ਕਦੇ ਪੁੱਤ ਦੀ ਫ਼ੀਸ ਨਾ ਦੇ ਸਕਣ ਵਾਲੀ ਲੁਧਿਆਣੇ ਦੀ ਬੀਬੀ ਹੁਣ ਦੂਜੀਆਂ ਨੂੰ ਦੇ ਰਹੀ ਹੈ ਨੌਕਰੀ

    • ਲੇਖਕ, ਗੁਰਮਿੰਦਰ ਗਰੇਵਾਲ
    • ਰੋਲ, ਬੀਬੀਸੀ ਪੰਜਾਬੀ ਲਈ

ਚਰਨਜੀਤ ਕੌਰ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਭਗਵਾਨਪੁਰਾ ਦੇ ਰਹਿਣ ਵਾਲੀ ਹਨ, ਜਿੱਥੇ ਉਹ ਅਪਣੇ ਪਤੀ, ਤਿੰਨ ਬੱਚਿਆਂ ਅਤੇ ਸੱਸ ਨਾਲ ਜੀਵਨ ਬਤੀਤ ਕਰ ਰਹੇ ਹਨ।

1994 ਵਿੱਚ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪੈਸੇ ਦੀ ਘਾਟ ਮਹਿਸੂਸ ਹੋਣ ਲੱਗੀ ਕਿਉਂਕਿ ਉਨ੍ਹਾਂ ਦੇ ਪਤੀ ਡਰਾਈਕਲੀਨ ਦੀ ਲੇਬਰ ਦਾ ਕੰਮ ਕਰਦੇ ਸੀ ਅਤੇ ਦਿਹਾੜੀ ਵਿੱਚ ਕਦੇ ਪੈਸੇ ਬਣਦੇ ਅਤੇ ਕਦੇ ਨਾ। ਇਸੇ ਕਾਰਨ ਘਰ ਦਾ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਸੀ।

ਚਰਨਜੀਤ ਕੌਰ ਦੇ ਬੱਚੇ ਸਕੂਲ ਜਾਣ ਲੱਗੇ ਤਾਂ ਘਰ ਦਾ ਖ਼ਰਚਾ ਵੀ ਵੱਧ ਗਿਆ।

ਇੱਕ ਦਿਨ ਚਰਨਜੀਤ ਕੌਰ ਨੇ ਆਪਣੇ ਪੁੱਤਰ ਦੀ 10 ਰੁਪਏ ਫ਼ੀਸ ਭਰਨੀ ਸੀ ਪਰ ਉਨ੍ਹਾਂ ਕੋਲ ਪੈਸੇ ਨਹੀਂ ਸਨ।

ਚਰਨਜੀਤ ਕੌਰ ਨੇ ਅਪਣੇ ਗੁਆਂਢੀਆਂ ਤੋਂ ਬੱਚੇ ਦੀ ਫ਼ੀਸ ਲਈ 10 ਰੁਪਏ ਮੰਗੇ ਤਾਂ ਉਨ੍ਹਾਂ ਨੂੰ ਚਾਰ ਘਰਾਂ ਤੋਂ ਉਧਾਰੇ ਪੈਸੇ ਨਾ ਮਿਲਣ ਕਾਰਨ ਨਿਰਾਸ਼ਾ ਹੋਈ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਪਣੇ ਪਤੀ ਦਾ ਹੱਥ ਵਟਾਉਣ ਲਈ ਖੁਦ ਕੰਮ ਕਰਨ ਦਾ ਫ਼ੈਸਲਾ ਕੀਤਾ।

ਆਖ਼ਰ 2007 ਵਿੱਚ ਉਨ੍ਹਾਂ ਕੱਪੜੇ ਸਿਉਣ ਦਾ ਕੰਮ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਬੈਗ ਬਣਾਉਣ ਦਾ ਕੰਮ ਸਿੱਖਿਆ।

ਇਸੇ ਕੰਮ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।ਚਰਨਜੀਤ ਕੌਰ ਹੁਣ 500 ਦੇ ਕਰੀਬ ਔਰਤਾਂ ਨੂੰ ਕੰਮ ਮੁਹੱਈਆ ਕਰਵਾ ਰਹੇ ਹਨ।

ਉਨ੍ਹਾਂ ਦੱਸਿਆ ਕੇ 30 ਹਜ਼ਾਰ ਰੁਪਏ ਦਾ ਕਰਜ਼ਾ ਲੈ ਕੇ ਬੈਗ ਬਣਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਹੁਣ ਉਹ ਅਪਣੇ ਪਿੰਡ ਸਣੇ 70 ਪਿੰਡਾਂ ਦੀਆਂ ਔਰਤਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ:

ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਧੰਦੇ ਤੋਂ ਪੈਸੇ ਕਮਾ ਕੇ ਆਪਣੇ ਤਿੰਨ ਬੱਚਿਆਂ ਨੂੰ ਪੜ੍ਹਾਇਆ ਅਤੇ ਮਕਾਨ ਵੀ ਬਣਾਇਆ। ਹੁਣ ਉਹ ਅਤੇ ਉਨ੍ਹਾਂ ਦਾ ਪਰਿਵਾਰ ਚੰਗਾ ਗੁਜ਼ਾਰਾ ਕਰਦੇ ਹਨ ।

ਚਰਨਜੀਤ ਕੌਰ ਕਹਿੰਦੇ ਹਨ ਕਿ ਜੇ ਕੁੜੀਆਂ ਅਤੇ ਔਰਤਾਂ ਮੋਬਾਈਲ ਦਾ ਖਹਿੜਾ ਛੱਡਣ ਤਾਂ ਇੰਗਲੈਂਡ ਜਿੰਨੇ ਪੈਸੇ ਇੱਥੇ ਹੀ ਕਮਾਏ ਜਾ ਸਕਦੇ ਹਨ।

ਉਹ ਕਹਿੰਦੇ ਹਨ, ''ਪਹਿਲਾਂ ਕੁਝ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਮੇਰਾ ਪਿੰਡ ਤੋਂ ਬਾਹਰ ਜਾਣਾ ਚੁੱਭਦਾ ਸੀ ਪਰ ਹੌਲੀ-ਹੌਲੀ ਪਿੰਡ ਅਤੇ ਇਲਾਕੇ ਦੀਆਂ ਕੁਝ ਹੋਰ ਔਰਤਾਂ ਉਨ੍ਹਾਂ ਨਾਲ ਕੰਮ ਕਰਨ ਲੱਗੀਆਂ। ਇਸ ਤੋਂ ਬਾਅਦ ਪਿੰਡ ਦੇ ਲੋਕ ਅਤੇ ਪਰਿਵਾਰਿਕ ਮੈਂਬਰਾਂ ਦਾ ਮੇਰੇ ਪ੍ਰਤੀ ਵਤੀਰਾ ਬਦਲਣ ਲੱਗਿਆ।''

ਹੁਣ ਘਰ ਦੇ ਮੈਂਬਰ ਅਤੇ ਪਿੰਡ ਵਾਸੀ ਉਨ੍ਹਾਂ 'ਤੇ ਮਾਣ ਕਰਦੇ ਹਨ।

ਚਰਨਜੀਤ ਕੌਰ ਮੁਤਾਬਕ ਔਰਤਾਂ ਨੂੰ ਘਰ ਦੇ ਕੰਮ ਦੇ ਨਾਲ ਹੋਰ ਸਹਾਇਕ ਧੰਦਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਹ ਸਕੂਲ ਬੈਗ, ਕੈਰੀ ਬੈਗ, ਲੇਡੀਜ਼ ਪਰਸ ਬਣਾਉਣ ਅਤੇ ਵੇਚਣ ਦਾ ਅਪਣੇ ਗਰੁੱਪ ਸਣੇ ਕੰਮ ਕਰ ਰਹੇ ਹਨ।

ਚਰਨਜੀਤ ਕੌਰ ਕੋਲੋਂ ਬੈਗ ਲਿਜਾ ਕੇ ਵੇਚ ਰਹੇ ਪਿੰਡ ਰਾਮਗੜ੍ਹ ਦੇ ਵਸਨੀਕ ਜਗਜੀਤ ਸਿੰਘ ਮੁਤਾਬਕ ਉਹ ਇੱਥੋਂ ਬੈਗ ਖ਼ਰੀਦ ਕੇ ਅਪਣੇ ਪਿੰਡ ਅਤੇ ਇਲਾਕੇ ਵਿਚ ਸਪਲਾਈ ਕਰਦੇ ਹਨ।

ਇਸ ਨਾਲ ਉਨ੍ਹਾਂ ਨੂੰ ਕੁਝ ਆਮਦਨ ਹੋ ਜਾਂਦੀ ਹੈ ਅਤੇ ਹੁਣ ਉਨ੍ਹਾਂ ਦਾ ਗੁਜ਼ਾਰਾ ਚੰਗਾ ਚਲਣ ਲੱਗ ਪਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪਿੰਡ ਦੀ ਹੀ ਗੁਰਪ੍ਰੀਤ ਕੌਰ ਤੇ ਸੰਦੀਪ ਕੌਰ ਨੇ ਦੱਸਿਆ ਕਿ ਚਰਨਜੀਤ ਕੌਰ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਵੀ ਇਹ ਕੰਮ ਸ਼ੁਰੂ ਕੀਤਾ, ਜਿਸ ਨਾਲ ਹੁਣ ਉਹ ਚੰਗੀ ਕਮਾਈ ਕਰਨ ਲੱਗ ਗਏ ਹਨ।

ਉਧਰ ਖਮਾਣੋ ਦੀ ਵਸਨੀਕ ਗਗਨਦੀਪ ਕੌਰ ਅਪਣੇ ਪਤੀ ਨਾਲ ਦੁਕਾਨ ਕਰਨ ਲੱਗ ਪਏ ਹਨ, ਜਿਸ ਤੋਂ ਉਨ੍ਹਾਂ ਦੇ ਪਰਿਵਾਰ ਦਾ ਚੰਗਾ ਗੁਜ਼ਾਰਾ ਹੋ ਰਿਹਾ ਹੈ।

ਗਗਨਦੀਪ ਮੁਤਾਬਕ ਉਨ੍ਹਾਂ ਨੇ ਚਰਨਜੀਤ ਕੌਰ ਕੋਲੋ ਬੈਗ ਬਣਾਉਣ ਦੀ ਸਿਖਲਾਈ ਲਈ।

ਗਗਨਦੀਪ ਦੇ ਪਤੀ ਫੌਜ ਵਿੱਚ ਸਨ ਅਤੇ ਉੱਥੋਂ ਰਿਟਾਇਰਮੈਂਟ ਤੋਂ ਬਾਅਦ ਆਪਣੀ ਘਰਵਾਲੀ ਦੇ ਨਾਲ ਬੈਗ ਬਣਾਉਣ ਅਤੇ ਵੇਚਣ ਦਾ ਕੰਮ ਸ਼ੁਰੂ ਕੀਤਾ।

ਚਰਨਜੀਤ ਕੌਰ ਦੇ ਨਾਲ ਉਨ੍ਹਾਂ ਦੇ ਪਿੰਡ ਅਤੇ ਹੋਰ 70 ਦੇ ਕਰੀਬ ਪਿੰਡਾਂ ਚੋ 500 ਤੋਂ ਵੱਧ ਔਰਤਾਂ ਜੁੜ ਚੁੱਕੀਆਂ ਹਨ ਅਤੇ ਇਸ ਕੰਮ ਤੋਂ ਪੈਸੇ ਕਮਾ ਕੇ ਅਪਣਾ ਅਤੇ ਅਪਣੇ ਪਰਿਵਾਰ ਦਾ ਪੇਟ ਪਾਲ ਰਹੀਆਂ ਹਨ।

ਚਰਨਜੀਤ ਕੌਰ ਹੋਰਨਾਂ ਔਰਤਾਂ ਲਈ ਚਾਨਣ ਮੁਨਾਰਾ ਸਾਬਤ ਹੋ ਰਹੇ ਹਨ ਅਤੇ ਅਪਣਾ ਇੱਕ ਛੋਟਾ ਕਾਰਖ਼ਾਨਾ ਲਗਾਉਣਾ ਚਾਹੁੰਦੇ ਹਨ ਤਾਂ ਜੋਂ ਹੋਰ ਔਰਤਾਂ ਨੂੰ ਕੰਮ ਸਿਖਾ ਕਿ ਆਤਮਨਿਰਭਰ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)