You’re viewing a text-only version of this website that uses less data. View the main version of the website including all images and videos.
ਪੰਜਾਬ ਪੁਲਿਸ ਦਾ ਹੌਲਦਾਰ ਜੋ ਵਾਤਾਵਰਨ ਦਾ ਖ਼ਿਆਲ ਰੱਖ ਕੇ ਬਣਿਆ ਰਾਹ ਦਸੇਰਾ
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
"ਮਲੋਟ ਸ਼ਹਿਰ ਦੇ ਬਾਹਰਵਾਰ ਗੰਦੇ ਕੂੜੇ ਦੇ ਢੇਰ ਸਨ। ਜਦੋਂ ਕੋਈ ਵੀ ਬਾਹਰਲਾ ਵਿਅਕਤੀ ਮਲੋਟ ਸ਼ਹਿਰ ਵਿੱਚ ਦਾਖ਼ਲ ਹੁੰਦਾ ਸੀ ਤਾਂ ਉਸ ਦੇ ਮੱਥੇ ਇਹ ਕੂੜਾ ਹੀ ਲੱਗਦਾ ਸੀ। ਇੱਕ ਦਿਨ ਮੈਂ ਸੋਚ ਲਿਆ ਕੇ ਇਸ ਦੀ ਸਫ਼ਾਈ ਕਰਕੇ ਮੈਂ ਵੱਡੀ ਗਿਣਤੀ ਵਿੱਚ ਇੱਥੇ ਦਰੱਖਤ ਲਾਵਾਂਗਾ।"
ਇਹ ਸ਼ਬਦ ਸੁਖਚੈਨ ਸਿੰਘ ਦੇ ਹਨ, ਜਿਹੜੇ ਪਿਛਲੇ ਦੱਸ ਸਾਲਾਂ ਤੋਂ ਆਪਣੇ ਇਲਾਕੇ ਨੂੰ ਹਰਿਆ-ਭਰਿਆ ਕਰਨ ਵਿੱਚ ਲੱਗੇ ਹੋਏ ਹਨ।
ਸੁਖਚੈਨ ਸਿੰਘ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਕਬੱਡੀ ਖੇਡ ਚੁੱਕੇ ਹਨ ਅਤੇ ਇਸ ਵੇਲੇ ਉਹ ਪੰਜਾਬ ਪੁਲਿਸ ਵਿੱਚ ਬਤੌਰ ਹੌਲਦਾਰ ਸੇਵਾਵਾਂ ਨਿਭਾ ਰਹੇ ਹਨ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਵਿਰਕ ਖੇੜਾ ਦੇ ਵਸਨੀਕ ਸੁਖਚੈਨ ਸਿੰਘ ਆਪਣੀ ਡਿਊਟੀ ਨਿਭਾਉਣ ਤੋਂ ਬਾਅਦ ਉਨ੍ਹਾਂ ਥਾਵਾਂ ਦੀ ਤਲਾਸ਼ ਕਰਦੇ ਨਜ਼ਰ ਆਉਂਦੇ ਹਨ, ਜਿੱਥੇ ਦਰਖ਼ਤ ਲਗਾਏ ਜਾ ਸਕਦੇ ਹੋਣ।
ਸੁਖਚੈਨ ਸਿੰਘ ਨੇ 2011 ਵਿੱਚ ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਮੁਹਿੰਮ ਵਿੱਢੀ ਸੀ।
ਉਹ ਕਹਿੰਦੇ ਹਨ ਕਿ ਪਹਿਲਾਂ ਤਾਂ ਉਹ ਇਸ ਮੁਹਿੰਮ ਵਿੱਚ ਇਕੱਲੇ ਸਨ ਪਰ ਬਾਅਦ ਵਿੱਚ ਇੱਕ ਪੂਰੀ ਟੀਮ ਬਣ ਗਈ।
ਉਨ੍ਹਾਂ ਕਿਹਾ, "ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਪ੍ਰੇਰਿਤ ਕਰਕੇ ਇੱਕ ਵੱਡੀ ਟੀਮ ਬਣਾਉਣਾ ਔਖਾ ਕੰਮ ਸੀ। ਪਰ ਮੈਂ ਚੁਣੌਤੀ ਨੂੰ ਕਬੂਲ ਕੀਤਾ ਅਤੇ ਸਾਈਕਲ ਉੱਤੇ ਨੇੜਲੇ ਪਿੰਡਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲੱਗਾ ਗਿਆ।"
ਇਹ ਵੀ ਪੜ੍ਹੋ:
"ਦੋ ਸਾਲ ਤੋਂ ਬਾਅਦ ਮਿਹਨਤ ਰੰਗ ਵਿਖਾਉਣ ਲੱਗੀ। ਨੌਜਵਾਨ ਜੁੜਦੇ ਗਏ ਅਤੇ ਉਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਗੰਧਲੇ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਉਣ ਦਾ ਬੀੜਾ ਚੁੱਕ ਲਿਆ।"
ਇਨ੍ਹਾਂ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਸੁਖਚੈਨ ਸਿੰਘ ਵੱਲੋਂ ਆਪਣੇ ਪਿੰਡ ਅਤੇ ਮਲੋਟ ਸ਼ਹਿਰ ਵਿੱਚ ਪੰਜ ਹਜ਼ਾਰ ਪੌਦੇ ਲਗਾਏ ਜਾਣ ਦਾ ਦਾਅਵਾ ਹੈ ਅਤੇ ਬੂਟਿਆਂ ਦੀ ਸੰਭਾਲ ਲਈ ਸੁਖਚੈਨ ਸਿੰਘ ਆਪਣੀ ਟੀਮ ਨਾਲ ਸੁਬ੍ਹਾ-ਸ਼ਾਮ ਦੌਰਾ ਕਰਦੇ ਹਨ।
ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਕਾਰਜ ਲਈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਝੱਲਣੀਆਂ ਪਈਆਂ।
ਉਨ੍ਹਾਂ ਕਿਹਾ, "ਸਭ ਤੋਂ ਔਖਾ ਕੰਮ ਤਾਂ ਸਰਕਾਰੀ ਜਗ੍ਹਾਂ ਵਿੱਚ ਪਏ ਕੂੜੇ ਨੂੰ ਸਾਫ਼ ਕਰਕੇ ਉੱਥੇ ਪੌਦੇ ਲਗਾਉਣ ਦਾ ਸੀ। ਮੈਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਥਾਨਕ ਮਿਉਂਸੀਪਲ ਕੌਂਸਲ ਦੇ ਅਧਿਕਾਰੀਆਂ ਨੂੰ ਮਿਲਿਆ ਅਤੇ ਫਿਰ ਸਾਨੂੰ ਆਖ਼ਰਕਾਰ ਮਨਜ਼ੂਰੀ ਮਿਲ ਹੀ ਗਈ।"
ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਕੋਲ 100 ਨੌਜਵਾਨਾਂ ਦੀ ਟੀਮ ਹੈ, ਜਿਹੜੀ ਸਿਰਫ਼ ਪੌਦੇ ਲਗਾਉਣ ਦੀ ਹੀ ਨਹੀਂ ਸਗੋਂ ਉਨ੍ਹਾਂ ਦੇ ਜਵਾਨ ਹੋਣ ਤੱਕ ਉਨ੍ਹਾਂ ਦੀ ਲਗਾਤਾਰ ਸੰਭਾਲ ਵੀ ਕਰਦੀ ਹੈ।
ਜਦੋਂ ਸੁਖਚੈਨ ਸਿੰਘ ਨੂੰ ਪੁੱਛਿਆ ਗਿਆ ਕਿ ਉਹ ਇਸ ਕਾਰਜ ਲਈ ਪੈਸੇ ਕਿੱਥੋਂ ਖ਼ਰਚ ਕਰਦੇ ਹਨ ਤਾਂ ਉਨ੍ਹਾਂ ਦਾ ਜਵਾਬ ਸੀ, "ਅਜਿਹੇ ਕਾਰਜ ਲਈ ਪੈਸੇ ਦੀ ਨਹੀਂ ਸਗੋਂ ਲਗਨ ਅਤੇ ਦ੍ਰਿੜ੍ਹਤਾ ਦੀ ਲੋੜ ਹੁੰਦੀ ਹੈ। ਪਹਿਲੇ ਦੋ ਸਾਲ ਮੈਂ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੀਤੇ ਤੇ ਫਿਰ ਜਿਵੇਂ ਟੀਮ ਵੱਡੀ ਹੁੰਦੀ ਗਈ ਅਸੀਂ ਸਾਰੇ ਰਲ ਕੇ ਖ਼ਰਚ ਕਰਦੇ ਰਹੇ।"
"ਹੁਣ ਤਾਂ ਖ਼ਰਚ ਕੀਤਾ ਪੈਸਾ ਭੁੱਲ ਗਿਆ ਹੈ ਕਿਉਂਕਿ ਦਰਖਤ ਜਵਾਨ ਹੋ ਗਏ ਹਨ ਅਤੇ ਜਦੋਂ ਉਹ ਹਵਾ ਵਿੱਚ ਝੂਮਦੇ ਹਨ ਤਾਂ ਪੈਸੇ ਨਾਲੋਂ ਵੱਧ ਆਤਮਕ ਸਕੂਨ ਮਿਲਦਾ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਸੁਖਚੈਨ ਸਿੰਘ ਦੀ ਟੀਮ ਦੇ ਮੈਂਬਰ ਦਵਿੰਦਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੀ ਟੀਮ ਦਾ ਮੁੱਖ ਮਕਸਦ ਦਰਖਤ ਲਗਾਉਣਾ ਤਾਂ ਹੈ ਹੀ ਪਰ ਇਸ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਵੀ ਹੈ।
ਦਵਿੰਦਰ ਸਿੰਘ ਕਹਿੰਦੇ ਹਨ, "ਸੁਖਚੈਨ ਸਿੰਘ ਨੇ ਆਪਣੀ ਜੇਬ ਵਿੱਚੋਂ ਖ਼ਰਚ ਕਰਕੇ ਪਿੰਡ ਵਿਰਕ ਖੇੜਾ ਵਿੱਚ ਇੱਕ ਜਿੰਮ ਖਾਨਾ ਸਥਾਪਤ ਕੀਤਾ ਜਿਸ ਨੂੰ ਦੇਖ ਕੇ ਹੋਰਨਾਂ ਪਿੰਡਾਂ ਵਿੱਚ ਵੀ ਇਹ ਰੁਝਾਨ ਪੈਦਾ ਹੋ ਗਿਆ।"
ਮਿਉਂਸੀਪਲ ਕੌਂਸਲ ਮਲੋਟ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਕਹਿੰਦੇ ਹਨ ਕਿ ਸੁਖਚੈਨ ਸਿੰਘ ਦਾ ਕੰਮ ਆਪਣੇ ਆਪ ਵਿੱਚ ਇੱਕ ਮਿਸਾਲ ਹੈ।
"ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਸਮੇਂ ਮਲੋਟ ਸ਼ਹਿਰ ਦੇ ਬਾਹਰ ਕੂੜੇ ਦੇ ਢੇਰ ਸਨ। ਇਸ ਨੂੰ ਸਾਫ ਕਰਕੇ ਪੌਦੇ ਲਾਉਣ ਦੀ ਗੱਲ ਰੱਖੀ ਤਾਂ ਕੌਂਸਲ ਨੇ ਇਸ ਨੂੰ ਤੁਰੰਤ ਮਨਜ਼ੂਰ ਕਰ ਲਿਆ।"
ਉਨ੍ਹਾਂ ਕਿਹਾ, "ਸੁਖਚੈਨ ਸਿੰਘ ਨੇ ਮਲੋਟ ਸ਼ਹਿਰ ਨੂੰ ਹਰਿਆ ਭਰਿਆ ਕਰਨ ਤੋਂ ਇਲਾਵਾ ਇਲਾਕੇ ਦੇ ਸਕੂਲਾਂ ਅਤੇ ਸੜਕਾਂ ਦੇ ਨਾਲ ਪਈਆਂ ਖਾਲੀ ਥਾਵਾਂ ਉੱਪਰ ਵੀ ਪੌਦੇ ਲਗਾਏ ਜਿਹੜੇ ਕਿ ਅੱਜ ਦਰਖਤ ਬਣ ਰਹੇ ਹਨ।"
ਸੁਖਚੈਨ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਮਿਸ਼ਨ ਤਾਂ ਹੁਣ ਵਾਤਾਵਰਨ ਨੂੰ ਬਚਾਉਣਾ ਹੀ ਰਹਿ ਗਿਆ ਹੈ।
ਉਹ ਕਹਿੰਦੇ ਹਨ, "ਮੇਰੇ ਕੋਲ ਰੁਜ਼ਗਾਰ ਅਤੇ ਸਮਾਂ ਹੈ। ਮੈਂ ਇਸ ਨੂੰ ਆਪਣਾ ਫ਼ਰਜ਼ ਸਮਝਦਾ ਹਾਂ ਤੇ ਸੋਚਦਾ ਹਾਂ ਕਿ ਵਾਤਾਵਰਨ ਨੂੰ ਸਾਫ ਰੱਖਣ ਲਈ ਆਪਣੀ ਜ਼ਿੰਦਗੀ ਦੇ ਆਖ਼ਰੀ ਦਮ ਤਕ ਕੰਮ ਕਰਾਂ।"
ਇਹ ਵੀ ਪੜ੍ਹੋ: