ਪੰਜਾਬ ਦੇ ਇਸ ਕਿਸਾਨ ਨੂੰ ਆਸਟ੍ਰੇਲੀਆ ਤੋਂ ਫੋਨ ਉੱਤੇ ਮਿਲੇ ਆਈਡੀਆ ਨੇ ਕਰ ਦਿੱਤੇ ਵਾਰੇ-ਨਿਆਰੇ

    • ਲੇਖਕ, ਗੁਰਮਿੰਦਰ ਗਰੇਵਾਲ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਪਿੰਡ ਰੱਤੋਂ ਵਿੱਚ ਕਿਸਾਨ ਬਲਵੀਰ ਸਿੰਘ ਜੀਰੀ ਦੇ ਮੁਕਾਬਲੇ ਹੋਰਨਾਂ ਫ਼ਸਲਾਂ ਦੀ ਖੇਤੀ ਕਰਦੇ ਹਨ।

ਕੇਲੇ, ਪਪੀਤੇ ਅਤੇ ਫੁੱਲਾਂ ਦੀ ਖੇਤੀ ਕਰਨ ਵਾਲੇ ਬਲਵੀਰ ਮੁਤਾਬਕ ਇਸ ਵਿੱਚ ਪਾਣੀ ਦੀ ਖ਼ਪਤ ਵੀ ਘੱਟ ਹੁੰਦੀ ਹੈ ਤੇ ਮੁਨਾਫ਼ਾ ਵੀ ਵਧੇਰੇ ਹੁੰਦਾ ਹੈ।

ਇਹ ਜਾਣਕਾਰੀ ਉਨ੍ਹਾਂ ਨੂੰ ਆਸਟਰੇਲੀਆ ਤੋਂ ਇੱਕ ਰਿਸ਼ਤੇਦਾਰ ਤੋਂ ਮਿਲੀ। 2017 ਤੋਂ ਉਨ੍ਹਾਂ ਨੇ ਇਸ ਕੰਮ ਵੱਲ ਪੈਰ ਧਰਿਆ।

ਦਰਅਸਲ ਬਲਵੀਰ ਪਹਿਲਾਂ ਰਵਾਇਤੀ ਖੇਤੀ ਕਰਦੇ ਸੀ ਪਰ ਕੁਝ ਸਾਲ ਪਹਿਲਾਂ ਆਸਟਰੇਲੀਆ ਰਹਿੰਦੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉੱਥੇ ਕੇਲੇ ਦੀ ਖੇਤੀ ਹੁੰਦੀ ਹੈ।

ਬਸ ਇਸ ਤੋਂ ਬਾਅਦ ਹੀ ਉਨ੍ਹਾਂ ਵੀ ਕੇਲੇ ਦੀ ਖੇਤੀ ਕਰਨ ਬਾਰੇ ਸੋਚਿਆ। ਫਿਰ ਉਨ੍ਹਾਂ ਗਾਜ਼ੀਆਬਾਦ ਤੋਂ ਕੇਲੇ ਦੇ ਬੂਟੇ ਬੁੱਕ ਕਰਵਾ ਕੇ ਮੰਗਵਾਏ ਅਤੇ ਕੇਲੇ ਦੀ ਖੇਤੀ ਸ਼ੁਰੂ ਕਰ ਦਿੱਤੀ।

ਬਲਵੀਰ ਸਿੰਘ ਦੱਸਦੇ ਹਨ ਕਿ ਉਹ ਫੁੱਲ, ਕੇਲੇ ਅਤੇ ਪਪੀਤੇ ਦੀ ਖੇਤੀ ਕਰਦੇ ਹਨ।

ਬਲਵੀਰ ਕਹਿੰਦੇ ਹਨ, ''ਅਸੀਂ ਆਮਦਨ ਵਧਾਉਣ ਦੇ ਮਕਸਦ ਨਾਲ ਇਹ ਫ਼ਸਲਾਂ ਚੁਣੀਆਂ ਹਨ। ਜੀਰੀ ਨੂੰ ਤਾਂ ਹਰ ਰੋਜ਼ ਪਾਣੀ ਲਗਾਉਣਾ ਪੈਂਦਾ ਹੈ ਤੇ ਕੇਲੇ ਦੀ ਫ਼ਸਲ ਨੂੰ ਅਸੀਂ ਹਫ਼ਤੇ ਬਾਅਦ ਪਾਣੀ ਲਗਾਉਂਦੇ ਹਾਂ।''

''ਬੂਟੇ ਤੋਂ ਲੈ ਕੇ ਮੰਡੀ ਲਿਜਾਣ ਤੱਕ ਕੇਲੇ ਦੀ ਖੇਤੀ ਲਈ ਹਰ ਕਿੱਲੇ ਮਗਰ 60-70 ਹਜ਼ਾਰ ਰੁਪਏ ਖ਼ਰਚਾ ਆਉਂਦਾ ਹੈ।''

ਬਲਵੀਰ ਮੁਤਾਬਕ ਇਸ ਖੇਤੀ ਨਾਲ ਅਸੀਂ ਲੱਖ ਰੁਪਏ ਤੋਂ ਉੱਪਰ ਬਚਾ ਸਕਦੇ ਹਾਂ।

ਉਨ੍ਹਾਂ ਦੱਸਿਆ, ''ਅਸੀਂ ਇਸ ਦਾ ਬੀਜ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਤੋਂ ਮੰਗਵਾਇਆ ਹੈ ਅਤੇ ਅਸੀਂ ਬਦਲ ਬਹੁਤ ਦੇਰ ਤੋਂ ਚਾਹੁੰਦੇ ਸੀ। ਕਿਉਂਕਿ ਜਿਵੇਂ ਅਸੀਂ ਪਹਿਲਾਂ ਗੰਨਾ 7-8 ਏਕੜ ਬੀਜ ਰਹੇ ਸੀ ਤਾਂ ਗੰਨੇ ਦੀਆਂ ਸਮੱਸਿਆਵਾਂ ਜ਼ਿਆਦਾ ਵਧਣ ਕਾਰਨ ਬਦਲ ਚਾਹੁੰਦੇ ਸੀ।''

''ਸਾਡੇ ਰਿਸ਼ਤੇਦਾਰਾਂ ਦਾ ਆਸਟਰੇਲੀਆ ਵਿੱਚ ਕੇਲੇ ਦਾ ਫਾਰਮ ਹੈ। ਉੱਥੋਂ ਫਿਰ ਬੱਚਿਆਂ ਨੇ ਫੋਨ ਕੀਤਾ ਕਿ ਆਪਾਂ ਨਵਾਂ ਕੰਮ ਸ਼ੁਰੂ ਕਰਨਾ ਹੈ। 2-3 ਮਹੀਨਿਆਂ ਬਾਅਦ ਰਿਸ਼ਤੇਦਾਰ ਆਏ ਤਾਂ ਅਸੀਂ ਗਾਜ਼ੀਆਬਾਦ ਵਿਖੇ ਕੇਲੇ ਦੇ ਬੂਟੇ ਬੁੱਕ ਕਰਵਾ ਕੇ ਆਏ।''

''ਅਸੀਂ ਸਮੇਂ-ਸਮੇਂ ਉੱਤੇ ਗਾਜ਼ੀਆਬਾਦ ਫ਼ੋਨ ਕਰਕੇ ਬੂਟੇ ਬਾਰੇ ਜਾਣਕਾਰੀ ਲੈਂਦੇ ਰਹੇ।''

ਪਪੀਤੇ ਬਾਰੇ ਗੱਲਬਾਤ ਕਰਦਿਆਂ ਬਲਵੀਰ ਕਹਿੰਦੇ ਹਨ ਕਿ ਇਸ ਦੀ ਖੇਤੀ ਅਸੀਂ ਪਹਿਲੀ ਵਾਰ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਦੇਖਦੇ ਹਾਂ ਕਿ ਇਸ ਦਾ ਨਤੀਜਾ ਕੀ ਰਹਿੰਦਾ ਹੈ।

ਇਸਦੇ ਨਾਲ ਹੀ ਫੁੱਲਾਂ ਦੀ ਖੇਤੀ ਬਾਰੇ ਬਲਵੀਰ ਕਹਿੰਦੇ ਹਨ ਕਿ ਅੱਧਾ ਕਿੱਲੇ ਥਾਂ ਵਿੱਚ 45 ਹਜ਼ਾਰ ਦੇ ਫੁੱਲ ਨਿਕਲੇ ਹਨ।

ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਮੰਡੀਕਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ।

ਬਲਵੀਰ ਸਿੰਘ ਅਪਣੇ 13 ਕਿੱਲਿਆਂ ਤੋਂ ਬਿਨਾਂ ਹੋਰ ਜ਼ਮੀਨ ਠੇਕੇ 'ਤੇ ਲੈਕੇ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਦੀ ਖੇਤੀ ਵੀ ਕਰਦੇ ਹਨ।

ਪੰਜਾਬ ਵਿੱਚ ਇਸ ਵੇਲੇ ਕੇਲੇ ਦੇ ਬੂਟੇ ਬੀਜਣ ਲਈ ਨਹੀਂ ਮਿਲ ਰਹੇ ਅਤੇ ਜੇ ਪੰਜਾਬ ਵਿੱਚ ਕੇਲੇ ਦੀ ਪਨੀਰੀ ਮਿਲ ਜਾਵੇ ਤਾਂ ਇਹ ਸਸਤੀ ਪੈ ਸਕਦੀ ਹੈ। ਇਸ ਨਾਲ ਹੋਰ ਲੋਕ ਵੀ ਰਵਾਇਤੀ ਫਸਲਾਂ ਛੱਡ ਕੇ ਵੱਧ ਮੁਨਾਫ਼ਾ ਦੇਣ ਵਾਲੀਆਂ ਫਸਲਾਂ ਵੱਲ ਆ ਸਕਦੇ ਹਨ।

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪੰਜਾਬ ਵਿੱਚ ਪਹਿਲਾਂ ਹੀ ਪਾਣੀ ਦਾ ਧਰਤੀ ਹੇਠਲਾ ਪੱਧਰ ਬਹੁਤ ਨੀਵਾਂ ਜਾ ਚੁਕਿੱਆ ਹੈ। ਕੇਲੇ, ਪਪੀਤੇ ਅਤੇ ਫੁੱਲਾਂ ਦੀ ਖੇਤੀ ਲਈ ਜੀਰੀ ਦੇ ਮੁਕਾਬਲੇ ਕਾਫ਼ੀ ਘੱਟ ਪਾਣੀ ਦੀ ਲੋੜ ਪੈਂਦੀ ਹੈ ਅਤੇ ਮੁਨਾਫ਼ਾ ਵੱਧ ਹੁੰਦਾ ਹੈ।

ਬਲਵੀਰ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਉਨ੍ਹਾਂ ਦੇ ਖੇਤ ਵਿੱਚ ਪੈਦਾ ਹੋਏ ਕੇਲੇ ਦਾ ਹੋਰ ਸੂਬਿਆਂ ਦੇ ਕੇਲੇ ਤੋਂ ਜ਼ਿਆਦਾ ਮੁੱਲ ਮਿਲਦਾ ਹੈ।

ਉਹ ਕਹਿੰਦੇ ਹਨ ਕਿ ਜੇਕਰ ਸਰਕਾਰ ਵੱਧ ਮੁਨਾਫ਼ਾ ਕਮਾਉਣ ਵਾਲੀਆ ਫਸਲਾਂ ਲੋਕਾਂ ਨੂੰ ਮੁਹੱਈਆ ਕਰਵਾਏ ਤਾਂ ਨੌਜਵਾਨਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਜਾਣ ਦੀ ਵੀ ਲੋੜ ਨਹੀਂ ਪਵੇਗੀ।

ਉਨ੍ਹਾਂ ਕੇਲਾ, ਪਪੀਤਾ ਅਤੇ ਫੁੱਲਾਂ ਦੀ ਖੇਤੀ ਦੀ ਬਿਜਾਈ, ਸਾਂਭ ਸੰਭਾਲ ਅਤੇ ਆਮਦਨ ਬਾਰੇ ਜਾਣਕਾਰੀ ਵੀ ਦਿੱਤੀ।

ਉਨ੍ਹਾਂ ਦੱਸਿਆ ਕਿ ਪਪੀਤਾ ਲੁਧਿਆਣਾ ਵਿਖੇ ਵਿੱਕ ਜਾਂਦਾ ਹੈ ਜਦਕਿ ਫੁੱਲ ਖੇਤ ਵਿੱਚ ਹੀ ਵਿਕ ਜਾਂਦੇ ਹਨ।

ਜ਼ਿਲ੍ਹਾ ਫਤਿਹਗੜ ਸਾਹਿਬ ਦੇ ਬਾਗਬਾਨੀ ਅਫ਼ਸਰ ਅਮਨਪ੍ਰੀਤ ਕੌਰ ਨੇ ਜ਼ਿਲ੍ਹੇ ਵਿੱਚ ਕੇਲੇ ਤੇ ਹੋਰ ਫ਼ਸਲਾਂ ਬਾਰੇ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਫ਼ਲ ਅਤੇ ਸਬਜ਼ੀਆਂ ਰਵਾਇਤੀ ਫਸਲਾਂ ਜੀਰੀ ਤੇ ਕਣਕ ਨਾਲੋਂ ਵੱਧ ਮੁਨਾਫ਼ਾ ਦਿੰਦਿਆ ਹਨ।

ਉਨ੍ਹਾਂ ਮੁਤਾਬਕ ਉਨ੍ਹਾਂ ਦੇ ਵਿਭਾਗ ਵੱਲੋਂ ਕੇਲੇ ਅਤੇ ਹੋਰ ਫ਼ਸਲਾਂ ਦੀ ਪਨੀਰੀ ਤਿਆਰ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)