ਲਖੀਮਪੁਰ ਖੀਰੀ ਹਿੰਸਾ: ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਯੂਪੀ ਪੁਲਿਸ 'ਤੇ ਉੱਠਦੇ ਇਹ ਸਵਾਲ

ਤਸਵੀਰ ਸਰੋਤ, SHADAB RIZVI
- ਲੇਖਕ, ਅਨੰਤ ਝਣਾਣੇ
- ਰੋਲ, ਲਖੀਮਪੁਰ ਤੋਂ ਬੀਬੀਸੀ ਸਹਿਯੋਗੀ
ਲਖੀਮਪੁਰ ਖੀਰੀ ਵਿੱਚ ਕਿਸਾਨਾਂ ਉੱਪਰ ਗੱਡੀਆਂ ਚੜ੍ਹਾਉਣ ਦੇ ਮਾਮਲੇ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਸ਼ਨੀਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੀ ਗ੍ਰਿਫ਼ਤਾਰੀ ਉੱਪਰ ਐੱਸਆਈਟੀ ਦੇ ਡੀਆਈਜੀ ਉਪੇਂਦਰ ਅਗਰਵਾਲ ਨੇ ਕਿਹਾ, ਆਸ਼ੀਸ਼ ਮਿਸ਼ਰਾ ਪੜਤਾਲ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ ਅਤੇ ਸਵਾਲਾਂ ਦੇ ਜਵਾਬ ਦੇਣ ਤੋਂ ਬਚ ਰਹੇ ਹਨ, ਇਸ ਅਧਾਰ 'ਤੇ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।
ਹਾਲਾਂਕਿ ਆਸ਼ੀਸ਼ ਮਿਸ਼ਰਾ ਦੇ ਵਕੀਲ ਅਵਧੇਸ਼ ਕੁਮਾਰ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਮੁਵੱਕਿਲ ਨੇ ਪੁਲਿਸ ਦੀ ਜਾਂਚ ਵਿੱਚ ਸਹਿਯੋਗ ਦਿੱਤਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸਾਰੀ ਜਾਂਚ ਹੋਈ ਹੈ, 150 ਸਵਾਲ ਪੁੱਛੇ ਗਏ ਸਨ, ਹਰ ਸਵਾਲ ਦੇ ਉੱਤਰ ਲਿਖਤੀ ਦਿੱਤੇ ਗਏ ਹਨ।"
ਸ਼ਨੀਵਾਰ ਦੇਰ ਰਾਤ ਉਨ੍ਹਾਂ ਦੀ ਡਾਕਟਰੀ ਜਾਂਚ ਪੁਲਿਸ ਲਾਇੰਸ ਵਿੱਚ ਹੀ ਹੋਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਮੈਜਿਸਟਰੇਟ ਦੀਕਸ਼ਾ ਭਾਰਤੀ ਦੇ ਸਾਹਮਣੇ ਪੇਸ਼ ਕੀਤਾ ਗਿਆ।
ਜਿੱਥੇ ਪੁਲਿਸ ਨੇ ਉਨ੍ਹਾਂ ਦੇ ਤਿੰਨ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਮੈਜਿਸਟਰੇਟ ਨੇ ਅਗਲੀ ਸੁਣਵਾਈ ਸੋਮਵਾਰ 11 ਵਜੇ ਤੱਕ ਮੁਲਤਵੀ ਕਰਦੇ ਹੋਏ ਲਖੀਮਪੁਰ ਖੀਰੀ ਜੇਲ੍ਹ ਭੇਜਣ ਦਾ ਹੁਕਮ ਦਿੱਤਾ।
ਪੁਲਿਸ ਦੇ ਤਿੰਨ ਦਿਨ ਦਾ ਰਿਮਾਂਡ ਮੰਗੇ ਜਾਣ ਤੋਂ ਤੈਅ ਹੈ ਕਿ ਪੁਲਿਸ ਹਾਲੇ ਕਈ ਪੱਖਾਂ ਉੱਪਰ ਆਸ਼ੀਸ਼ ਤੋਂ ਪੁੱਛਗਿੱਛ ਜਾਰੀ ਰੱਖਣਾ ਚਾਹੁੰਦੀ ਹੈ। ਹੁਣ ਸਿੱਟ ਫਿਰ ਤੋਂ ਰਿਮਾਂਡ ਲੈਣ ਦੀ ਕੋਸ਼ਿਸ਼ ਕਰੇਗੀ।
ਹੁਣ ਤੱਕ ਹੋਈ ਪੁਲਿਸ ਪੁੱਛਗਿੱਛ ਦੇ ਬਾਰੇ ਆਸ਼ੀਸ਼ ਮਿਸ਼ਰਾ ਦੇ ਵਕੀਲ ਅਵਧੇਸ਼ ਕੁਮਾਰ ਨੇ ਦੱਸਿਆ, ''ਪੁਲਿਸ ਨੇ ਪੁੱਛਿਆ ਕਿ ਦੋ ਤਰੀਕ ਦੀ ਥਾਂ ਕੁਸ਼ਤੀ ਦੰਗਲ ਤਿੰਨ ਤਰੀਕ ਨੂੰ ਕਿਉਂ ਰੱਖਿਆ ਗਿਆ।''
''ਇਸ ਤੋਂ ਇਲਾਵਾ ਇਹ ਵੀ ਪੁੱਛਿਆ ਗਿਆ ਕਿ ਇਸ ਦੀ ਪ੍ਰਵਾਨਗੀ ਲਈ ਗਈ ਸੀ ਜਾਂ ਨਹੀਂ, ਫਿਰ ਅਸ਼ੀਸ਼ ਮਿਸ਼ਰਾ ਨੇ ਦੱਸਿਆ ਕਿ 40 ਸਾਲ ਤੋਂ ਦੰਗਲ ਹੋ ਰਿਹਾ ਹੈ, ਹੁਣ ਤੱਕ ਪ੍ਰਵਾਨਗੀ ਦੀ ਲੋੜ ਨਹੀਂ ਪਈ ਸੀ ਇਸ ਲਈ ਇਸ ਵਾਰ ਵੀ ਨਹੀਂ ਲਈ ਗਈ।"
ਮੁਕਦੀ ਗੱਲ ਇਹ ਹੈ ਕਿ ਹਾਲੇ ਤੱਕ ਪੁਲਿਸ ਆਸ਼ੀਸ਼ ਦਾ ਰਿਮਾਂਡ ਨਹੀਂ ਲੈ ਸਕੀ ਹੈ ਕਿਉਂਕਿ ਆਸ਼ੀਸ਼ ਦੇ ਵਕੀਲਾਂ ਨੇ ਆਪਣਾ ਪੱਖ ਰੱਖਣ ਦੀ ਮੰਗ ਕੀਤੀ ਅਤੇ ਉਨ੍ਹਾਂ ਦੀ ਮੰਗ ਮੰਨ ਲਈ ਗਈ ਹੈ।

ਤਸਵੀਰ ਸਰੋਤ, ANANT ZHANANE/BBC
ਯੂਪੀ ਪੁਲਿਸ ਦੇ ਸਾਬਕਾ ਡੀਜੀਪੀ ਦਾ ਕੀ ਕਹਿਣਾ ਹੈ
ਹਾਲਾਂਕਿ ਇਸ ਪੂਰੇ ਮਾਮਲੇ ਵਿੱਚ ਯੂਪੀ ਪੁਲਿਸ ਜਿਸ ਤਰ੍ਹਾਂ ਨਾਲ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਨਾਲ਼ ਪੇਸ਼ ਆਈ ਹੈ, ਉਸ ਉੱਪਰ ਲਗਾਤਾਰ ਸਵਾਲ ਉੱਠ ਰਹੇ ਹਨ।
ਆਸ਼ੀਸ਼ ਮਿਸ਼ਰਾ 'ਤੇ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਕੁਚਲਣ ਸਬੰਧੀ ਐਫਆਈਆਰ ਵਿੱਚ ਕਤਲ, ਹੱਤਿਆ ਦੀ ਸਾਜ਼ਿਸ਼ ਅਤੇ ਗੈਰ-ਇਰਾਦਤਨ ਕਤਲ ਸਮੇਤ ਪੰਜ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅਜਿਹੀ ਸਥਿਤੀ ਵਿੱਚ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਐਫਆਈਆਰ ਦਰਜ ਹੋਣ ਅਤੇ ਕਤਲ ਵਰਗੇ ਗੰਭੀਰ ਇਲਜ਼ਾਮ ਲਗਾਉਣ ਦੇ ਬਾਵਜੂਦ ਪੁਲਿਸ ਨੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਵਿੱਚ ਪੰਜ ਦਿਨ ਦਾ ਸਮਾਂ ਕਿਉਂ ਲੱਗਿਆ ਅਤੇ ਬਾਰਾਂ ਘੰਟੇ ਪੁੱਛਗਿੱਛ ਕਿਉਂ ਕੀਤੀ ਗਈ।
ਐਸਆਈਟੀ ਟੀਮ ਦੇ ਮੁਖੀ ਲਖਨਊ ਦੇ ਡੀਆਈਜੀ ਉਪੇਂਦਰ ਅਗਰਵਾਲ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ।
ਦੂਜਾ ਸਵਾਲ ਇਹ ਵੀ ਹੈ ਕਿ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਦੋ ਵਾਰ ਸੰਮਨ ਕਿਉਂ ਜਾਰੀ ਕੀਤੇ ਗਏ, ਕਿਉਂਕਿ ਆਮ ਤੌਰ 'ਤੇ ਹੋਰ ਕਤਲ ਕੇਸਾਂ ਦੇ ਮੁਲਜ਼ਮਾਂ ਨੂੰ ਸੰਮਨ ਜਾਰੀ ਕਰਨ ਦੀ ਵਿਧੀ ਦਾ ਵੀ ਜ਼ਿਕਰ ਨਹੀਂ ਕੀਤਾ ਜਾਂਦਾ।
ਉੱਤਰ ਪ੍ਰਦੇਸ਼ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਵਿਕਰਮ ਸਿੰਘ ਨੇ ਕਿਹਾ, "ਸੰਮਨ ਜਾਰੀ ਕਰਨਾ ਇੱਕ ਆਮ ਪ੍ਰਕਿਰਿਆ ਹੈ ਪਰ ਇਹ ਇੱਕ ਹਾਈ ਪ੍ਰੋਫਾਈਲ ਕੇਸ ਹੈ। ਇਸ ਵਿੱਚ ਬਹੁਤ ਦੇਰ ਨਹੀਂ ਹੋਣੀ ਚਾਹੀਦੀ।''
''ਅਜਿਹੇ ਮਾਮਲੇ ਪੁਲਿਸ ਪ੍ਰਣਾਲੀ ਲਈ ਅਣਖ ਵਾਲੀ ਗੱਲ ਹੁੰਦੇ ਹਨ, ਇਸ ਲਈ ਪੁਲਿਸ ਨੂੰ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਕੋਈ ਤਾਂ ਸੰਦੇਸ਼ ਦਿਓ ਕਿ ਤੁਸੀਂ ਇਸ ਮਾਮਲੇ 'ਤੇ ਗੰਭੀਰ ਹੋ।"
ਆਮ ਤੌਰ 'ਤੇ ਕਿਸੇ ਕਤਲ ਕੇਸ ਦੀ ਜਾਂਚ ਵਿੱਚ ਪੁਲਿਸ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਸਬੂਤ ਇਕੱਠੇ ਕਰਕੇ ਇਲਜ਼ਾਮ ਤੈਅ ਕਰਦੀ ਹੈ। ਪਰ ਇਸ ਹਾਈ ਪ੍ਰੋਫਾਈਲ ਕੇਸ ਵਿੱਚ ਪੁਲਿਸ ਨੇ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਆਪਣੇ ਬਚਾਅ ਵਿੱਚ ਸਬੂਤ ਪੇਸ਼ ਕਰਨ ਦਾ ਮੌਕਾ ਦਿੱਤਾ।

ਤਸਵੀਰ ਸਰੋਤ, PRASHANT PANDEY
ਇੱਥੇ ਇਹ ਵੀ ਮਹੱਤਵਪੂਰਨ ਹੈ ਕਿ ਆਸ਼ੀਸ਼ ਮਿਸ਼ਰਾ ਕਤਲ ਦੇ ਮਾਮਲੇ ਵਿੱਚ ਨਾ ਤਾਂ ਇਕਲੌਤਾ ਨਾਮਜ਼ਦ ਮੁਲਜ਼ਮ ਹੈ ਅਤੇ ਨਾ ਹੀ ਘਟਨਾ ਦਾ ਉਹ ਇਕਲੌਤਾ ਚਸ਼ਮਦੀਦ ਗਵਾਹ ਹੈ।
ਅਜਿਹੀ ਸਥਿਤੀ ਵਿੱਚ, ਇਹ ਸਮਝਣਾ ਮੁਸ਼ਕਲ ਨਹੀਂ ਹੈ ਕਿ ਪੁਲਿਸ ਦੇ ਇਸ ਸਲੀਕੇ ਦਾ ਇੱਕ ਕਾਰਨ ਆਸ਼ੀਸ਼ ਮਿਸ਼ਰਾ ਦੇ ਪਿਤਾ ਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਹੋਣਾ ਵੀ ਹੋ ਸਕਦਾ ਹੈ।
ਪਹਿਲੇ ਸੰਮਨ 'ਤੇ ਆਸ਼ੀਸ਼ ਮਿਸ਼ਰਾ ਸਥਾਨਕ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੂਜਾ ਸੰਮਨ ਜਾਰੀ ਕਰਦੇ ਹੋਏ ਸ਼ਨੀਵਾਰ ਸਵੇਰੇ 11 ਵਜੇ ਤੱਕ ਪਹੁੰਚਣ ਦਾ ਸਮਾਂ ਦਿੱਤਾ ਗਿਆ।
ਇਹ ਵੀ ਪੜ੍ਹੋ:
- ਲਖੀਮਪੁਰ ਖੀਰੀ ਹਿੰਸਾ: ਆਸ਼ੀਸ਼ ਮਿਸ਼ਰਾ ਨੂੰ ਅੱਧੀ ਰਾਤ ਨੂੰ ਕਿਵੇਂ ਗ੍ਰਿਫ਼ਤਾਰ ਕੀਤਾ ਗਿਆ
- ਲਖੀਮਪੁਰ ਖੀਰੀ ਹਿੰਸਾ: ਆਸ਼ੀਸ਼ ਮਿਸ਼ਰਾ ਗ੍ਰਿਫ਼ਤਾਰੀ ਮਗਰੋਂ ਸੋਮਵਾਰ ਤੱਕ ਨਿਆਂਇਕ ਹਿਰਾਸਤ 'ਚ
- ਲਖੀਮਪੁਰ ਖੀਰੀ: ਕਿਸਾਨਾਂ ਤੇ ਸਰਕਾਰ ਵਿਚਾਲੇ ਇਨ੍ਹਾਂ ਸ਼ਰਤਾਂ ਨਾਲ ਹੋਇਆ ਸਮਝੌਤਾ, ਮੰਤਰੀ ਕੀ ਦੇ ਰਹੇ ਸਫ਼ਾਈ
- ਲਖੀਮਪੁਰ ਖੀਰੀ ਤੋਂ ਗਰਾਉਂਡ ਰਿਪੋਰਟ: ਗਮ, ਗੁੱਸਾ, ਹੰਝੂ ਤੇ ਵੈਣਾਂ ਵਾਲਾ ਮੰਜ਼ਰ
- ਲਖੀਮਪੁਰ ਖੀਰੀ 'ਚ ਵਸਦੇ ਸਿੱਖ: 'ਲੋਕਾਂ ਨੂੰ ਲਗਦਾ ਹੈ ਸਰਦਾਰ ਐਸ਼ ਕਰ ਰਹੇ ਨੇ ਪਰ ਇਸ ਪਿੱਛੇ ਲੰਬਾ ਸੰਘਰਸ਼ ਹੈ'
ਵਿਕਰਮ ਸਿੰਘ ਕਹਿੰਦੇ ਹਨ, "ਉਹ ਪਹਿਲੇ ਨੋਟਿਸ 'ਤੇ ਬੀਮਾਰ ਹੋ ਗਏ। ਇਹ ਤਾਂ ਮੀਡੀਆ ਦਾ ਦਬਾਅ ਪਿਆ ਕਿ ਉਹ ਪੇਸ਼ ਹੋ ਗਏ। ਨਹੀਂ ਤਾਂ ਉਹ ਹੋਰ ਬੀਮਾਰ ਹੁੰਦੇ।''
''ਪੁਲਿਸ ਕੋਲ ਵਧੀਆ ਸਹੂਲਤਾਂ ਹਨ, ਜੇ ਉਹ ਬਿਮਾਰ ਹੋਏ ਤਾਂ ਉਨ੍ਹਾਂ ਦਾ ਇਲਾਜ ਲਖਨਊ ਦੇ ਹਸਪਤਾਲ ਵਿੱਚ ਹੁੰਦਾ। ਵਧੀਆ ਤੋਂ ਵਧੀਆ ਇਲਾਜ ਜੇਲ੍ਹ ਦੇ ਅੰਦਰ ਹੀ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿੱਚ ਇੰਨੀ ਉਦਾਰਵਾਦੀ ਪਹੁੰਚ ਦਿਖਾਉਣਾ ਉਚਿਤ ਨਹੀਂ ਹੈ।"
ਵਿਰੋਧੀ ਧਿਰ ਵੀ ਇਸ ਮੁੱਦੇ ਨੂੰ ਤੂਲ ਦੇ ਰਹੀ ਹੈ। ਕਾਂਗਰਸ ਪਾਰਟੀ ਦੇ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਨੇ ਕਿਹਾ, ''ਕਿਸਾਨਾਂ ਨੂੰ ਲਤਾੜਨ ਵਾਲਾ ਮੁਲਜ਼ਮ ਗ੍ਰਿਫਤਾਰ ਜ਼ਰੂਰ ਹੋਇਆ ਹੈ ਪਰ ਉਸ ਦੇ ਪਿਤਾ ਅਜੇ ਵੀ ਦੇਸ਼ ਦੇ ਗ੍ਰਹਿ ਰਾਜ ਮੰਤਰੀ ਹਨ, ਉਨ੍ਹਾਂ ਦੇ ਅਧੀਨ ਭਾਰਤ ਦੇ ਸਾਰੇ ਰਾਜਾਂ ਦੀ ਪੁਲਿਸ ਆਉਂਦੀ ਹੈ, ਉਹ ਵਾਰ -ਵਾਰ ਇਹ ਕਹਿ ਰਹੇ ਹਨ ਮੇਰਾ ਬੇਟਾ ਬੇਕਸੂਰ ਹੈ, ਉਸ ਨੂੰ ਕਲੀਨ ਚਿੱਟ ਦੇ ਰਹੇ ਹਨ, ਤਾਂ ਅਜਿਹੇ ਵਿੱਚ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੀ ਪੁਲਿਸ ਨਿਰਪੱਖ ਜਾਂਚ ਕਿਵੇਂ ਕਰੇਗੀ?"
ਹਾਲਾਂਕਿ, ਇਸ ਘਟਨਾ ਦੀ ਜਾਂਚ ਵਿੱਚ ਸ਼ਾਮਲ ਸਾਰੇ ਪੁਲਿਸ ਅਫ਼ਸਰ ਪਹਿਲੇ ਦਿਨ ਤੋਂ ਕਹਿ ਰਹੇ ਸਨ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਅਮਨ-ਕਾਨੂੰਨ ਕਾਇਮ ਰੱਖਣਾ ਹੈ, ਇਸ ਲਈ ਜਾਂਚ ਵਿੱਚ ਦੇਰੀ ਹੋ ਰਹੀ ਹੈ।
ਪੁਲਿਸ ਉੱਪਰ ਦਬਾਅ

ਤਸਵੀਰ ਸਰੋਤ, ANANT ZANANE/BBC
ਉੱਤਰ ਪ੍ਰਦੇਸ਼ ਦੇ ਸੀਨੀਅਰ ਸਿਆਸੀ ਪੱਤਰਕਾਰ ਰਾਮਦੱਤ ਤ੍ਰਿਪਾਠੀ ਦਾ ਵੀ ਮੰਨਣਾ ਹੈ ਕਿ ਪੁਲਿਸ 'ਤੇ ਦਬਾਅ ਹੈ।
ਤ੍ਰਿਪਾਠੀ ਕਹਿੰਦੇ ਹਨ, "ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਪੁਲਿਸ 'ਤੇ ਸਰਕਾਰ ਦਾ ਦਬਾਅ ਹੈ। ਮੁੱਖ ਮੰਤਰੀ ਨੇ ਖੁਦ ਕਿਹਾ ਕਿ ਸਬੂਤਾਂ ਤੋਂ ਬਿਨਾਂ ਕੋਈ ਗ੍ਰਿਫਤਾਰੀ ਨਹੀਂ ਹੋਵੇਗੀ।''
''ਇਹ ਸ਼ੱਕ ਹੋ ਸਕਦਾ ਹੈ ਕਿ ਮੰਤਰੀ ਦੇ ਪੁੱਤਰ ਜੀਪ ਵਿੱਚ ਸਨ ਜਾਂ ਨਹੀਂ। ਉਨ੍ਹਾਂ ਦੀ ਕੀ ਭੂਮਿਕਾ ਹੈ ਅਤੇ ਕਿੰਨੀ ਕੁ ਭੂਮਿਕਾ ਹੈ ਪਰ ਵੀਡੀਓ ਤੋਂ ਇਹ ਸਪੱਸ਼ਟ ਹੈ ਕਿ ਗੱਡੀ ਬਹੁਤ ਹੀ ਲਾਪਰਵਾਹੀ ਨਾਲ ਚਲਾਈ ਗਈ ਸੀ ਅਤੇ ਉਹੀ ਇਕਲੌਤੇ ਨਾਮਜ਼ਦ ਮੁਲਜ਼ਮ ਵੀ ਹਨ, ਪਹਿਲੇ ਦਿਨ ਹੀ ਗ੍ਰਿਫਤਾਰੀ ਹੋ ਜਾਣੀ ਚਾਹੀਦੀ ਸੀ।"
ਹਾਲਾਂਕਿ, ਭਾਜਪਾ ਦੇ ਸੂਬਾਈ ਬੁਲਾਰੇ ਨਵੀਨ ਸ਼੍ਰੀਵਾਸਤਵ ਮੁਤਾਬਕ, ਯੋਗੀ ਆਦਿੱਤਿਆਨਾਥ ਸਰਕਾਰ ਨੇ ਹਰ ਸੰਭਵ ਕਾਰਵਾਈ ਕੀਤੀ ਹੈ।
ਉਨ੍ਹਾਂ ਕਿਹਾ, "ਲਖੀਮਪੁਰ ਖੀਰੀ ਘਟਨਾ ਮੰਦਭਾਗੀ ਹੈ ਅਤੇ ਐਸਆਈਟੀ ਜਾਂਚ ਕਰ ਰਹੀ ਹੈ। ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਗ੍ਰਿਫਤਾਰੀ ਵੀ ਹੋ ਗਈ ਹੈ।''
''ਇਹ ਯੋਗੀ ਸਰਕਾਰ ਵਿੱਚ ਹੀ ਸੰਭਵ ਹੈ ਕਿ ਇੱਕ ਕੇਂਦਰੀ ਮੰਤਰੀ ਦੇ ਪੁੱਤਰ ਤੋਂ ਪੁੱਛਗਿੱਛ ਕੀਤੀ ਗਈ ਅਤੇ ਫਿਰ ਗ੍ਰਿਫਤਾਰੀ ਹੋਈ। ਇੰਨੀ ਵੱਡੀ ਘਟਨਾ ਹੋਈ, ਮੰਦਭਾਗੀ ਸੀ, ਪੁਲਿਸ ਦੀ ਪਹਿਲੀ ਤਰਜੀਹ ਅਮਨ ਕਾਨੂੰਨ ਬਣਾਈ ਰੱਖਣਾ ਸੀ।"
ਇਸ ਗ੍ਰਿਫ਼ਤਾਰੀ ਬਾਰੇ ਸਮਾਜਵਾਦੀ ਪਾਰਟੀ ਦੇ ਨੇਤਾ ਅਭਿਸ਼ੇਕ ਮਿਸ਼ਰਾ ਦਾ ਕਹਿਣਾ ਹੈ, "ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਇੱਕ ਤਰ੍ਹਾਂ ਨਾਲ ਸਿਰਫ ਪੁਲਿਸ ਦਾ ਦਿਖਾਵਾ ਹੈ। ਇਸਦਾ ਬਹੁਤਾ ਮਤਲਬ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਅਜੇ ਵੀ ਕੇਂਦਰੀ ਗ੍ਰਹਿ ਰਾਜ ਮੰਤਰੀ ਹਨ।''
''ਪੁਲਿਸ ਬਲ ਖਾਸ ਕਰਕੇ ਆਈਪੀਐੱਸ ਅਧਿਕਾਰੀਆਂ ਉੱਪਰ ਉਨ੍ਹਾਂ ਦੇ ਵਿਭਾਗ ਦਾ ਬਹੁਤ ਜ਼ਿਆਦਾ ਕੰਟਰੋਲ ਹੁੰਦਾ ਹੈ, ਇਸ ਲਈ ਕੋਈ ਵੀ ਇਸ ਮਾਮਲੇ ਦੀ ਸਹੀ ਤਰ੍ਹਾਂ ਜਾਂਚ ਕਰ ਸਕੇਗਾ, ਸਿਰਫ ਸਾਨੂੰ ਹੀ ਨਹੀਂ ਬਲਕਿ ਸਾਰਿਆਂ ਨੂੰ ਇਸ ਬਾਰੇ ਸ਼ੱਕ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਤੋਂ ਇਲਾਵਾ ਇਸ ਮਾਮਲੇ ਦੀ ਜਾਂਚ ਵਿੱਚ ਵੀ ਦੇਰੀ ਹੋਈ ਹੈ। ਮੀਡੀਆ ਅਤੇ ਬਹੁਤ ਸਾਰੇ ਲੋਕਾਂ ਦਾ ਪੰਜ ਦਿਨਾਂ ਤੋਂ ਘਟਨਾ ਵਾਲੀ ਥਾਂ 'ਤੇ ਆਉਣਾ ਜਾਣਾ ਲੱਗਿਆ ਹੋਇਆ ਹੈ ਅਤੇ ਅਜਿਹੀ ਸਥਿਤੀ ਵਿੱਚ, ਮੌਕੇ 'ਤੇ ਮੌਜੂਦ ਸਬੂਤਾਂ ਦੇ ਗਾਇਬ ਹੋਣ ਦੀ ਸੰਭਾਵਨਾ ਹੈ।
ਉੱਤਰ ਪ੍ਰਦੇਸ਼ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਵਿਕਰਮ ਸਿੰਘ ਨੇ ਕਿਹਾ, "ਪੁਲਿਸ ਨੇ ਅਪਰਾਧ ਵਾਲੀ ਥਾਂ ਨੂੰ ਸੁਰੱਖਿਅਤ ਨਹੀਂ ਕੀਤਾ। ਹੰਗਾਮਾ ਚਲਦਾ ਰਿਹਾ। ਮੀਡੀਆ ਅਤੇ ਆਮ ਲੋਕ ਆਉਂਦੇ ਜਾਂਦੇ ਰਹੇ।''
''ਪੁਲਿਸ ਨੇ ਹਥਿਆਰਾਂ ਦੀ ਵਰਤੋਂ ਕਰਨ ਦੀ ਗੱਲ ਕੀਤੀ ਹੈ, ਤਾਂ ਫਿਰ ਛਾਪੇਮਾਰੀ ਕਰਕੇ ਹਥਿਆਰ ਫੜੇ ਕਿਉਂ ਨਹੀਂ ਗਏ। ਜੇ ਪਿਸਤੌਲ ਨਾਲ ਛੇੜਛਾੜ ਹੁੰਦੀ ਹੈ ਤਾਂ ਜ਼ਿੰਮੇਵਾਰੀ ਕੌਣ ਲਵੇਗਾ। "
ਆਸ਼ੀਸ਼ ਮਿਸ਼ਰਾ ਦੀ ਥਾਰ ਜੀਪ ਵਿੱਚੋਂ ਜ਼ਿੰਦਾ ਕਾਰਤੂਸ ਮਿਲਣ ਦੇ ਮਾਮਲੇ 'ਤੇ ਆਸ਼ੀਸ਼ ਮਿਸ਼ਰਾ ਦੇ ਵਕੀਲ ਅਵਧੇਸ਼ ਕੁਮਾਰ ਨੇ ਕਿਹਾ," ਗੱਡੀ ਤਾਂ ਸਾੜ ਦਿੱਤੀ ਗਈ ਸੀ ਤਾਂ ਕਾਰਤੂਸ ਕਿਵੇਂ ਬਚਿਆ, ਇਹ ਬਾਹਰੋਂ ਪਾਇਆ ਗਿਆ ਹੋ ਸਕਦਾ ਹੈ। ਪੁਲਿਸ ਜੋ ਕਹਿ ਰਹੀ ਹੈ ਜ਼ਰੂਰੀ ਨਹੀਂ ਕਿ ਉਹ ਸਭ ਠੀਕ ਹੋਵੇ। ਇਹ ਤਾਂ ਫ਼ੈਸਲਾ ਅਦਾਲਤ ਵਿੱਚ ਹੋਵੇਗਾ। "
ਆਸ਼ੀਸ਼ ਮਿਸ਼ਰਾ ਦੇ ਵਕੀਲ ਅਵਧੇਸ਼ ਕੁਮਾਰ ਦੇ ਅਨੁਸਾਰ ਆਸ਼ੀਸ਼ ਘਟਨਾ ਦੇ ਸਮੇਂ ਤਿਕੂਨੀਆਂ ਪਿੰਡ ਵਿੱਚ ਘਟਨਾ ਵਾਲੀ ਥਾਂ ਤੋਂ ਦੂਰ ਸੀ। ਪੁਲਿਸ ਨੂੰ ਇਹ ਦਿਖਾਉਣ ਲਈ ਲਗਭਗ 150 ਤਸਵੀਰਾਂ ਅਤੇ ਵੀਡਿਓ ਪੇਸ਼ ਕੀਤੀਆਂ ਗਈਆਂ ਹਨ।

ਤਸਵੀਰ ਸਰੋਤ, PRASHANT PANDEY
ਮੰਤਰੀ ਦੀਆਂ ਮੁਸ਼ਕਲਾਂ ਕਾਇਮ ਹਨ
ਦੂਜੇ ਪਾਸੇ ਕਿਸਾਨਾਂ ਨੇ ਆਪਣਾ ਅੰਦੋਲਨ ਹੋਰ ਵਧਾਉਣ ਦਾ ਐਲਾਨ ਕੀਤਾ ਹੈ। 12 ਅਕਤੂਬਰ ਨੂੰ ਲਖੀਮਪੁਰ ਦੇ ਤਿਕੂਨੀਆਂ ਵਿੱਚ ਇੱਕ ਸੋਗ ਸਭਾ ਰੱਖੀ ਗਈ ਹੈ ਜਿਸ ਵਿੱਚ ਸੈਂਕੜੇ ਕਿਸਾਨ ਅਤੇ ਕਿਸਾਨ ਆਗੂ ਹਿੱਸਾ ਲੈਣਗੇ ਅਤੇ ਇਸ ਤੋਂ ਬਾਅਦ 26 ਅਕਤੂਬਰ ਨੂੰ ਇੱਕ ਕਿਸਾਨ ਮਹਾਪੰਚਾਇਤ ਦਾ ਵੀ ਐਲਾਨ ਕੀਤਾ ਗਿਆ ਹੈ।
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਰਾਜਨੀਤਿਕ ਭਵਿੱਖ 'ਤੇ ਵੀ ਸਵਾਲ ਹੈ। ਹਾਲਾਂਕਿ, ਉਹ ਇਸ ਘਟਨਾ ਤੋਂ ਬਾਅਦ ਨਾ ਸਿਰਫ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਹਨ ਬਲਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਚੋਣ ਤਿਆਰੀ ਮੀਟਿੰਗ ਵਿੱਚ ਵੀ ਹਿੱਸਾ ਲਿਆ ਹੈ।
ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਖਨਊ ਵਿੱਚ ਇੱਕ ਸਭਾ ਨੂੰ ਸੰਬੋਧਨ ਕੀਤਾ ਹੈ ਪਰ ਉਨ੍ਹਾਂ ਨੇ ਅਜੇ ਤੱਕ ਇਸ ਘਟਨਾ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਦੂਜੇ ਪਾਸੇ, ਵਿਰੋਧੀ ਧਿਰ ਅਤੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਦੇ ਅਨੁਸਾਰ ਸਰਕਾਰ ਨੂੰ ਨਿਰਪੱਖ ਜਾਂਚ ਲਈ ਮੰਤਰੀ ਅਜੈ ਮਿਸ਼ਰ ਟੇਨੀ ਤੋਂ ਅਸਤੀਫ਼ਾ ਲੈ ਲੈਣਾ ਚਾਹੀਦਾ ਹੈ।
ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਅਹੁਦੇ ਅਤੇ ਰੁਤਬੇ ਰਾਹੀਂ ਮੰਤਰੀ ਆਪਣੇ ਬੇਟੇ ਦੇ ਖਿਲਾਫ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਕੇਂਦਰੀ ਮੰਤਰੀ ਇਸ ਸਮੇਂ ਲਖੀਮਪੁਰ ਖੀਰੀ ਵਿੱਚ ਮੌਜੂਦ ਹਨ। ਆਪਣੇ ਬੇਟੇ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ, ਉਨ੍ਹਾਂ ਨੇ ਆਪਣੇ ਸੰਸਦੀ ਦਫਤਰ ਵਿੱਚ ਵਰਕਰਾਂ ਨੂੰ ਕਿਹਾ, "ਦੇਸ਼ ਵਿੱਚ ਕਾਨੂੰਨ ਦਾ ਰਾਜ ਹੈ, ਸਾਡੀਆਂ ਸਰਕਾਰਾਂ ਨਿਰਪੱਖ ਤਰੀਕੇ ਨਾਲ ਕੰਮ ਕਰਨਗੀਆਂ ਅਤੇ ਜਾਂਚ ਏਜੰਸੀਆਂ ਸਹੀ ਢੰਗ ਨਾਲ ਕੰਮ ਕਰਨਗੀਆਂ, ਮੁਲਜ਼ਮਾਂ ਨੂੰ ਸਜ਼ਾ ਮਿਲੇਗੀ ਅਤੇ ਬੇਗੁਨਾਹਾਂ ਉੱਪਰ ਕੋਈ ਕਾਰਵਾਈ ਨਹੀਂ ਹੋਵੇਗੀ।"
ਕਾਂਗਰਸ ਦੇ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਨੇ ਇਸ ਮੁੱਦੇ 'ਤੇ ਕਿਹਾ, "ਮੰਤਰੀ ਨੇ ਹੀ ਭੜਕਾਊ ਭਾਸ਼ਣ ਦਿੱਤੇ, ਚੁਣੌਤੀਆਂ ਦਿੱਤੀਆਂ, ਧਮਕੀਆਂ ਦਿੱਤੀਆਂ, ਤਾਂ ਉਹ ਵੀ ਇਸ ਦੇ ਸਾਜ਼ਿਸ਼ਕਾਰਾਂ ਵਿੱਚ ਸ਼ਾਮਲ ਹੈ। ਅਜਿਹੇ ਮੰਤਰੀ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਪਰ ਮੋਦੀ ਜੀ ਨੇ ਹੁਣ ਤੱਕ ਕਿਉਂ ਬਰਖਾਸਤ ਨਹੀਂ ਕੀਤਾ?"
ਸੀਨੀਅਰ ਰਾਜਨੀਤਿਕ ਪੱਤਰਕਾਰ ਰਾਮਦੱਤ ਤ੍ਰਿਪਾਠੀ ਦਾ ਕਹਿਣਾ ਹੈ, "ਰਾਜਨੀਤੀ ਵਿੱਚ ਬਹੁਤ ਸਾਰੇ ਕਦਮ ਸਥਾਨਕ ਲੋਕਲਾਜ ਦੇ ਲਈ ਹੁੰਦੇ ਹਨ। ਭਾਵੇਂ ਉਹ ਇਸ ਘਟਨਾ ਦੀ ਸਾਜ਼ਿਸ਼ ਵਿੱਚ ਸ਼ਾਮਲ ਨਾ ਹੋਣ, ਉਨ੍ਹਾਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਤਾਂ ਬਣਦੀ ਹੈ।''
''ਇਹ ਬਹੁਤ ਦੁਖਦਾਈ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਘਟਨਾ ਬਾਰੇ ਦੁੱਖ ਵੀ ਨਹੀਂ ਪਰਗਟਾਇਆ ਹੈ। ਇਹ ਆਪਣੇ ਆਪ ਵਿੱਚ ਸਾਰਿਆਂ ਲਈ ਅਤੇ ਨੌਕਰਸ਼ਾਹੀ ਲਈ ਇੱਕ ਸੰਕੇਤ ਹੈ।"
ਸਮਾਜਵਾਦੀ ਪਾਰਟੀ ਦੇ ਨੇਤਾ ਅਭਿਸ਼ੇਕ ਮਿਸ਼ਰਾ ਦਾ ਕਹਿਣਾ ਹੈ, "ਜਦੋਂ ਤੱਕ ਅਜੇ ਮਿਸ਼ਰ ਅਸਤੀਫ਼ਾ ਨਹੀਂ ਦਿੰਦੇ, ਉਦੋਂ ਤੱਕ ਇਸ ਮਾਮਲੇ ਦੀ ਸਹੀ ਤਰ੍ਹਾਂ ਨਾਲ ਜਾਂਚ ਨਹੀਂ ਹੋ ਸਕਦੀ ਅਤੇ ਜਾਂਚ ਦੇ ਨਾਂ 'ਤੇ ਜੋ ਵੀ ਹੋਵੇਗਾ ਉਹ ਸਿਰਫ ਇੱਕ ਦਿਖਾਵਾ ਹੋਵੇਗਾ। ਸਾਡੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਏ ਅਤੇ ਫਿਰ ਇਸ ਮਾਮਲੇ ਦੀ ਜਾਂਚ ਕਰਵਾਏ। "
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















