰੱਥ ਹੈ?

ਬੀਬੀਸੀ ਪੰਜਾਬੀ ਇਹ ਸਵਾਲ ਲੈ ਕੇ ਡਾਕਟਰ ਕੇ ਕੇ ਤਲਵਾਰ ਕੋਲ ਪਹੁੰਚਿਆ। ਡਾ. ਤਲਵਾਰ ਪੰਜਾਬ ਦੀ ਕੋਵਿਡ ਦੀ ਮਾਹਰਾਂ ਦੀ ਟੀਮ ਦੇ ਸਾਬਕਾ ਮੁਖੀ ਹਨ ਤੇ ਪੀਜੀਆਈ, ਚੰਡੀਗੜ੍ਹ ਦੇ ਡਾਇਰੈਕਟਰ ਰਹੇ ਹਨ।

ਓਮੀਕਰੋਨ ਦਾ ਪੰਜਾਬ ਵਿੱਚ ਪਹਿਲਾ ਕੇਸ ਨਵਾਂ ਸ਼ਹਿਰ ਵਿੱਚ 28 ਦਸੰਬਰ ਨੂੰ ਸਾਹਮਣੇ ਆਇਆ ਹੈ। ਪਰ ਇਸ ਦੇ ਨਾਲ ਹੀ ਇੱਥੇ ਲਗਾਤਾਰ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਯਾਨੀ ਕਿ ਦੂਹਰਾ ਹਮਲਾ ਹੋ ਰਿਹਾ ਹੈ।

28 ਦਸੰਬਰ ਨੂੰ ਕੋਵਿਡ ਦੇ 51 ਮਾਮਲੇ ਸਾਹਮਣੇ ਆਏ ਤੇ ਉਸ ਤੋਂ ਅਗਲੇ ਦਿਨ ਯਾਨੀ 29 ਦਸੰਬਰ ਨੂੰ 100 ਕੇਸ ਤੇ 30 ਦਸੰਬਰ ਨੂੰ 167 ਮਾਮਲੇ ਸਾਹਮਣੇ ਆਏ।

ਡਾਕਟਰ ਤਲਵਾਰ ਦਾ ਮੰਨਣਾ ਹੈ ਕਿ ਇਹ ਸੰਭਵ ਹੈ ਕਿ ਇਹਨਾਂ ਵਿਚੋਂ ਕੁੱਝ ਮਾਮਲੇ ਓਮੀਕਰੋਨ ਦੇ ਵੀ ਹੋ ਸਕਦੇ ਹਨ। ਹਾਲਾਂਕਿ ਪੁਸ਼ਟੀ ਲਈ ਟੈਸਟ ਕਰਨਾ ਪਵੇਗਾ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇ ਲੱਛਣ ਲਗਭਗ ਇੱਕੋ ਜਿਹੇ ਹਨ। ਹਾਲਾਂਕਿ ਇਹ ਦੇਖਿਆ ਜਾ ਰਿਹਾ ਹੈ ਕਿ ਓਮੀਕਰੋਨ ਵਿੱਚ ਗਲੇ 'ਚ ਖਾਰਸ਼ ਵਧੇਰੇ ਹੋ ਰਹੀ ਹੈ।

ਗੁਆਂਢੀ ਸੂਬੇ ਹਰਿਆਣਾ ਵਿੱਚ ਤਾਂ ਹਾਲਤ ਹੋਰ ਵੀ ਗੰਭੀਰ ਨਜ਼ਰ ਆ ਰਹੀ ਹੈ। 30 ਦਸੰਬਰ ਨੂੰ ਓਮੀਕਰੋਨ ਦੇ 23 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਦੇ ਓਮੀਕਰੋਨ ਦੇ ਕੁਲ ਮਾਮਲੇ 37 ਤਕ ਪੁੱਜ ਗਏ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਡਾਕਟਰ ਤਲਵਾਰ ਨੇ ਕਿਹਾ, "ਦਿਲੀ ਤੇ ਕੁਝ ਹੋਰ ਸੂਬਿਆਂ ਵਾਂਗ ਪੰਜਾਬ ਨੂੰ ਰਾਤ ਦਾ ਕਰਫ਼ਿਊ ਜਾਂ ਲਾਕਡਾਉਨ ਲਾਉਣ ਦੀ ਲੋੜ ਇਸ ਲਈ ਨਹੀਂ ਕਿਉਂਕਿ ਇਸ ਨਾਲ ਲੋਕਾਂ ਦੀ ਰੋਜ਼ੀ ਰੋਟੀ ਤੋਂ ਇਲਵਾ ਸੂਬੇ ਦੀ ਆਰਥਿਕ ਹਾਲਤ 'ਤੇ ਵੀ ਫ਼ਰਕ ਪੈ ਸਕਦਾ ਹੈ।"

ਸਿਹਤ ਅਧਿਕਾਰੀਆਂ ਦੇ ਅਨੁਸਾਰ, ਪੰਜਾਬ ਵਿੱਚ 29 ਦਸੰਬਰ ਨੂੰ ਕੋਵਿਡ ਦੀ ਪਾਜਿਟਿਵਿਟੀ ਦਰ ਪਿਛਲੇ ਹਫ਼ਤੇ 0.2% ਦੇ ਮੁਕਾਬਲੇ 0.3% ਤੱਕ ਵੱਧ ਗਈ।

ਪੰਜ ਜ਼ਿਲ੍ਹਿਆਂ ਵਿੱਚ ਇਹ ਦਰ 1% ਤੋਂ ਵੱਧ ਸੀ। ਐਸਬੀਐਸ ਨਗਰ ਦੀ ਦਰ 5.83% ਤੱਕ ਪਹੁੰਚ ਗਈ, ਜਦੋਂ ਕਿ ਪਠਾਨਕੋਟ ਵਿੱਚ ਇਹ ਦਰ 3.6%, ਪਟਿਆਲਾ ਵਿੱਚ 1.67% ਅਤੇ ਬਠਿੰਡਾ ਅਤੇ ਜਲੰਧਰ ਵਿੱਚ ਇਹ ਕ੍ਰਮਵਾਰ 1.57% ਅਤੇ 1.06% ਦਰਜ ਕੀਤੀ ਗਈ ਹੈ।

1. ਸਿਹਤ ਕਰਮੀਆਂ ਦੀ ਹੜਤਾਲ

ਡਾਕਟਰ ਕੇ ਕੇ ਤਲਵਾਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਚਿੰਤਾ ਦਾ ਵੱਡਾ ਕਾਰਨ ਹੈ ਸਿਹਤ ਕਰਮੀਆਂ ਦੀਆਂ ਹੜਤਾਲਾਂ।

ਉਨ੍ਹਾਂ ਨੇ ਕਿਹਾ, "ਸਿਹਤ ਕਰਮੀਆਂ ਨੂੰ ਸਮਝਣਾ ਪਏਗਾ ਕਿ ਉਨ੍ਹਾਂ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ ਤੇ ਇਹ ਬਹੁਤ ਹੀ ਅਹਿਮ ਸਮਾਂ ਹੈ। ਉਨ੍ਹਾਂ ਨੇ ਕੋਵਿਡ ਦੇ ਪਹਿਲੇ ਦੋਵੇਂ ਚਰਨਾਂ ਵਿਚ ਸ਼ਲਾਘਾਯੋਗ ਕੰਮ ਕੀਤਾ ਸੀ ਤੇ ਹੁਣ ਵੀ ਇਸ ਦੀ ਲੋੜ ਹੈ।"

"ਪੰਜਾਬ ਦੇ ਡਾਕਟਰਾਂ ਤੇ ਬਾਕੀ ਸਿਹਤ ਕਰਮੀਆਂ ਕੋਲ ਸਮਰੱਥਾ ਹੈ ਪਰ ਹੜਤਾਲਾਂ ਇੱਕ ਵੱਡਾ ਚਿੰਤਾ ਦਾ ਕਾਰਨ ਹੋ ਸਕਦਾ ਹੈ। "

ਪੰਜਾਬ ਵਿੱਚ ਪਿਛਲੇ ਕੁੱਝ ਮਹੀਨਿਆਂ ਤੋਂ ਆਪਣੀਆਂ ਵੱਖੋ ਵੱਖ ਮੰਗਾਂ ਨੂੰ ਲੈ ਕੇ ਡਾਕਟਰਾਂ, ਨਰਸਾਂ, ANM ਵਰਕਰ, ਆਸ਼ਾ ਵਰਕਰਾਂ ਨੇ ਹੜਤਾਲ ਕੀਤੀ ਹੋਈ ਹੈ।

ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਲੈ ਕੇ ਸਿਹਤ ਮੰਤਰੀ ਓਪੀ ਸੋਨੀ ਨੂੰ ਉਨ੍ਹਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੈ।

ਹਾਲਾਂਕਿ ਮੁੱਖ ਮੰਤਰੀ ਨੇ 30 ਦਸੰਬਰ ਨੂੰ ਆਸ਼ਾ ਵਰਕਰਾਂ ਨੂੰ ਨਵੇਂ ਸਾਲ ਦੇ ਤੋਹਫ਼ੇ ਵਜੋਂ 5 ਲੱਖ ਦੀ ਕੈਸ਼ ਲੈਸ ਬੀਮਾ ਤੇ ਤਨਖ਼ਾਹ ਵਿੱਚ ਵਾਧੇ ਦਾ ਐਲਾਨ ਕੀਤਾ।

2. ਘੱਟ ਟੈਸਟਿੰਗ

ਭਾਵੇਂ ਕਿ ਰਾਜ ਵਿੱਚ ਕੇਸਾਂ ਦੀ ਗਿਣਤੀ ਹੌਲੀ-ਹੌਲੀ ਵਧਣੀ ਸ਼ੁਰੂ ਹੋ ਗਈ ਹੈ, ਪੰਜਾਬ ਵਿੱਚ ਟੈਸਟਿੰਗ ਪਿੱਛੇ ਚੱਲ ਰਹੀ ਹੈ।

ਹਾਲਾਂਕਿ ਅਧਿਕਾਰੀਆਂ ਵੱਲੋਂ ਫ਼ੀਲਡ ਵਰਕਰਾਂ ਨੂੰ ਇੱਕ ਦਿਨ ਵਿੱਚ ਘੱਟੋ ਘੱਟ 40,000 ਲੋਕਾਂ ਦੀ ਜਾਂਚ ਕਰਨ ਲਈ ਕਈ ਕਿਹਾ ਗਿਆ ਹੈ।

ਡਾਕਟਰ ਤਲਵਾਰ ਕਹਿੰਦੇ ਹਨ,"ਪੰਜਾਬ ਨੂੰ ਟੇਸਟਿੰਗ ਵਧਾਉਣ ਦੀ ਲੋੜ ਹੈ ਕਿਉਂਕਿ ਇੱਥੋਂ ਦੇ ਘੱਟ ਟੈਸਟ ਇੱਕ ਚਿੰਤਾ ਦਾ ਕਾਰਨ ਹੈ।"

ਸਿਹਤ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ 27 ਦਸੰਬਰ ਨੂੰ ਸਿਰਫ਼ 7,267 ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 46 ਪੌਜ਼ੀਟਿਵ ਟੈਸਟ ਆਏ।

ਉਸੇ ਦਿਨ, ਰਾਜ ਵਿੱਚ ਕੋਵਿਡ ਨਾਲ ਸਬੰਧਿਤ ਇੱਕ ਮੌਤ ਵੀ ਹੋਈ।

ਅਗਲੇ ਦਿਨ, 28 ਦਸੰਬਰ, ਟੈੱਸਟਾਂ ਦੀ ਗਿਣਤੀ ਵਧ ਕੇ 11,126 ਹੋ ਗਈ, ਜਿਨ੍ਹਾਂ ਵਿੱਚੋਂ 51 ਪੌਜ਼ੀਟਿਵ ਮਾਮਲੇ ਆਏ, ਤੇ ਇੱਕ ਕੋਵਿਡ-ਸਬੰਧਤ ਮੌਤ ਰਿਪੋਰਟ ਕੀਤੀ ਗਈ।

29 ਦਸੰਬਰ ਨੂੰ ਵੀ, ਕੁੱਲ 16,174 ਟੈਸਟ ਕੀਤੇ ਗਏ, ਜਿਨ੍ਹਾਂ ਵਿੱਚ 100 ਪੌਜ਼ੀਟਿਵ ਮਾਮਲੇ ਆਏ, ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਡਾਕਟਰ ਤਲਵਾਰ ਨੇ ਬੀਬੀਸੀ ਨੂੰ ਦੱਸਿਆ, "ਇਹ ਨਹੀਂ ਹੈ ਕਿ ਪੰਜਾਬ ਵਿਚ ਕੋਵਿਡ ਟੈਸਟ ਕਰਨ ਦੀ ਸਮਰੱਥਾ ਨਹੀਂ ਹੈ। ਸਗੋਂ ਦੂਜੀ 'ਵੇਵ' ਸਮੇਂ ਇੱਕ ਦਿਨ ਵਿਚ 60,000 ਤੱਕ ਵੀ ਟੈਸਟ ਕੀਤੇ ਗਏ।"

"ਹਾਲਾਂਕਿ, ਇਹ ਜ਼ਰੂਰ ਵੇਖਿਆ ਗਿਆ ਕਿ ਕੁਝ ਲੋਕ ਟੈਸਟ ਕਰਾਉਣ ਤੋਂ ਪਰਹੇਜ਼ ਕਰਦੇ ਸੀ ਪਰ ਉਨ੍ਹਾਂ ਨੂੰ 'ਮੋਟੀਵੇਟ' ਤਾਂ ਕਰਨਾ ਪਵੇਗਾ।"

3. ਸਹਿ-ਬਿਮਾਰੀਆਂ ਦੇ ਮਰੀਜ਼

ਡਾਕਟਰ ਤਲਵਾਰ ਦਾ ਕਹਿਣਾ ਹੈ ਕਿ ਪੰਜਾਬ ਲਈ ਚਿੰਤਾ ਦਾ ਕਾਰਨ ਇਹ ਵੀ ਹੈ ਕਿ ਇੱਥੋਂ ਦੇ ਲੋਕ ਕਈ ਹੋਰ ਬਿਮਾਰੀਆਂ ਤੋਂ ਪੀੜਤ ਹਨ।

ਉਨ੍ਹਾਂ ਨੇ ਕਿਹਾ, "ਪੰਜਾਬ ਕੋਮੋਰਬਿਡ ਮਾਮਲਿਆਂ (ਯਾਨਿ ਕੋਵਿਡ ਦੇ ਨਾਲ ਹੋਰ ਬਿਮਾਰੀ ਵੀ ਹੋਣੀਆਂ) ਵਿੱਚ ਦੇਸ਼ ਵਿੱਚ ਸਭ ਤੋਂ ਮੋਹਰੀ ਹੈ।"

"ਭਾਵੇਂ ਤੁਸੀਂ ਸ਼ੂਗਰ, ਹਾਈਪਰ ਟੈਨਸ਼ਨ, ਕੋਰੋਨਰੀ, ਕੈਂਸਰ ਆਦਿ ਕਿਸੇ ਬਿਮਾਰੀ ਦੇ ਗੱਲ ਕਰੋ, ਇਹ ਕੋਮੋਰਬਿਡ ਮਾਮਲੇ ਮਰੀਜ਼ ਦਾ ਇਨਫੈਕਸ਼ਨ ਹੋਰ ਵਧਾ ਦਿੰਦੇ ਹਨ ਤੇ ਮੁਸ਼ਕਲਾਂ ਵੀ ਵਧਾ ਦਿੰਦੇ ਹਨ।"

ਉਨ੍ਹਾਂ ਨੇ ਕਿਹਾ, "ਪਹਿਲਾਂ ਕੋਵਿਡ ਦੀ ਲਹਿਰ ਵਿੱਚ ਵੀ ਵੇਖਿਆ ਗਿਆ ਸੀ ਕਿ ਪੰਜਾਬ ਦੇ ਲੋਕਾਂ ਦਾ ਕਈ ਹੋਰ ਬਿਮਾਰੀਆਂ ਤੋਂ ਪੀੜਤ ਹੋਣਾ ਅਤੇ ਦੇਰੀ ਨਾਲ ਇਲਾਜ ਤੇ ਟੈਸਟ ਵਾਸਤੇ ਆਉਣਾ ਮੌਤ ਦੀ ਦਰ ਵਧਣ ਦੇ ਮੁੱਖ ਕਾਰਨ ਸੀ।"

"ਇਸ ਲਈ ਬਹੁਤ ਜ਼ਰੂਰੀ ਹੈ ਕਿ ਅਜਿਹੇ ਲੋਕ ਆਪਣਾ ਖ਼ਾਸ ਧਿਆਨ ਰੱਖਣ, ਸਮੇਂ ਸਿਰ ਦਵਾਈ ਲੈਣ ਤੇ ਕੋਵਿਡ ਜਾਂ ਓਮੀਕਰੋਨ ਦੇ ਲੱਛਣ ਮਹਿਸੂਸ ਹੋਣ ਤੇ ਇਲਾਜ ਵਿੱਚ ਦੇਰ ਨਾ ਕਰਨ।"

4. ਘੱਟ ਟੀਕਾਕਰਨ

ਡਾਕਟਰ ਕੇ ਕੇ ਤਲਵਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਕੋਵਿਡ ਵੈਕਸੀਨ ਲੱਗੇ ਹਨ ਉਨ੍ਹਾਂ ਨੂੰ ਓਮੀਕਰੋਨ ਦਾ ਘੱਟ ਅਸਰ ਵੇਖਣ ਨੂੰ ਮਿਲਣ ਦੀ ਸੰਭਾਵਨਾ ਹੈ।

"ਇਹ ਨਹੀਂ ਹੈ ਕਿ ਉਨ੍ਹਾਂ ਨੂੰ ਓਮੀਕਰੋਨ ਹੋਏਗਾ ਨਹੀਂ ਪਰ ਇਸ ਦੀ ਘੱਟ ਸੰਭਾਵਨਾ ਹੈ ਕਿ ਜੇਕਰ ਦੋਵੇਂ ਟੀਕੇ ਲੱਗੇ ਹਨ ਤਾਂ ਇਹ ਸੰਭਵ ਹੈ ਉਨ੍ਹਾਂ ਦੀ ਸਿਹਤ ਬਹੁਤੀ ਗੰਭੀਰ ਨਾ ਹੋਵੇ ਤੇ ਹਸਪਤਾਲਾਂ ਵਿੱਚ ਭਰਤੀ ਦੀ ਵੀ ਲੋੜ ਨਾ ਪਵੇ।"

ਡਾਕਟਰ ਤਲਵਾਰ ਕਹਿੰਦੇ ਹਨ, "ਹੁਣ ਤਾਂ ਸਮਾਂ ਹੈ ਕਿ ਜਿੰਨ੍ਹਾਂ ਨੂੰ ਤੀਜੀ ਡੋਜ਼ ਲੱਗ ਸਕਦੀ ਹੈ ਉਨ੍ਹਾਂ ਨੂੰ ਵੀ ਲਵਾ ਲੈਣੀ ਚਾਹੀਦੀ ਹੈ ਜਿਵੇਂ ਕੇ ਹੈਲਥ ਵਰਕਰ ਜਿੰਨਾਂ ਨੂੰ ਪਹਿਲੀਆਂ ਦੋਵੇਂ ਡੋਜ਼ ਲਵਾਏ ਨੂੰ ਕਾਫ਼ੀ ਟਾਈਮ ਹੋ ਚੁੱਕਾ ਹੈ।"

ਇਸੇ ਰੌਸ਼ਨੀ ਵਿੱਚ ਦੇਖੀਏ ਤਾਂ ਪੰਜਾਬ ਵਿੱਚ ਵੈਕਸੀਨ ਦੇ ਅੰਕੜੇ ਬਹੁਤੇ ਵਧੀਆ ਨਹੀਂ ਹਨ। ਟੀਕਾਕਰਨ ਮੁਹਿੰਮ ਦੀ ਰਫ਼ਤਾਰ ਮੱਠੀ ਪੈ ਗਈ ਹੈ।

29 ਦਸੰਬਰ ਤੱਕ 45 ਸਾਲ ਅਤੇ ਇਸ ਤੋਂ ਵੱਧ ਉਮਰ ਦੇ 64,23,231 ਲੋਕਾਂ ਨੂੰ ਟੀਕੇ ਦੀ ਇੱਕ ਖ਼ੁਰਾਕ ਮਿਲੀ ਹੈ।

ਇਸ ਦੇ ਮੁਕਾਬਲੇ ਹੁਣ ਤੱਕ ਇਸ ਉਮਰ ਦੇ ਸਿਰਫ਼ 37,61,585 ਲੋਕਾਂ ਨੂੰ ਹੀ ਦੋਵੇਂ ਖ਼ੁਰਾਕਾਂ ਮਿਲੀਆਂ ਹਨ।

18-44 ਉਮਰ ਵਰਗ ਵਿੱਚ 91,13,767 ਨੂੰ ਇੱਕ ਖ਼ੁਰਾਕ ਮਿਲੀ ਸੀ ਅਤੇ 48,34,061 ਨੂੰ ਦੋਵੇਂ ਟੀਕੇ ਲਵਾਏ ਸੀ।

ਅੰਕੜਿਆਂ ਅਨੁਸਾਰ, 28 ਦਸੰਬਰ ਤੱਕ 11,54,960 ਫ਼ਰੰਟ ਲਾਈਨ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਮਿਲ ਚੁੱਕੀ ਹੈ ਅਤੇ 3,44,296 ਨੂੰ ਦੋਵੇਂ ਖ਼ੁਰਾਕਾਂ ਮਿਲ ਚੁੱਕੀਆਂ ਹਨ।

ਉਮੀਦ ਦੀ ਕਿਰਨ

ਇਹ ਸਾਰੇ ਕਾਰਨਾਂ ਦੇ ਬਾਵਜੂਦ ਤਾਕਟਰ ਤਲਵਾਰ ਦਾ ਕਹਿਣਾ ਹੈ ਕਿ ਜੇ ਲੋਕ ਕੁਝ ਸਾਵਧਾਨੀਆਂ ਵਰਤਣ ਤਾਂ ਓਮੀਕਰੋਨ ਦੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ, "ਮਾਸਕ ਪਾਉਣਾ, ਹੱਥ ਧੋਣਾ ਤੇ ਭੀੜ ਭਾੜ ਵਾਲੇ ਇਲਾਕਿਆਂ ਤੋ ਦੂਰ ਰਹਿਣਾ ਖਾਸ ਤੌਰ 'ਤੇ ਕਿਉਂਕਿ ਚੋਣਾਂ ਵੀ ਆ ਰਹੀਆਂ ਹਨ।"

ਉਨ੍ਹਾਂ ਨੇ ਕਿਹਾ, "ਪੰਜਾਬ ਨੇ ਕੋਵਿਡ ਦੇ ਪਿਛਲੀ ਖ਼ਤਰਨਾਕ ਵੇਵ ਨੂੰ ਵੀ ਕਾਫ਼ੀ ਹੱਦ ਤਕ ਕਾਬੂ ਕੀਤਾ। ਇੱਥੋਂ ਤਕ ਕਿ ਦਿਲੀ ਤੋਂ ਵੀ ਲੋਕ ਪੰਜਾਬ ਵਿੱਚ ਇਲਾਜ ਲਈ ਆਏ। ਫੇਰ ਓਮੀਕਰੋਨ ਉਨ੍ਹਾਂ ਖ਼ਤਰਨਾਕ ਨਹੀਂ ਹੈ ਹਾਲਾਂਕਿ ਇਹ ਵਧੇਰੇ ਤੇਜ਼ੀ ਨਾਲ ਫੈਲਦਾ ਹੈ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)