ਲਖੀਮਪੁਰ ਖੀਰੀ ਹਿੰਸਾ: ਦੋ ਲੋਕ ਗ੍ਰਿਫ਼ਤਾਰ, ਮੰਤਰੀ ਦੇ ਮੁੰਡੇ ਨੂੰ ਪੁਲਿਸ ਦਾ ਅਲਟੀਮੇਟਮ

ਵੀਡੀਓ ਕੈਪਸ਼ਨ, ਯੂਪੀ ਬਾਰਡਰ ’ਤੇ ਸਾਥੀਆਂ ਸਣੇ ਸਿੱਧੂ ਹਿਰਾਸਤ ਵਿੱਚ

ਲਖੀਮਪੁਰ ਖੀਰੀ ਹਿੰਸਾ ਦਾ ਮਾਮਲਾ ਭਖ ਗਿਆ ਹੈ। ਇਸ ਪੇਜ ਰਾਹੀਂ ਘਟਨਾ ਦੇ ਸਬੰਧ ਵਿੱਚ ਕਾਨੂੰਨੀ ਅਤੇ ਸਿਆਸੀ ਗਤੀਵਿਧੀਆਂ ਦੀ ਲਗਾਤਾਰ ਜਾਣਕਾਰੀ ਦੇ ਰਹੇ ਹਾਂ।

ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਈ ਆਗੂਆਂ ਨਾਲ ਇੱਕ ਵੱਡੇ ਕਾਫ਼ਲੇ ਨੂੰ ਲੈ ਕੇ ਲਖੀਮਪੁਰ ਖੀਰੀ ਲਈ ਨਿਕਲੇ ਪਰ ਸਹਾਰਨਪੁਰ ਵਿੱਚ ਕਾਫ਼ਲਾ ਰੋਕ ਦਿੱਤਾ ਗਿਆ।

ਸਿੱਧੂ ਨੂੰ ਸਾਥੀਆਂ ਸਣੇ ਹਿਰਾਸਤ ਵਿੱਚ ਲੈ ਲਿਆ ਗਿਆ ਪਰ ਬਾਅਦ ਵਿੱਚ ਲਖੀਮਪੁਰ ਖੀਰੀ ਜਾਣ ਦੀ ਇਜਾਜ਼ਤ ਮਿਲ ਗਈ।

ਮਾਮਲੇ ਵਿੱਚ ਸੁਪਰੀਮ ਕੋਰਟ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਕਰੇਗੀ ਜਦੋਂ ਸਰਕਾਰ ਤਲਬ ਕੀਤੀ ਰਿਪੋਰਟ ਅਦਾਲਤ ਦੇ ਸਨਮੁੱਖ ਰੱਖੇਗੀ।

ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਹੈ ਅਤੇ ਇੱਕ ਮੈਂਬਰੀ ਕਮਿਸ਼ਨ ਵੀ ਗਠਿਤ ਹੋ ਗਿਆ ਹੈ।

ਇਸ ਹਿੰਸਾ ਦੇ ਮਾਮਲੇ ਵਿੱਚ ਕਾਰਵਾਈ ਤਹਿਤ ਦੋ ਲੋਕਾਂ ਨੂੰ ਪੁੱਛਗਿੱਛ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੁੱਖ ਮੁਲਜ਼ਮ ਅਸ਼ੀਸ਼ ਮਿਸ਼ਰਾ ਨੂੰ ਸੰਮਨ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਲਖੀਮਪੁਰ ਖੀਰੀ ਦੀ ਘਟਨਾ 'ਤੇ ਭਾਜਪਾ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਦੀ ਸਫ਼ਾਈ

ਲਖੀਮਪੁਰ ਖੀਰੀ ਹਿੰਸਾ ਵਿੱਚ ਗ੍ਰਿਫ਼ਤਾਰੀਆਂ, ਅਸ਼ੀਸ਼ ਮਿਸ਼ਰਾ ਨੂੰ ਸੰਮਨ

ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਮੀਡੀਆ ਨਾਲ ਗੱਲ ਕਰਦਿਆਂ ਹੋਇਆਂ ਲਖਨਊ ਰੇਂਜ ਦੀ ਆਈਜੀ ਲਕਸ਼ਮੀ ਸਿੰਘ ਨੇ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ, ਉਨ੍ਹਾਂ ਨੂੰ ਸਬੂਤਾਂ ਅਤੇ ਘਟਨਾਕ੍ਰਮ ਸਥਾਪਿਤ ਹੋਣ ਤੋਂ ਬਾਅਦ ਗ੍ਰਿਫ਼ਤਾਰੀ ਕਰ ਲਿਆ ਗਿਆ ਹੈ।

ਲਕਸ਼ਮੀ ਸਿੰਘ ਨੇ ਅੱਗੇ ਦੱਸਿਆ, "ਪੂਰੇ ਘਟਨਾਕ੍ਰਮ ਵਿੱਚ ਉਨ੍ਹਾਂ ਦੀ ਮੌਕੇ 'ਤੇ ਮੌਜੂਦਗੀ ਦੇਖੀ ਗਈ, ਥਾਰ ਅਤੇ ਦੂਜੀ ਗੱਡੀ ਵਿੱਚ ਉਨ੍ਹਾਂ ਦੀ ਮੌਜੂਦਗੀ ਮਿਲੀ ਹੈ। ਘਟਨਾ ਹੋਣ 'ਤੇ ਉਨ੍ਹਾਂ ਨੇ ਰੁਕਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਲਲਕਾਰਿਆਂ ਹੈ। ਕਾਫੀ ਸਬੂਤ ਉਨ੍ਹਾਂ ਖ਼ਿਲਾਫ਼ ਮਿਲੇ ਹਨ।"

ਵੀਡੀਓ ਕੈਪਸ਼ਨ, ਲਖੀਮਪੁਰ : ਮੰਤਰੀ ਦੇ ਮੁੰਡੇ ਨੂੰ ਸੰਮਨ, 2 ਤੋਂ ਪੁੱਛਗਿੱਛ ਜਾਰੀ

ਗ੍ਰਿਫ਼ਤਾਰ ਕੀਤੇ ਦੋਵਾਂ ਲੋਕਾਂ ਦੇ ਨਾਂ ਹਨ ਲਵਕੁਸ਼ ਅਤੇ ਆਸ਼ੀਸ਼ ਪਾਂਡੇ ਹਨ। ਇਸ ਤੋਂ ਇਲਾਵਾ ਸੁਮਿਤ ਮੋਦੀ ਨਾਂ ਦੇ ਸ਼ਖਸ਼ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਮਾਮਲੇ ਵਿੱਚ ਮੁਲਜ਼ਮ ਹਨ।

ਕੀ ਕਤਲ ਦੇ ਮੁਲਜ਼ਮ ਅਸ਼ੀਸ਼ ਮਿਸ਼ਰਾ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ? ਇਸ ਸਵਾਲ ਦੇ ਜਵਾਬ ਵਿੱਚ ਲਕਸ਼ਮੀ ਸਿੰਘ ਨੇ ਕਿਹਾ, ''ਸੰਮਨ ਜਾਰੀ ਹੋਇਆ ਹੈ, ਜੇਕਰ ਉਹ ਸਹਿਯੋਗ ਨਹੀਂ ਕਰਨਗੇ ਤਾਂ ਪੁਲਿਸ ਅਦਾਲਤ ਜਾਏਗੀ।''

ਦੇਰ ਸ਼ਾਮ ਦੇ ਬਿਆਨ ਵਿੱਚ ਲਕਸ਼ਮੀ ਨੇ ਕਿਹਾ ਕਿ ਅਸ਼ੀਸ਼ ਮਿਸ਼ਰਾ ਨੂੰ ਸਵੇਰੇ 10 ਵਜੇ ਤੱਕ ਹਾਜ਼ਿਰ ਹੋਣ ਲਈ ਕਿਹਾ ਗਿਆ ਹੈ।

ਅਮਰਿੰਦਰ ਸਿੰਘ ਰਾਜਾ ਵੜਿੰਗ

ਤਸਵੀਰ ਸਰੋਤ, Punjab congress/twitter

ਤਸਵੀਰ ਕੈਪਸ਼ਨ, ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕਾਫ਼ਲੇ ਵਿੱਚ ਮੌਜੂਦ ਸਨ

ਸਿੱਧੂ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਾਫ਼ਲਾ ਯਮੁਨਾਨਗਰ-ਸਹਾਰਨਪੁਰ ਬਾਰਡਰ 'ਤੇ ਰੋਕ ਦਿੱਤਾ ਗਿਆ ਸੀ। ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਕਾਂਗਰਸ ਦੇ ਹਜ਼ਾਰਾਂ ਵਰਕਰ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਲਖੀਮਪੁਰ ਖੀਰੀ ਵੱਲ ਮਾਰਚ ਕਰ ਰਹੇ ਸਨ।

ਮਾਰਚ ਦੀ ਸ਼ੁਰੂਆਤ ਮੁਹਾਲੀ ਜ਼ਿਲ੍ਹੇ ਦੇ ਜ਼ੀਕਰਪੁਰ ਕਸਬੇ ਤੋਂ ਹੋਈ। ਮਾਰਚ 'ਚ ਪੰਜਾਬ ਦੇ ਕਈ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਹੀ ਹਿੱਸਾ ਲੈ ਰਹੇ ਸਨ ।

ਵੀਡੀਓ ਕੈਪਸ਼ਨ, ਲਖੀਮਪੁਰੀ ਖੀਰੀ ਹਿੰਸਾ: ਸਿੱਧੂ ਦਾ ਐਲਾਨ, ਮੰਤਰੀ ਦਾ ਮੁੰਡਾ ਨਾ ਫੜਿਆ ਤਾਂ ਭੁੱਖ ਹੜਤਾਲ 'ਤੇ ਜਾਵਾਂਗਾ

ਵਿਧਾਇਕ ਰਾਜਾ ਵੜਿੰਗ ਮੁਤਾਬਕ ਪੁਲਿਸ ਨੇ ਨਵਜੋਤ ਸਿੰਘ ਸਿੱਧੂ ਨੂੰ ਸਾਥੀਆਂ ਸਣੇ ਲਖੀਮਪੁਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।

ਰਾਜਾ ਵੜਿੰਗ ਦਾ ਕਹਿਣਾ ਹੈ, "ਪੁਲਿਸ ਨੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਜਿੰਨਾਂ ਹੋ ਸਕਿਆ ਅਸੀਂ ਰਾਤ ਦਾ ਪੈਂਡਾ ਤੈਅ ਕਰਾਂਗੇ।"

ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ 20-25 ਲੋਕਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੈ।

ਨਵਜੋਤ ਸਿੱਧੂ

ਤਸਵੀਰ ਸਰੋਤ, Punjab congress/twitter

ਤਸਵੀਰ ਕੈਪਸ਼ਨ, ਸਾਥੀਆਂ ਸਣੇ ਸਿੱਧੂ ਨੂੰ ਹਿਰਾਸਤ ਲਏ ਜਾਣ ਦੀਆਂ ਤਸਵੀਰਾਂ

ਪੀੜਤ ਕਿਸਾਨ ਪਰਿਵਾਰਾਂ ਨੂੰ ਮਿਲੀ ਪ੍ਰਿਅੰਕਾ ਗਾਂਧੀ

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਬਹਾਰਾਈਚ ਵਿੱਚ ਮ੍ਰਿਤਕ ਅਤੇ ਜਖ਼ਮੀ ਕਿਸਾਨਾਂ ਦੇ ਪਰਿਵਾਰਾਂ ਵਾਲਿਆਂ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਸਭ ਤੋਂ ਪਹਿਲਾਂ ਬਲਾਕ ਰਿਸਿਆ ਦੇ ਪਿੰਡ ਨਬੀਨਗਰ ਦੇ ਸ਼ਹੀਦ ਕਿਸਾਨ ਗੁਰਵਿੰਦਰ ਸਿੰਘ ਪੁੱਤਰ ਸਤਵਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ।

ਇਸ ਤੋਂ ਬਾਅਦ ਉਹ ਨਾਨਪਾਰਾ ਦੇ ਪਿੰਡ ਬੰਜਾਰਨ ਟਾਡਾ ਵਿੱਚ ਮਰਹੂਮ ਕਿਸਾਨ ਦਲਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਵੀ ਮਿਲੇ।

ਕਿਸਾਨਾਂ ਦੇ ਪਰਿਵਾਰਾਂ ਵਾਲਿਆਂ ਨਾਲ ਮੁਲਾਕਾਤ

ਤਸਵੀਰ ਸਰੋਤ, ANANT JHANANE/bbc

ਤਸਵੀਰ ਕੈਪਸ਼ਨ, ਕਿਸਾਨਾਂ ਦੇ ਪਰਿਵਾਰਾਂ ਵਾਲਿਆਂ ਨਾਲ ਮੁਲਾਕਾਤ ਕਰਦੇ ਪ੍ਰਿਅੰਕਾ ਗਾਂਧੀ

ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਲਖੀਮਪੁਰ ਦੀ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਗ੍ਰਹਿ ਰਾਜ ਮੰਤਰੀ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਨੇ ਕਿਹਾ, "ਅਜੇ ਤੱਕ ਮੰਤਰੀ ਦੇ ਬੇਟੇ ਦਾ ਕੋਈ ਪਤਾ ਨਹੀਂ ਹੈ, ਸੂਬਾ ਪੁਲਿਸ ਸਿਰਫ਼ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਰੋਕਣ ਅਤੇ ਪੀੜਤ ਪਰਿਵਾਰਾਂ ਦੀ ਨਜ਼ਰਬੰਦੀ 'ਚ ਲੱਗੀ ਹੋਈ ਹੈ ਕਿ ਕਿਤੇ ਕਿਸੇ ਨਾਲ ਗੱਲਬਾਤ ਨਾ ਕਰ ਲੈਣ।"

ਹਾਲਾਂਕਿ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਪੁਲਿਸ ਨੇ ਸੰਮਨ ਜਾਰੀ ਕੀਤਾ।

ਮਾਮਲਾ ਸੁਪਰੀਮ ਕੋਰਟ ਵਿੱਚ

ਭਾਰਤ ਦੇ ਚੀਫ਼ ਜਸਟਿਸ ਐੱਨਵੀ ਰਮੰਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਬੈਂਚ ਨੇ ਕਿਹਾ ਕਿ ਲਖੀਮਪੁਰ ਖੀਰੀ ਹਿੰਸਾ ਦਾ ਨੋਟਿਸ ਦੋ ਵਕੀਲਾਂ ਵੱਲੋਂ ਲਿਖੀ ਚਿੱਠੀ ਦੇ ਅਧਾਰ 'ਤੇ ਮੁਲਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਲਈ ਲਿਆ ਗਿਆ ਸੀ।

ਲਖੀਮਪੁਰ ਖੀਰੀ

ਤਸਵੀਰ ਸਰੋਤ, ANANT ZANANE/BBC

ਸੁਪਰੀਮ ਕੋਰਟ ਦੇ ਬੈਂਚ ਨੇ ਸਪੱਸ਼ਟ ਕੀਤਾ ਕਿ ਵਕੀਲਾਂ ਦੀ ਚਿੱਠੀ ਦੇ ਅਧਾਰ 'ਤੇ ਸੁਪਰੀਮ ਕੋਰਟ ਦੀ ਰਜਿਸਟਰੀ ਨੂੰ ਲੋਕ ਹਿੱਤ ਪਟੀਸ਼ਨ ਦਾਖ਼ਲ ਕਰਨ ਲਈ ਕਿਹਾ ਗਿਆ ਸੀ।

ਪਰ ਮਿਸ ਕਮਿਊਨੀਕੇਸ਼ਨ ਕਾਰਨ ਇਸ ਨੂੰ ਸੁਪੀਰਮ ਕੋਰਟ ਦੀ ਆਪਣੇ ਨੋਟਿਸ ਉੱਤੇ ਲ਼ਈ ਗਈ ਪਟੀਸ਼ਨ ਸਮਝ ਲਿਆ ਗਿਆ। ਖੈਰ੍ਹ ਕੋਈ ਗੱਲ ਨਹੀਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ।

ਅਦਾਲਤ ਨੇ ਅਦਾਲਤ ਦੇ ਸਟਾਫ਼ ਨੂੰ ਦੋਵਾਂ ਵਕੀਲਾਂ ਨੂੰ ਸੂਚਿਤ ਕਰਨ ਲਈ ਕਿਹਾ ਹੈ ਕਿ ਉਹ ਮਾਮਲੇ ਉੱਤੇ ਜਦੋਂ ਵਿਚਾਰ ਹੋਵੇ ਤਾਂ ਉਹ ਅਦਾਲਤ ਵਿਚ ਹਾਜ਼ਰ ਰਹਿਣ।

ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਵਿਸਤਰਿਤ ਸਟੇਟਸ ਰਿਪੋਰਟ ਤਲਬ ਕੀਤੀ ਹੈ, ਕਿ ਮਾਮਲੇ ਵਿੱਚ ਕੌਣ ਮੁਲਜ਼ਮ ਹਨ, ਕਿੰਨ੍ਹਾਂ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਗਈ ਹੈ ਤੇ ਕਿੰਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਕਾਂਗਰਸ ਵਰਕਰ ਪੰਜਾਬ

ਅਦਾਲਤ ਨੇ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਹਿੰਸਾ ਵਿੱਚ ਮਾਰੇ ਗਏ ਕਿਸਾਨ ਦੀ ਮਾਂ ਨੂੰ ਫ਼ੌਰੀ ਡਾਕਟਰੀ ਸਹਾਇਤਾ ਮੁਹਈਆ ਕਰਵਾਈ ਜਾਵੇ ਜੋ ਕਿ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਤੋਂ ਹੀ ਬੀਮਾਰ ਹੈ।

ਸੁਪਰੀਮ ਕੋਰਟ ਸੁਣਵਾਈ ਤੋਂ ਪਹਿਲਾਂ ਕਮਿਸ਼ਨ ਗਠਿਤ

ਦੂਜੇ ਪਾਸੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਜਾਰੀ ਇੱਕ ਨੋਟੀਫਿਕੇਸ਼ਨ ਮੁਤਾਬਕ ਲਖੀਮਪੁਰ ਹਿੰਸਾ ਮਾਮਲੇ ਦੀ ਜਾਂਚ ਇਲਾਹਾਬਾਦ ਹਾਈਕੋਰਟ ਦੇ ਸੇਵਾਮੁਕਤ ਜੱਜ ਪ੍ਰਦੀਪ ਕੁਮਾਰ ਸ੍ਰੀਵਾਸਤਵ ਕਰਨਗੇ।

ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਯੋਗੀ ਸਰਕਾਰ ਨੇ ਹਾਈਕੋਰਟ ਦੇ ਸੇਵਾਮੁਕਤ ਜੱਜ ਵਾਲਾ ਇੱਕ ਮੈਂਬਰੀ ਕਮਿਸ਼ਨ ਗਠਿਤ ਕੀਤਾ ਹੈ।

ਕਿਸਾਨ ਅਤੇ ਵਿਰੋਧੀ ਧਿਰਾਂ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕਰ ਰਹੇ ਹਨ।

ਯੂਪੀ ਰਾਜਪਾਲ ਨੇ ਮਾਮਲੇ ਦੀ ਨਿਰਪੱਖ਼ ਜਾਂਚ ਦੀ ਲੋੜ ਸਮਝਿਆਂ ਨੋਟੀਫਿਕੇਸ਼ਨ ਇੱਕ ਮੈਂਬਰੀ ਜਾਂਚ ਕਮਿਸ਼ਨ ਦਾ ਗਠਨ ਕੀਤਾ ਹੈ।

ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ, ''ਕਮਿਸ਼ਨ ਆਫ਼ ਇਨਕੂਆਰੀ ਐਕਟ 1952 ਦੇ ਸੈਕਸ਼ਨ 3 (ਐਕਟ ਨੰਬਰ. 60 ਆਫ਼ 1952) ਵਿਚ ਦਿੱਤੇ ਅਧਿਕਾਰਾਂ ਦੀ ਵਰਤੋ ਕਰਦਿਆਂ ਰਾਜਪਾਲ ਨੇ ਜਾਂਚ ਕਮਿਸ਼ਨ ਦਾ ਗਠਨ ਕੀਤਾ ਹੈ।''

ਕਾਂਗਰਸ ਵਰਕਰ ਪੰਜਾਬ

ਨੋਟੀਫਿਕੇਸ਼ਨ ਮੁਤਾਬਕ ਇਲਾਹਾਬਾਦ ਹਾਈਕੋਰਟ ਦੇ ਸਾਬਕਾ ਜੱਜ ਪ੍ਰਦੀਪ ਕੁਮਾਰ ਸ੍ਰੀਵਾਸਤਵ ਨੂੰ ਜਾਂਚ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਹ ਕਮਿਸ਼ਨ ਇੱਕ ਮੈਂਬਰੀ ਹੋਵੇਗਾ ਅਤੇ 2 ਮਹੀਨੇ ਵਿਚ ਆਪਣੀ ਰਿਪੋਰਟ ਦਾਖਲ ਕਰੇਗਾ।

ਇਸ ਕਮਿਸ਼ਨ ਦਾ ਮੁੱਖ ਦਫ਼ਤਰ ਲਖੀਮਪੁਰ ਖੀਰੀ ਵਿਚ ਹੋਵੇਗਾ। ਜੇਕਰ ਇਸ ਦੇ ਕਾਰਜਕਾਲ ਵਿਚ ਕੋਈ ਵਾਧੇ ਦੀ ਲੋੜ ਪੈਂਦੀ ਹੈ, ਤਾਂ ਇਸ ਬਾਰੇ ਉੱਤਰ ਪ੍ਰਦੇਸ਼ ਸਰਕਾਰ ਨੇ ਨਵੇਂ ਹੁਕਮਾਂ ਮੁਤਾਬਕ ਹੋਵੇਗਾ।

ਕੀ ਹੈ ਮਾਮਲਾ?

3 ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਦੇ ਤਿਕੂਨੀਆ ਪਿੰਡ ਲਾਗੇ ਹੋਈ ਹਿੰਸਕ ਵਾਰਦਾਤ ਵਿਚ 4 ਕਿਸਾਨਾਂ ਅਤੇ ਇੱਕ ਪੱਤਰਕਾਰ ਸਣੇ 8 ਮੌਤਾਂ ਹੋਈਆਂ ਸਨ।

ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੂੰ ਕਾਲੀਆਂ ਝੰਡੀਆਂ ਦਿਖਾਉਣ ਪਹੁੰਚੇ ਸਨ ਤਾਂ ਇੱਕ ਥਾਰ ਜੀਪ ਨੇ ਉਨ੍ਹਾਂ ਨੂੰ ਦਰੜ ਦਿੱਤਾ।

ਮੰਤਰੀ ਦੇ ਲੜਕੇ ਅਸ਼ੀਸ਼ ਮਿਸ਼ਰਾ ਸਣੇ 15 ਤੋਂ ਵੱਧ ਵਿਅਕਤੀਂ ਖ਼ਿਲਾਫ਼ ਇਸ ਮਾਮਲੇ ਦੀ ਐੱਫ਼ਆਈਆਰ ਦਰਜ ਕੀਤੀ ਗਈ ਹੈ।

ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਕੇਂਦਰੀ ਮੰਤਰੀਆਂ ਅਤੇ ਵੱਖ ਵੱਖ ਸੂਬਿਆਂ 'ਚ ਭਾਜਪਾ ਆਗੂਆਂ ਦੇ ਸਮਾਗਮਾਂ ਦਾ ਪਿਛਲੇ ਕਈ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ।

ਇਸੇ ਕੜੀ ਤਹਿਤ 3 ਅਕਤੂਬਰ ਨੂੰ ਕਿਸਾਨ ਲਖੀਮਪੁਰ ਖੀਰੀ ਆ ਰਹੇ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਕਾਲੀਆਂ ਝੰਡੀਆਂ ਦਿਖਾਉਣ ਆਏ ਸਨ।

ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਸਰਕਾਰ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਕਰਨ ਦੀ ਗੱਲ ਕਹਿ ਚੁੱਕੀ ਹੈ।

ਦੋਵੇਂ ਧਿਰਾਂ ਵਿਚਾਲੇ ਕਈ ਮੀਟਿੰਗਾਂ ਦੇ ਦੌਰ ਮਗਰੋਂ ਵੀ ਮਸਲੇ ਦਾ ਹੱਲ ਨਹੀਂ ਨਿਕਲ ਸਕਿਆ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)