‘ਜੇ ਸਰਕਾਰ ਨੇ ਕਿਸਾਨਾਂ ਨੂੰ ਬਾਰਡਰਾਂ ਤੋਂ ਹਟਾਇਆ ਤਾਂ ਸਰਕਾਰੀ ਦਫ਼ਤਰਾਂ ਨੂੰ ਦਾਣਾ ਮੰਡੀ ਬਣਾ ਦੇਵਾਂਗੇ’

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ, “ਜੇ ਕਿਸਾਨਾਂ ਨੂੰ ਟਿਕਰੀ ਬਾਰਡਰ ਤੋਂ ਹਟਾਇਆ ਗਿਆ ਤਾਂ ਸਾਰੇ ਦੇਸ਼ ਦੇ ਸਰਕਾਰੀ ਦਫ਼ਤਰਾਂ ਨੂੰ ਦਾਣਾ ਮੰਡੀ ਬਣਾ ਦੇਵਾਂਗੇ।”

ਟਿਕੈਤ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪਿਛਲੇ ਕੁਝ ਦਿਨਾਂ ਤੋਂ ਟਿਕਰੀ ਬਾਰਡਰ ਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਲਗਾਏ ਗਏ ਬੈਰੀਕੇਡ ਹਟਾਏ ਜਾ ਰਹੇ ਹਨ ਅਤੇ ਕੌਮੀ ਰਾਜ ਮਾਰਗ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਰਸਤਿਆਂ ਨੂੰ ਪੂਰੀ ਤਰ੍ਹਾਂ ਨਹੀਂ ਖੋਲ੍ਹਣ ਦੇਣਗੇ ਅਤੇ ਸਿਰਫ਼ ਦੋ ਪਹੀਆ ਵਾਹਨ ਅਤੇ ਐਂਬੂਲੈਂਸਾਂ ਨੂੰ ਹੀ ਲੰਘਣ ਦਿੱਤਾ ਜਾਵੇਗਾ।

ਸ਼ਨਿੱਚਰਵਾਰ ਨੂੰ ਕਿਸਾਨਾਂ ਅਤੇ ਪ੍ਰਸ਼ਾਸਨ ਦੀ ਸਹਿਮਤੀ ਬਣਨ ਤੋਂ ਬਾਅਦ ਨਿਯਮਾਂ ਤੇ ਸ਼ਰਤਾਂ ਸਹਿਤ ਅੱਧ-ਪਚੱਧੇ ਰੂਪ ਵਿੱਚ ਖੋਲ੍ਹ ਦਿੱਤਾ ਗਿਆ।

ਹਜ਼ਾਰਾਂ ਕਿਸਾਨ ਪਿਛਲੇ ਲਗਭਗ ਗਿਆਰਾਂ ਮਹੀਨਿਆਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਗਾਜ਼ੀਪੁਰ, ਸਿੰਘੂ, ਢਾਸਾ,ਟਿਕਰੀ ਉੱਪਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨੀ ਦੀ ਵਾਪਸੀ ਲਈ ਧਰਨੇ ਉੱਤੇ ਬੈਠੇ ਹੋਏ ਹਨ।

ਕਿਸਾਨਾਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਜਦਕਿ ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨ ਨੂੰ ਤਿਆਰ ਹੈ।

ਇਹ ਵੀ ਪੜ੍ਹੋ:

ਰਾਕੇਸ਼ ਟਿਕੈਤ ਕੀ ਕੁਝ ਬੋਲੇ

ਗਾਜ਼ੀਪੁਰ ਬਾਰਡਰ ਤੋਂ ਇਕੱਠ ਨੂੰ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ, ''ਇਹ ਵਾਰ-ਵਾਰ ਕਹਿ ਰਹੇ ਹਨ ਕਿ ਉੱਥੇ ਰਸਤੇ ਬੰਦ ਕੀਤੇ ਹੋਏ ਹਨ। ਅਸੀਂ ਕਿਹਾ ਕਿ ਰਸਤੇ ਸਰਕਾਰ ਨੇ ਬੰਦ ਕੀਤੇ ਹੋਏ ਹਨ ਅਤੇ ਜਦੋਂ ਵੀ ਰਸਤੇ ਖੁੱਲ੍ਹਣਗੇ ਸਭ ਤੋਂ ਪਹਿਲਾਂ ਦਿੱਲੀ ਜਾਣ ਦਾ ਹੱਕ ਸਾਡਾ ਹੈ।''

ਉਨ੍ਹਾਂ ਨੇ ਕਿਹਾ ਕਿ ਸਰਕਾਰ ਮੀਡੀਆ ਰਾਹੀਂ ਪ੍ਰਚਾਰ ਕਰ ਰਹੀ ਹੈ ਕਿ ਬਾਰਡਰ ਖਾਲੀ ਹੋ ਗਏ ਹਨ। ''ਗੱਲਾਂ ਵਿੱਚ ਨਾ ਆਉਣਾ, ਅਸੀਂ ਮੰਡੀ ਦੀ ਤਲਾਸ਼ ਕਰਨੀ ਹੈ।''

''ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਮੰਡੀ ਤੋਂ ਬਾਹਰ ਤੁਸੀਂ ਕਿਤੇ ਵੀ ਸਮਾਨ ਵੇਚ ਸਕਦੇ ਹੋ, ਆਪਣੀਆਂ ਫ਼ਸਲਾਂ ਵੇਚ ਸਕਦੇ ਹੋ।''

“ਸਾਨੂੰ ਮੰਡੀ ਮਿਲੀ। ਪਾਰਲੀਮੈਂਟ ਦੇ ਆਸ-ਪਾਸ ਦਿੱਲੀ ਦੇ ਪਾਰਲੀਮੈਂਟ ਦੇ ਆਸ-ਪਾਸ ਮੰਡੀ ਹੈ। ਇੱਥੋਂ ਦੇ ਪੁਲਿਸ ਸਟੇਸ਼ਨ ਮੰਡੀਆਂ ਹਨ। ਇੱਥੋਂ ਦੇ ਡੀਐਮ, ਐਸਐਸਪੀ ਦਾ ਦਫ਼ਤਰ ਮੰਡੀ ਹਨ।''

“ਜੇ ਗਾਜ਼ੀਪੁਰ, ਸਿੰਘੂ, ਢਾਸਾ,ਟਿਕਰੀ ਵੱਲ ਅੱਖ ਚੁੱਕ ਕੇ ਦੇਖਣ ਦੀ ਵੀ ਹਿੰਮਤ ਕਰੀ ਤਾਂ ਉੱਤਰ ਪ੍ਰਦੇਸ਼, ਹਰਿਆਣਾ ਪੂਰੇ ਪੰਜਾਬ, ਪੂਰੇ ਦੇਸ਼ ਭਰ ਦੇ ਥਾਣੇ, ਡੀਐਮ, ਡੀਸੀ, ਐਸਐਸਪੀ ਦੇ ਦਫ਼ਤਰ, ਉੱਥੇ ਕਿਸਾਨ ਆਪਣਾ ਮਾਲ ਲੈ ਕੇ ਜਾਵੇਗਾ।''

ਕੀ ਬਣੀ ਹੈ ਕਿਸਨਾਂ ਤੇ ਪ੍ਰਸ਼ਾਸਨ ਦੀ ਸਹਿਮਤੀ

ਕਿਸਾਨਾਂ ਤੇ ਪ੍ਰ ਬਣੀ ਸਹਿਮਤੀ ਮੁਤਾਬਕ ਟਿਕਰੀ ਬਾਰਡਰ ਸਵੇਰੇ ਸੱਤ ਵਜੇ ਤੋਂ ਰਾਤ ਅੱਠ ਵਜੇ ਤੱਕ ਖੋਲ੍ਹਿਆ ਜਾਵੇਗਾ ਅਤੇ ਇਸ ਦੌਰਾਨ ਸਿਰਫ਼ ਦੋ ਪਹੀਆ ਵਾਹਨ ਅਤੇ ਐਂਬੂਲੈਂਸਾਂ ਹੀ ਲੰਘ ਸਕਣਗੀਆਂ।

ਹਾਲਾਂਕਿ ਬਾਕੀ ਚਾਰ ਚੱਕਿਆਂ ਵਾਲੀਆਂ ਗੱਡੀਆਂ ਉੱਪਰ ਮੁਕੰਮਲ ਪਾਬੰਦੀ ਰਹੇਗੀ।

ਪ੍ਰਸ਼ਾਸਨ ਨਾਲ ਬੈਠਕ ਤੋਂ ਬਾਅਦ ਬਣੀ ਸਹਿਮਤੀ ਬਾਰੇ ਦੱਸਦਿਆਂ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਫਿਲਹਾਲ ਦੋ-ਪਹੀਆ ਵਾਹਨਾਂ ਅਤੇ ਐਂਬੂਲੈਂਸਾਂ ਨੂੰ ਰਸਤਾ ਦਿੱਤੇ ਜਾਣ ਬਾਰੇ ਹੀ ਫ਼ੈਸਲਾ ਲਿਆ ਗਿਆ ਹੈ। ਗੱਡੀਆਂ ਉੱਪਰ ਫ਼ਿਲਹਾਲ ਰੋਕ ਰਹੇਗੀ।

ਉਨ੍ਹਾਂ ਨੇ ਦੱਸਿਆ ਕਿ ਛੇ ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਸੱਦੀ ਗਈ ਹੈ। ਜੇ ਉਸ ਵਿੱਚ ਕੋਈ ਸਹਿਮਤੀ ਬਣਦੀ ਹੈ ਤਾਂ ਉਸ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ।

ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਵੀ ਰਸਤਾ ਖੋਲ੍ਹਣ ਬਾਰੇ ਅਰਜੀਆਂ ਦੀ ਸੁਣਵਾਈ ਦੌਰਾਨ ਕਿਹਾ ਸੀ ਕਿ ਪ੍ਰਦਰਸ਼ਨ ਕਰਨਾ ਲੋਕਤੰਤਰਿਕ ਹੱਕ ਹੈ ਪਰ ਰਸਤੇ ਹਮੇਸ਼ਾ ਲਈ ਨਹੀਂ ਰੋਕੇ ਜਾ ਸਕਦੇ।

ਉਸ ਤੋਂ ਬਾਅਦ ਦਿੱਲੀ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਟਿਕਰੀ ਬਾਰਡਰ ਉੱਪਰ ਲਗਾਏ ਗਏ ਬੈਰੀਕੇਡ ਵੱਡੇ ਪੱਧਰ ’ਤੇ ਹਟਾਏ ਗਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)