ਕਿਸਾਨ ਅੰਦੋਲਨ: ਸਿੰਘੂ ਬਾਰਡਰ ਕਤਲ ਮਾਮਲੇ 'ਚ ਹੁਣ ਤੱਕ ਕੀ-ਕੀ ਪਤਾ ਹੈ

ਦਿੱਲੀ ਦੇ ਸਿੰਘੂ ਬਾਰਡਰ ਉੱਤੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਲਾਈ ਬੈਠੇ ਕਿਸਾਨ ਮੋਰਚੇ ਦੀ ਸਟੇਜ ਨੇੜੇ ਇੱਕ ਕੱਟੀ ਵੱਢੀ ਹੋਈ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਖ਼ਬਰ ਏਜੰਸੀ ਏਐੱਨਆਈ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਇਸ ਤੋਂ ਪਹਿਲਾਂ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਅਨੁਸਾਰ ਮੀਡੀਆ ਨਾਲ ਗੱਲਬਾਤ ਵਿੱਚ ਕਥਿਤ ਮੁਲਜ਼ਮ ਸਰਬਜੀਤ ਸਿੰਘ ਨੇ ਖੁਦ ਨੂੰ ਇਸ ਕਤਲ ਦੀ ਵਾਰਦਾਤ ਲਈ ਜ਼ਿੰਮੇਵਾਰ ਦੱਸਿਆ।

ਸਰਬਜੀਤ ਸਿੰਘ ਨਾਂ ਦੇ ਇਸ ਸ਼ਖਸ ਨੇ ਦੱਸਿਆ, "ਇਸ ਕਤਲ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ। ਮੈਂ ਹੀ ਉਸ ਵਿਅਕਤੀ ਨੂੰ ਮਾਰਿਆ ਹੈ ਕਿਉਂਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਮੈਨੂੰ ਕੋਈ ਪਛਤਾਵਾ ਨਹੀਂ ਹੈ।"

ਨਿਹੰਗ ਸਿੱਖਾਂ ਵੱਲੋਂ ਕਥਿਤ ਮੁਲਜ਼ਮ ਨੂੰ ਸਰੋਪੇ ਵੀ ਪਹਿਨਾਏ ਗਏ। ਉੱਥੇ ਮੌਜੂਦ ਜਥੇਦਾਰਾਂ ਨੇ ਮੁਲਜ਼ਮ ਦੀ ਹਮਾਇਤ ਕੀਤੀ।

ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਮਗਰੋਂ ਪੁਲਿਸ ਦੀ ਜੀਪ ਵੱਲ ਰੁਖ ਕੀਤਾ ਤੇ ਪੁਲਿਸ ਨੇ ਸਰਬਜੀਤ ਨੂੰ ਹਿਰਾਸਤ ਵਿੱਚ ਲੈ ਲਿਆ।

ਇਸ ਤੋਂ ਪਹਿਲਾਂ ਖ਼ਬਰ ਏਜੰਸੀ ਏਐੱਨਆਈ ਨੂੰ ਆਈਜੀ ਰੋਹਤਕ ਰੇਂਜ ਸੰਦੀਪ ਖਿਰਵਰ ਨੇ ਦੱਸਿਆ ਸੀ ਕਿ ਉਨ੍ਹਾਂ ਕੋਲ ਕੁਝ ਸ਼ੱਕੀ ਮੁਲ਼ਜ਼ਮਾਂ ਦੇ ਨਾਮ ਹਨ ਅਤੇ ਉਹ ਉਨ੍ਹਾਂ ਦੀ ਰਡਾਰ ਉੱਤੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਜਲਦ ਹੀ ਕਾਰਵਾਈ ਕਰ ਕੇ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।

ਪੁਲਿਸ ਮੁਤਾਬਕ, ਮ੍ਰਿਤਕ ਦੀ ਪਛਾਣ ਤਰਨ ਤਾਰਨ ਨਿਵਾਸੀ ਲਖਵੀਰ ਸਿੰਘ ਵਜੋਂ ਹੋਈ ਹੈ।

ਨੈਸ਼ਨਲ ਕਮਿਸ਼ਨ ਫਾਰ ਸ਼ਿਡਿਊਲਡ ਕਾਸਟ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਡੀਜੀਪੀ ਹਰਿਆਣਾ ਨੂੰ ਇਸ ਪੂਰੀ ਵਾਰਦਾਤ ਬਾਰੇ 24 ਘੰਟਿਆਂ ਵਿੱਚ ਰਿਪੋਰਟ ਦੇਣ ਨੂੰ ਕਿਹਾ ਹੈ।

ਕਿਸਾਨ ਮੋਰਚੇ ਨੇ ਕੀਤੀ ਗੰਭੀਰਤਾ ਨਾਲ ਜਾਂਚ ਦੀ ਮੰਗ

ਉਧਰ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਹੈ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਸੰਯੁਕਤ ਕਿਸਾਨ ਮੋਰਚ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਘਟਨਾ ਨਾਲ ਸੰਯੁਕਤ ਕਿਸਾਨ ਮੋਰਚਾ ਦਾ ਕੋਈ ਸਬੰਧ ਨਹੀਂ ਹੈ।

ਉਹ ਘਟਨਾ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਨਾਲ ਜੁੜੀ ਹੋਈ ਹੈ ਅਤੇ ਸੰਯੁਕਤ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ 'ਤੇ ਬੈਠਾ ਹੈ।

ਉਨ੍ਹਾਂ ਨੇ ਕਿਹਾ, "ਸਾਨੂੰ ਲਗਦਾ ਹੈ ਕਿ ਕਿਤੇ ਨਾ ਕਿਤੇ ਇਸ ਘਟਨਾ ਪਿੱਛੇ ਸਾਜ਼ਿਸ਼, ਏਜੰਸੀਆਂ ਦੀ ਕੋਈ ਚਾਲ ਹੋ ਸਕਦੀ ਹੈ।"

"ਪਰ ਸੰਯੁਕਤ ਮੋਰਚਾ ਮਹਿਸੂਸ ਕਰਦਾ ਹੈ ਕਿ ਕਿਸੇ ਧਾਰਮਿਕ ਗ੍ਰੰਥ ਜਾਂ ਧਾਰਮਿਕ ਚਿਨ੍ਹਾ ਦੀ ਬੇਅਦਬੀ ਹੋਣਾ ਵੀ ਨਿੰਦਣਯੋਗ ਹੈ ਅਤੇ ਕਿਸੇ ਵਿਅਕਤੀ ਦਾ ਇਸ ਤਰ੍ਹਾਂ ਕਤਲ ਕਰਨਾ ਵੀ ਨਿੰਦਾ ਵਾਲੀ ਗੱਲ ਹੈ।"

ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਇੱਥੇ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ ਅਤੇ "ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਸ ਗੰਭੀਰਤਾ ਨਾਲ ਜਾਂਚ ਹੋਵੇ ਤਾਂ ਜੋ ਪਤਾ ਲੱਗੇ ਇਸ ਸਾਜਿਸ਼ ਦੇ ਪਿੱਛੇ ਕੀ ਹੈ।"

"ਤਾਂ ਜੋ ਇਸ ਜਾਂਚ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋ ਸਕੇ।"

ਸੋਸ਼ਲ ਮੀਡੀਆ ਉੱਤੇ ਵਾਇਰ ਵੀਡੀਓ

ਸੋਸ਼ਲ ਮੀਡੀਆ ਉੱਤੇ ਇਸ ਵਾਰਦਾਤ ਦੀਆਂ ਕੁਝ ਕਥਿਤ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿੰਨ੍ਹਾਂ ਦੀ ਬੀਬੀਸੀ ਸੁਤੰਤਰ ਤੌਰ ਉੱਤੇ ਪੁਸ਼ਟੀ ਨਹੀਂ ਕਰਦਾ ਹੈ।

ਪਰ ਇਨ੍ਹਾਂ ਵੀਡੀਓਜ਼ ਵਿਚ ਨਿਹੰਗ ਸਿੰਘਾਂ ਦੇ ਬਾਣੇ ਵਿਚ ਕੁਝ ਲੋਕ ਬੋਲਦੇ ਨਜ਼ਰ ਆ ਰਹੇ ਹਨ। ਉਹ ਲੋਕ ਕਹਿ ਰਹੇ ਹਨ ਕਿ ਇੱਕ ਵਿਅਕਤੀ ਸ਼ੁੱਕਰਵਾਰ ਤੜਕੇ ਕਿਸਾਨ ਮੋਰਚੇ ਦੀ ਸਟੇਜ ਪਿੱਛੇ ਨਿਹੰਗਾਂ ਦੀ ਛਾਉਣੀ ਵਿਚ ਸਰਬਲੋਹ ਗ੍ਰੰਥ ਦੀ ਬੇਅਦਬੀ ਕਰਦਾ ਫੜਿਆ ਗਿਆ ਹੈ।

ਸਰਬਲੋਹ ਗ੍ਰੰਥ ਨੂੰ ਸਿੱਖ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ। ਖ਼ਾਸ ਤੌਰ ’ਤੇ ਨਿਹੰਗ ਸਿੱਖ ਜਥੇਬੰਦੀਆਂ ਨਿਤਨੇਮ ਵਜੋਂ ਸਰਬਲੋਹ ਗ੍ਰੰਥ ਸਾਹਿਬ ਦਾ ਪਾਠ ਕਰਦੀਆਂ ਹਨ।

ਵੀਡੀਓ ਵਿਚ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਇਸ ਵਿਅਕਤੀ ਦੀ ਇੱਕ ਲੱਤ ਅਤੇ ਇੱਕ ਬਾਂਹ ਵੱਢ ਦਿੱਤੀ ਗਈ ਹੈ।

ਉਹ ਇਸ ਵਿਅਕਤੀ ਤੋਂ ਸਵਾਲ ਜਵਾਬ ਕਰ ਰਹੇ ਹਨ। ਉਸ ਤੋਂ ਨਾਂ ਅਤੇ ਪਿੰਡ ਦਾ ਪਤਾ ਪੁੱਛ ਰਹੇ ਹਨ। ਵੀਡੀਓ ਵਿਚ ਸਿਰਫ਼ ਉਸ ਵਿਅਕਤੀ ਦੀ ਇੰਨੀ ਗੱਲ ਸੁਣਦੀ ਹੈ ਕਿ ''ਮੈਂ ਬੇਅਦਬੀ ਕਰਨ ਨਹੀਂ ਆਇਆ ਸੀ।''

ਇਹ ਵੀ ਪੜ੍ਹੋ:

ਵੀਡੀਓ ਵਿੱਚ ਵਿਅਕਤੀ ਨੂੰ ਲੋਕ ਇਹ ਵੀ ਪੁੱਛ ਰਹੇ ਹਨ ਕਿ ਉਹ ਸਰਬਲੋਹ ਗ੍ਰੰਥ ਸਾਹਿਬ ਦਾ ਸਰੂਪ ਕਿੱਥੇ ਲੈਕੇ ਜਾ ਰਿਹਾ ਸੀ ਪਰ ਵਿਅਕਤੀ ਦੇ ਜਵਾਬ ਨਹੀਂ ਸੁਣ ਰਹੇ।

ਇੱਕ ਹੋਰ ਵੀਡੀਓ ਵਿਚ ਸਥਾਨਕ ਕੁੰਡਲੀ ਪੁਲਿਸ ਥਾਣੇ ਦੀ ਟੀਮ ਅਤੇ ਕੁਝ ਲੋਕ ਇੱਕ ਬੈਰੀਕੇਡ ਉੱਤੇ ਟੰਗੀ ਹੋਈ ਲਾਸ਼ ਲਾਗੇ ਖੜ੍ਹੇ ਦਿਖ ਰਹੇ ਹਨ। ਉਹ ਲਾਸ਼ ਨੂੰ ਉਤਾਰ ਕੇ ਪੋਸਟ ਮਾਰਟਮ ਲਈ ਭੇਜਣ ਦੀ ਗੱਲ ਕਹਿੰਦੇ ਸੁਣੇ ਜਾ ਸਕਦੇ ਹਨ।

ਪੁਲਿਸ ਨੇ ਇਸ ਬਾਰੇ ਕੀ ਕਿਹਾ

ਇਸ ਬਾਰੇ ਸੋਨੀਪਤ ਦੇ ਡੀਐੱਸਪੀ ਹੰਸਰਾਜ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ, ਬਾਅਦ ਵਿੱਚ ਆਈਜੀ ਸੰਦੀਪ ਖਿਰਵਰ ਨੇ ਦੱਸਿਆ ਕਿ ਕੁਝ ਸ਼ੱਕੀ ਲੋਕਾਂ ਦੇ ਨਾਮ ਪਤਾ ਲੱਗੇ ਹਨ ਅਤੇ ਉਹ ਉਨ੍ਹਾਂ ਦੀ ਰਡਾਰ ਉੱਤੇ ਹਨ।

ਡੀਐੱਸਪੀ ਹੰਸਰਾਜ ਨੇ ਦੱਸਿਆ, "ਥਾਣਾ ਕੁੰਡਲੀ ਵਿੱਚ ਸੂਚਨਾ ਮਿਲੀ ਸੀ ਕਿ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਸ ਦੇ ਮੰਚ ਦੇ ਕੋਲੋਂ ਇੱਕ ਵਿਅਕਤੀ ਦੇ ਹੱਥ ਪੈਰ ਕੱਟ ਕੇ ਲਟਕਾਇਆ ਹੋਇਆ ਹੈ। ਏਐੱਸਆਈ ਸੰਦੀਪ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਇੱਕ ਵਿਅਕਤੀ ਦੇ ਹੱਥ-ਪੈਰ ਕੱਟੇ ਹੋਏ ਹਨ। ਬੈਰੀਕੇਡ ਨਾਲ ਉਸ ਦੀ ਲਾਸ਼ ਲਟਕੀ ਹੋਈ ਸੀ।"

"ਉੱਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਪਰ ਹਾਲੇ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਕਿਸ ਨੇ ਅਜਿਹਾ ਕੀਤਾ ਹੈ। ਹਾਲੇ ਵੀ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਅਣਪਛਾਤੇ ਵਿਅਕਤੀਆਂ ਖਿਲਾਫ਼ ਐੱਫ਼ਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਕਰ ਰਹੇ ਹਾਂ।"

ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਬਾਰੇ ਡੀਐੱਸਪੀ ਹੰਸਰਾਜ ਬੋਲੇ, "ਇਹ ਜਾਂਚ ਦਾ ਵਿਸ਼ਾ ਹੈ। ਵੀਡੀਓ ਵਿੱਚ ਕੀ ਆਇਆ ਹੈ, ਲੋਕ ਕੀ ਕਹਿ ਰਹੇ ਹਨ, ਅਫ਼ਵਾਹਾਂ ਚੱਲਦੀਆਂ ਰਹਿਣਗੀਆਂ। ਜਾਂਚ ਵਿੱਚ ਜੋ ਗੱਲ ਸਾਹਮਣੇ ਆਏਗੀ ਉਹ ਤੱਥ ਅਸੀਂ ਪੇਸ਼ ਕਰਾਂਗੇ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਮ੍ਰਿਤਕ ਵਿਅਕਤੀ ਕੌਣ ਹੈ

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਿੰਘੂ ਬਾਰਡਰ ਉੱਤੇ ਜਿਸ ਵਿਅਕਤੀ ਨੂੰ ਬੰਨ੍ਹ ਕੇ ਮਾਰਿਆ ਗਿਆ, ਉਸ ਦੇ ਹੱਥ ਵੱਢੇ ਗਏ, ਉਸ ਦੀ ਪਛਾਣ ਲਖਵੀਰ ਸਿੰਘ ਉਰਫ਼ ਟੀਟੂ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ।

ਉਹ ਤਰਨਤਾਰਨ ਦੇ ਨੇੜਲੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਸੀ।

ਲਖਬੀਰ ਦੇ ਮਾਪਿਆ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ। ਲਖਬੀਰ ਦੇ ਤਿੰਨ ਬੱਚੇ ਹਨ ਅਤੇ ਉਹ ਮਜ਼ਦੂਰੀ ਕਰਦਾ ਸੀ।

ਸੰਯੁਕਤ ਕਿਸਾਨ ਮੋਰਚਾ ਦਾ ਬਿਆਨ

ਸੰਯੁਕਤ ਕਿਸਾਨ ਮੋਰਚਾ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਘਟਨਾ ਦੀ ਜਿੰਮੇਵਾਰੀ ਇੱਕ ਨਿਹੰਗ ਜਥੇ ਨੇ ਲਈ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਉਸ ਵਿਅਕਤੀ ਨੇ ਸਰਬਲੋਹ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਨਿਹੰਗ ਸਿੰਘਾਂ ਦੇ ਨਾਲ ਹੀ ਕੁਝ ਸਮੇਂ ਤੋਂ ਰਹਿ ਰਿਹਾ ਸੀ।

ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਇਸ ਭਿਆਨਕ ਕਤਲ ਦੀ ਨਿੰਦਾ ਕਰਦੇ ਹਨ ਅਤੇ ਇਹ ਸਪੱਸ਼ਟ ਕਰਦੇ ਹਨ ਕਿ ਨਿਹੰਗ ਜਥੇ ਜਾਂ ਮ੍ਰਿਤਕ ਦਾ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਲੈਣਾ-ਦੇਣਾ ਨਹੀਂ ਸੀ।

ਉਨ੍ਹਾਂ ਕਿਹਾ, “ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਤਰ੍ਹਾਂ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਖਿਲਾਫ਼ ਹੈ ਪਰ ਉਹ ਕਿਸੇ ਵੱਲੋਂ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦਾ ਹਮਾਇਤੀ ਨਹੀਂ ਹੈ। ਅਸੀਂ ਇਸ ਮਾਮਲੇ ਦੀ ਜਾਂਚ ਅਤੇ ਦੋਸ਼ੀ ਨੂੰ ਕਾਨੂੰਨ ਤਹਿਤ ਸਜ਼ਾ ਦੇਣ ਦੀ ਮੰਗ ਕਰਦੇ ਹਾਂ।”

ਭਾਜਪਾ ਦਾ ਕੀ ਕਹਿਣਾ ਹੈ

ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ, "ਬਹੁਤ ਹੀ ਮੰਦਭਾਗੀ ਘਟਨਾ ਹੈ, ਇਸ ਦੀ ਅਸੀਂ ਨਿੰਦਾ ਕਰਦੇ ਹਾਂ। ਸਾਡੀ ਪਾਰਟੀ ਵੀ ਨਿੰਦਾ ਕਰਦੀ ਹੈ। ਜੇ ਕਿਸੇ ਨੇ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਦੀ ਡੂੰਘਾਈ ਨਾਲ ਜਾਂਚ ਹੋਵੇ। ਉਸ ਦੇ ਪਿੱਛੇ ਸਾਜਿਸ਼ ਕੀ ਹੈ, ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।"

"ਇਹ ਜੋ ਤਾਲਿਬਾਨੀ ਤਰੀਕੇ ਨਾਲ ਕਤਲ ਕੀਤਾ ਗਿਆ ਹੈ, ਉਸ ਦੀ ਵੀ ਅਸੀਂ ਨਿੰਦਾ ਕਰਦੇ ਹਾਂ। ਇਸ ਚੀਜ਼ ਦਾ ਅਧਿਕਾਰ ਕਿਸ ਨੇ ਦਿੱਤਾ। ਕਿਸਾਨ ਅਜਿਹਾ ਨਹੀਂ ਕਰਦਾ। ਜਥੇਬੰਦੀਆਂ ਨੂੰ ਵੀ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ। "

ਭਾਜਪਾ ਆਗੂ ਅਮਿਤ ਮਾਲਵੀਆ ਨੇ ਇਲਜ਼ਾਮ ਲਾਇਆ, "ਬਲਾਤਕਾਰ, ਕਤਲ, ਵੇਸਵਾਗਮਨੀ, ਹਿੰਸਾ ਅਤੇ ਅਰਾਜਕਤਾ ... ਇਹ ਸਭ ਕਿਸਾਨ ਅੰਦੋਲਨ ਦੇ ਨਾਂ 'ਤੇ ਹੋਇਆ ਹੈ। ਹੁਣ ਹਰਿਆਣਾ ਦੀ ਕੁੰਡਲੀ ਸਰਹੱਦ 'ਤੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ... ਆਖ਼ਰ ਕੀ ਹੋ ਰਿਹਾ ਹੈ? ਕਿਸਾਨ ਅੰਦੋਲਨ ਦੇ ਨਾਂ 'ਤੇ ਇਹ ਅਰਾਜਕਤਾ?"

ਅਮਿਤ ਮਾਲਵੀਆ ਨੇ ਇੱਕ ਹੋਰ ਟੀਵਟ ਕੀਤਾ, "ਜੇ ਰਾਕੇਸ਼ ਟਿਕੈਤ ਨੇ ਯੋਗੇਂਦਰ ਯਾਦਵ ਦੇ ਨਾਲ ਬੈਠੇ, ਚੁੱਪੀ ਧਾਰ ਕੇ, ਲਖੀਮਪੁਰ ਵਿੱਚ ਮੌਬ ਲਿੰਚਿੰਗ ਨੂੰ ਜਾਇਜ਼ ਨਹੀਂ ਠਹਿਰਾਇਆ ਹੁੰਦਾ, ਤਾਂ ਕੁੰਡਲੀ ਸਰਹੱਦ 'ਤੇ ਇੱਕ ਨੌਜਵਾਨ ਦਾ ਘਿਨਾਉਣਾ ਕਤਲ ਨਾ ਹੁੰਦਾ। ਕਿਸਾਨਾਂ ਦੇ ਨਾਮ 'ਤੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਪਿੱਛੇ ਅਰਾਜਕਤਾਵਾਦੀਆਂ ਨੂੰ ਬੇਨਕਾਬ ਕਰਨ ਦੀ ਜ਼ਰੂਰਤ ਹੈ।"

ਕਾਂਗਰਸ ਦਾ ਪ੍ਰਤੀਕਰਮ

ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿਲ ਨੇ ਟਵੀਟ ਕੀਤਾ, "ਸਿੰਘੂ ਬਾਰਡਰ 'ਤੇ ਭਿਆਨਕ ਕਤਲ ਅਤੇ ਲਾਸ਼ ਨੂੰ ਲਟਕਾਉਣਾ ਸ਼ਰਮਨਾਕ, ਘਿਣਾਉਣਾ ਅਤੇ ਕੰਬਾਉਣ ਵਾਲਾ ਵਾਲਾ ਕੰਮ ਹੈ। ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਲਈ ਜ਼ਿੰਮੇਵਾਰ ਹਰੇਕ ਵਿਅਕਤੀਆਂ ਦੀ ਪਛਾਣ ਹੋਣੀ ਚਾਹੀਦੀ ਹੈ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)