You’re viewing a text-only version of this website that uses less data. View the main version of the website including all images and videos.
ਜਨਰਲ ਬਿਪਿਨ ਰਾਵਤ : ਭਾਰਤ ਦੇ ਪਹਿਲੇ ਸੀਡੀਐੱਸ ਜੋ ਆਪਣੇ ਬਿਆਨਾਂ ਕਰਕੇ ਕਈ ਵਾਰ ਚਰਚਾ ਵਿੱਚ ਆਏ
ਚੀਫ਼ ਆਫ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਬਿਪਿਨ ਰਾਵਤ ਦੀ ਤਾਮਿਲਨਾਡੂ ਵਿਚ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦਾ ਵੀ ਦੇਹਾਂਤ ਹੋ ਗਿਆ ਹੈ।
ਇਹ ਹਾਦਸਾ ਭਾਰਤ ਦੇ ਦੱਖਣੀ ਸੂਬੇ ਤਮਿਲਨਾਡੂ ਵਿੱਚ ਕੁੰਨੂਰ ਨੇੜੇ ਵਾਪਰਿਆ, ਜੋ ਕਿ ਨੀਲਗਿਰੀ ਪੜਾਹਾਂ ਵਿਚ ਪੈਂਦਾ ਹੈ।
ਭਾਰਤੀ ਹਵਾਈ ਫੌਜ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ, '' ਗਹਿਰੇ ਦੁੱਖ ਨਾਲ ਦੱਸਿਆ ਜਾ ਰਿਹਾ ਹੈ ਕਿ ਜਨਰਲ ਬਿਪਿਨ ਰਾਵਤ, ਸ਼੍ਰੀਮਤੀ ਮਧੁਲਿਕਾ ਰਾਵਤ ਸਮੇਤ ਜਹਾਜ਼ ਵਿੱਚ ਸਵਾਰ 13 ਹੋਰ ਵਿਅਕਤੀਆਂ ਦੀ ਇਸ ਦੁਰਘਟਨਾ ਵਿੱਚ ਮੌਤ ਹੋ ਗਈ ਹੈ।
ਕੌਣ ਸਨ ਜਨਰਲ ਬਿਪਿਨ ਰਾਵਤ
16 ਮਾਰਚ 1958 ਨੂੰ ਜੰਮੇ ਜਨਰਲ ਬਿਪਿਨ ਰਾਵਤ ਸੈਂਟ ਐਡਵਰਡਸ ਸਕੂਲ ਸ਼ਿਮਲਾ ਅਤੇ ਨੈਸ਼ਨਲ ਡਿਫੈਂਸ ਅਕਾਦਮੀ ਦੇ ਸਾਬਕਾ ਵਿਦਿਆਰਥੀ ਸਨ।
ਉਨ੍ਹਾਂ ਨੇ ਦਸੰਬਰ 1978 ਵਿੱਚ, ਦੇਹਰਾਦੂਨ ਦੇ ਇੰਡੀਅਨ ਆਰਮੀ ਟ੍ਰੇਨਿੰਗ ਸੈਂਟਰ ਤੋਂ ਗਿਆਰਵੀ ਗੋਰਖਾ ਰਾਈਫਲ ਦੀ ਪੰਜਵੀਂ ਰੈਜੀਮੈਂਟ ਜੁਆਇਨ ਕੀਤੀ। ਇਸ ਰੈਜੀਮੈਂਟ ਦੀ ਕਮਾਂਡ ਉਨ੍ਹਾਂ ਦੇ ਪਿਤਾ ਨੇ ਵੀ ਸਾਂਭੀ ਸੀ।
ਇੰਡੀਅਨ ਮਿਲਟਰੀ ਅਕਾਦਮੀ ਦੇਹਰਾਦੂਨ ਤੋਂ ਗ੍ਰੇਜੂਏਸ਼ਨ ਦੀ ਪੜ੍ਹਾਈ ਦੌਰਾਨ ਉਨ੍ਹਾਂ ਨੂੰ 'ਸਵਾਰਡ ਆਫ ਆਨਰ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
CDS ਬਿਪਿਨ ਰਾਵਤ ਦਾ ਹੈਲੀਕਾਪਟਰ ਕ੍ਰੈਸ਼, ਲੱਗੀ ਅੱਗ- ਵੀਡੀਓ
ਜਨਰਲ ਰਾਵਤ 31 ਦਸੰਬਰ 2016 ਤੋਂ 31 ਦਸੰਬਰ 2019 ਤੱਕ ਥਲ ਸੈਨਾ ਦੇ ਮੁਖੀ ਰਹੇ।
ਜਨਰਲ ਬਿਪਿਨ ਰਾਵਤ ਨੂੰ ਆਪਣੇ 40 ਸਾਲਾਂ ਤੋਂ ਵੱਧ ਸਮੇਂ ਦੇ ਸੇਵਾ ਕਰੀਅਰ ਦੌਰਾਨ ਨਿਭਾਈਆਂ ਗਈਆਂ ਵਿਲੱਖਣ ਸੇਵਾਵਾਂ ਅਤੇ ਬਹਾਦਰੀ ਲਈ ਕਈ ਰਾਸ਼ਟਰਪਤੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ।
ਜਿਸ ਵਿੱਚ PVSM, UYSM, AVSM, YSM, SM ਅਤੇ VSM ਸ਼ਾਮਲ ਹਨ।
ਜਨਰਲ ਬਿਪਿਨ ਰਾਵਤ ਨੂੰ 31 ਦਸੰਬਰ 2019 ਨੂੰ ਭਾਰਤ ਦਾ ਪਹਿਲਾ ਚੀਫ਼ ਆਫ਼ ਡਿਫੈਂਸ ਸਟਾਫ਼ ਨਿਯੁਕਤ ਕੀਤਾ ਗਿਆ ਸੀ।
ਜਨਰਲ ਬਿਪਿਨ ਰਾਵਤ ਵਾਇਸ ਚੀਫ ਆਫ ਆਰਮੀ ਸਟਾਫ਼ ਵੀ ਰਹੇ ਹਨ ਅਤੇ ਗੋਰਖਾ ਬ੍ਰਿਗੇਡ ਤੋਂ ਚੀਫ ਆਫ ਆਰਮੀ ਸਟਾਫ ਬਣਨ ਵਾਲੇ ਉਹ ਚੌਥੇ ਅਫ਼ਸਰ ਸਨ।
ਆਪਣੇ ਚਾਰ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਜਨਰਲ ਰਾਵਤ ਨੇ ਬ੍ਰਿਗੇਡ ਕਮਾਂਡਰ, ਜਨਰਲ ਅਫ਼ਸਰ ਕਮਾਂਡਿੰਗ ਚੀਫ਼, ਦੱਖਣੀ ਕਮਾਂਡ, ਮਿਲਟਰੀ ਆਪਰੇਸ਼ਨਸ ਡਾਇਰੈਕਟੋਰੇਟ 'ਚ ਜਨਰਲ ਸਟਾਫ਼ ਅਫ਼ਸਰ ਗ੍ਰੇਡ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ।
ਰਾਵਤ ਵਲੋਂ ਨਿਭਾਈਆਂ ਗਈਆਂ ਅਹਿਮ ਜ਼ਿੰਮੇਵਾਰੀਆਂ
ਚੀਫ ਆਫ ਡਿਫੈਂਸ ਸਟਾਫ ਦੇ ਅਹੁਦੇ 'ਤੇ ਰਾਵਤ ਦੀ ਜ਼ਿੰਮੇਵਾਰੀਆਂ ਵਿੱਚ ਭਾਰਤੀ ਫੌਜ ਦੇ ਵੱਖ-ਵੱਖ ਅੰਗਾਂ ਵਿੱਚ ਤਾਲਮੇਲ ਅਤੇ ਫੌਜ ਦੇ ਆਧੁਨਿਕੀਕਰਨ ਵਰਗੇ ਮਹੱਤਵਪੂਰਨ ਜ਼ਿੰਮੇਵਾਰੀਆਂ ਸ਼ਾਮਿਲ ਸਨ।
ਉੱਤਰ-ਪੂਰਵ ਵਿੱਚ ਕੱਟੜਪੰਥ ਘਟਾਉਣ ਲਈ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।
ਰਿਪੋਰਟਾਂ ਮੁਤਾਬਕ ਸਾਲ 2015 ਵਿੱਚ ਮਿਆਂਮਾਰ ਵਿੱਚ ਵੜ ਕੇ ਐੱਨਐੱਸਸੀਐੱਨ ਦੇ ਅੱਤਵਾਦੀਆਂ ਖ਼ਿਲਾਫ਼ ਭਾਰਤੀ ਫੌਜ ਦੀ ਕਾਰਵਾਈ ਲਈ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ।
ਬਾਲਾਕੋਟ ਹਮਲੇ ਵਿੱਚ ਵੀ ਉਨ੍ਹਾਂ ਦੀ ਭੂਮਿਕਾ ਦੱਸੀ ਗਈ।
ਉਨ੍ਹਾਂ ਨੇ ਭਾਰਤ ਦੇ ਪੂਰਬ ਵਿੱਚ ਲਾਈਨ ਆਫ ਐਕਚੂਅਲ ਕੰਟ੍ਰੋਲ 'ਤੇ ਤੈਨਾਤ ਇੱਕ ਇਨਫੈਂਟਰੀ ਬਟਾਲੀਅਨ ਤੋਂ ਇਲਾਵਾ ਕਸ਼ਮੀਰ ਘਾਟੀ ਵਿੱਚ ਇੱਕ ਰਾਸ਼ਟਰੀ ਰਾਈਫਲਜ਼ ਸੈਕਟਰ ਦੀ ਕਮਾਨ ਸਾਂਭੀ।
ਇਸ ਤੋਂ ਇਲਾਵਾ ਰਿਪਬਲਿਕ ਆਫ ਕਾਂਗੋ ਵਿੱਚ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਦੇ ਸੈਨਿਕਾਂ ਦੀ ਇੱਕ ਬ੍ਰਿਗੇਡ ਦੀ ਵੀ ਕਮਾਨ ਸੰਭਾਲੀ।
ਭਾਰਤ ਦੇ ਉੱਤਰ-ਪੂਰਬ ਵਿੱਚ ਉਹ ਕੋਰ ਕਮਾਂਡਰ ਵੀ ਰਹੇ।
ਜਨਰਲ ਰਾਵਤ ਡਿਫੈਂਸ ਸਰਵੀਸਿਜ਼ ਸਟਾਫ਼ ਕਾਲਜ (ਵੇਲਿੰਗਟਨ, ਤਾਮਿਲਨਾਡੂ) ਅਤੇ ਕਮਾਂਡ ਐਂਡ ਜਨਰਲ ਸਟਾਫ ਕੋਰਸ ਲੀਵਨਵਰਥ (ਅਮਰੀਕਾ) ਤੋਂ ਗ੍ਰੇਜੂਏਟ ਸਨ।
ਜਨਰਲ ਰਾਵਤ ਨੇ ਰਾਸ਼ਟਰੀ ਸੁਰੱਖਿਆ ਅਤੇ ਮਿਲਟਰੀ ਲੀਡਰਸ਼ਿਪ 'ਤੇ ਕਈ ਲੇਖ ਲਿਖੇ। ਉਨ੍ਹਾਂ ਕੋਲ ਮੈਨੇਜਮੈਂਟ ਅਤੇ ਕੰਪਿਊਟਰ ਸਟੱਡੀਜ਼ ਵਿੱਚ ਡਿਪਲੋਮਾ ਸੀ।
ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਵੱਲੋਂ ਜਨਰਲ ਰਾਵਤ ਨੂੰ 'ਮਿਲਟਰੀ ਮੀਡੀਆ ਸਟ੍ਰੈਟੇਜਿਕ ਸਟੱਡੀਜ' 'ਤੇ ਉਨ੍ਹਾਂ ਦੇ ਖੋਜ ਕਾਰਜ ਲਈ 'ਡਾਕਟਰੈਟ ਆਫ ਫਿਲਾਸਫੀ' (ਪੀਐੱਚਡੀ) ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: