ਮੋਦੀ ਸਰਕਾਰ ਦਾ 'ਕ੍ਰਾਂਤੀਕਾਰੀ' ਡਿਜੀਟਲ ਹੈਲਥ ਕਾਰਡ- ਕੀ ਹਨ ਫਾਇਦੇ ਅਤੇ ਚਿੰਤਾਵਾਂ

    • ਲੇਖਕ, ਕਮਲੇਸ਼
    • ਰੋਲ, ਬੀਬੀਸੀ ਪੱਤਰਕਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ ਹੁਣ ਭਾਰਤ ਦੇ ਨਾਗਰਿਕਾਂ ਨੂੰ ਇੱਕ ਡਿਜੀਟਲ ਹੈਲਥ ਆਈਡੀ ਦਿੱਤੀ ਜਾਵੇਗੀ।

ਇਹ ਇੱਕ ਡਿਜੀਟਲ ਹੈਲਥ ਕਾਰਡ ਹੋਵੇਗਾ ਜਿਸ ਵਿੱਚ ਲੋਕਾਂ ਦੇ ਸਿਹਤ ਰਿਕਾਰਡ ਭਾਵ ਉਨ੍ਹਾਂ ਦੀ ਸਿਹਤ ਸੰਬੰਧੀ ਜਾਣਕਾਰੀ ਡਿਜੀਟਲ ਰੂਪ ਵਿੱਚ ਸੁਰੱਖਿਅਤ ਰਹੇਗੀ।

ਇਹ ਇੱਕ ਵਿਲੱਖਣ ਆਈਡੀ ਕਾਰਡ ਹੋਵੇਗਾ ਜਿਸ ਵਿੱਚ ਤੁਹਾਡੀ ਬਿਮਾਰੀ, ਇਲਾਜ ਅਤੇ ਮੈਡੀਕਲ ਟੈਸਟ ਨਾਲ ਜੁੜੀ ਸਾਰੀ ਜਾਣਕਾਰੀ ਦਰਜ ਕੀਤੀ ਜਾਵੇਗੀ।

ਇਸ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਸਿਹਤ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਲਾ ਦੱਸਿਆ।

ਪੀਐਮ ਮੋਦੀ ਨੇ ਕਿਹਾ, "ਪਿਛਲੇ ਸੱਤ ਸਾਲਾਂ ਵਿੱਚ ਦੇਸ਼ ਦੀਆਂ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਜੋ ਮੁਹਿੰਮ ਚੱਲ ਰਹੀ ਹੈ, ਉਹ ਅੱਜ ਤੋਂ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੀ ਹੈ।"

"ਅੱਜ ਅਜਿਹੀ ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਵਿੱਚ ਭਾਰਤ ਦੀਆਂ ਸਿਹਤ ਸਹੂਲਤਾਂ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੀ ਵੱਡੀ ਤਾਕਤ ਹੈ।"

ਇਹ ਵੀ ਪੜ੍ਹੋ-

"ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ, ਹਸਪਤਾਲਾਂ ਵਿੱਚ ਪ੍ਰਕਿਰਿਆਵਾਂ ਨੂੰ ਸੌਖਾ ਬਣਾਉਣ ਦੇ ਨਾਲ-ਨਾਲ ਈਜ਼ ਆਫ ਲਿਵਿੰਗ ਵੀ ਵਧਾਏਗਾ।"

"ਵਰਤਮਾਨ ਵਿੱਚ, ਹਸਪਤਾਲਾਂ ਵਿੱਚ ਤਕਨੀਕ ਦੀ ਵਰਤੋਂ ਸਿਰਫ਼ ਇੱਕ ਹੀ ਹਸਪਤਾਲ ਜਾਂ ਸਮੂਹ ਤੱਕ ਸੀਮਿਤ ਰਹਿੰਦੀ ਹੈ, ਪਰ ਇਹ ਮਿਸ਼ਨ ਹੁਣ ਪੂਰੇ ਦੇਸ਼ ਦੇ ਹਸਪਤਾਲਾਂ ਦੇ ਡਿਜੀਟਲ ਸਿਹਤ ਸਮਾਧਾਨਾਂ (ਡਿਜੀਟਲ ਹੈਲਥ ਸੋਲਿਊਸ਼ਨਜ਼) ਨੂੰ ਇੱਕ-ਦੂਜੇ ਨਾਲ ਜੋੜੇਗਾ।"

"ਇਸ ਦੇ ਤਹਿਤ, ਦੇਸ਼ਵਾਸੀਆਂ ਨੂੰ ਹੁਣ ਇੱਕ ਡਿਜੀਟਲ ਹੈਲਥ ਆਈਡੀ ਮਿਲੇਗੀ। ਹਰੇਕ ਨਾਗਰਿਕ ਦਾ ਸਿਹਤ ਰਿਕਾਰਡ ਡਿਜੀਟਲ ਰੂਪ ਵਿੱਚ ਸੁਰੱਖਿਅਤ ਰਹੇਗਾ।"

ਕੀ ਹੈ ਹੈਲਥ ਕਾਰਡ

ਡਿਜੀਟਲ ਹੈਲਥ ਕਾਰਡ ਇੱਕ ਤਰ੍ਹਾਂ ਨਾਲ ਆਧਾਰ ਕਾਰਡ ਵਰਗਾ ਹੀ ਹੋਵੇਗਾ। ਇਸ ਕਾਰਡ 'ਤੇ ਤੁਹਾਨੂੰ 14 ਅੰਕਾਂ ਦਾ ਇੱਕ ਨੰਬਰ ਮਿਲੇਗਾ।

ਇਸੇ ਨੰਬਰ ਨਾਲ ਸਿਹਤ ਖੇਤਰ ਵਿੱਚ ਵਿਅਕਤੀ ਦੀ ਪਛਾਣ ਹੋਵੇਗੀ। ਇਸ ਦੇ ਨਾਲ, ਕਿਸੇ ਮਰੀਜ਼ ਦੀ ਮੈਡੀਕਲ ਹਿਸਟਰੀ ਪਤਾ ਲੱਗ ਸਕੇਗੀ।

ਇੱਕ ਤਰੀਕੇ ਨਾਲ ਇਹ ਤੁਹਾਡੀ ਸਿਹਤ ਸੰਬੰਧੀ ਜਾਣਕਾਰੀ ਦਾ ਖਾਤਾ ਹੈ। ਇਸ ਵਿੱਚ ਤੁਹਾਡੀ ਸਿਹਤ ਨਾਲ ਜੁੜੀਆਂ ਕਈ ਜਾਣਕਾਰੀਆਂ ਦਰਜ ਹੋਣਗੀਆਂ।

ਜਿਵੇਂ ਕਿ ਕਿਸੇ ਵਿਅਕਤੀ ਦੀ ਕਿਹੜੀ ਬਿਮਾਰੀ ਦਾ ਇਲਾਜ ਹੋਇਆ ਹੈ, ਕਿਸ ਹਸਪਤਾਲ ਵਿੱਚ ਹੋਇਆ, ਕਿਹੜੇ ਟੈਸਟ ਕੀਤੇ ਗਏ, ਕਿਹੜੀਆਂ ਦਵਾਈਆਂ ਦਿੱਤੀਆਂ ਗਈਆਂ, ਮਰੀਜ਼ ਨੂੰ ਕੀ-ਕੀ ਸਿਹਤ ਸਮੱਸਿਆਵਾਂ ਹਨ ਅਤੇ ਕੀ ਮਰੀਜ਼ ਕਿਸੇ ਸਿਹਤ ਯੋਜਨਾ ਨਾਲ ਜੁੜਿਆ ਹੋਇਆ ਹੈ ਆਦਿ।

ਕਿਵੇਂ ਬਣੇਗਾ ਇਹ ਕਾਰਡ

  • ਇਸ ਨੂੰ ਆਧਾਰ ਕਾਰਡ ਜਾਂ ਮੋਬਾਈਲ ਨੰਬਰ ਦੇ ਰਾਹੀਂ ਬਣਾਇਆ ਜਾ ਸਕਦਾ ਹੈ।
  • ਹੈਲਥ ਕਾਰਡ ਬਣਾਉਣ ਲਈ, ਤੁਹਾਨੂੰ ndhm.gov.in ਵੈੱਬਸਾਈਟ 'ਤੇ ਜਾਣਾ ਪਏਗਾ। ਉੱਥੇ "ਹੈਲਥ ਆਈਡੀ" ਨਾਮ ਨਾਲ ਇੱਕ ਸਿਰਲੇਖ ਦਿਖਾਈ ਦੇਵੇਗਾ।
  • ਇੱਥੇ ਤੁਸੀਂ ਇਸ ਸਹੂਲਤ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਤੇ 'ਕ੍ਰੀਏਟ ਹੈਲਥ ਆਈਡੀ' ਵਿਕਲਪ 'ਤੇ ਕਲਿੱਕ ਕਰਕੇ ਕਾਰਡ ਬਣਾਉਣ ਲਈ ਅੱਗੇ ਵਧ ਸਕਦੇ ਹੋ।
  • ਅਗਲੇ ਵੈੱਬਪੇਜ 'ਤੇ ਤੁਹਾਨੂੰ ਆਧਾਰ ਨਾਲ ਜਾਂ ਮੋਬਾਈਲ ਫੋਨ ਰਾਹੀਂ ਸਿਹਤ ਕਾਰਡ ਬਣਾਉਣ ਦਾ ਵਿਕਲਪ ਮਿਲੇਗਾ।
  • ਆਧਾਰ ਨੰਬਰ ਜਾਂ ਫ਼ੋਨ ਨੰਬਰ ਦਰਜ ਕਰਨ 'ਤੇ ਇੱਕ OTP ਪ੍ਰਾਪਤ ਹੋਵੇਗਾ। OTP ਭਰ ਕੇ ਤੁਹਾਨੂੰ ਇਸ ਦੀ ਤਸਦੀਕ ਕਰਨੀ ਹੋਵੇਗੀ।
  • ਤੁਹਾਡੇ ਸਾਹਮਣੇ ਇੱਕ ਫਾਰਮ ਖੁੱਲ੍ਹੇਗਾ, ਜਿਸ ਵਿੱਚ ਤੁਹਾਨੂੰ ਆਪਣੀ ਪ੍ਰੋਫਾਈਲ ਲਈ ਫੋਟੋ, ਆਪਣੀ ਜਨਮ ਮਿਤੀ ਅਤੇ ਪਤੇ ਸਮੇਤ ਕੁਝ ਹੋਰ ਜਾਣਕਾਰੀਆਂ ਦੇਣੀਆਂ ਹੋਣਗੀਆਂ।
  • ਸਾਰੀਆਂ ਜਾਣਕਾਰੀਆਂ ਭਰਦੇ ਹੀ ਇੱਕ ਹੈਲਥ ਆਈਡੀ ਕਾਰਡ ਬਣ ਕੇ ਆ ਜਾਵੇਗਾ, ਜਿਸ ਵਿੱਚ ਤੁਹਾਡੇ ਨਾਲ ਸੰਬੰਧਿਤ ਜਾਣਕਾਰੀਆਂ, ਫੋਟੋ ਅਤੇ ਇੱਕ QR ਕੋਡ ਹੋਵੇਗਾ।
  • ਜਿਹੜੇ ਲੋਕ ਆਪਣੇ ਆਪ ਹੈਲਥ ਕਾਰਡ ਨਹੀਂ ਬਣਾ ਸਕਦੇ, ਉਹ ਸਰਕਾਰੀ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ, ਹੈਲਥ ਐਂਡ ਵੈੱਲਨੇਸ ਸੈਂਟਰ ਜਾਂ ਨੈਸ਼ਨਲ ਹੈਲਥ ਇੰਫਰਾਸਟ੍ਰਕਚਰ ਰਜਿਸਟਰੀ ਨਾਲ ਜੁੜੇ ਹੈਲਥ ਕੇਅਰ ਪ੍ਰੋਵਾਈਡਰ ਤੋਂ ਆਪਣਾ ਹੈਲਥ ਕਾਰਡ ਬਣਵਾ ਸਕਦੇ ਹਨ।

ਕਿਵੇਂ ਦਰਜ ਹੋਵੇਗਾ ਡੇਟਾ

ਇਸ ਡਿਜੀਟਲ ਹੈਲਥ ਕਾਰਡ ਵਿੱਚ ਕਿਸੇ ਮਰੀਜ਼ ਦਾ ਪੂਰਾ ਡੇਟਾ ਰੱਖਣ ਲਈ ਹਸਪਤਾਲ, ਕਲੀਨਿਕ ਅਤੇ ਡਾਕਟਰਾਂ ਨੂੰ ਇੱਕ ਕੇਂਦਰੀ ਸਰਵਰ ਨਾਲ ਜੋੜਿਆ ਜਾਵੇਗਾ।

ਇਸ ਵਿੱਚ ਹਸਪਤਾਲ, ਕਲੀਨਿਕ ਅਤੇ ਡਾਕਟਰ ਵੀ ਰਜਿਸਟਰਡ ਹੋਣਗੇ।

ਇਸ ਲਈ ਤੁਹਾਨੂੰ 'NDHM ਹੈਲਥ ਰਿਕਾਰਡਸ ਐਪ' ਡਾਊਨਲੋਡ ਕਰਨਾ ਪਏਗਾ।

ਇਸ ਵਿੱਚ, ਤੁਸੀਂ ਆਪਣੀ ਹੈਲਥ ਆਈਡੀ ਜਾਂ ਪੀਐੱਚਆਰ ਪਤੇ ਅਤੇ ਪਾਸਵਰਡ ਦੁਆਰਾ ਲੌਗ-ਇਨ ਕਰ ਸਕਦੇ ਹੋ।

ਇਸ ਐਪ ਵਿੱਚ, ਤੁਹਾਨੂੰ ਉਸ ਹਸਪਤਾਲ ਜਾਂ ਹੈਲਥ ਫੈਸਿਲਿਟੀ ਨੂੰ ਲੱਭਣਾ ਅਤੇ ਜੋੜਨਾ ਪਏਗਾ, ਜਿੱਥੇ ਤੁਹਾਡਾ ਇਲਾਜ ਹੋਇਆ ਹੈ।

ਉਨ੍ਹਾਂ ਕੋਲ ਮੌਜੂਦ ਤੁਹਾਡਾ ਸਿਹਤ ਸੰਬੰਧੀ ਡੇਟਾ ਇਸ ਮੋਬਾਈਲ ਐਪ 'ਤੇ ਆ ਜਾਵੇਗਾ। ਹਸਪਤਾਲਾਂ ਵਿੱਚ ਲੱਗੇ QR ਕੋਡ ਨੂੰ ਸਕੈਨ ਕਰਕੇ ਵੀ ਹਸਪਤਾਲ ਨੂੰ ਜੋੜਿਆ ਜਾ ਸਕਦਾ ਹੈ।

ਤੁਸੀਂ ਚਾਹੋ, ਤਾਂ ਤੁਸੀਂ ਆਪ ਵੀ ਆਪਣੀ ਪ੍ਰਿਸਕ੍ਰਿਪਸ਼ਨ, ਟੈਸਟ ਰਿਪੋਰਟ ਜਾਂ ਹੋਰ ਜਾਣਕਾਰੀ ਇਸ ਐਪ ਵਿੱਚ ਦਰਜ ਕਰ ਸਕਦੇ ਹੋ। ਇਸ ਲਈ ਲਾਕਰ ਦੀ ਸਹੂਲਤ ਵੀ ਦਿੱਤੀ ਗਈ ਹੈ।

ਕੋਈ ਵੀ ਡਾਕਟਰ, ਸਿਹਤ ਕਰਮੀ ਅਤੇ ਹਸਪਤਾਲ, ਤੁਹਾਡੀ ਸਹਿਮਤੀ ਨਾਲ 14 ਅੰਕਾਂ ਦੀ ਵਿਲੱਖਣ ਆਈਡੀ ਰਾਹੀਂ ਤੁਹਾਡਾ ਸਿਹਤ ਡੇਟਾ ਵੇਖ ਸਕੇਗਾ। ਇਸ ਲਈ ਤੁਹਾਡੀ ਸਹਿਮਤੀ ਲਾਜ਼ਮੀ ਹੋਵੇਗੀ।

ਉਪਭੋਗਤਾ ਜਦੋਂ ਚਾਹੇ ਆਪਣਾ ਸਿਹਤ ਰਿਕਾਰਡ ਮਿਟਾ ਵੀ ਸਕਦਾ ਹੈ।

ਕੀ ਹੋਣਗੇ ਫਾਇਦੇ

  • ਡਿਜੀਟਲ ਕਾਰਡ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਦੀ ਵਰਤੋਂ ਕਰਨ ਤੋਂ ਬਾਅਦ, ਤੁਹਾਨੂੰ ਡਾਕਟਰ ਦੇ ਪੁਰਾਣੇ ਪਰਚੇ ਅਤੇ ਟੈਸਟ ਰਿਪੋਰਟਾਂ ਆਪਣੇ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੋਏਗੀ।
  • ਇਸ ਨਾਲ ਹੀ, ਜੇ ਤੁਹਾਡਾ ਕੋਈ ਦਸਤਾਵੇਜ਼ ਗੁਆਚ ਵੀ ਜਾਵੇ ਤਾਂ ਵੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।
  • ਜੇ ਪੁਰਾਣੇ ਟੈਸਟ ਦੀ ਰਿਪੋਰਟ ਨਹੀਂ ਹੈ, ਤਾਂ ਡਾਕਟਰ ਨੂੰ ਦੁਬਾਰਾ ਸਾਰੇ ਟੈਸਟ ਨਹੀਂ ਕਰਵਾਉਣੇ ਪੈਣਗੇ। ਇਸ ਨਾਲ ਸਮੇਂ ਅਤੇ ਪੈਸੇ ਦੀ ਬਚਤ ਹੋਵੇਗੀ।
  • ਤੁਸੀਂ ਭਾਵੇਂ ਜਿਸ ਵੀ ਸ਼ਹਿਰ ਵਿੱਚ ਇਲਾਜ ਕਰਵਾਓ, ਡਾਕਟਰ ਵਿਲੱਖਣ ਆਈਡੀ ਰਾਹੀਂ ਤੁਹਾਡੀ ਪਿਛਲੀ ਸਿਹਤ ਜਾਣਕਾਰੀ ਨੂੰ ਵੇਖ ਸਕਣਗੇ।
  • ਇਹ ਹੈਲਥ ਆਈਡੀ ਮੁਫ਼ਤ ਹੈ ਅਤੇ ਲਾਜ਼ਮੀ ਨਹੀਂ ਹੋਵੇਗੀ। ਹਾਲਾਂਕਿ, ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਕੋਈ ਇਸ ਪ੍ਰਣਾਲੀ ਦਾ ਹਿੱਸਾ ਬਣੇ।
  • ਮਰੀਜ਼ ਦੀ ਸਹਿਮਤੀ ਨਾਲ ਤੁਸੀਂ ਆਪਣੇ ਕਿਸੇ ਜਾਣਕਾਰ ਵਿਅਕਤੀ ਦੇ ਸਿਹਤ ਰਿਕਾਰਡ ਨੂੰ ਵੀ ਸੰਭਾਲ ਸਕਦੇ ਹੋ।

ਡੇਟਾ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ

ਇਸ ਹੈਲਥ ਕਾਰਡ ਵਿੱਚ ਸਾਰਾ ਡੇਟਾ ਡਿਜੀਟਲ ਹੋਵੇਗਾ ਜਿਸ ਨੂੰ ਸਰਵਰ 'ਤੇ ਇਕੱਠਾ ਕੀਤਾ ਜਾਵੇਗਾ।

ਸਰਕਾਰ ਦਾ ਦਾਅਵਾ ਹੈ ਕਿ ਲੋਕ ਆਪਣਾ ਡੇਟਾ ਡਿਜੀਟਲ ਰੂਪ ਵਿੱਚ ਨਿੱਜੀ, ਸੁਰੱਖਿਅਤ ਅਤੇ ਭਰੋਸੇਯੋਗ ਵਾਤਾਵਰਣ ਵਿੱਚ ਸੰਭਾਲ ਕੇ ਰੱਖ ਸਕਣਗੇ।

ਪਰ ਸਾਈਬਰ ਸੁਰੱਖਿਆ ਮਾਹਿਰ, ਇੱਕ ਪਾਸੇ ਜਿੱਥੇ ਇਸ ਕਦਮ ਨੂੰ ਸ਼ਲਾਘਾਯੋਗ ਮੰਨਦੇ ਹਨ, ਉੱਥੇ ਹੀ ਇਸ ਨਾਲ ਜੁੜੇ ਖ਼ਤਰਿਆਂ ਬਾਰੇ ਵੀ ਚੇਤਾਵਨੀ ਦਿੰਦੇ ਹਨ।

ਤੁਹਾਡੇ ਕੋਲ ਮੌਜੂਦ ਕਿਸੇ ਦਸਤਾਵੇਜ਼ ਦੀ ਸੁਰੱਖਿਆ ਤੁਸੀਂ ਆਪ ਕਰਦੇ ਹੋ, ਪਰ ਜੇ ਕੋਈ ਡੇਟਾ ਸਰਵਰ 'ਤੇ ਰੱਖਿਆ ਜਾਂਦਾ ਹੈ, ਤਾਂ ਉਸਦੀ ਸੁਰੱਖਿਆ ਲਈ ਤੁਸੀਂ ਸਰਕਾਰ 'ਤੇ ਨਿਰਭਰ ਹੋ ਜਾਂਦੇ ਹੋ।

ਸਰਕਾਰ ਲੋਕਾਂ ਦੇ ਜੀਵਨ ਨੂੰ ਸੌਖਾ ਬਣਾਉਣ ਲਈ ਨਵੇਂ-ਨਵੇਂ ਯਤਨ ਕਰਦੀ ਹੈ ਅਤੇ ਸੁਰੱਖਿਆ ਦੇ ਦਾਅਵੇ ਵੀ ਕਰਦੀ ਹੈ, ਪਰ ਹਰ ਵਾਰ ਸਾਈਬਰ ਸੁਰੱਖਿਆ ਦਾ ਮਸਲਾ ਦਾ ਸਵਾਲ ਬਣ ਕੇ ਸਾਹਮਣੇ ਆ ਜਾਂਦਾ ਹੈ।

ਜਿਵੇਂ ਕਿ ਆਧਾਰ ਕਾਰਡ ਨੂੰ ਲੈ ਕੇ ਵੀ ਡੇਟਾ ਦੇ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।

ਪਰ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਦੋਂ ਹੈਕਰਾਂ ਨੇ ਆਧਾਰ ਕਾਰਡ ਦੇ ਡੇਟਾ ਵਿੱਚ ਘਾਤ ਲਗਾਈ ਹੈ।

ਕੀ ਡਿਜੀਟਲ ਹੈਲਥ ਕਾਰਡ ਵੀ ਅਜਿਹੇ ਕਿਸੇ ਹਮਲੇ ਦਾ ਸ਼ਿਕਾਰ ਹੋ ਸਕਦਾ ਹੈ?

ਸਾਈਬਰ ਮਾਹਿਰ ਪਵਨ ਦੁੱਗਲ ਕਹਿੰਦੇ ਹਨ, "ਡਿਜੀਟਲ ਹੈਲਥ ਕਾਰਡ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਸਹੀ ਉਦੇਸ਼ ਨਾਲ ਬਣਾਇਆ ਗਿਆ ਹੈ।"

"ਪਰ ਹੈਲਥ ਕਾਰਡ ਨਾਲ ਬਹੁਤ ਸਾਰੀਆਂ ਬੁਨਿਆਦੀ ਚੁਣੌਤੀਆਂ ਜੁੜੀਆਂ ਹੋਈਆਂ ਹਨ। ਇੱਥੇ ਸਭ ਤੋਂ ਵੱਡੀ ਚੁਣੌਤੀ ਡੇਟਾ ਵਿੱਚ ਘਾਤ ਲਗਾਉਣ ਦੀ ਹੋ ਸਕਦੀ ਹੈ। "

"ਸਿਹਤ ਨਾਲ ਜੁੜਿਆ ਡੇਟਾ, ਸਾਈਬਰ ਅਪਰਾਧੀਆਂ ਲਈ ਬਹੁਤ ਆਕਰਸ਼ਕ ਹੋ ਸਕਦਾ ਹੈ ਕਿਉਂਕਿ ਇਸ ਦੀ ਕੀਮਤ ਬਹੁਤ ਚੰਗੀ ਮਿਲਦੀ ਹੈ।"

"ਇਹ ਡੇਟਾ ਚੋਰੀ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਬਦਲਾਅ ਵੀ ਕੀਤੇ ਜਾ ਸਕਦੇ ਹਨ।"

"ਡੇਟਾ ਵਿੱਚ ਬਦਲਾਅ ਬਹੁਤ ਖਤਰਨਾਕ ਹੈ ਕਿਉਂਕਿ ਇਸ ਨਾਲ ਉਸ ਵਿਅਕਤੀ ਦੀ ਬਿਮਾਰੀ ਅਤੇ ਇਲਾਜ ਵਿੱਚ ਬਦਲਾਅ ਹੋ ਜਾਵੇਗਾ, ਜੋ ਕਿ ਘਾਤਕ ਹੋ ਸਕਦਾ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਡੇਟਾ ਸੁਰੱਖਿਆ ਕਾਨੂੰਨ ਦੀ ਘਾਟ

ਪਵਨ ਦੁੱਗਲ ਦਾ ਕਹਿਣਾ ਹੈ ਕਿ ਜੋ ਵੀ ਐਲਾਨ ਕੀਤੇ ਜਾ ਰਹੇ ਹਨ, ਉਨ੍ਹਾਂ ਵਿੱਚ ਇਹ ਪਤਾ ਨਹੀਂ ਲੱਗ ਪਾ ਰਿਹਾ ਹੈ ਕਿ ਸਾਈਬਰ ਸੁਰੱਖਿਆ ਦੇ ਸੰਬੰਧ ਵਿੱਚ ਕੀ-ਕੀ ਕਦਮ ਚੁੱਕੇ ਗਏ ਹਨ।

ਉਨ੍ਹਾਂ ਕਿਹਾ, "ਭਾਰਤ ਕੋਲ ਡੇਟਾ ਸੁਰੱਖਿਆ ਕਾਨੂੰਨ ਨਹੀਂ ਹੈ। ਸਿਰਫ਼ ਡੇਟਾ ਸੁਰੱਖਿਆ ਬਿੱਲ, 2019 ਹੈ ਜੋ ਫਿਲਹਾਲ ਸੰਯੁਕਤ ਸੰਸਦੀ ਕਮੇਟੀ ਦੇ ਸਾਹਮਣੇ ਹੈ।"

"ਜਦੋਂ ਕਾਨੂੰਨ ਹੀ ਨਹੀਂ ਹੈ, ਤਾਂ ਲੋਕਾਂ ਦੇ ਸਿਹਤ ਡੇਟਾ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਵੇਗਾ।"

"ਕਾਨੂੰਨ ਹੋਣਗੇ ਤਾਂ ਉਸ ਵਿੱਚ ਸਜ਼ਾ ਜਾਂ ਜੁਰਮਾਨਾ ਤੈਅ ਕੀਤਾ ਜਾ ਸਕਦਾ ਹੈ, ਜਿਸ ਨਾਲ ਕਿਸੇ ਨੂੰ ਅਜਿਹਾ ਅਪਰਾਧ ਕਰਨ ਤੋਂ ਪਹਿਲਾਂ ਡਰ ਲੱਗੇਗਾ।"

ਉੱਧਰ, ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦੀ ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐਮ) ਤੁਹਾਡੇ ਕਿਸੇ ਵੀ ਸਿਹਤ ਸੰਬੰਧੀ ਰਿਕਾਰਡ ਨੂੰ ਸਟੋਰ ਨਹੀਂ ਕਰਦਾ।

ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਤੁਹਾਡੀ ਸਹਿਮਤੀ ਤੋਂ ਬਾਅਦ ਹੀ, ਤੁਹਾਡਾ ਰਿਕਾਰਡ ਡਾਕਟਰ ਜਾਂ ਹੈਲਥ ਫੈਸਿਲਿਟੀ ਨਾਲ ਸਾਂਝਾ ਕੀਤਾ ਜਾਵੇਗਾ।

ਤੁਸੀਂ ਚਾਹੋ ਤਾਂ ਤੁਸੀਂ ਆਪ ਇਹ ਤੈਅ ਕਰ ਸਕਦੇ ਹੋ ਕਿ ਕਿਸੇ ਨੂੰ ਕਿੰਨੀ ਦੇਰ ਤੱਕ ਆਗਿਆ ਦੇਣੀ ਹੈ ਅਤੇ ਕਿਹੜੇ ਰਿਕਾਰਡ ਦਿਖਾਉਣੇ ਹਨ।

ਫਿਰ ਵੀ, ਬਹੁਤ ਸਾਰੇ ਪ੍ਰਸ਼ਨ ਹਨ ਜਿਨ੍ਹਾਂ ਨੂੰ ਲੈ ਕੇ ਖਦਸ਼ੇ ਅਤੇ ਚੁਣੌਤੀਆਂ ਬਣੀਆਂ ਹੋਈਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)