You’re viewing a text-only version of this website that uses less data. View the main version of the website including all images and videos.
ਕੁਝ ਲੋਕ ਘੁਰਾੜੇ ਕਿਉਂ ਮਾਰਦੇ ਹਨ ਅਤੇ ਇਨ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ
ਕਿਸੇ ਨੂੰ ਵੀ ਇਹ ਗੱਲ ਪੱਕੇ ਤੌਰ 'ਤੇ ਨਹੀਂ ਪਤਾ ਹੈ ਕਿ ਸਾਡੇ ਵਿੱਚੋਂ ਕਿੰਨੇ ਲੋਕ ਘੁਰਾੜੇ ਮਾਰਦੇ ਹਨ, ਪਰ ਇਹ ਸਮੱਸਿਆ ਵਧਦੀ ਜਾ ਰਹੀ ਹੈ।
ਇਸ ਨਾਲ ਨਾ ਸਿਰਫ ਘਰਾੜੇ ਲੈਣ ਵਾਲਿਆਂ ਦੀ ਨੀਂਦ ਖਰਾਬ ਹੋ ਸਕਦੀ ਹੈ ਬਲਕਿ ਉਨ੍ਹਾਂ ਦੇ ਆਲੇ-ਦੁਆਲੇ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਸਕਦੀ ਹੈ। ਕਈ ਮਾਮਲਿਆਂ ਵਿੱਚ ਤਾਂ ਘੁਰਾੜਿਆਂ ਕਾਰਨ ਲੋਕਾਂ ਦੇ ਵਿਆਹ ਵੀ ਟੁੱਟ ਚੁਕੇ ਹਨ।
ਅਸੀਂ ਕਿਉਂ ਲੈਂਦੇ ਹਾਂ ਘੁਰਾੜੇ
ਨੀਂਦ ਦੇ ਦੌਰਾਨ ਜਦੋਂ ਅਸੀਂ ਸਾਂਹ ਲੈਂਦੇ ਹਾਂ ਅਤੇ ਛੱਡਦੇ ਹਾਂ ਤਾਂ ਸਾਡੀ ਗਰਦਨ ਅਤੇ ਸਿਰ ਦੇ ਸੌਫ਼ਟ ਟਿਸ਼ੂ ਵਿੱਚ ਮੁਲਾਇਮ ਕੰਪਨ ਕਾਰਨ ਅਸੀਂ ਘੁਰਾੜੇ ਮਾਰਦੇ ਹਾਂ।
ਇਹ ਟਿਸ਼ੂ ਸਾਡੇ ਨੱਕ ਦੇ ਰਸਤੇ, ਟੋਂਸਿਲ ਅਤੇ ਮੂੰਹ ਦੇ ਉੱਪਰਲੇ ਹਿੱਸੇ ਵਿੱਚ ਹੁੰਦੇ ਹਨ।
ਜਦੋਂ ਤੁਸੀਂ ਸੌਂਦੇ ਹੋ, ਹਵਾ ਜਾਣ ਦਾ ਰਸਤਾ (ਏਅਰਵੇ) ਆਰਾਮ ਦੀ ਸਥਿਤੀ 'ਚ ਹੁੰਦਾ ਹੈ। ਉਸ ਸਮੇਂ ਹਵਾ ਨੂੰ ਅੰਦਰ-ਬਾਹਰ ਜਾਣ ਲਈ ਜ਼ੋਰ ਲਗਾਉਣਾ ਪੈਂਦਾ ਹੈ, ਜਿਸ ਕਾਰਨ ਮੁਲਾਇਮ ਟਿਸ਼ੂਆਂ ਵਿੱਚ ਕੰਬਣੀ ਪੈਦਾ ਹੁੰਦੀ ਹੈ।
ਇਹ ਵੀ ਪੜ੍ਹੋ:
ਇਨ੍ਹਾਂ ਨੂੰ ਰੋਕਣ ਲਈ ਅਸੀਂ ਕੀ ਕਰ ਸਕਦੇ ਹਾਂ?
ਘੁਰਾੜੇ ਰੋਕਣ ਲਈ ਇਹ ਜ਼ਰੂਰੀ ਹੈ ਕਿ ਏਅਰ ਵੇਅ ਨੂੰ ਖੁੱਲ੍ਹਾ ਰੱਖਿਆ ਜਾਵੇ। ਅਜਿਹਾ ਕਰਨ ਲਈ ਕਈ ਤਰੀਕੇ ਹਨ, ਜਿਨ੍ਹਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਸ਼ਰਾਬ ਤੋਂ ਦੂਰੀ
ਸ਼ਰਾਬ ਕਾਰਨ ਨੀਂਦ ਦੇ ਦੌਰਾਨ ਮਾਸਪੇਸ਼ੀਆਂ ਵਧੇਰੇ ਆਰਾਮ ਦੀ ਸਥਿਤੀ (ਰਿਲੈਕਸ) ਵਿੱਚ ਆ ਜਾਂਦੀਆਂ ਹਨ ਅਤੇ ਇਸ ਕਾਰਨ ਏਅਰ ਵੇਅ ਸੁੰਗੜ ਕੇ ਹੋਰ ਜ਼ਿਆਦਾ ਤੰਗ ਹੋ ਜਾਂਦਾ ਹੈ। ਇਸਦੇ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਸੌਂਣ ਤੋਂ ਪਹਿਲਾਂ ਸ਼ਰਾਬ ਪੀਣ ਤੋਂ ਬਚਿਆ ਜਾਵੇ।
ਇੱਕ ਪਾਸੇ ਲੇਟਣਾ
ਜਦੋਂ ਤੁਸੀਂ ਪਿੱਠ ਦੇ ਭਾਰ ਸਿੱਧੇ ਲੇਟਦੇ ਹੋ ਤਾਂ ਤੁਹਾਡੀ ਜੀਭ, ਠੋਡੀ ਅਤੇ ਠੋਡੀ ਦੇ ਹੇਠਾਂ ਚਰਬੀ ਵਾਲੇ ਟਿਸ਼ੂ, ਇਹ ਸਾਰੇ ਏਅਰ ਵੇਅ 'ਚ ਰੁਕਾਵਟ ਪੈਦਾ ਕਰ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਜੇ ਤੁਹਾਨੂੰ ਘੁਰਾੜੇ ਆਉਂਦੇ ਹਨ ਤਾਂ ਇੱਕ ਪਾਸੇ ਲੇਟੋ, ਨਾ ਕਿ ਸਿੱਧੇ।
ਨੱਕ 'ਤੇ ਲੱਗਣ ਵਾਲੀਆਂ ਪੱਟੀਆਂ
ਬਾਜ਼ਾਰ ਵਿੱਚ ਅਜਿਹੇ ਕਈ ਉਤਪਾਦ ਉਪਲਬੱਧ ਹਨ ਜੋ ਘੁਰਾੜੇ ਰੋਕਣ ਵਿੱਚ ਸਹਾਇਤਾ ਕਰਦੇ ਹਨ। ਨੱਕ 'ਤੇ ਲੱਗਣ ਵਾਲੀਆਂ ਪੱਟੀਆਂ ਦੇ ਪਿੱਛੇ ਵਿਚਾਰ ਇਹ ਹੈ ਕਿ ਇਹ ਤੁਹਾਡੀਆਂ ਨਾਸਾਂ ਨੂੰ ਖੁੱਲ੍ਹਾ ਰੱਖਦੀਆਂ ਹਨ।
ਇਹ ਉਦੋਂ ਕੰਮ ਕਰਦਿਆਂ ਹਨ, ਜਦੋਂ ਤੁਸੀਂ ਨੱਕ ਤੋਂ ਘੁਰਾੜੇ ਮਾਰਦੇ ਹੋ। ਪਰ ਇਹ ਅਸਲ ਵਿੱਚ ਪ੍ਰਭਾਵਸ਼ਾਲੀ ਹਨ ਜਾਂ ਨਹੀਂ, ਇਸਦੇ ਪ੍ਰਮਾਣ ਬਹੁਤ ਘੱਟ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਆਪਣੇ ਨੱਕ ਨੂੰ ਸਾਫ਼ ਰੱਖੋ
ਜੇ ਤੁਹਾਨੂੰ ਠੰਢ ਲੱਗੀ ਹੋਈ ਹੈ ਅਤੇ ਤੁਹਾਡਾ ਨੱਕ ਬੰਦ ਹੈ ਤਾਂ ਇਸ ਗੱਲ ਦੀ ਸੰਭਾਵਨਾ ਵਧੇਰੇ ਹੈ ਕਿ ਤੁਸੀਂ ਘੁਰਾੜੇ ਲਓਗੇ।
ਇਸ ਲਈ ਸੌਣ ਤੋਂ ਪਹਿਲਾਂ ਆਪਣੇ ਨੱਕ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਅਜਿਹਾ ਕਰਨ ਲਈ ਤੁਸੀਂ ਨੱਕ ਤੋਂ ਲਏ ਜਾਣ ਵਾਲੀ ਖੰਘ-ਜ਼ੁਖਾਮ ਦੀ ਦਵਾਈ ਦਾ ਇਸਤੇਮਾਲ ਵੀ ਕਰ ਸਕਦੇ ਹੋ।
ਇਸ ਦੇ ਨਾਲ ਨੱਕ ਦੇ ਬਹੁਤ ਬਾਰੀਕ ਖੂਨ ਵਾਲੇ ਟਿਸ਼ੂਆਂ ਦੀ ਸੋਜ ਵਿੱਚ ਰਾਹਤ ਮਿਲੇਗੀ, ਜੋ ਕਿ ਆਮ ਤੌਰ 'ਤੇ ਐਲਰਜੀ ਕਾਰਨ ਵੀ ਹੋ ਜਾਂਦੀ ਹੈ। ਇਹ ਦਵਾਈਆਂ ਬੰਦ ਨੱਕ 'ਚ ਵੀ ਤੁਰੰਤ ਰਾਹਤ ਦਿੰਦੀਆਂ ਹਨ।
ਸ਼ਰੀਰ ਦਾ ਵਜ਼ਨ ਘੱਟ ਕਰੋ
ਜੇ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਤੁਹਾਡੀ ਠੋਡੀ ਕੋਲ ਚਰਬੀ ਵਾਲੇ ਟਿਸ਼ੂ ਹੋ ਸਕਦੇ ਹਨ। ਇਹ ਏਅਰ ਵੇਅ ਨੂੰ ਤੰਗ ਬਣਾ ਦਿੰਦੇ ਹਨ ਅਤੇ ਹਵਾ ਦੇ ਆਉਣ-ਜਾਣ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ।
ਇਸ ਲਈ ਸ਼ਰੀਰ ਦਾ ਵਜ਼ਨ ਸਹੀ ਬਣਾਏ ਰੱਖਣ ਨਾਲ ਘੁਰਾੜਿਆਂ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: