ਅਜੇ ਮਿਸ਼ਰਾ: 9 ਸਾਲ ਪਹਿਲਾਂ ਵਿਧਾਇਕ ਬਣਿਆ ਆਗੂ ਇੰਝ ਬਣਿਆ ਕੇਂਦਰੀ ਮੰਤਰੀ

ਅਜੇ ਮਿਸ਼ਰਾ

ਤਸਵੀਰ ਸਰੋਤ, FB/Ajay Mishr Teni

ਤਸਵੀਰ ਕੈਪਸ਼ਨ, ਲਖੀਮਪੁਰ ਖੀਰੀ ਵਿੱਚ ਗੱਡੀ ਨਾਲ ਦਰੜ ਕੇ ਕਿਸਾਨਾਂ ਦੀ ਮੌਤ ਤੋਂ ਬਾਅਦ ਕੇਂਦਰੀ ਮੰਤਰੀ ਅਜੇ ਮਿਸ਼ਰਾ ਤੇ ਉਨ੍ਹਾਂ ਦਾ ਪੁੱਤਰ ਚਰਚਾ ਵਿੱਚ ਹੈ
    • ਲੇਖਕ, ਰਾਘਵੇਂਦਰ ਰਾਓ
    • ਰੋਲ, ਬੀਬੀਸੀ ਪੱਤਰਕਾਰ

ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਖ਼ਿਲਾਫ਼ ਐਫਆਈਆਰ ਦਰਜ ਹੋ ਗਈ ਹੈ ਤੇ ਇਸ ਦੇ ਨਾਲ ਹੀ ਇਹ ਮੰਗ ਜ਼ੋਰ ਫੜ ਰਹੀ ਹੈ ਕਿ ਅਜੇ ਮਿਸ਼ਰਾ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਘਟਨਾ ਦੀ ਨਿਰਪੱਖ ਜਾਂਚ ਹੋ ਸਕੇ।

ਅਜੇ ਮਿਸ਼ਰਾ ਨੇ ਆਪਣੇ ਅਤੇ ਆਪਣੇ ਪੁੱਤਰ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਗ਼ਲਤ ਕਰਾਰ ਦਿੱਤਾ ਹੈ ਪਰ ਭਾਜਪਾ ਸਰਕਾਰ ਵਿੱਚ ਮੰਤਰੀ ਹੋਣ ਕਾਰਨ ਆਲੋਚਨਾ ਦੇ ਕੇਂਦਰ ਵਿੱਚ ਉਹੀ ਹਨ।

ਵਿਰੋਧੀ ਧਿਰ ਇਸ ਮਾਮਲੇ ਦੀ ਨਿਰਪੱਖ ਜਾਂਚ 'ਤੇ ਕੇਵਲ ਇਸ ਲਈ ਖਦਸ਼ਾ ਨਹੀਂ ਜਤਾ ਰਹੀ ਕਿ ਅਜੇ ਮਿਸ਼ਰਾ ਗ੍ਰਹਿ ਰਾਜ ਮੰਤਰੀ ਹੋਣ ਦੇ ਨਾਤੇ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ, ਬਲਕਿ ਯੂਪੀ ਦੀ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ (ਅਜੇ ਮਿਸ਼ਰਾ) ਦੇ ਅਕਸ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਇੱਕ ਦਬੰਗ ਅਕਸ ਵਾਲਾ ਨੇਤਾ ਮੰਨਿਆ ਜਾਂਦਾ ਹੈ।

ਵੀਡੀਓ ਕੈਪਸ਼ਨ, ਲਖੀਮਪੁਰ ਖੀਰੀ ਦੀ ਘਟਨਾ 'ਤੇ ਭਾਜਪਾ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਦੀ ਸਫ਼ਾਈ

ਜਦੋਂ ਮੋਦੀ ਮੰਤਰੀ ਮੰਡਲ ਵਿੱਚ ਮਿਲੀ ਥਾਂ

ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਤੋਂ ਕੁਝ ਹੀ ਦਿਨ ਪਹਿਲਾਂ, ਸੰਪੂਰਣਾਨਗਰ ਵਿੱਚ ਹੋਈ ਇੱਕ ਬੈਠਕ ਵਿੱਚ ਅਜੇ ਮਿਸ਼ਰਾ ਦੇ ਆਪਣੇ ਅਕਸ ਮੁਤਾਬਕ ਕਿਸਾਨ ਅੰਦੋਲਨ ਪ੍ਰਤੀ ਕਾਫੀ ਸਖ਼ਤ ਤੇਵਰ ਵਿੱਚ ਨਜ਼ਰ ਆਏ ਸਨ।

ਇਸ ਆਯੋਜਨ ਦੇ ਇੱਕ ਵੀਡੀਓ ਵਿੱਚ ਅਜੇ ਮਿਸ਼ਰਾ ਕਹਿੰਦੇ ਹਨ, "ਅਜਿਹੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸੁਧਰ ਜਾਓ... ਨਹੀਂ ਤਾਂ ਆ ਕੇ ਸਾਹਮਣਾ ਕਰੋ, ਅਸੀਂ ਤੁਹਾਨੂੰ ਸੁਧਾਰ ਦੇਵਾਂਗੇ, ਸਿਰਫ ਦੋ ਮਿੰਟ ਲੱਗਣਗੇ।"

"ਮੈਂ ਕੇਵਲ ਮੰਤਰੀ ਨਹੀਂ ਹਾਂ, ਜਾਂ ਸਾਂਸਦ ਵਿਧਾਇਕ ਨਹੀਂ ਹਾਂ, ਜਿਹੜੇ (ਲੋਕ) ਵਿਧਾਇਕ ਅਤੇ ਸਾਂਸਦ ਬਣਨ ਤੋਂ ਪਹਿਲਾਂ ਤੋਂ ਮੇਰੇ ਬਾਰੇ ਜਾਣਦੇ ਹੋਣਗੇ, ਉਨ੍ਹਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਮੈਂ ਕਿਸੇ ਚੁਣੌਤੀ ਤੋਂ ਭੱਜਦਾ ਨਹੀਂ ਹਾਂ।"

"ਜਿਸ ਦਿਨ ਮੈਂ ਉਸ ਚੁਣੌਤੀ ਨੂੰ ਸਵੀਕਾਰ ਕਰਕੇ ਕੰਮ ਕਰ ਲਿਆ, ਉਸ ਦਿਨ ਲਖੀਮਪੁਰ ਤੱਕ ਛੱਡਣਾ ਪੈ ਜਾਏਗਾ, ਇਹ ਯਾਦ ਰੱਖਣਾ।"

ਇਸੇ ਸਾਲ 8 ਜੁਲਾਈ ਨੂੰ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਵਿਸਥਾਰ ਵਿੱਚ ਅਜੇ ਮਿਸ਼ਰਾ ਨੂੰ ਥਾਂ ਮਿਲਣਾ ਕਾਫੀ ਹੈਰਾਨੀਜਨਕ ਸੀ।

ਉੱਤਰ ਪ੍ਰਦੇਸ਼ ਦੀ ਰਾਜਨੀਤੀ 'ਤੇ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕ ਵੀ ਇਸ ਗੱਲ ਨੂੰ ਲੈ ਕੇ ਹੈਰਾਨ ਸਨ ਕਿ ਮਿਸ਼ਰਾ ਨੇ ਇੰਨੇ ਘੱਟ ਸਮੇਂ ਵਿੱਚ ਇੰਨੀ ਲੰਬੀ ਛਾਲ ਕਿਵੇਂ ਮਾਰੀ।

ਪਹਿਲੀ ਵਾਰ ਵਿਧਾਇਕ ਬਣਨ ਤੋਂ ਨੌ ਸਾਲ ਦੇ ਅੰਦਰ ਹੀ ਦੇਸ਼ ਦਾ ਗ੍ਰਹਿ ਰਾਜ ਮੰਤਰੀ ਬਣਨਾ ਕੋਈ ਛੋਟੀ ਗੱਲ ਨਹੀਂ ਹੈ।

ਅਜੇ ਮਿਸ਼ਰਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਅਜੇ ਮਿਸ਼ਰਾ ਨੇ ਆਪਣੇ ਅਤੇ ਆਪਣੇ ਪੁੱਤਰ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਗ਼ਲਤ ਕਿਹਾ ਹੈ

ਖਾਸ ਤੌਰ 'ਤੇ ਅਜਿਹੇ ਸਮੇਂ ਜਦੋਂ ਮੋਦੀ ਸਰਕਾਰ ਦੇ ਕੈਬਿਨਟ ਵਿਸਥਾਰ ਨੂੰ ਇਸ ਤਰ੍ਹਾਂ ਨਾਲ ਪੇਸ਼ ਕੀਤਾ ਜਾ ਰਿਹਾ ਸੀ ਕਿ ਇਹ ਪੱਛੜੀ ਜਾਤੀ ਦੇ ਨੇਤਾਵਾਂ ਨੂੰ ਅਗਵਾਈ ਦੇਣ ਦੀ ਇੱਕ ਕੋਸ਼ਿਸ਼ ਹੈ, ਜਦਕਿ ਅਜੇ ਮਿਸ਼ਰਾ ਬ੍ਰਾਹਮਣ ਹਨ।

ਇਸ ਤੋਂ ਪਹਿਲਾਂ ਵੀ ਉਹ ਮਹਿਜ਼ ਦੋ ਸਾਲ ਦੇ ਸਮੇਂ ਵਿੱਚ ਹੀ ਵਿਧਾਇਕ ਤੋਂ ਸਾਂਸਦ ਬਣ ਗਏ ਸਨ।

ਅਜੇ ਮਿਸ਼ਰਾ ਦਾ ਪਿਛੋਕੜ

ਉੱਤਰ ਪ੍ਰਦੇਸ਼ ਦੇ ਤਰਾਈ ਵਾਲੇ ਇਲਾਕੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਬਨਵੀਰਪੁਰ ਪਿੰਡ ਵਿੱਚ ਪੈਦਾ ਹੋਏ ਅਜੇ ਮਿਸ਼ਰਾ (61 ਸਾਲਾ) ਨੇ ਕਾਨਪੁਰ ਦੇ ਕ੍ਰਾਇਸਟ ਚਰਚ ਕਾਲਜ ਤੋਂ ਵਿਗਿਆਨ ਅਤੇ ਡੀਏਵੀ ਕਾਲਜ ਕਾਨਪੁਰ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਹੈ।

ਉਨ੍ਹਾਂ ਦੇ ਕਰੀਬੀ ਉਨ੍ਹਾਂ ਨੂੰ ਟੇਨੀ ਨਾਮ ਨਾਲ ਬੁਲਾਉਂਦੇ ਹਨ। ਉਨ੍ਹਾਂ ਦਾ ਰੁਝਾਨ ਖੇਡਾਂ ਖਾਸ ਤੌਰ 'ਤੇ ਕ੍ਰਿਕੇਟ, ਪਾਵਰ ਲਿਫਟਿੰਗ ਅਤੇ ਕੁਸ਼ਤੀ ਵੱਲ ਰਿਹਾ ਹੈ।

ਵਿਦਿਆਰਥੀ ਰਹਿੰਦਿਆਂ ਉਨ੍ਹਾਂ ਨੇ ਇਨ੍ਹਾਂ ਖੇਡਾਂ ਵਿੱਚ ਜ਼ਿਲ੍ਹਾ ਅਤੇ ਯੂਨੀਵਰਸਿਟੀ ਪੱਧਰ 'ਤੇ ਕਈ ਮੁਕਾਬਲੇ ਵੀ ਜਿੱਤੇ। ਫਿਰ ਸਮੇਂ ਦੇ ਨਾਲ-ਨਾਲ ਉਹ ਆਪ ਇਨ੍ਹਾਂ ਖੇਡਾਂ ਦੇ ਮੁਕਾਬਲੇ ਆਯੋਜਿਤ ਕਰਨ ਲੱਗੇ।

ਇਹ ਵੀ ਪੜ੍ਹੋ-

ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਨਿਘਾਸਨ ਸੀਟ 'ਤੇ ਜਿੱਤ ਕੇ ਅਜੇ ਮਿਸ਼ਰਾ ਪਹਿਲੀ ਵਾਰ ਵਿਧਾਇਕ ਬਣੇ।

ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੇ 31 ਹਜ਼ਾਰ ਤੋਂ ਵੱਧ ਵੋਟਾਂ ਨਾਲ ਆਪਣੀ ਜਿੱਤ ਦਰਜ ਕੀਤੀ ਅਤੇ ਕੁੱਲ ਵੋਟਾਂ ਦਾ ਤਕਰੀਬਨ 36 ਫੀਸਦੀ ਉਨ੍ਹਾਂ ਨੂੰ ਮਿਲਿਆ ਸੀ।

ਜਾਣਕਾਰਾਂ ਅਨੁਸਾਰ, ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਦਾ ਰੁਤਬਾ ਤਾਂ ਵਧਿਆ ਹੀ, ਨਾਲ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਜ਼ਮੀਨੀ ਪੱਧਰ 'ਤੇ ਵੀ ਬਹੁਤ ਸਰਗਰਮ ਰਹੇ ਹਨ।

ਸ਼ਾਇਦ ਇਹੀ ਕਾਰਨ ਸੀ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਖੀਰੀ ਤੋਂ ਭਾਜਪਾ ਉਮੀਦਵਾਰ ਬਣਾਇਆ ਗਿਆ ਅਤੇ ਉਹ 1 ਲੱਖ 10 ਹਜ਼ਾਰ ਤੋਂ ਵੀ ਵੱਧ ਵੋਟਾਂ ਨਾਲ ਜਿੱਤ ਕੇ ਸਾਂਸਦ ਬਣ ਗਏ।

ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅਜੇ ਮਿਸ਼ਰਾ ਨੇ ਆਪਣੀ ਜਿੱਤ ਦੇ ਇਸ ਅੰਤਰ ਨੂੰ ਲਗਭਗ ਦੁੱਗਣਾ ਕਰਦੇ ਹੋਏ ਆਪਣੇ ਨੇੜਲੇ ਵਿਰੋਧੀ ਨੂੰ 2 ਲੱਖ 18 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਅਤੇ ਦੂਜੀ ਵਾਰ ਸਾਂਸਦ ਬਣੇ।

ਆਸ਼ੀਸ਼ ਮਿਸ਼ਰਾ
ਤਸਵੀਰ ਕੈਪਸ਼ਨ, ਫਿਲਹਾਲ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਖ਼ਿਲਾਫ਼ ਐਫਆਈਆਰ ਦਰਜ ਹੋ ਗਈ ਹੈ

ਉਨ੍ਹਾਂ ਦੀ ਇਸ ਸ਼ਾਨਦਾਰ ਜਿੱਤ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਆਪਣੇ ਇਲਾਕੇ ਵਿੱਚ ਮਿਸ਼ਰਾ ਦਾ ਰਾਜਨੀਤਿਕ ਕੱਦ ਕਾਫੀ ਉੱਚਾ ਹੋ ਗਿਆ ਸੀ।

ਸਾਲ 2019 ਤੋਂ 2021 ਤੱਕ, ਮਿਸ਼ਰਾ ਕਈ ਸੰਸਦੀ ਕਮੇਟੀਆਂ ਦੇ ਮੈਂਬਰ ਰਹੇ ਪਰ ਉਨ੍ਹਾਂ ਨੂੰ ਸਭ ਤੋਂ ਵੱਡੀ ਉਪਲੱਬਧੀ ਉਸ ਵੇਲੇ ਪ੍ਰਾਪਤ ਹੋਈ ਜਦੋਂ ਉਨ੍ਹਾਂ ਨੂੰ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਗ੍ਰਹਿ ਰਾਜ ਮੰਤਰੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ।

ਜਾਤੀ ਦੀ ਖੇਡ ਜਾਂ ਕੁਝ ਹੋਰ

ਲਖਨਊ ਤੋਂ ਸੀਨੀਅਰ ਪੱਤਰਕਾਰ ਸ਼ਰਤ ਪ੍ਰਧਾਨ ਕਹਿੰਦੇ ਹਨ ਕਿ ਮਿਸ਼ਰਾ ਦਾ ਅਚਾਨਕ ਕੇਂਦਰੀ ਮੰਤਰੀ ਬਣ ਜਾਣਾ ਬੜੀ ਹੈਰਾਨੀ ਵਾਲੀ ਗੱਲ ਸੀ।

ਉਹ ਕਹਿੰਦੇ ਹਨ, "ਫਿਰ ਇਹ ਸਮਝ ਆਇਆ ਕਿ ਉਨ੍ਹਾਂ ਨੂੰ ਬ੍ਰਾਹਮਣ ਹੋਣ ਕਾਰਨ ਮੰਤਰੀ ਬਣਾਇਆ ਗਿਆ। ਭਾਜਪਾ ਬ੍ਰਾਹਮਣ ਵੋਟਾਂ ਦੇ ਖਿਸਕਣ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹੈ।"

"ਉੱਤਰ ਪ੍ਰਦੇਸ਼ ਵਿੱਚ ਬ੍ਰਾਹਮਣਾਂ ਅਤੇ ਠਾਕੁਰਾਂ ਵਿਚਕਾਰ ਹਮੇਸ਼ਾ ਇੱਕ ਟਕਰਾਅ ਰਿਹਾ ਹੈ ਅਤੇ ਕਿਉਂਕਿ ਯੋਗੀ ਅਦਿੱਤਿਆਨਾਥ ਦੀ ਕਾਰਜਸ਼ੈਲੀ ਨੂੰ ਠਾਕੁਰ ਸਮਰਥਕ ਮੰਨਿਆ ਜਾਂਦਾ ਹੈ ਇਸ ਲਈ ਬ੍ਰਾਹਮਣਾਂ ਵਿਚਕਾਰ ਉਨ੍ਹਾਂ ਖਿਲਾਫ ਨਾਰਾਜ਼ਗੀ ਹੈ। ਤਾਂ ਬ੍ਰਾਹਮਣਾਂ ਨੂੰ ਖੁਸ਼ ਕਰਨ ਲਈ ਅਜੇ ਮਿਸ਼ਰਾ ਨੂੰ ਮੰਤਰੀ ਬਣਾ ਦਿੱਤਾ ਗਿਆ।"

ਸੀਨੀਅਰ ਪੱਤਰਕਾਰ ਵੀਰੇਂਦਰ ਨਾਥ ਭੱਟ ਵੀ ਪ੍ਰਧਾਨ ਦੀ ਗੱਲ ਦਾ ਸਮਰਥਨ ਕਰਦੇ ਹਨ।

ਉਹ ਕਹਿੰਦੇ ਹਨ, "ਇਹ ਮੰਤਰੀ ਇਸ ਲਈ ਬਣ ਗਏ ਕਿਉਂਕਿ ਬ੍ਰਾਹਮਣ ਕੋਟੇ ਤੋਂ ਕਿਸੇ ਨੂੰ ਲੈ ਕੇ ਆਉਣਾ ਸੀ ਅਤੇ ਉਹ ਇਲਾਕਾ ਲਖੀਮਪੁਰ, ਹਰਦੋਈ, ਸੀਤਾਪੁਰਾ, ਅਤੇ ਸ਼ਾਹਜਹਾਂਪੁਰ ਨੂੰ ਕਵਰ ਕਰਦਾ ਹੈ ਜਿੱਥੇ ਬ੍ਰਾਹਮਣ ਵਧੇਰੇ ਸੰਖਿਆ ਵਿੱਚ ਹਨ।"

ਲਖੀਮਪੁਰ ਖੀਰੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਲਖੀਮਪੁਰ ਖੀਰੀ ਹਿੰਸਾ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ

ਭੱਟ ਦੇ ਅਨੁਸਾਰ ਮਿਸ਼ਰਾ ਕਦੇ ਵੀ ਇੰਨੇ ਮਹੱਤਵਪੂਰਨ ਨੇਤਾ ਸੀ ਹੀ ਨਹੀਂ ਕਿ ਉਨ੍ਹਾਂ ਬਾਰੇ ਪੱਤਰਕਾਰ ਵੀ ਜਾਂਚ-ਪੜਤਾਲ ਕਰਦੇ।

"ਉਹ ਸਮੀਕਰਨ ਵਿੱਚ ਆ ਗਏ ਤੇ ਮੰਤਰੀ ਬਣ ਗਏ। ਉੱਤਰ ਪ੍ਰਦੇਸ਼ ਤੋਂ ਬਣਾਏ ਜਾਣ ਵਾਲੇ ਮੰਤਰੀਆਂ ਵਿੱਚ ਇੱਕ ਬ੍ਰਾਹਮਣ ਰੱਖਣਾ ਸੀ, ਤਾਂ ਇਨ੍ਹਾਂ ਨੂੰ ਰੱਖ ਲਿਆ।"

ਲੋਕਸਭਾ ਦੀ ਵੈੱਬਸਾਈਟ 'ਤੇ ਅਜੇ ਮਿਸ਼ਰਾ ਦੀ ਪ੍ਰੋਫ਼ਾਈਲ ਵਿੱਚ ਉਨ੍ਹਾਂ ਨੂੰ "ਬਚਪਨ ਤੋਂ ਹੀ ਅੰਤਰਮੁਖੀ" ਦੱਸਿਆ ਗਿਆ ਹੈ।

ਇਸ ਪ੍ਰੋਫ਼ਾਈਲ ਦੇ ਅਨੁਸਾਰ ਉਹ "ਸਮਾਜਿਕ ਅਸਮਾਨਤਾਵਾਂ ਅਤੇ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਲੋਕਾਂ ਤੋਂ ਪ੍ਰੇਰਿਤ ਹੋ ਕੇ" ਰਾਜਨੀਤੀ ਵਿੱਚ ਸ਼ਾਮਲ ਹੋਏ ਅਤੇ ਭਾਜਪਾ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਵਜੋਂ ਸਿਆਸੀ ਜੀਵਨ ਦੀ ਸ਼ੁਰੁਆਤ ਕੀਤੀ ਅਤੇ "ਬਹੁਤ ਹੀ ਘੱਟ ਸਮੇਂ ਵਿੱਚ ਸੰਸਦ ਮੈਂਬਰ ਬਣ ਗਏ"।

2019 ਵਿੱਚ ਲੋਕਸਭਾ ਚੋਣਾਂ ਸਮੇਂ ਦਾਇਰ ਕੀਤੇ ਗਏ ਆਪਣੇ ਹਲਫਨਾਮੇ ਵਿੱਚ ਮਿਸ਼ਰਾ ਨੇ ਆਪਣੇ ਖਿਲਾਫ ਸਾਲ 2000 ਵਿੱਚ ਦਰਜ ਹੋਏ ਹੱਤਿਆ ਦੇ ਮਾਮਲੇ ਦਾ ਜ਼ਿਕਰ ਕੀਤਾ ਹੈ ਅਤੇ ਇਹ ਵੀ ਦੱਸਿਆ ਹੈ ਕਿ ਸੈਸ਼ਨ ਕੋਰਟ ਨੇ 2004 ਵਿੱਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ।

ਸੀਨੀਅਰ ਪੱਤਰਕਾਰ ਸ਼ਰਤ ਪ੍ਰਧਾਨ ਦਾ ਮੰਨਣਾ ਹੈ ਕਿ ਮਿਸ਼ਰਾ ਨੇ ਸਥਾਨਕ ਪੱਧਰ 'ਤੇ ਬਹੁਤ ਕੰਮ ਕੀਤਾ ਹੈ ਅਤੇ ਲੋਕਾਂ ਵਿੱਚ ਉਨ੍ਹਾਂ ਦੀ ਚੰਗੀ ਪਕੜ ਹੈ।

ਉਹ ਕਹਿੰਦੇ ਹਨ, "ਉੱਥੋਂ ਦੇ ਲੋਕਾਂ ਤੋਂ ਮਿਸ਼ਰਾ ਬਾਰੇ ਜ਼ਿਆਦਾਤਰ ਚੰਗਾ ਹੀ ਸੁਣਨ ਨੂੰ ਮਿਲੇਗਾ।

ਅਜੇ ਮਿਸ਼ਰਾ

ਤਸਵੀਰ ਸਰੋਤ, loksabha.nic.in

ਪਰ ਪਿਛਲੇ ਕਈ ਦਿਨਾਂ ਤੋਂ ਉਹ ਉਕਸਾਉਣ ਵਾਲੀਆਂ ਗੱਲਾਂ ਕਰ ਰਹੇ ਸਨ ਤੇ ਧਮਕੀ ਦੇ ਰਹੇ ਸਨ ਕਿ 'ਮੈਂ ਦੇਖ ਲਵਾਂਗਾ ਤੇ ਦੋ ਮਿੰਟਾਂ ਵਿੱਚ ਠੀਕ ਕਰ ਦੇਵਾਂਗਾ।' ਗ੍ਰਹਿ ਰਾਜ ਮੰਤਰੀ ਬਣਨ ਤੋਂ ਬਾਅਦ ਸ਼ਾਇਦ ਉਨ੍ਹਾਂ ਨੂੰ ਲੱਗਣ ਲੱਗ ਪਿਆ ਕਿ ਉਹ ਕੁਝ ਵੀ ਕਰ ਸਕਦੇ ਹਨ।"

ਵੀਰੇਂਦਰ ਨਾਥ ਭੱਟ ਦਾ ਮੰਨਣਾ ਹੈ ਕਿ ਅਜੇ ਮਿਸ਼ਰਾ "ਬਾਹੂਬਲ ਨਾਲ ਚਲਾਈ ਜਾਣ ਵਾਲੀ ਸਿਆਸਤ ਵਿੱਚ ਯਕੀਨ ਰੱਖਣ ਵਾਲਿਆਂ ਵਿੱਚੋਂ ਹਨ।"

ਉਹ ਕਹਿੰਦੇ ਹਨ, "ਅਜੇ ਮਿਸ਼ਰਾ ਉਰਫ ਟੇਨੀ, ਆਪਣੀ ਰਾਜਨੀਤੀ ਡੇਅਰ-ਡੇਵਿਲ ਤਰੀਕੇ ਨਾਲ ਕਰਦੇ ਹਨ। ਜੇ ਮਿਸ਼ਰਾ ਕੇਂਦਰੀ ਮੰਤਰੀ ਨਾ ਬਣੇ ਹੁੰਦੇ ਤਾਂ ਇਹ ਬਵਾਲ ਨਾ ਹੁੰਦਾ।"

ਭੱਟ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਰਹਿਣ ਵਾਲੇ ਸਿੱਖ ਲੋਕ ਕਿਸਾਨ ਅੰਦੋਲਨ ਤੋਂ ਬਾਅਦ ਭਾਜਪਾ ਦੇ ਲਈ ਇੱਕ ਚੁਣੌਤੀ ਵਜੋਂ ਉੱਭਰ ਰਹੇ ਸਨ ਅਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਲਈ ਲਖੀਮਪੁਰ ਤੋਂ ਪੈਸੇ, ਅਨਾਜ ਅਤੇ ਹੋਰ ਸਾਮਾਨ ਭੇਜਿਆ ਜਾ ਰਿਹਾ ਸੀ।

ਉਨ੍ਹਾਂ ਅਨੁਸਾਰ, ਇਨ੍ਹਾਂ ਗੱਲਾਂ ਦਾ ਹੀ ਮੁਕਾਬਲਾ ਕਰਨ ਲਈ ਅਜੇ ਮਿਸ਼ਰਾ ਦਾ ਕੱਦ ਵਧਾਇਆ ਗਿਆ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਤਾਂ ਕੀ ਭਾਜਪਾ ਉਨ੍ਹਾਂ ਨੂੰ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਹਟਾ ਸਕਦੀ ਹੈ?

ਸ਼ਰਤ ਪ੍ਰਧਾਨ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਕਤੂਬਰ ਨੂੰ ਲਖਨਊ ਆਏ ਅਤੇ ਉਨ੍ਹਾਂ ਨੇ ਇਸ ਘਟਨਾ ਦਾ ਜ਼ਿਕਰ ਤੱਕ ਨਹੀਂ ਕੀਤਾ।

"ਜਦੋਂ ਇੰਨੀ ਵੀ ਸੰਵੇਦਨਾ ਨਹੀਂ ਹੈ, ਤਾਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਕੋਈ ਕਾਰਵਾਈ ਕਰਨਗੇ।"

ਵੀਰੇਂਦਰ ਨਾਥ ਭੱਟ ਦਾ ਮੰਨਣਾ ਹੈ ਕਿ ਮਿਸ਼ਰਾ ਨੂੰ ਅਗਲੇ ਸਾਲ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਟਾਉਣਾ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)