ਕਿਸਾਨਾਂ ਦੇ ਹੱਕ ਵਿੱਚ ਆਪਣੀ ਹੀ ਸਰਕਾਰ ਖ਼ਿਲਾਫ਼ ਬੋਲਣ ਵਾਲੇ ਸੱਤਿਆਪਾਲ ਮਲਿਕ ਨੂੰ ਸਿਆਸਤ 'ਚ ਕੌਣ ਲਿਆਇਆ ਸੀ

ਸੱਤਿਆਪਾਲ ਮਲਿਕ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ, 2004 ਵਿੱਚ ਮਰਹੂਮ ਅਟਲ ਬਿਹਾਰੀ ਵਾਜਪਈ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਭਾਜਪਾ ਵਿੱਚ ਸ਼ਾਮਲ ਹੋਏ ਸਨ ਸੱਤਿਆਪਾਲ ਮਲਿਕ
    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਇੱਕ ਵਾਰ ਮੁੜ ਕਿਸਾਨ ਅੰਦੋਲਨ ਦੇ ਮੁੱਦੇ ਉੱਤੇ ਨਰਿੰਦਰ ਮੋਦੀ ਨੂੰ ਘੇਰਿਆ ਹੈ।

ਐਤਵਾਰ ਨੂੰ ਜੈਪੁਰ ਵਿੱਚ ਤੇਜਾ ਫਾਉਂਡੇਸ਼ਨ ਵੱਲੋਂ ਆਯੋਜਿਤ ਗਲੋਬਲ ਜਾਟ ਸੰਮੇਲਨ ਵਿੱਚ ਮਲਿਕ ਨੇ ਕਿਹਾ ਕਿ ''ਇਸ ਦੇਸ਼ ਨੇ ਹੁਣ ਤੱਕ ਇੰਨੇ ਵੱਡੇ ਪੱਧਰ ਦਾ ਅੰਦੋਲਨ ਨਹੀਂ ਦੇਖਿਆ ਹੈ, ਜਿੱਥੇ 600 ਲੋਕ ਸ਼ਹੀਦ ਹੋ ਗਏ ਹਨ। ਜੇਕਰ ਇੱਕ ਜਾਨਵਰ ਵੀ ਮਰਦਾ ਹੈ ਤਾਂ ਦਿੱਲੀ ਦੇ ਆਗੂਆਂ ਦਾ ਸੋਗ ਸੁਨੇਹਾ ਜਾਂਦਾ ਹੈ।''

"ਕੱਲ ਮਹਾਰਾਸ਼ਟਰ ਵਿੱਚ ਅੱਗ ਲੱਗੀ ਅਤੇ ਦਿੱਲੀ ਤੋਂ ਇੱਕ ਪ੍ਰਸਤਾਵ ਪਾਸ ਹੋ ਗਿਆ। ਪਰ ਸਾਡੇ 600 ਲੋਕ ਮਰੇ ਅਤੇ ਕਿਸੇ ਨੇ ਵੀ ਕੁਝ ਨਹੀਂ ਬੋਲਿਆ। ਇੱਥੋਂ ਤੱਕ ਕਿ ਸਾਡਾ ਵਰਗ (ਕਿਸਾਨ ਭਾਈਚਾਰੇ) ਸੰਸਦ ਵਿੱਚ ਪ੍ਰਸਤਾਵ ਪਾਸ ਕਰਨ ਲਈ ਖੜ੍ਹਾ ਨਹੀਂ ਹੋਇਆ। ਇਹ ਚੰਗੀ ਸਥਿਤੀ ਨਹੀਂ ਹੈ।''

ਮਲਿਕ ਨੇ ਇਹ ਵੀ ਕਿਹਾ ਕਿ ਉਹ ਜਦੋਂ ਵੀ ਕਿਸਾਨਾਂ ਦੇ ਮੁੱਦੇ ਉੱਤੇ ਬੋਲਦੇ ਹਨ ਤਾਂ ਕਈ ਹਫ਼ਤੇ ਤੱਕ ਉਨ੍ਹਾਂ ਨੂੰ ਖਦਸ਼ਾ ਬਣਿਆ ਰਹਿੰਦਾ ਹੈ ਕਿ ਦਿੱਲੀ ਤੋਂ ਫ਼ੋਨ ਆ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ 'ਸ਼ੁਭਚਿੰਤਕ' ਇੰਤਜ਼ਾਰ ਕਰ ਰਹੇ ਹਨ ਕਿ ਉਨ੍ਹਾਂ ਨੂੰ ਹਟਾਉਣ ਲਈ ਕਦੋਂ ਕਿਹਾ ਜਾਂਦਾ ਹੈ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਪੁੱਛਿਆ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਇਤਰਾਜ਼ ਹੈ ਤਾਂ ਤੁਸੀਂ ਅਸਤੀਫਾ ਕਿਉਂ ਨਹੀਂ ਦਿੰਦੇ।

"ਮੈਂ ਕਹਿੰਦਾ ਹਾਂ ਕਿ ਕੀ ਤੁਹਾਡੇ ਪਿਓ ਨੇ ਬਣਾਇਆ ਸੀ। ਮੈਨੂੰ ਬਣਾਇਆ ਦਿੱਲੀ ਵਿਚਲੇ 2-3 ਵੱਡੇ ਲੋਕਾਂ ਨੇ, ਮੈਂ ਉਨ੍ਹਾਂ ਦੀ ਇੱਛਾ ਖਿਲਾਫ਼ ਬੋਲ ਰਿਹਾ ਹਾਂ। ਮੈਂ ਇਹ ਜਾਣਬੁੱਝ ਕੇ ਹੀ ਬੋਲ ਰਿਹਾ ਹਾਂ ਕਿ ਉਨ੍ਹਾਂ ਨੂੰ ਦਿੱਕਤ ਹੋਵੇਗੀ। ਉਹ ਜਦੋਂ ਕਹਿਣਗੇ ਕਿ ਉਨ੍ਹਾਂ ਨੂੰ ਦਿੱਕਤ ਹੈ ਮੈਂ ਛੱਡ ਦਿਆਂਗਾ, ਮੈਂ ਇੱਕ ਮਿੰਟ ਨਹੀਂ ਲਗਾਵਾਂਗਾ।"

ਇਸ ਤੋਂ ਪਹਿਲਾਂ ਵੀ ਸੱਤਿਆਪਾਲ ਮਲਿਕ ਕਈ ਵਾਰ ਕਿਸਾਨਾਂ ਦੇ ਹੱਕ ਵਿੱਚ ਬਿਆਨ ਦੇ ਚੁੱਕੇ ਹਨ ਪਰ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਨੇ ਇਸ ਉੱਤੇ ਕੋਈ ਖਾਸ ਪ੍ਰਤੀਕਰਮ ਨਹੀਂ ਦਿੱਤਾ ਹੈ।

ਸੱਤਿਆਪਾਲ ਮਲਿਕ ਨੇ ਕਿਹਾ ਸੀ, "ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ ਖਾਲੀ ਹੱਥ ਨਾ ਮੋੜਿਆ ਜਾਵੇ ਅਤੇ ਨਾ ਹੀ ਚੁੱਪ ਕਰਵਾਉਣ ਲਈ ਬਲ ਦੀ ਵਰਤੋਂ ਕੀਤੀ ਜਾਵੇ।"

ਸੱਤਿਆਪਾਲ ਮਲਿਕ ਦਾ ਪਿਛੋਕੜ

ਸੱਤਿਆਪਾਲ ਮਲਿਕ ਉੱਤਰ ਪ੍ਰਦੇਸ਼ ਦੇ ਬਾਗ਼ਪਤ ਜ਼ਿਲ੍ਹੇ ਦੇ ਹਿਸਵਾੜਾ ਪਿੰਡ ਦੇ ਕਿਰਸਾਨੀ ਭਾਈਚਾਰੇ ਨਾਲ ਸਬੰਧਤ ਹਨ।

ਉਹ ਕਾਫ਼ੀ ਸਮੇਂ ਤੋਂ ਕਿਰਸਾਨੀ ਮੁੱਦੇ 'ਤੇ ਬੇਬਾਕ ਬੋਲਦੇ ਆਏ ਹਨ ਅਤੇ ਇੱਥੋਂ ਤੱਕ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਵੀ ਕੀਤੀ ਹੈ।

ਵੀਡੀਓ ਕੈਪਸ਼ਨ, ਕਿਸਾਨ ਤਾਂ ਨਹੀਂ ਮੰਨਣ ਵਾਲੇ, ਸਰਕਾਰ ਨੂੰ ਹੀ ਮੰਨਣਾ ਪੈਣਾ˸ ਮਲਿਕ

ਮਲਿਕ ਉੱਤਰ ਪ੍ਰਦੇਸ਼ ਦੇ ਜਾਟ ਭਾਈਚਾਰੇ ਵਿੱਚੋਂ ਹਨ, ਉਹ ਉਸ ਵੇਲੇ ਭਾਜਪਾ ਲਈ ਸੰਕਟ ਮੋਚਨ ਬਣੇ ਸਨ ਜਦੋਂ ਨਰਿੰਦਰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਆਰਟੀਕਲ 370 ਨੂੰ ਰੱਦ ਕੀਤਾ ਸੀ।

ਉਹ ਮਲਿਕ ਹੀ ਸਨ, ਜਿਨ੍ਹਾਂ ਨੂੰ 23 ਅਗਸਤ 2018 ਵਿੱਚ ਤਤਕਾਲੀ ਜੰਮੂ-ਕਸ਼ਮੀਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ - ਅੱਤਵਾਦ ਪ੍ਰਭਾਵਿਤ ਸੂਬੇ ਦਾ ਸਿਆਸੀ ਪਿਛੋਕੜ ਵਾਲਾ ਪਹਿਲਾ ਵਿਅਕਤੀ (ਫਰਸਟ ਪਰਸਨ)।

ਮਲਿਕ, 30 ਸਤੰਬਰ 2017 ਨੂੰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿੱਚ ਬਿਹਾਰ ਦੇ ਰਾਜਪਾਲ ਬਣੇ। ਉਹ 2004 ਵਿੱਚ ਮਰਹੂਮ ਅਟਲ ਬਿਹਾਰੀ ਵਾਜਪਈ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਭਾਜਪਾ ਵਿੱਚ ਸ਼ਾਮਲ ਹੋਏ ਸਨ।

ਉਸ ਵੇਲੇ ਉਹ ਓਡੀਸ਼ਾ ਦੇ ਰਾਜਪਾਲ ਬਣੇ, ਫਿਰ 3 ਨਵੰਬਰ 2019 ਨੂੰ ਗੋਆ (ਰਾਜਪਾਲ ਬਣ ਕੇ) ਗਏ ਅਤੇ ਫਿਰ 18 ਅਗਸਤ 2020 ਨੂੰ ਮੇਘਾਲਿਆ ਦੇ ਰਾਜਪਾਲ ਬਣੇ।

ਪਿਛਲੇ ਤਿੰਨ ਦਹਾਕਿਆਂ ਤੋਂ ਸੱਤਿਆਪਾਲ ਮਲਿਕ ਦੇ ਵਫ਼ਾਦਾਰ ਰਹੇ ਰਾਜ ਸਿੰਘ ਹੁੱਡਾ ਨੇ ਦੱਸਿਆ ਕਿ ਮਲਿਕ ਨੂੰ ਚੋਣਾਵੀਂ ਸਿਆਸਤ 'ਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਲੈ ਕੇ ਆਏ ਸਨ।

ਜੰਮੂ-ਕਸ਼ਮੀਰ ਦੇ ਗਵਰਨਰ ਸਤਿਆਪਾਲ ਮਲਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2004 ਵਿੱਚ ਮਰਹੂਮ ਅਟਲ ਬਿਹਾਰੀ ਵਾਜਪਈ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਭਾਜਪਾ ਵਿੱਚ ਸ਼ਾਮਿਲ ਹੋਏ ਸਨ

ਹੁੱਡਾ ਨੇ ਦੱਸਿਆ, "ਮਲਿਕ ਮੇਰਠ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਸਨ ਅਤੇ ਚੌਧਰੀ ਚਰਨ ਸਿੰਘ ਮੁੱਖ ਮਹਿਮਾਨ ਵਜੋਂ ਆਏ ਸਨ।"

''ਮਲਿਕ ਦੇ ਭਾਸ਼ਣ ਤੋਂ ਪ੍ਰਭਾਵਿਤ ਹੋਏ ਚੌਧਰੀ ਚਰਨ ਸਿੰਘ ਉਨ੍ਹਾਂ ਨੂੰ ਆਪਣੇ ਨਾਲ ਆਪਣੀ ਕਾਰ ਵਿੱਚ ਲੈ ਗਏ ਸਨ ਅਤੇ ਬਾਅਦ ਵਿੱਚ 26 ਸਾਲਾ ਮਲਿਕ ਨੂੰ ਸਭ ਤੋਂ ਘੱਟ ਉਮਰ ਵਾਲਾ ਯੂਪੀ ਦਾ ਵਿਧਾਇਕ ਬਣਾਇਆ।"

ਮਲਿਕ ਨੇ ਮੇਰਠ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ।

ਰਾਜ ਸਿੰਘ ਹੁੱਡਾ ਨੇ ਦੱਸਿਆ ਕਿ ਮਲਿਕ, ਚੌਧਰੀ ਚਰਨ ਸਿੰਘ ਦਾ ਹਮੇਸ਼ਾ ਬਹੁਤ ਸਨਮਾਨ ਕਰਦੇ ਸਨ ਅਤੇ ਉਨ੍ਹਾਂ ਦੀ ਕਿਸਾਨਾਂ ਵਾਲੀ ਸ਼ੈਲੀ ਵਾਲੀ (ਕਿਸਾਨੀ ਸ਼ੈਲੀ ਵਾਲੀ) ਸਿਆਸਤ ਤੋਂ ਬਹੁਤ ਪ੍ਰਭਾਵਿਤ ਸਨ।

ਸੱਤਿਆਪਾਲ ਮਲਿਕ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ, ਸਿਆਸੀਤ ਵਿੱਚ ਮਲਿਕ ਨੂੰ ਚੌਧਰੀ ਚਰਨ ਸਿੰਘ ਲੈ ਕੇ ਆਏ ਸਨ

ਹੁੱਡਾ ਦਾਅਵਾ ਕਰਦੇ ਹਨ, "ਅੱਜ-ਕੱਲ੍ਹ ਜੋ ਸੁਣਨ ਨੂੰ ਮਿਲ ਰਿਹਾ ਹੈ ਕਿ ਇੱਕ ਰਾਜਪਾਲ ਆਪਣੀ ਹੀ ਸਰਕਾਰ ਖ਼ਿਲਾਫ਼ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਇਹ ਸਭ ਚੌਧਰੀ ਚਰਨ ਸਿੰਘ ਤੋਂ ਵਿਰਾਸਤ ਵਿੱਚ ਮਿਲਿਆ ਹੈ। ਜਦੋਂ ਕਿਸਾਨਾਂ, ਆਮ ਆਦਮੀਆਂ ਅਤੇ ਲੋਕਤਾਂਤਰਿਕ ਕਦਰਾਂ-ਕੀਮਤਾਂ ਬਾਰੇ ਆਵਾਜ਼ ਚੁੱਕਣ ਦੀ ਗੱਲ ਆਉਂਦੀ ਹੈ ਤਾਂ ਸੱਤਿਆਪਾਲ ਮਲਿਕ ਨੇ ਕਦੇ ਵੀ ਅਹੁਦੇ ਜਾਂ ਸੱਤਾ ਦੀ ਪਰਵਾਹ ਨਹੀਂ ਕੀਤੀ।

ਮਹਿਮ ਹਿੰਸਾ ਕਾਂਡ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜਦੋਂ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ 'ਤੇ 1990 ਵਿੱਚ ਮਹਿਮ ਵਿਧਾਨ ਸਭਾ ਜ਼ਿਮਨੀ ਚੋਣ ਜਿੱਤਣ ਲਈ ਚੋਣਾਂ ਵਿੱਚ ਧਾਂਦਲੀ ਕਰਨ ਦਾ ਇਲਜ਼ਾਮ ਲੱਗਾ ਸੀ।

ਇਹ ਵੀ ਪੜ੍ਹੋ-

ਇਸ ਹਿੰਸਾ ਵਿੱਚ ਕਈ ਲੋਕ ਮਾਰੇ ਗਏ ਸਨ, ਉਸ ਵੇਲੇ ਸੱਤਿਆਪਲ ਮਲਿਕ ਸੈਰ-ਸਪਾਟਾ ਮੰਤਰੀ ਸਨ।

ਉਨ੍ਹਾਂ ਨੇ ਆਪਣਾ ਸਖ਼ਤ ਇਤਰਾਜ਼ ਜ਼ਾਹਿਰ ਕਰਨ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਨਤੀਜੇ ਵਜੋਂ ਸਰਕਾਰ ਨੇ ਚੌਧਰੀ ਦੇਵੀ ਲਾਲ ਨੂੰ ਉੱਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ।

ਸੱਤਿਆਪਾਲ ਮਲਿਕ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ, ਮਲਿਕ ਚੌਧਰੀ ਚਰਨ ਸਿੰਘ ਦੀ ਕਿਰਸਾਨੀ ਸ਼ੈਲੀ ਵਾਲੀ ਸਿਆਸਤ ਤੋਂ ਬਹੁਤ ਪ੍ਰਭਾਵਿਤ ਸਨ

ਮਲਿਕ ਦੇ ਇੱਕ ਹੋਰ ਵਫ਼ਾਦਾਰ ਜਿਨ੍ਹਾਂ ਨੇ ਆਪਣਾ ਨਾਮ ਨਹੀਂ ਦੱਸਿਆ, ਉਨ੍ਹਾਂ ਮੁਤਾਬਕ, ਮਲਿਕ ਨੇ ਹਮੇਸ਼ਾ ਕਿਰਸਾਨੀ ਵਰਗ ਦੀ ਨਜ਼ਰ ਵਿੱਚ ਖ਼ੁਦ ਨੂੰ ਇੱਕ ਨੇਕ (ਨਿਆਂ-ਪਸੰਦ) ਵਿਅਕਤੀ ਦਿਖਾਉਣ ਲਈ ਆਪਣਾ ਇੱਕ ਪ੍ਰਭਾਵ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਭਾਵੇ ਇਸਦੇ ਲਈ ਉਨ੍ਹਾਂ ਨੂੰ ਆਪਣੇ ਸਿਆਸੀ ਮਾਲਿਕ ਨੂੰ ਲਲਕਾਰਨ ਦੀ ਕੀਮਤ ਹੀ ਕਿਉਂ ਨਾ ਚੁੱਕਣੀ ਪਵੇ।

ਸਿਆਸੀ ਕਰੀਅਰ

ਮਲਿਕ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਚੌਧਰੀ ਚਰਨ ਸਿੰਘ ਦੇ ਭਾਰਤੀ ਕ੍ਰਾਂਤੀ ਦਲ ਨਾਲ ਕੀਤੀ ਸੀ ਅਤੇ ਬਾਅਦ ਵਿੱਚ ਉਹ 1970 ਵਿੱਚ ਭਾਰਤੀ ਲੋਕ ਦਲ ਵਿੱਚ ਸ਼ਾਮਲ ਹੋ ਗਏ।

ਉਹ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਧਾਇਕ ਬਣਨ ਲਈ ਗਏ ਸਨ ਅਤੇ 1980 ਵਿੱਚ ਲੋਕ ਦਲ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਗਏ।

1986 ਵਿੱਚ ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਮੁੜ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ।

ਉਨ੍ਹਾਂ ਨੇ ਸਮਾਜਵਾਦੀ ਪਾਰਟੀ ਤੋਂ ਚੋਣਾਂ ਵੀ ਲੜੀਆਂ ਪਰ ਉਹ ਹਾਰ ਗਏ।

ਸੱਤਿਆਪਾਲ ਮਲਿਕ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ, ਮਲਿਕ ਦੇ ਵਫ਼ਾਦਾਰਾਂ ਦਾ ਕਹਿਣਾ ਹੈ ਕਿ ਸੱਤਿਆਪਾਲ ਮਲਿਕ ਆਪਣੇ ਸਿਆਸੀ ਹੁਨਰ ਲਈ ਜਾਣੇ ਜਾਂਦੇ ਹਨ

ਇੱਕ ਵਾਰ ਉਨ੍ਹਾਂ ਨੇ ਆਪਣੇ ਗੁਰੂ (ਚੌਧਰੀ ਚਰਨ ਸਿੰਘ) ਦੇ ਪੁੱਤਰ ਅਜੀਤ ਸਿੰਘ ਖ਼ਿਲਾਫ਼ ਵੀ ਚੋਣ ਲੜੀ ਪਰ ਹਾਰ ਗਏ।

ਉਨ੍ਹਾਂ ਦੇ ਵਫ਼ਾਦਾਰਾਂ ਦਾ ਕਹਿਣਾ ਹੈ ਕਿ ਸੱਤਿਆਪਾਲ ਮਲਿਕ ਆਪਣੀ ਸਿਆਸੀ ਸੂਝ-ਬੂਝ ਲਈ ਜਾਣੇ ਜਾਂਦੇ ਹਨ।

ਸਿਆਸੀ ਭਾਈਚਾਰੇ ਵਿੱਚ ਉਹ ਹਮੇਸ਼ਾ ਆਪਣੇ ਸਾਥੀਆਂ ਤੋਂ ਪਹਿਲਾਂ ਜਾਣ ਜਾਂਦੇ ਸਨ ਕਿ ਕਿਹੜਾ ਜਹਾਜ਼ ਪਾਰ ਲੱਗਣ ਵਾਲਾ ਹੈ ਤੇ ਕਿਹੜਾ ਡੁੱਬਣ ਵਾਲਾ ਹੈ।

ਸਿਆਸਤ ਵਿੱਚ ਆਪਣੀ ਬੁੱਧੀਮਤਾ ਨੂੰ ਸਾਬਿਤ ਕਰਨ ਲਈ ਉਹ ਕਦੇ ਵੀ ਸਮੇਂ ਤੋਂ ਅੱਗੇ ਦੇ ਫੈਸਲੇ ਲੈਣ ਵਿੱਚ ਪਿੱਛੇ ਨਹੀਂ ਹਟੇ ਅਤੇ ਇਸੇ ਕਾਰਨ ਉਨ੍ਹਾਂ ਦੇ ਪਾਰਟੀ ਅਤੇ ਸੂਬੇ ਦੀਆਂ ਸੀਮਾਵਾਂ ਤੋਂ ਬਾਹਰ ਵੀ ਬਹੁਤ ਦੋਸਤ ਰਹੇ।

ਜਿੱਥੇ ਆਮ ਸਿਆਸੀ ਆਗੂਆਂ ਨੂੰ ਵਿਰੋਧੀਆਂ ਨਾਲ ਸਬੰਧ ਸੁਧਾਰਨਾ ਔਖਾ ਲੱਗਦਾ ਹੈ, ਉੱਥੇ ਹੀ ਮਲਿਕ ਆਪਣੀ ਮਿੱਠੀ ਜ਼ੁਬਾਨ ਨਾਲ ਸਾਰਿਆਂ ਨੂੰ ਮੋਹ ਲੈਂਦੇ ਹਨ।

ਸੱਤਿਆਪਾਲ ਮਲਿਕ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ, ਭਾਜਪਾ ਲਈ ਸੱਤਿਆਪਾਲ ਮਲਿਕ ਸੰਕਟਮੋਚਨ ਵਾਂਗ ਉਭਰੇ ਹਨ

1975 ਦੀ ਐਮਰਜੈਂਸੀ ਦੇ ਦਿਨਾਂ ਤੋਂ ਸੱਤਿਆਪਾਲ ਮਲਿਕ ਦੇ ਪੁਰਾਣੇ ਵਫ਼ਾਦਾਰ ਰਹੇ ਜੈਪਾਲ ਸਿੰਘ ਕਹਿੰਦੇ ਹਨ, "ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੋਸਤ ਕਿਵੇਂ ਬਣਾਉਣੇ ਹਨ। ਕੋਈ ਫਰਕ ਨਹੀਂ ਪੈਂਦਾ ਹੈ ਜੇ ਤੁਸੀਂ ਉਨ੍ਹਾਂ ਨੂੰ ਪਹਿਲੀ ਵਾਰ ਮਿਲ ਰਹੇ ਹੋ, ਉਹ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਕਰਨਗੇ, ਜਿਵੇਂ ਤੁਹਾਨੂੰ ਉਹ ਲੰਬੇ ਸਮੇਂ ਤੋਂ ਜਾਣਦੇ ਹੋਣ।"

ਜੈਪਾਲ ਸਿੰਘ ਦੱਸਦੇ ਹਨ ਕਿ ਸੂਬੇ ਵਿੱਚ ਮਲਿਕ ਨੂੰ ਪਹਿਲੀ ਵਾਰ ਪਛਾਣ ਸਾਲ 1978 ਵਿੱਚ ਮਿਲੀ ਜਦੋਂ ਉਨ੍ਹਾਂ ਨੇ ਚਰਚਿਤ ਮਾਇਆ ਤਿਆਗੀ ਕਾਂਡ ਵਿੱਚ ਲਗਾਤਾਰ ਅੰਦੋਲਨ ਚਲਾਇਆ।

ਸੱਤਿਆਪਾਲ ਮਲਿਕ ਦੇ ਬਿਆਨ ਦੇ 'ਅਰਥ'

ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ "ਚੌਧਰ ਦੀ ਰਾਜਨੀਤੀ" ਦੇ ਲੇਖਕ ਡਾ. ਸਤੀਸ਼ ਤਿਆਗੀ ਕਹਿੰਦੇ ਹਨ ਕਿ ਸੱਤਿਆਪਾਲ ਮਲਿਕ ਯੂਪੀ ਦੇ ਦਿੱਗਜ ਸਿਆਸਤਦਾਨ ਰਹੇ ਹਨ।

ਤਿਆਗੀ ਦੇ ਅਨੁਸਾਰ, "ਜੇਕਰ ਤੁਸੀਂ ਉਨ੍ਹਾਂ ਦੇ ਬਿਆਨ ਦੀਆਂ ਪੰਕਤੀਆਂ (ਵਿਚਕਾਰ ਦੀ ਗੱਲ) ਧਿਆਨ ਨਾਲ ਨਹੀਂ ਪੜ੍ਹਦੇ ਤਾਂ ਇਸ ਦਾ ਸਹੀ ਅਰਥ ਨਹੀਂ ਸਮਝ ਸਕਦੇ।"

ਸੱਤਿਆਪਾਲ ਮਲਿਕ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ, ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਸੱਤਿਆਪਾਲ ਮਲਿਕ ਦੇ ਭਾਸ਼ਣ ਤੋਂ ਕਾਫੀ ਪ੍ਰਭਾਵਿਤ ਹੋਏ ਸਨ

ਉਨ੍ਹਾਂ ਕਿਹਾ ਕਿ ਮਾਮਲਾ ਚਾਹੇ ਜੋ ਵੀ ਹੋਵੇ, ਮਲਿਕ ਦੇ ਬਿਆਨ ਨੂੰ ਫੇਸ ਵੈਲਿਯੂ ਦੇ ਹਿਸਾਬ ਨਾਲ ਨਹੀਂ ਲਿਆ ਜਾ ਸਕਦਾ ਕਿਉਂਕਿ 2022 ਵਿੱਚ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਜ਼ਿਆਦਾਤਰ ਕਿਸਾਨ ਵਰਗ ਭਾਜਪਾ ਤੋਂ ਨਾਖ਼ੁਸ਼ ਹੈ।

ਤਿਆਗੀ ਅੱਗੇ ਕਹਿੰਦੇ ਹਨ, "ਜੇਕਰ ਮਲਿਕ ਨਹੀਂ ਤਾਂ ਭਾਜਪਾ ਪਾਰਟੀ ਵਿੱਚ ਹੋਰ ਕੌਣ ਹੈ ਜੋ ਪਾਰਟੀ ਲਈ ਸੰਕਟ ਮੋਚਨ ਬਣ ਸਕਦਾ ਹੈ। ਭਗਵਾਂ ਪਾਰਟੀ ਵਿੱਚ ਕੋਈ ਹੋਰ ਨੇਤਾ ਭਾਵੇਂ ਉਹ ਕੇਂਦਰੀ ਮੰਤਰੀ ਸੰਜੀਵ ਬਲਿਆਨ ਹੋਣ ਜਾਂ ਕੋਈ ਹੋਰ, ਕਿਸੇ ਕੋਲ ਸੱਤਿਅਪਾਲ ਮਲਿਕ ਵਰਗਾ ਰੁਤਬਾ ਨਹੀਂ ਹੈ।''

ਉਹ ਕਹਿੰਦੇ ਹਨ ਕਿ ਸੱਤਿਆਪਾਲ ਮਲਿਕ ਦੇ ਮਾਮਲੇ ਨੂੰ ਇੱਕ ਹੋਰ ਚੀਜ਼ ਜੋ ਬਹੁਤ ਦਿਲਚਸਪ ਬਣਾਉਂਦੀ ਹੈ ਉਹ ਇਹ ਸੀ ਕਿ ਇੱਕ ਪਾਸੇ ਤਾਂ ਉਹ ਭਾਜਪਾ ਦੇ ਖਿਲਾਫ ਬੋਲਦੇ ਹੋਏ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਅਤੇ ਦੂਜੇ ਪਾਸੇ ਆਪਣੀ ਕੁਰਸੀ ਦੀ ਤਾਕਤ ਦਾ ਅਨੰਦ ਲੈਂਦੇ ਰਹੇ ਹਨ।

ਹਰਿਆਣਾ ਦੇ ਇੱਕ ਜੂਨੀਅਰ ਪੱਤਰਕਾਰ ਧਰਮਿੰਦਰ ਕਾਂਵਰੀ ਨੇ ਕਿਹਾ ਕਿ ਸੱਤਿਆਪਾਲ ਮਲਿਕ ਨੇ ਕਦੇ ਵੀ ਕਿਸਾਨ ਲੋਕਾਂ ਲਈ ਬਚ-ਬਚਾ ਕੇ ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਨ੍ਹਾਂ ਅੱਗੇ ਕਿਹਾ, ''ਹਰਿਆਣਾ ਵਿੱਚ ਸਾਬਕਾ ਵਿਧਾਇਕ ਬਲਬੀਰ ਸਿੰਘ ਗਰੇਵਾਲ ਹੀ ਉਹ ਵਿਅਕਤੀ ਸਨ ਜਿਨ੍ਹਾਂ ਨੇ ਪਹਿਲੀ ਵਾਰ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਵਿੱਚ ਚੌਧਰੀ ਚਰਨ ਸਿੰਘ ਨਾਲ ਮਿਲਵਾਇਆ ਸੀ।''

''ਹਰਿਆਣੇ ਲਈ ਉਨ੍ਹਾਂ ਦੇ ਮਨ ਵਿੱਚ ਖਾਸ ਥਾਂ ਇਸ ਲਈ ਵੀ ਹੈ ਕਿਉਂਕਿ ਉਨ੍ਹਾਂ ਦੇ ਪੁਰਖੇ ਕਈ ਦਹਾਕਿਆਂ ਪਹਿਲਾਂ ਰੋਹਤਕ ਦੇ ਇੱਕ ਪਿੰਡ ਖਰਾਵੜ ਤੋਂ ਹੀ ਗਏ ਸਨ। ਸੱਤਿਆਪਾਲ ਮਲਿਕ ਕਦੇ ਵੀ ਹਰਿਆਣੇ ਦੇ ਮਾਮਲੇ ਵਿੱਚ ਬੋਲਣ ਤੋਂ ਪਿੱਛੇ ਨਹੀਂ ਹਟੇ।''

''ਚੌਧਰੀ ਚਰਨ ਸਿੰਘ ਅਤੇ ਚੌਧਰੀ ਦੇਵੀ ਲਾਲ ਤੋਂ ਬਾਅਦ ਇਸ ਖੇਤੀ ਪ੍ਰਧਾਨ ਸੂਬੇ ਵਿੱਚ ਕਿਸਾਨਾਂ ਵਿੱਚ ਅਗਵਾਈ ਨੂੰ ਲੈ ਕੇ ਹਮੇਸ਼ਾ ਹੀ ਦਿੱਕਤ ਆਉਂਦੀ ਰਹੀ ਅਤੇ ਰਾਕੇਸ਼ ਟਿਕੈਤ ਤੋਂ ਇਲਾਵਾ ਜੇ ਕਿਸੇ ਹੋਰ ਜਾਟ ਆਗੂ ਦੀ ਅਜਿਹੀ ਪਕੜ ਹੈ, ਤਾਂ ਉਹ ਹਨ ਸੱਤਿਆਪਾਲ ਮਲਿਕ।''

''ਹੁਣੇ ਜਾਂ ਬਾਅਦ ਵਿੱਚ, ਮਲਿਕ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨਗੇ ਕਿ ਉਹ ਸਰਕਾਰ ਅਤੇ ਕਿਸਾਨਾਂ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਉਣ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)