You’re viewing a text-only version of this website that uses less data. View the main version of the website including all images and videos.
ਸੱਬਿਆਸਾਚੀ ਨੇ ਭਾਜਪਾ ਮੰਤਰੀ ਦੀ ਚੇਤਾਵਨੀ ਮਗਰੋਂ ਮੰਗਲਸੂਤਰ ਵਾਲਾ ਇਸ਼ਤਿਹਾਰ ਲਿਆ ਵਾਪਿਸ
ਫੈਸ਼ਨ ਬ੍ਰਾਂਡ ਸੱਬਿਆਸਾਚੀ ਨੇ ਮੰਗਲਸੂਤਰ ਨਾਲ ਸਬੰਧਤ ਆਪਣੇ ਇਸ਼ਤਿਹਾਰ ਨੂੰ ਵਾਪਸ ਲੈ ਲਿਆ ਹੈ।
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਸ ਇਸ਼ਤਿਹਾਰ ਨੂੰ ਹਟਾਉਣ ਦੀ ਚਿਤਾਵਨੀ ਦਿੰਦੇ ਹੋਏ ਆਖਿਆ ਸੀ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਇਸ਼ਤਿਹਾਰ ਵਿੱਚ ਸੱਬਿਆਸਾਚੀ ਵੱਲੋਂ ਸਮਲਿੰਗੀ ਜੋੜਿਆਂ ਨੂੰ ਮੰਗਲਸੂਤਰ ਪਾਏ ਹੋਏ ਦਿਖਾਇਆ ਗਿਆ ਸੀ। ਕੁਝ ਤਸਵੀਰਾਂ ਵਿੱਚ ਮਾਡਲ ਇਕੱਲੇ ਅਤੇ ਕੁਝ ਵਿੱਚ ਆਪਣੇ ਸਾਥੀ ਨਾਲ ਮੰਗਲਸੂਤਰ ਵਿੱਚ ਨਜ਼ਰ ਆਏ ਸਨ।
ਇਸ ਤੋਂ ਪਹਿਲਾਂ ਡਾਬਰ ਦੇ ਕਰਵਾਚੌਥ ਨਾਲ ਸਬੰਧਤ ਤਿਉਹਾਰ ਅਤੇ ਫੈਬ ਇੰਡੀਆ ਦੇ ਦੀਵਾਲੀ ਕੁਲੈਕਸ਼ਨ ਉੱਪਰ ਵੀ ਵਿਵਾਦ ਹੋਇਆ ਹੈ। ਵਿਰੋਧ ਤੋਂ ਬਾਅਦ ਇਹ ਦੋਹੇਂ ਇਸ਼ਤਿਹਾਰ ਵੀ ਵਾਪਸ ਲਏ ਗਏ ਹਨ।
ਇਹ ਵੀ ਪੜ੍ਹੋ-
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਦੀ ਚੇਤਾਵਨੀ
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਆਖਿਆ ਸੀ,"ਸੱਬਿਆਸਾਚੀ ਮੁਖਰਜੀ ਦੇ ਮੰਗਲਸੂਤਰ ਦਾ ਇਸ਼ਤਿਹਾਰ ਬੇਹੱਦ ਇਤਰਾਜ਼ਯੋਗ ਹੈ ਅਤੇ ਇਸ ਨਾਲ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਗਹਿਣਿਆਂ ਵਿੱਚ ਮੰਗਲਸੂਤਰ ਦਾ ਆਪਣਾ ਮਹੱਤਵ ਹੈ।"
"ਮੰਗਲਸੂਤਰ ਦਾ ਪੀਲਾ ਹਿੱਸਾ ਪਾਰਵਤੀ ਅਤੇ ਕਾਲਾ ਹਿੱਸਾ ਭਗਵਾਨ ਸ਼ਿਵ ਜੀ ਦੀ ਕਿਰਪਾ ਨਾਲ ਔਰਤ ਅਤੇ ਪਤੀ ਦੀ ਰੱਖਿਆ ਕਰਦਾ ਹੈ। ਮੈਂ ਪਹਿਲਾਂ ਵੀ ਚਿਤਾਵਨੀ ਦੇ ਚੁੱਕਿਆ ਹਾਂ ਅਤੇ ਦੁਬਾਰਾ ਚੌਵੀ ਘੰਟਿਆਂ ਦਾ ਅਲਟੀਮੇਟਮ ਦੇ ਕੇ ਆਖਦਾ ਹਾਂ ਕਿ ਜੇਕਰ ਇਹ ਇਸ਼ਤਿਹਾਰ ਨਹੀਂ ਹਟਾਇਆ ਗਿਆ ਤਾਂ ਕੇਸ ਦਰਜ ਹੋਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ।"
ਇਸ ਇਸ਼ਤਿਹਾਰ ਨੂੰ ਵਾਪਸ ਲੈਂਦੇ ਹੋਏ ਸੱਬਿਆਸਾਚੀ ਨੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਲਿਖਿਆ ਹੈ,"ਇਸ ਇਸ਼ਤਿਹਾਰ ਰਾਹੀਂ ਅਸੀਂ ਸਸ਼ਕਤੀਕਰਨ ਅਤੇ ਸਮਾਵੇਸ਼ ਦੀ ਗੱਲ ਕਰ ਰਹੇ ਸੀ। ਸਾਨੂੰ ਦੁੱਖ ਹੈ ਕਿ ਇਸ ਨਾਲ ਸਮਾਜ ਦੇ ਇੱਕ ਵਰਗ ਨੂੰ ਠੇਸ ਪੁੱਜੀ ਹੈ ਅਤੇ ਇਸ ਲਈ ਅਸੀਂ ਇਹ ਇਸ਼ਤਿਹਾਰ ਵਾਪਸ ਲੈ ਰਹੇ ਹਾਂ ।"
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਇਸ ਤੋਂ ਪਹਿਲਾਂ ਡਾਬਰ ਦੇ ਇੱਕ ਇਸ਼ਤਿਹਾਰ ਦਾ ਵੀ ਵਿਰੋਧ ਕਰ ਚੁੱਕੇ ਹਨ।
ਪਹਿਲਾਂ ਵੀ ਇਸ਼ਤਿਹਾਰਾਂ 'ਤੇ ਵਿਵਾਦ ਖੜ੍ਹੇ ਹੋਏ ਹਨ
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਬ੍ਰੈਂਡ ਵੱਲੋਂ ਆਪਣੇ ਇਸ਼ਤਿਹਾਰ ਨੂੰ ਸਿਆਸਦਾਨਾਂ ਦੇ ਜਾਂ ਲੋਕਾਂ ਦੇ ਵਿਰੋਧ ਤੋਂ ਬਾਅਦ ਵਾਪਿਸ ਲਿਆ ਗਿਆ ਹੋਵੇ।
ਕਰਵਾ ਚੌਥ ਦੇ ਮੌਕੇ ਡਾਬਰ ਵੱਲੋਂ ਇੱਕ ਸਮਲਿੰਗੀ ਮਹਿਲਾ ਜੋੜੇ ਨੂੰ ਤਿਉਹਾਰ ਮਨਾਉਂਦੇ ਦਿਖਾਇਆ ਗਿਆ ਸੀ। ਸੋਸ਼ਲ ਮੀਡੀਆ ਉੱਪਰ ਵੀ ਅਤੇ ਭਾਜਪਾ ਦੇ ਨਰੋਤਮ ਮਿਸ਼ਰਾ ਵੱਲੋਂ ਵੀ ਇਸ ਦਾ ਭਾਰੀ ਵਿਰੋਧ ਕੀਤਾ ਗਿਆ ਸੀ।
ਫੈਬ ਇੰਡੀਆ ਵੱਲੋਂ ਲਾਂਚ ਕੀਤੇ ਗਏ ਕੱਪੜਿਆਂ ਦੇ ਨਵੇਂ ਕਲੈਕਸ਼ਨ ਨੂੰ ਜਸ਼ਨ-ਏ-ਰਿਵਾਜ ਦਾ ਨਾਮ ਦਿੱਤਾ ਗਿਆ ਸੀ। ਭਾਜਪਾ ਸਾਂਸਦ ਤੇਜਸਵੀ ਸੂਰਿਆ ਵੱਲੋਂ ਇਸ ਦਾ ਵਿਰੋਧ ਕਰਦੇ ਹੋਏ ਇਸ ਨੂੰ ਹਿੰਦੂ ਤਿਉਹਾਰਾਂ ਦਾ 'ਅਬਰਾਹਮੀਕਰਨ' ਆਖਿਆ ਗਿਆ ਸੀ। ਸੂਰਿਆ ਤੋਂ ਤੋਂ ਬਾਅਦ ਸੱਜੇ ਪੱਖੀ ਸੰਸਥਾਵਾਂ ਅਤੇ ਸਮਰਥਕਾਂ ਵੱਲੋਂ ਵਿਰੋਧ ਤੋਂ ਬਾਅਦ ਫੈਬ ਇੰਡੀਆ ਵੱਲੋਂ ਆਪਣੀ ਇਹ ਪੋਸਟ ਵੀ ਵਾਪਸ ਲਈ ਗਈ ਸੀ।
ਕੱਪੜਿਆਂ ਦੇ ਬ੍ਰੈਡ ਮਾਨਿਆਵਰ ਦੀ ਮਸ਼ਹੂਰੀ ਵੀ ਪਿਛਲੇ ਸਮੇਂ ਦੌਰਾਨ ਵਿਵਾਦਾਂ ਵਿੱਚ ਰਹੀ ਹੈ। ਇਸ ਇਸ਼ਿਤਾਹਰ ਵਿੱਚ ਆਲੀਆ ਭੱਟ ਵੱਲੋਂ ਕੰਨਿਆਦਾਨ 'ਤੇ ਸਵਾਲ ਚੁੱਕੇ ਗਏ ਸਨ ਜਿਸ ਤੋਂ ਬਾਅਦ ਇਸ ਬ੍ਰੈਂਡ ਦੇ ਬਾਈਕਾਟ ਦਾ ਟ੍ਰੈਂਡ ਸੋਸ਼ਲ ਮੀਡੀਆ 'ਤੇ ਹੋਇਆ ਸੀ।
ਗਹਿਣਿਆਂ ਦੇ ਬਰਾਂਡ ਤਨਿਸ਼ਕ ਦੇ ਇਸ਼ਤਿਹਾਰ ਉੱਪਰ ਵੀ ਵਿਵਾਦ ਹੋਇਆ ਹੈ।
ਇਨ੍ਹਾਂ ਰਾਹੀਂ ਹਿੰਦੂ-ਮੁਸਲਮਾਨ ਜੋੜੇ ਦੀ ਗੋਦਭਰਾਈ ਦੀ ਰਸਮ ਅਤੇ ਬਿਨਾਂ ਪਟਾਖਿਆਂ ਦੇ ਦੀਵਾਲੀ ਬਾਰੇ ਦਿਖਾਇਆ ਗਿਆ ਸੀ। ਇਨ੍ਹਾਂ ਦੋਵਾਂ ਇਸ਼ਤਿਹਾਰਾਂ ਨੂੰ ਵੀ ਹਿੰਦੂ ਵਿਰੋਧੀ ਆਖਦੇ ਹੋਏ ਬਾਈਕਾਟ ਕੀਤਾ ਗਿਆ ਸੀ ਅਤੇ ਤਨਿਸ਼ਕ ਵੱਲੋਂ ਇਨ੍ਹਾਂ ਨੂੰ ਵਾਪਸ ਲਿਆ ਗਿਆ ਸੀ।
ਇਹ ਵੀ ਪੜ੍ਹੋ: