ਲਖੀਮਪੁਰ ਖੀਰੀ ਹਿੰਸਾ: ਆਸ਼ੀਸ਼ ਮਿਸ਼ਰਾ ਨੂੰ ਅੱਧੀ ਰਾਤ ਨੂੰ ਕਿਵੇਂ ਗ੍ਰਿਫ਼ਤਾਰ ਕੀਤਾ ਗਿਆ

ਲਖੀਮਪੁਰ ਹਿੰਸਾ
ਤਸਵੀਰ ਕੈਪਸ਼ਨ, ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਹਿਰਾਸਤ ਲਈ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਫਿਰ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ

ਲਖੀਮਪੁਰ ਖੀਰੀ ਦੇ ਤਿਕੁਨੀਆ ਵਿੱਚ ਵਾਹਨ ਨਾਲ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਲਖੀਮਪੁਰ ਖੀਰੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਲਖੀਮਪੁਰ ਖੀਰੀ ਵਿੱਚ ਮੌਜੂਦ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਅਨੰਤ ਝਣਾਣੇ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਕਰੀਬ 12 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ।

ਵੀਡੀਓ ਕੈਪਸ਼ਨ, ਲਖੀਮਪੁਰ ਖੀਰੀ ਘਟਨਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਗ੍ਰਿਫ਼ਤਾਰ

ਮੀਡੀਆ ਨੂੰ ਜਾਣਕਾਰੀ ਦਿੰਦਿਆਂ, ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਡੀਆਈਜੀ ਇੰਚਾਰਜ ਉਪੇਂਦਰ ਅਗਰਵਾਲ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਘੰਟਿਆਂ ਤੱਕ ਚੱਲੀ ਪੁੱਛਗਿੱਛ ਦੌਰਾਨ ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਸਹਿਯੋਗ ਨਹੀਂ ਦੇ ਰਹੇ ਸਨ, ਇਸੇ ਲਈ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਹਿਰਾਸਤ ਲਈ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਫਿਰ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ

ਇਸ ਸਬੰਧ ਵਿੱਚ ਕਿਸਾਨਾਂ ਵੱਲੋਂ ਦਰਜ ਐਫਆਈਆਰ ਵਿੱਚ ਆਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ ਦੇ ਤਿਕੁਨੀਆ ਕਿਸਾਨ ਕਤਲ ਕੇਸ ਦੇ ਮੁੱਖ ਮੁਲਜ਼ਮ ਹਨ।

ਆਸ਼ੀਸ਼ 'ਤੇ ਕਤਲ, ਗੈਰ-ਇਰਾਦਤਨ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਸਣੇ ਹੋਰ ਸਖ਼ਤ ਕਾਨੂੰਨਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਲਖੀਮਪੁਰ ਹਿੰਸਾ
ਤਸਵੀਰ ਕੈਪਸ਼ਨ, ਸ਼ਨੀਵਾਰ ਸਵੇਰੇ ਲਗਭਗ 10.30 ਵਜੇ, ਆਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ ਪੁਲਿਸ ਲਾਈਨ ਵਿਖੇ ਆਪਣਾ ਪੱਖ ਪੇਸ਼ ਕਰਨ ਲਈ ਹਾਜ਼ਰ ਹੋਏ ਸਨ ਅਤੇ ਉਨ੍ਹਾਂ ਦੀ ਪੁੱਛਗਿੱਛ ਲਗਭਗ 12 ਘੰਟਿਆਂ ਤੱਕ ਚੱਲੀ

ਦੂਜੇ ਨੋਟਿਸ ਤੋਂ ਬਾਅਦ ਪੁੱਛਗਿੱਛ ਲਈ ਪੇਸ਼ ਹੋਏ

ਲਖੀਮਪੁਰ ਖੀਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਪਹਿਲਾਂ 40 ਸਾਲਾ ਆਸ਼ੀਸ਼ ਮਿਸ਼ਰਾ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਸੀ ਪਰ ਉਹ ਗੈਰਹਾਜ਼ਰ ਰਹੇ ਸੀ।

ਪਰ ਦੂਜੇ ਨੋਟਿਸ ਤੋਂ ਬਾਅਦ ਉਹ ਸ਼ਨੀਵਾਰ ਨੂੰ ਪੁੱਛਗਿੱਛ ਲਈ ਪਹੁੰਚੇ।

ਸ਼ਨੀਵਾਰ ਸਵੇਰੇ ਲਗਭਗ 10.30 ਵਜੇ, ਆਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ ਪੁਲਿਸ ਲਾਈਨ ਵਿਖੇ ਆਪਣਾ ਪੱਖ ਪੇਸ਼ ਕਰਨ ਲਈ ਹਾਜ਼ਰ ਹੋਏ ਸਨ ਅਤੇ ਉਨ੍ਹਾਂ ਦੀ ਪੁੱਛਗਿੱਛ ਲਗਭਗ 12 ਘੰਟਿਆਂ ਤੱਕ ਚੱਲੀ।

ਸ਼ਨੀਵਾਰ ਨੂੰ ਲਖੀਮਪੁਰ ਖੀਰੀ ਦੇ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਵਿੱਚ ਭਾਰੀ ਪੁਲਿਸ ਸੁਰੱਖਿਆ ਸੀ ਅਤੇ ਇਸ ਦੌਰਾਨ ਆਸ਼ੀਸ਼ ਮਿਸ਼ਰਾ ਆਪਣੇ ਵਕੀਲ ਅਵਧੇਸ਼ ਸਿੰਘ ਅਤੇ ਲਖੀਮਪੁਰ ਸਦਰ ਤੋਂ ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੇ ਨਾਲ ਉੱਥੇ ਪਹੁੰਚੇ।

ਹਾਲਾਂਕਿ ਵਿਧਾਇਕ ਯੋਗੇਸ਼ ਵਰਮਾ ਕੁਝ ਦੇਰ ਬਾਅਦ ਚਲੇ ਗਏ।

ਸ਼ਨੀਵਾਰ ਰਾਤ ਨੂੰ ਆਸ਼ੀਸ਼ ਮਿਸ਼ਰਾ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਲਖੀਮਪੁਰ ਹਿੰਸਾ
ਤਸਵੀਰ ਕੈਪਸ਼ਨ, ਅਜੇ ਮਿਸ਼ਰਾ ਦੇ ਘਰ ਦੇ ਬਾਹਰ ਨੋਟਿਸ ਵੀ ਚਿਪਕਾਇਆ ਗਿਆ ਸੀ

ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਆਸ਼ੀਸ਼ ਦੇ ਵਕੀਲ ਅਵਧੇਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜੁਡੀਸ਼ੀਅਲ ਮੈਜਿਸਟਰੇਟ ਤੋਂ ਤਿੰਨ ਦਿਨਾਂ ਦੀ ਹਿਰਾਸਤ ਮੰਗੀ ਸੀ, ਜਿਸਦਾ ਵਿਰੋਧ ਕੀਤਾ ਗਿਆ ਸੀ ਪਰ ਹੁਣ ਸਥਾਨਕ ਅਦਾਲਤ ਸੋਮਵਾਰ ਨੂੰ ਇਸ ਬਾਰੇ ਫੈਸਲਾ ਕਰੇਗੀ।

ਉਨ੍ਹਾਂ ਦੇ ਵਕੀਲ ਨੇ ਕਿਹਾ, "ਉਹ ਸੋਮਵਾਰ ਸਵੇਰ ਤੱਕ ਜੇਲ੍ਹ ਵਿੱਚ ਨਿਆਇਕ ਹਿਰਾਸਤ ਵਿੱਚ ਰਹਿਣਗੇ। ਸੋਮਵਾਰ ਨੂੰ ਉਸ ਨੂੰ ਸਥਾਨਕ ਅਦਾਲਤ ਵਿੱਚ ਲਿਜਾਇਆ ਜਾਵੇਗਾ, ਜਿੱਥੇ ਸੁਣਵਾਈ ਤੈਅ ਕਰੇਗੀ ਕਿ ਉਸ ਨੂੰ ਪੁਲਿਸ ਹਿਰਾਸਤ ਵਿੱਚ ਭੇਜਣਾ ਚਾਹੀਦਾ ਹੈ ਜਾਂ ਨਹੀਂ।"

ਪਿਤਾ ਅਜੈ ਮਿਸ਼ਰਾ ਟੇਨੀ ਨੇ ਬਚਾਅ ਕੀਤਾ

ਦੂਜੀ ਵਾਰ ਨੋਟਿਸ ਜਾਰੀ ਹੋਣ ਤੋਂ ਬਾਅਦ ਆਸ਼ੀਸ਼ ਮਿਸ਼ਰਾ ਪੁੱਛਗਿੱਛ ਲਈ ਪੁਲਿਸ ਕੋਲ ਪਹੁੰਚੇ ਸਨ।

ਲਖੀਮਪੁਰ ਹਿੰਸਾ

ਤਸਵੀਰ ਸਰੋਤ, FB/Ajay Mishr

ਤਸਵੀਰ ਕੈਪਸ਼ਨ, ਕਿਸਾਨ ਅਜੇ ਮਿਸ਼ਰਾ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ

ਪਹਿਲੇ ਨੋਟਿਸ 'ਤੇ ਪੁੱਛਗਿੱਛ ਲਈ ਨਾ ਪਹੁੰਚਣ 'ਤੇ ਉਨ੍ਹਾਂ ਦੇ ਪਿਤਾ ਅਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੇਨੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਠੀਕ ਨਹੀਂ ਹਨ ਅਤੇ ਉਹ ਉਨ੍ਹਾਂ ਦੇ ਸ਼ਾਹਪੁਰ ਕੋਠੀ ਘਰ ਹਨ।

ਅਜੇ ਮਿਸ਼ਰਾ ਟੇਨੀ ਆਪਣੇ ਬਿਆਨ 'ਤੇ ਕਾਇਮ ਹਨ ਕਿ ਉਨ੍ਹਾਂ ਦਾ ਬੇਟਾ ਮੌਕੇ 'ਤੇ ਮੌਜੂਦ ਨਹੀਂ ਸੀ ਅਤੇ ਨਾ ਹੀ ਉਹ ਕਿਸਾਨਾਂ ਨਾਲ ਟਕਰਾਉਣ ਵਾਲੀ ਕਿਸੇ ਵੀ ਕਾਰ ਵਿੱਚ ਮੌਜੂਦ ਸੀ।

ਉਨ੍ਹਾਂ ਦੱਸਿਆ ਕਿ ਆਸ਼ੀਸ਼ ਆਪਣੇ ਜੱਦੀ ਪਿੰਡ ਬਨਵੀਰਪੁਰ ਵਿੱਚ ਸਲਾਨਾ ਕੁਸ਼ਤੀ ਪ੍ਰੋਗਰਾਮ ਵਿੱਚ ਹਾਜ਼ਰ ਸਨ, ਜੋ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਬਨਵੀਰਪੁਰ ਵਿੱਚ ਬਹੁਤ ਸਾਰੇ ਲੋਕ ਹਨ ਜੋ ਉਸ ਦਿਨ ਪ੍ਰੋਗਰਾਮ ਵਿੱਚ ਮੌਜੂਦ ਸਨ ਅਤੇ ਗਵਾਹੀ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਆਸ਼ੀਸ਼ ਨੂੰ ਦੇਖਿਆ ਸੀ।

ਅਜੇ ਮਿਸ਼ਰਾ ਟੇਨੀ ਨੇ ਕਿਹਾ, "ਜੇ ਮੇਰਾ ਬੇਟਾ ਮੌਕੇ 'ਤੇ ਹੁੰਦਾ, ਤਾਂ ਉਹ ਵੀ ਮਾਰ ਦਿੱਤਾ ਜਾਂਦਾ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪੁੱਛਗਿੱਛ ਵਿੱਚ ਜੋ ਖੁਲਾਸਾ ਹੋਇਆ ਹੈ

ਨਿਊਜ਼ ਚੈਨਲ 'ਐਨਡੀਟੀਵੀ' ਵੈਬਸਾਈਟ 'ਤੇ ਆਪਣੀ ਖ਼ਬਰ ਵਿੱਚ ਲਿਖਦਾ ਹੈ ਕਿ ਆਸ਼ੀਸ਼ ਮਿਸ਼ਰਾ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਹ ਹਿੰਸਾ ਦੇ ਸਮੇਂ ਕਿੱਥੇ ਮੌਜੂਦ ਸਨ ਇਸਦਾ ਸਹੀ ਜਵਾਬ ਨਹੀਂ ਦੇ ਸਕੇ।

ਆਸ਼ੀਸ਼ ਮਿਸ਼ਰਾ ਨੇ ਕਿਹਾ ਸੀ ਕਿ ਉਹ ਘਟਨਾ ਸਥਾਨ ਤੋਂ 4-5 ਕਿਲੋਮੀਟਰ ਦੂਰ ਪ੍ਰੋਗਰਾਮ ਵਿੱਚ ਮੌਜੂਦ ਸਨ, ਜਦੋਂ ਕਿ ਪ੍ਰੋਗਰਾਮ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਨੇ ਦੱਸਿਆ ਸੀ ਕਿ ਆਸ਼ੀਸ਼ ਦੁਪਹਿਰ ਦੋ ਤੋਂ ਚਾਰ ਵਜੇ ਦੇ ਵਿੱਚ ਲਾਪਤਾ ਸੀ।

ਅਖ਼ਬਾਰ 'ਹਿੰਦੁਸਤਾਨ ਟਾਈਮਜ਼' ਲਿਖਦਾ ਹੈ ਕਿ ਆਸ਼ੀਸ਼ ਤੋਂ ਉਸ ਦੇ ਟਿਕਾਣੇ ਅਤੇ ਘਟਨਾ ਵਿੱਚ ਉਸ ਦੀ ਭੂਮਿਕਾ ਬਾਰੇ ਕਈ ਸਵਾਲ ਪੁੱਛੇ ਗਏ ਸਨ।

ਅਖ਼ਬਾਰ ਨੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਨੌਂ ਮੈਂਬਰੀ ਜਾਂਚ ਕਮੇਟੀ ਨੇ ਆਸ਼ੀਸ਼ ਲਈ 40 ਪ੍ਰਸ਼ਨ ਤਿਆਰ ਕੀਤੇ ਸਨ, ਜਿਨ੍ਹਾਂ ਵਿੱਚੋਂ ਉਹ ਘਟਨਾ ਦੇ ਸਮੇਂ ਆਪਣਾ ਟਿਕਾਣਾ ਸਪੱਸ਼ਟ ਨਹੀਂ ਕਰ ਸਕਿਆ।

ਯੂਪੀ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਛੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਵਿੱਚੋਂ ਤਿੰਨ ਦੀ ਹਿੰਸਾ ਦੌਰਾਨ ਮੌਤ ਹੋ ਗਈ, ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਆਸ਼ੀਸ਼ ਮਿਸ਼ਰਾ ਹੈ ਜਦਕਿ ਇੱਕ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)