ਨਵਜੋਤ ਸਿੱਧੂ ਦੀ ਅਜੇ ਵੀ ਦੂਰ ਨਹੀਂ ਹੋਈ ਨਰਾਜ਼ਗੀ, ਕੈਪਟਨ ਨੇ ਇਹ ਦੱਸਿਆ ਅਮਿਤ ਸ਼ਾਹ ਨੂੰ ਮਿਲਣ ਦਾ ਕਾਰਨ

ਤਸਵੀਰ ਸਰੋਤ, Raveen thukral / twitter
ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੀ ਫੋਟੋ ਜਨਤਕ ਕੀਤੀ ਹੈ।
ਰਵੀਨ ਠੁਕਰਾਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਲਿਖਿਆ, ''ਅੱਜ ਖੇਤੀ ਕਾਨੂੰਨਾਂ ਖ਼ਿਲਾਫ਼ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਬਾਬਤ ਗੱਲਬਾਤ ਕੀਤੀ। ਇਸ ਦੇ ਨਾਲ ਹੀ ਪੰਜਾਬ ਨੂੰ ਫ਼ਸਲੀ ਵਿਭਿੰਨਤਾ ਵਿਚ ਮਦਦ ਕਰਨ ਲਈ ਵੀ ਗੱਲਬਾਤ ਕੀਤੀ ''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਪੰਜਾਬ ਕਾਂਗਰਸ ਵਿਚ ਚੱਲ ਰਹੇ ਸਿਆਸੀ ਸੰਕਟ ਦੀ ਅਗਲੀ ਕੜੀ ਤਹਿਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਨੇ ਸਿਆਸੀ ਅਖਾੜਾ ਹੋਰ ਭਖਾ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਤੋਂ ਕਾਂਗਰਸ ਹਾਈਕਮਾਂਡ ਨੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਲੈ ਲਿਆ ਸੀ।
ਉਨ੍ਹਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਉਹ 2022 ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਗੇ।
ਉਨ੍ਹਾਂ ਨੇ ਬੀਬੀਸੀ ਪੰਜਾਬੀ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਕਿਹਾ ਸੀ ਉਹ ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕਿਸੇ ਤਕੜੇ ਬੰਦੇ ਨੂੰ ਸਾਹਮਣੇ ਲਿਆਉਣਗੇ।
ਉਹ ਮੰਗਲਵਾਰ ਨੂੰ ਦਿੱਲੀ ਪਹੁੰਚੇ ਸਨ, ਉਨ੍ਹਾਂ ਬਾਰੇ ਪਹਿਲਾਂ ਹੀ ਮੀਡੀਆ ਵਿਚ ਖ਼ਬਰਾਂ ਆ ਰਹੀਆਂ ਸਨ ਕਿ ਉਹ ਭਾਜਪਾ ਦੀ ਸਿਖ਼ਰਲੀ ਲੀਡਰਸ਼ਿਪ ਨੂੰ ਮਿਲ ਸਕਦੇ ਹਨ।
ਪਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਦਿੱਲੀ ਵਿਚ ਕਿਸੇ ਵੀ ਸਿਆਸੀ ਆਗੂ ਨੂੰ ਮਿਲਣ ਨਹੀਂ ਆਏ ਹਨ।
ਉਹ ਤਾਂ ਕਪੂਰਥਲਾਂ ਹਾਊਸ ਵਿਚਲੇ ਸੀਐੱਮ ਨਿਵਾਸ ਨੂੰ ਖਾਲ਼ੀ ਕਰਨ ਆਏ ਹਨ।
ਖ਼ਬਰ ਏਜੰਸੀ ਏਐੱਨਆਈ ਵਲੋਂ ਜਾਰੀ ਕੀਤੀ ਫੂਟੇਜ਼ ਮੁਤਾਬਕ ਉਹ ਬੁੱਧਵਾਰ ਨੂੰ ਸ਼ਾਮ ਕਰੀਬ 6 ਵਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੰ ਮਿਲਣ ਪਹੁੰਚੇ ਸਨ।
ਮੈਂ ਅੜਾਂਗਾ ਤੇ ਲੜਾਂਗਾ, ਜਾਂਦਾ ਹੈ ਤਾਂ ਸਭ ਕੁਝ ਜਾਵੇ˸ ਨਵਜੋਤ ਸਿੱਧੂ
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਚਲਦਾ ਕਰਵਾਉਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੀ ਪੁਜੀਸ਼ਨ ਸਪੱਸ਼ਟ ਕੀਤੀ।
ਨਵਜੋਤ ਸਿੰਘ ਸਿੱਧੂ ਨੇ ਆਪਣੇ ਅਸਤੀਫ਼ੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ।
ਸਿੱਧੂ ਨੇ ਇਸ ਵੀਡੀਓ ਵਿਚ ਕਿਹਾ, "17 ਸਾਲ ਦਾ ਸਿਆਸੀ ਸਫ਼ਰ ਇੱਕ ਮਕਸਦ ਨਾਲ ਕੀਤਾ, ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨਾ, ਮੁੱਦਿਆਂ ਦੀ ਸਿਆਸਤ ਉੱਤੇ ਸਟੈਂਡ ਲੈ ਕੇ ਖੜਨਾ, ਇਹੀ ਮੇਰਾ ਧਰਮ ਸੀ, ਇਹੀ ਮੇਰਾ ਫਰਜ਼ ਸੀ, ਮੇਰੀ ਅੱਜ ਤੱਕ ਕਿਸੇ ਨਾਲ ਕੋਈ ਨਿੱਜੀ ਕਿਰ ਨਹੀਂ ਰਹੀ।"
ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ੇ ਮਗਰੋਂ ਵੀਡੀਓ ਜਾਰੀ ਕਰਕੇ ਕੀ ਕਿਹਾ -ਵੀਡੀਓ
ਉਨ੍ਹਾਂ ਨੇ ਅੱਗੇ ਕਿਹਾ, "ਨਾ ਹੀ ਮੈਂ ਨਿੱਜੀ ਲੜਾਈਆਂ ਲੜੀਆਂ ਹਨ, ਮੇਰੀ ਲੜਾਈ ਮੁੱਦਿਆਂ ਦੀ ਹੈ, ਮਸਲਿਆਂ ਦੀ ਹੈ ਅਤੇ ਪੰਜਾਬ ਪੱਖ ਇੱਕ ਏਜੰਡੇ ਦੀ ਹੈ, ਜਿਸ 'ਤੇ ਮੈਂ ਬਹੁਤ ਦੇਰ ਦਾ ਖੜ੍ਹਾ ਰਿਹਾ।"
"ਅੱਜ ਜਦੋਂ ਮੈਂ ਦੇਖਦਾ ਕਿ ਮੁੱਦਿਆਂ ਨਾਲ ਸਮਝੌਤਾ ਹੋ ਰਿਹਾ, ਮੇਰਾ ਪ੍ਰਥਮ ਕਾਜ...ਉਹ ਕੰਮ ਕਰਨਾ ਜਿਸ ਲਈ ਪੰਜਾਬ ਦੇ ਲੋਕ ਸਭ ਤੋਂ ਦੁਖੀ ਨੇ, ਜਦੋਂ ਮੈਂ ਦੇਖਦਾ ਕਿ 6-6 ਸਾਲ ਪਹਿਲਾਂ ਜਿਨ੍ਹਾਂ ਬਾਦਲਾਂ ਨੂੰ ਕਲੀਨ ਚਿੱਟਾਂ ਦਿੱਤੀਆਂ, ਛੋਟੇ-ਛੋਟੇ ਮੁੰਡਿਆਂ ਉੱਤੇ ਤਸ਼ਦੱਦ ਕੀਤੇ, ਉਨ੍ਹਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ।"
"ਮੇਰੀ ਰੂਹ ਕਰਲਾਉਂਦੀ ਹੈ ਕਿ ਜਿਨ੍ਹਾਂ ਨੇ ਬਲੈਂਕੇਟ ਬੇਲਾਂ ਦਿੱਤੀਆਂ ਉਹ ਐਡਵੋਕੇਟ ਜਨਰਲ ਨੇ...ਜਿਹੜੇ ਲੋਕ ਮਸਲਿਆਂ ਦੀਆਂ ਗੱਲਾਂ ਕਰਦੇ ਸਨ, ਉਹ ਮਸਲੇ ਕਿੱਥੇ ਹਨ, ਉਹ ਸਾਧਨ ਕਿੱਥੇ ਹਨ, ਕੀ ਇਨ੍ਹਾਂ ਸਾਧਨਾਂ ਨਾਲ ਅਸੀਂ ਆਪਣੇ ਮੁਕਾਮ ਤੱਕ ਪਹੁੰਚਾਗੇ।"
"ਮੈਂ ਨਾ ਤੇ ਹਾਈ ਕਮਾਂਡ ਨੂੰ ਗੁਮਰਾਹ ਕਰ ਸਕਦਾ ਤੇ ਨਾ ਗੁਮਰਾਹ ਹੋਣ ਦੇ ਸਕਦਾ। ਗੁਰੂ ਦੇ ਇਨਸਾਫ਼ ਲਈ ਲੜਨ ਲਈ, ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੀ ਲੜਾਈ ਲੜਨ ਲਈ... ਸਿਰ ਮੱਥੇ ਮੈਂ ਕਿਸੇ ਵੀ ਚੀਜ਼ ਦੀ ਕੁਰਬਾਨੀ ਦੇਵਾਂਗਾ।"
"ਪਰ ਸਿਧਾਂਤਾਂ 'ਤੇ ਖੜ੍ਹਾਂਗਾ, ਇਸ ਲਈ ਮੈਨੂੰ ਕੁਝ ਸੋਚਣ ਦੀ ਲੋੜ ਨਹੀਂ ਹੈ।"
ਉਨ੍ਹਾਂ ਨੇ ਕਿਹਾ, "ਦਾਗ਼ੀ ਲੀਡਰਾਂ ਤੇ ਦਾਗ਼ੀ ਅਫ਼ਸਰਾਂ ਦਾ ਸਿਸਟਮ ਤਾਂ ਭੰਨਿਆ ਸੀ, ਦੁਬਾਰਾ ਉਨ੍ਹਾਂ ਨੂੰ ਲਿਆ ਕੇ ਉਹੀ ਸਿਸਟਮ ਖੜ੍ਹਾ ਨਹੀਂ ਕੀਤਾ ਜਾ ਸਕਦਾ। ਮੈਂ ਇਸ ਦਾ ਵਿਰੋਧ ਕਰਦਾ।"
"ਸਭ ਤੋਂ ਵੱਡਾ ਮੁੱਦਾ ਜਿਹੜਾ ਸੀ, ਜਿਨ੍ਹਾਂ ਲੋਕਾਂ ਨੇ ਵੱਡੇ ਅਫ਼ਸਰਾਂ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਨ੍ਹਾਂ ਲੋਕਾਂ ਨੂੰ ਸੁਰੱਖਿਆ ਦਿੱਤੀ, ਜਿਨ੍ਹਾਂ ਨੇ ਮਾਂਵਾਂ ਦੀਆਂ ਕੁੱਖਾਂ ਰੋਲ ਦਿੱਤੀਆਂ। ਉਨ੍ਹਾਂ ਨੂੰ ਪਹਿਰੇਦਾਰ ਨਹੀਂ ਬਣਾਇਆ ਜਾ ਸਕਦਾ।"
"ਮੈਂ ਅੜਾਂਗਾ ਤੇ ਲੜਾਂਗਾ, ਜਾਂਦਾ ਹੈ ਤਾਂ ਸਭ ਕੁਝ ਜਾਵੇ।"
ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਬਾਰੇ ਕੀ ਕੀਤਾ ਸੀ ਐਲਾਨ- ਵੀਡੀਓ
--------------------------------------------------------------------
ਪੰਜਾਬ ਕਾਂਗਰਸ ਸੰਕਟ : ਹੁਣ ਤੱਕ ਕੀ-ਕੀ ਹੋਇਆ
- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ
- ਉਹ ਪੰਜਾਬ ਦੀ ਨਵੀਂ ਸਰਕਾਰ ਵਿਚ ਦਾਗੀ ਸਿਆਸਤਦਾਨਾਂ ਅਤੇ ਅਫ਼ਸਰਾਂ ਦੀ ਨਿਯੁਕਤੀ ਤੋਂ ਗੁੱਸੇ ਵਿਚ ਹਨ
- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ''ਸਿੱਧੂ ਸਥਿਰ'' ਆਦਮੀ ਨਹੀਂ ਹੈ
- ਕਾਂਗਰਸ ਹਾਈਕਮਾਂਡ ਨੇ ਅਸਤੀਫ਼ਾ ਸਵਿਕਾਰ ਤਾਂ ਨਹੀਂ ਕੀਤਾ ਹੈ,
- ਸੂਬਾ ਲੀਡਰਸ਼ਿਪ ਨੂੰ ਮਸਲਾ ਆਪਣੇ ਪੱਧਰ ਉੱਤੇ ਨਿਬੇੜਨ ਲਈ ਕਿਹਾ ਹੈ
- ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਸਿੱਧੂ ਨਾਲ ਬੈਠਕੇ ਹੱਲ ਕੱਢ ਲਵਾਂਗੇ
- ਚਰਨਜੀਤ ਚੰਨੀ ਨੇ ਕਿਹਾ ਪਾਰਟੀ ਸੁਪਰੀਮ ਹੈ ਅਤੇ ਮੇਰੀ ਕੋਈ ਈਗੋ ਸਮੱਸਿਆ ਨਹੀਂ ਹੈ
- ਕਈ ਮੰਤਰੀ ਅਤੇ ਕਾਂਗਰਸ ਆਗੂ ਸਿੱਧੂ ਨੂੰ ਮਨਾਉਣ ਲੱਗੇ ਹੋਏ ਹਨ
- ਕੈਬਨਿਟ ਮੰਤਰੀ ਪ੍ਰਗਟ ਸਿੰਘ ਅਤੇ ਅਮਰਿੰਦਰ ਰਾਜਾ ਵੜਿੰਗ ਦੀ ਦੋ ਮੈਂਬਰੀ ਕਮੇਟੀ ਵੀ ਮਸਲੇ ਦੇ ਹੱਲ ਲਈ ਗਠਿਤ ਕੀਤੀ ਗਈ ਹੈ
- ਸਿੱਧੂ ਨੇ ਬੁੱਧਵਾਰ ਨੂੰ ਇੱਕ ਹੋਰ ਵੀਡੀਓ ਰਾਹੀ ਕਿਹਾ ਕਿ, ਮੈਂ ਅੜਾਂਗਾ ਤੇ ਲੜਾਂਗਾ, ਜਾਂਦਾ ਹੈ ਤਾਂ ਸਭ ਕੁਝ ਜਾਵੇ
- ਕਪਿਲ ਸਿੱਬਲ ਨੇ ਨਵਜੋਤ ਸਿੱਧੂ ਨੂੰ ਨਸੀਹਤ ਦਿੱਤੀ ਕਿ ਉਹ ਪਾਰਟੀ ਛੱਡਣ ਦੀ ਬਜਾਇ ਗੱਲ ਕਰਨ
--------------------------------------------------------------------

ਤਸਵੀਰ ਸਰੋਤ, Amarinder SIngh
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀ ਕਿਹਾ
ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜੋ ਪਾਰਟੀ ਦਾ ਪ੍ਰਧਾਨ ਹੁੰਦਾ ਹੈ ਉਹ ਮੁਖੀ ਹੁੰਦਾ ਹੈ। ਉਨ੍ਹਾਂ ਨੇ ਮਜ਼ਬੂਤੀ ਨਾਲ ਗੱਲਾਂ ਅੱਗੇ ਰੱਖਣੀਆਂ ਹੁੰਦੀਆਂ ਹਨ।
"ਮੈਂ ਸਿੱਧੂ ਨਾਲ ਗੱਲ ਕੀਤੀ, ਪਾਰਟੀ ਸੁਪਰੀਮ ਹੁੰਦੀ ਹੈ, ਸਰਕਾਰ ਪਾਰਟੀ ਦੀ ਵਿਚਾਰਧਾਰਾ ਨੂੰ ਮੰਨਦੀ ਹੈ। ਕਈ ਮੰਤਰੀ ਸਾਹਿਬਾਨ ਗਏ ਸੀ, ਉਨ੍ਹਾਂ ਨਾਲ ਬੈਠ ਕੇ ਗੱਲ ਕਰਾਂਗੇ। ਸਿੱਧੂ ਨੇ ਕਿਹਾ ਕਿ ਬੈਠ ਕੇ ਗੱਲ ਕਰਾਂਗੇ। ਉਨ੍ਹਾਂ ਕਿ ਕਿ ਕਿਹਾ ਸਮਾਂ ਲਵਾਂਗੇ।"
ਚੰਨੀ ਨੇ ਅੱਗੇ ਕਿਹਾ,"ਇੱਕ ਤਕੜੇ ਵਕੀਲ ਨਾਲ 10 ਵਿਅਕਤੀਆਂ ਦੀ ਟੀਮ ਲੱਭ ਰਹੇ ਹਾਂ। ਇੱਕ ਵਿਸ਼ੇਸ਼ ਪ੍ਰੋਸੀਕਿਊਟਰ ਲੱਗੇਗਾ। ਜਿਹੜੀ ਫੀਡਬੈਕ ਮਿਲੀ, ਉਸ ਹਿਸਾਬ ਨਾਲ ਲੱਗੇਗਾ।"
ਬੇਅਦਬੀ ਮਾਮਲੇ ਵਿੱਚ ਕਿਸੇ ਨੂੰ ਕਲੀਨ ਚਿੱਟ ਨਹੀਂ- ਪੰਜਾਬ ਪੁਲਿਸ
ਇਸ ਦੌਰਾਨ ਪੰਜਾਬ ਪੁਲਿਸ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਮੇਤ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਖ਼ਬਰਾਂ ਬੇਬੁਨਿਆਦ ਅਤੇ ਝੂਠੀਆਂ ਹਨ। ਪੰਜਾਬ ਪੁਲਿਸ ਵੱਲੋਂ ਇਹ ਬਿਆਨ ਇਕਬਾਲ ਪ੍ਰੀਤ ਸਿੰਘ ਸਹੋਤਾ, ਜਿਨ੍ਹਾਂ ਨੂੰ ਕਿ ਪੰਜਾਬ ਪੁਲਿਸ ਦੇ ਡੀਜੀਪੀ ਦਾ ਵਧੀਕ ਚਾਰਜ ਦਿੱਤਾ ਗਿਆ ਹੈ, ਦੀ ਤਰਫ਼ੋ ਦਿੱਤਾ ਗਿਆ ਹੈ।
ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਹਵਾਲੇ ਨਾਲ ਖ਼ਬਰਾਂ ਚੱਲ ਰਹੀਆਂ ਸਨ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਉਨ੍ਹਾਂ ਨੇ ਕਲੀਨ ਚਿੱਟ ਦੇ ਦਿੱਤੀ ਸੀ।
ਬੁਲਾਰੇ ਨੇ ਸਪਸ਼ਟ ਕੀਤਾ ਕਿ ਉਹ ਸਿੱਟ ਨੇ ਤਾਂ ਕੰਮ ਹੀ ਸਿਰਫ਼ 20 ਦਿਨਾਂ ਲਈ ਕੀਤਾ ਸੀ (14 ਅਕਤੂਬਰ,2015 ਤੋਂ 2 ਨਵੰਬਰ,2015)।
ਦੋ ਨਵੰਬਰ ਤੋਂ ਬਾਅਦ ਮਾਮਲਾ ਕੇਂਦਰੀ ਜਾਂਚ ਏਜੰਸੀ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਸੀ। ਸਾਰੀ ਜਾਂਚ ਸੀਬੀਆਈ ਵੱਲੋਂ ਕੀਤੀ ਗਈ ਸੀ ਨਾਕਿ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਸਿੱਟ ਵੱਲੋਂ।
ਜ਼ਿਕਰਯੋਗ ਹੈ ਕਿ 12 ਅਕਤੂਬਰ, 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਕੁਝ ਪਾੜੇ ਗਏ ਪੰਨੇ ਪਿੰਡ ਬਰਗਾੜੀ ਵਿੱਚ ਮਿਲੇ ਸਨ। ਉਸੇ ਦਿਨ ਧਾਰਾ 295,20-ਬੀ ਤਹਿਤ ਬਾਜਾਖਾਨਾ ਪੁਲਿਸ ਥਾਣੇ ਵਿੱਚ ਐੱਫਆਈਆਰ ਨੰਬਰ 128 ਦਰਜ ਕਰ ਲਈ ਗਈ ਸੀ।
ਇਕਬਾਲ ਪ੍ਰੀਤ ਸਿੰਘ ਜੋ ਕਿ ਉਸ ਸਮੇਂ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਸਨ ਦੀ ਅਗਵਾਈ ਵਿੱਚ ਇੱਕ ਸਿੱਟ ਬਣਾ ਦਿੱਤੀ ਗਈ ਸੀ। ਉਸ ਤੋਂ ਬਾਅਦ ਇਹ ਕੇਸ ਸੀਬੀਆਈ ਨੂੰ ਤਬਦੀਲ ਕਰ ਦਿੱਤਾ ਗਿਆ ਸੀ।

ਤਸਵੀਰ ਸਰੋਤ, kapil Sibal /FB
ਗਾਂਧੀ ਟੱਬਰ ਖ਼ਿਲਾਫ਼ ਵੀ ਹਲਚਲ ਸ਼ੁਰੂ
ਪੰਜਾਬ ਕਾਂਗਰਸ ਵਿਚ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦੇ ਅਸਤੀਫ਼ੇ ਤੋਂ ਖੜ੍ਹੇ ਹੋਏ ਸਿਆਸੀ ਸੰਕਟ ਦੌਰਾਨ ਕਾਂਗਰਸ ਦੇ ਕੌਮੀ ਪੱਧਰ ਉੱਤੇ ਵੀ ਲੀਡਰਸ਼ਿਪ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ।
ਸੋਨੀਆਂ ਗਾਂਧੀ ਨੂੰ ਪਿਛਲੇ ਸਾਲ ਚਿੱਠੀ ਲਿਖ ਕੇ ਸੰਗਠਨਾਤਮਕ ਚੋਣਾਂ ਕਰਵਾਉਣ ਦੀ ਮੰਗ ਕਰਨ ਵਾਲੇ ਪਾਰਟੀ ਦੇ 23 ਸੀਨੀਅਰ ਆਗੂਆਂ ਵਿਚੋਂ ਇੱਕ ਕਪਿਲ ਸਿੱਬਲ ਨੇ ਗਾਂਧੀ ਪਰਿਵਾਰ ਉੱਤੇ ਤਿੱਖੇ ਹਮਲੇ ਕੀਤੇ।
ਇਸੇ ਦੌਰਾਨ ਕਪਿਲ ਸਿੱਬਲ ਨੇ ਨਵਜੋਤ ਸਿੱਧੂ ਦਾ ਨਾਂ ਲਏ ਬਿਨਾਂ ਉਨ੍ਹਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਪਾਰਟੀ ਛੱਡਣ ਦੀ ਬਜਾਇ ਪਾਰਟੀ ਨਾਲ ਗੱਲ ਕਰਨ।
ਬਿਨਾਂ ਪ੍ਰਧਾਨ ਤੋਂ ਪਾਰਟੀ ਕੌਣ ਲੈ ਰਿਹਾ ਫ਼ੈਸਲੇ ?
ਕਪਿਲ ਸਿੱਬਲ ਨੇ ਮੀਡੀਆ ਨੂੰ ਕਿਹਾ ਕਿ ਮੈਂ ਤੁਹਾਡੇ ਨੇ ਉਨ੍ਹਾਂ ਕਾਂਗਰਸ ਆਗੂਆਂ ਦੀ ਤਰਫ਼ੋ ਗੱਲ ਕਰ ਰਿਹਾ ਹਾਂ, ਜਿਨ੍ਹਾਂ ਨੇ ਪਿਛਲੇ ਸਾਲ ਅਗਸਤ ਮਹੀਨੇ ਵਿਚ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ, ਵਰਕਿੰਗ ਕਮੇਟੀ ਅਤੇ ਇਲੈਕਸ਼ ਕਮੇਟੀ ਨੂੰ ਪੱਤਰ ਲਿਖਿਆ ਸੀ।
ਪਰ ਹੁਣ ਤੱਕ ਉਸ ਉੱਤੇ ਕੋਈ ਜਵਾਬ ਨਹੀਂ ਆਇਆ ਹੈ।
ਕਪਿਲ ਸਿੱਬਲ ਨੇ ਕਿਹਾ, ''ਸਾਡੀ ਪਾਰਟੀ ਦਾ ਇਸ ਸਮੇਂ ਕੋਈ ਇਲੈਕਟਿਡ ਪ੍ਰਧਾਨ ਨਹੀਂ ਤਾਂ ਫ਼ੈਸਲੇ ਕੌਣ ਲੈ ਰਿਹਾ ਹੈ, ਅਸੀਂ ਜਾਣਦੇ ਹਾਂ ਪਰ ਅਜੇ ਤੱਕ ਨਹੀਂ ਪਤਾ।''

ਤਸਵੀਰ ਸਰੋਤ, PUnjab Government
''ਲੋਕ ਲਗਾਤਾਰ ਪਾਰਟੀ ਨੂੰ ਛੱਡ ਕੇ ਜਾ ਰਹੇ ਹਨ ਅਤੇ ਪਾਰਟੀ ਕਮਜ਼ੋਰ ਹੋ ਰਹੀ ਹੈ, ਜੋ ਅਸੀਂ ਨਹੀਂ ਦੇਖ ਸਕਦੇ।''
ਉਨ੍ਹਾਂ ਕਿਹਾ ਕਿ ਸਾਡੇ ਇੱਕ ਸੀਨੀਅਰ ਸਾਥੀ ਨੇ ਪੱਤਰ ਲਿਖ ਕੇ ਸੋਨੀਆਂ ਗਾਂਧੀ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਤੁਰੰਤ ਬੈਠਕ ਬੁਲਾਉਣ ਤਾਂ ਕਿ ਸੰਵਾਦ ਸ਼ੁਰੂ ਹੋ ਸਕੇ।
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨਾਲ ਪੈਦਾ ਹੋਏ ਹਾਲਾਤ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ, ''ਮੈਂ ਪੰਜਾਬ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ , ਪੰਜਾਬ ਬਾਰਡਰ ਸਟੇਟ ਹੈ ਅਤੇ ਜਿੱਥੇ ਕੁਝ ਹੁੰਦਾ ਹੈ ਤਾਂ ਇਸ ਦਾ ਫਾਇਦਾ ਆਈਐੱਸਆਈ ਅਤੇ ਪਾਕਿਸਤਾਨ ਇਸ ਦਾ ਫਾਇਦਾ ਚੁੱਕ ਸਕਦਾ ਹੈ।
''ਸਾਨੂੰ ਪੰਜਾਬ ਦਾ ਇਤਿਹਾਸ ਅਤੇ ਕੱਟੜਵਾਦ ਤਾਕਤਾਂ ਬਾਰੇ ਪਤਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਸਰਹੱਦ ਪਾਰਲੀਆਂ ਤਾਕਤਾਂ ਹਾਲਾਤ ਦਾ ਫਾਇਦਾ ਚੁੱਕਣ ਲਈ ਤਿਆਰ ਹਨ।''
''ਇਸ ਲਈ ਕਾਂਗਰਸ ਪਾਰਟੀ ਨੂੰ ਇਕਮੁੱਠ ਹੋਕੇ ਰਹਿਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਮਸਲਾ ਹੈ ਤਾਂ ਉਹ ਪਾਰਟੀ ਵਿਚ ਗੱਲ ਕਰੇ।''
ਕੇਜਰੀਵਾਲ ਨੇ ਚੰਨੀ ਨੂੰ ਦੱਸੇ ਇਹ 5 ਕੰਮ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੋ ਦਿਨਾਂ 'ਤੇ ਅੱਜ ਮੁਹਾਲੀ ਹਵਾਈ ਅੱਡੇ 'ਤੇ ਪਹੁੰਚੇ। ਪਹੁੰਚਦਿਆਂ ਹੀ ਹਵਾਈ ਅੱਡੇ ਦੇ ਬਾਹਰੋਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਨੇ ਕਿਹਾ, ''ਅਸੀਂ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਜੋ ਮਾਹੌਲ ਹੈ ਜੋ ਸਿਆਸੀ ਅਸਥਿਰਤਾ ਬਣੀ ਹੋਈ ਹੈ। ਉਹ ਬਹੁਤ ਹੀ ਮੰਦਭਾਗਾ ਹੈ।''
''ਸੱਤਾ ਦੀ ਗੰਦੀ ਲੜਾਈ ਚੱਲ ਰਹੀ ਹੈ ਅਤੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਆਪਣੀਆਂ ਸਮੱਸਿਆਵਾਂ ਲੈਕੇ ਕਿੱਥੇ ਜਾਣ। ਇਨ੍ਹਾਂ ਲੋਕਾਂ ਨੇ ਸਰਕਾਰ ਨੂੰ ਇੱਕ ਤਮਾਸ਼ਾ ਹੀ ਬਣਾ ਦਿੱਤਾ ਹੈ।''
ਉਨ੍ਹਾਂ ਦਾ ਕਹਿਣਾ ਸੀ ਕਿ ''ਪੰਜਾਬ ਅਜਿਹੇ ਵਿੱਚ ਆਮ ਆਦਮੀ ਪਾਰਟੀ ਹੀ ਇੱਕ ਵਧੀਆ ਅਤੇ ਇਮਾਨਦਾਰ ਸਰਕਾਰ ਦੇ ਸਕਦੀ ਹੈ।''
ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ ਕਿ ਚੰਨੀ ਸਰਕਾਰ ਕੋਲ ਇਸ ਸਮੇਂ ਚਾਰ ਮਹੀਨੇ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਚੰਨੀ ਤੋਂ ਪੰਜਾਬ ਦੇ ਲੋਕ ਸਭ ਤੋਂ ਪਹਿਲਾਂ ਇਹ ਕੰਮ ਕਰਨ ਦੀ ਉਮੀਦ ਕਰ ਰਹੇ ਹਨ-
ਪਹਿਲਾ- ਇਲਜ਼ਾਮ ਲੱਗ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਕੈਬਨਿਟ ਵਿੱਚ ਦਾਗੀ ਮੰਤਰੀਆਂ ਨੂੰ ਸ਼ਾਮਲ ਕੀਤਾ ਹੈ। ਇਲਜ਼ਾਮ ਲੱਗ ਰਹੇ ਹਨ ਕਿ ਦਾਗੀ ਅਫ਼ਸਰਾਂ ਨੂੰ ਵਧੀਆ ਤੇ ਮਹੱਤਵਪੂਰੀਨ ਅਹੁਦਿਆਂ 'ਤੇ ਬਿਠਾਇਆ।
ਕੈਬਨਿਟ ਵਿੱਚ ਸ਼ਾਮਲ ਦਾਗੀ ਮੰਤਰੀਆਂ, ਵਿਧਾਇਕਾਂ ਅਤੇ ਅਫ਼ਸਰਾਂ ਨੂੰ ਤੁਰੰਤ ਹਟਾਇਆ ਜਾਵੇ, ਇਨ੍ਹਾਂ ਉੱਤੇ ਕਾਰਵਾਈ ਕੀਤੀ ਜਾਵੇ।
ਦੂਜਾ- ਬਰਗਾੜੀ ਕਾਂਡ ਬਾਰੇ ਸਾਰੇ ਪੰਜਾਬ ਦੀ ਜਨਤਾ ਕਾਫ਼ੀ ਨਾਰਾਜ਼ ਹੈ। ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਬਰਗਾੜੀ ਕਾਂਡ ਦੇ ਮਾਸਟਰਮਾਈਂਡਸ ਸਜ਼ਾ ਦਿੱਤੀ ਜਾਵੇ।
ਬਰਗਾੜੀ ਦੇ ਮਾਸਟਰਮਾਈਂਡਸ ਕੌਣ ਹਨ, ਇਹ ਦੱਸਣ ਦੀ ਲੋੜ ਨਹੀਂ ਹੈ, ਇਹ ਸਾਰੀ ਜਾਣਕਾਰੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਵਿੱਚ ਹੈ ਦੇਖ ਲੈਣ।
ਬਰਗਾੜੀ ਕਾਂਡ ਦੇ ਮੁਲਜ਼ਮਾਂ ਉੱਪਰ 24 ਘੰਟਿਆਂ ਦੇ ਅੰਦਰ ਕਾਰਵਾਈ ਕੀਤੀ ਜਾ ਸਕਦੀ ਹੈ, ਪੂਰੇ ਪੰਜਾਬ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।
ਤੀਜਾ- ਕੈਪਟਨ ਸਰਕਾਰ ਦੇ ਵਾਅਦੇ ਪੂਰੇ ਕਰਨ ਨਹੀਂ ਤਾਂ ਕਹਿ ਦੇਣ ਕਿ ਕੈਪਟਨ ਝੂਠ ਬੋਲ ਰਹੇ ਸਨ ਮੈਂ ਨਹੀਂ ਮੰਨਦਾ।
ਚੌਥਾ- ਕੈਪਟਨ ਸਾਹਿਬ ਨੇ ਕਿਹਾ ਸੀ ਘਰ- ਘਰ ਰੁਜ਼ਗਾਰ ਦੇਵਾਂਗਾ ਨਹੀਂ ਤਾਂ ਤਦੋਂ ਤੱਕ ਬੇਰੁਜ਼ਗਾਰੀ ਭੱਤਾ ਦੇਵਾਂਗਾ। ਉਹ ਭੱਤਾ ਇਸ ਹਫ਼ਤੇ ਤੋਂ ਸ਼ੁਰੂ ਕਰ ਦੇਣ ਪਿਛਲੇ ਸਾਢੇ ਚਾਰ ਸਾਲ ਦਾ ਬਕਾਇਆ ਹੈ ਉਹ ਵੀ ਦੇਣ।
ਬੱਚੇ ਜੌਬ ਕਾਰਡ ਚੁੱਕ ਕੇ ਘੁੰਮ ਰਹੇ ਹਨ। ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਅਤੇ ਉਦੋਂ ਤੱਕ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।
ਸਾਰੇ ਕਿਸਾਨਾਂ ਦੇ ਲੋਨ ਮਾਫ਼ ਕਰਨ ਦਾ ਵਾਅਦਾ ਕੈਪਟਨ ਨੇ ਕੀਤਾ ਸੀ। ਸਾਰੇ ਕਿਸਨਾਂ ਦੇ ਲੋਨ ਮਾਫ਼ ਕੀਤੇ ਜਾਣ।
ਪੰਜਵੀਂ ਚੀਜ਼ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹੀ ਵਾਰ-ਵਾਰ ਕਹਿ ਰਹੀ ਹੈ ਕਿ ਸਾਨੂੰ ਪਤਾ ਹੈ ਬਿਜਲੀ ਖ਼ਰੀਦ ਸਮਝੌਤੇ ਕਿਵੇਂ ਰੱਦ ਹੋਣਗੇ। ਉਹ ਸਮਝੌਤੇ ਰੱਦ ਕੀਤੇ ਜਾਣ।
ਇਸ ਮੌਕੇ ਕੇਜਰੀਵਾਲ ਦੇ ਨਾਲ ਭਗਵੰਤ ਮਾਨ, ਕੁੰਵਰ ਵਿਜੇ ਪਤਾਪ ਸਿੰਘ ਅਤੇ ਪਾਰਟੀ ਦੀ ਪੰਜਾਬ ਇਕਾਈ ਦੇ ਵੱਡੇ ਆਗੂ ਮੌਜੂਦ ਸਨ।
ਆਮ ਆਦਮੀ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਮੁੱਖ ਮੰਤਰੀ ਲਈ ਅਜਿਹਾ ਚਿਹਰਾ ਦੇਵਾਂਗੇ ਜਿਸ ਉੱਪਰ ਪੰਜਾਬ ਨੂੰ ਮਾਣ ਹੋਵੇਗਾ।
ਜੇ ਕੋਈ ਪੰਜਾਬ ਦੀ ਅਸਥਿਰਤਾ ਤੋਂ ਖੁਸ਼ ਹੈ ਤਾਂ ਉਹ ਪਾਕਿਸਤਾਨ ਹੈ- ਮਨੀਸ਼ ਤਿਵਾੜੀ
ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਏਐੱਨਆਈ ਨਿਊਜ਼ ਏਜੰਸੀ ਨੂੰ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਜੋ ਹੋਇਆ ਉਹ ਮੰਦਭਾਗਾ ਸੀ।"
ਉਨ੍ਹਾਂ ਦਾ ਕਹਿਣਾ ਹੈ, "ਜੇ ਕੋਈ ਪੰਜਾਬ ਦੀ ਅਸਥਿਰਤਾ ਤੋਂ ਖੁਸ਼ ਹੈ ਤਾਂ ਉਹ ਪਾਕਿਸਤਾਨ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਜੇ ਪੰਜਾਬ ਵਿੱਚ ਸਿਆਸੀ ਅਸਥਿਰਤਾ ਵਧਦੀ ਹੈ ਤਾਂ ਉਨ੍ਹਾਂ ਨੂੰ ਫਿਰ ਆਪਣੇ ਕਾਲੇ ਮਨਸੂਬਿਆਂ ਨੂੰ ਅੰਜਾਮ ਦੇਣ ਦਾ ਇੱਕ ਹੋਰ ਮੌਕਾ ਮਿਲੇਗਾ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
"ਮੈਨੂੰ ਇਹ ਕਹਿਣ ਵਿੱਚ ਬਿਲਕੁਲ ਸੰਕੋਚ ਨਹੀਂ ਹੈ ਕਿ ਜਿਨ੍ਹਾਂ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਉਹ ਪੰਜਾਬ ਨੂੰ ਸਮਝ ਨਹੀਂ ਸਕੇ।"
"ਚੋਣਾਂ ਇੱਕ ਪਹਿਲੂ ਹਨ, ਪਰ ਰਾਸ਼ਟਰ ਹਿੱਤ ਦੂਜਾ ਪਹਿਲੂ ਹੈ। ਪੰਜਾਬ ਦੀ ਸਿਆਸੀ ਸਥਿਰਤਾ ਨੂੰ ਬਹਾਲ ਕਰਨ ਦੀ ਲੋੜ ਹੈ।"
ਮੰਤਰੀ ਤੇ ਵਿਧਾਇਕ ਪਹੁੰਚ ਰਹੇ ਹਨ ਨਵਜੋਤ ਸਿੰਘ ਸਿੱਧੂ ਦੇ ਘਰ
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਜਾ ਰਹੇ ਹਨ।

ਤਸਵੀਰ ਸਰੋਤ, CHARANJIT SINGH CHANNI/TWITTER
ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਦੀ ਰਿਪੋਰਟ ਮੁਤਾਬਕ ਅੱਜ ਸਵੇਰੇ ਪਰਗਟ ਸਿੰਘ ਅਤੇ ਰਾਜਾ ਵੜਿੰਗ ਫਿਰ ਨਵਜੋਤ ਸਿੰਘ ਦੇ ਘਰ ਪਹੁੰਤੇ ਸਨ ਪਰ ਕੁਝ ਹੀ ਦੇਰ ਬਾਅਦ ਉਹ ਬਾਹਰ ਵੀ ਆ ਗਏ।
ਇਸ ਤੋਂ ਬਾਅਦ ਵਿਧਾਇਕ ਸੁਰਜੀਤ ਸਿੰਘ ਧਿਮਾਨ ਵੀ ਉਨ੍ਹਾਂ ਦੇ ਘਰ ਪਹੁੰਚੇ।
ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਜਿਸ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਕਾਫੀ ਹਲਚਲ ਮਚ ਗਈ ਹੈ।
ਦਰਅਸਲ ਕੱਲ੍ਹ ਯਾਨਿ ਮੰਗਲਵਾਰ ਵੀ ਇਹ ਦੋਵੇਂ ਮੰਤਰੀ ਨਵਜੋਤ ਸਿੱਧੂ ਨੂੰ ਮਨਾਉਣ ਪਹੁੰਚੇ ਸਨ।
ਉਨ੍ਹਾਂ ਨੂੰ ਪਾਰਟੀ ਲਈ ਕੰਮ ਕਰਨਾ ਚਾਹੀਦਾ ਹੈ, ਸਰਕਾਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ- ਕੋਟਲੀ

ਅੱਜ ਸੱਦੀ ਗਈ ਕੈਬਨਿਟ ਮੀਟਿੰਗ ਤੋਂ ਪਹਿਲਾਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਸਿੱਧੂ ਬਾਰੇ ਆਪਣੀਆਂ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਵਾਰ-ਵਾਰ ਨਾਰਾਜ਼ ਨਹੀਂ ਹੋਣਾ ਚਾਹੀਦਾ, ਇਸ ਦਾ ਗ਼ਲਤ ਸੰਦੇਸ਼ ਜਾਂਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਮੈਂ ਕਹਾਂਗਾ ਕਿ ਪਾਰਟੀ ਹਿੱਤ ਵਿੱਚ ਅਤੇ ਪੰਜਾਬ ਹਿੱਤ ਵਿੱਚ, ਸਾਨੂੰ ਸਾਰਿਆਂ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ।"
"ਉਨ੍ਹਾਂ ਕਾਂਗਰਸ ਪਾਰਟੀ ਨੇ ਇੰਨਾ ਵੱਡਾ ਅਹੁਦਾ ਦਿੱਤਾ ਹੈ, ਜ਼ਿੰਮੇਵਾਰ ਅਹੁਦੇ 'ਤੇ ਹਨ, ਉਨ੍ਹਾਂ ਨੂੰ ਪਾਰਟੀ ਲਈ ਕੰਮ ਕਰਨਾ ਚਾਹੀਦਾ ਹੈ, ਸਰਕਾਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।"
ਸਿੱਧੂ ਨੂੰ ਤਾਂ ਮੁੱਖ ਮੰਤਰੀ ਕਿਸ ਤਰ੍ਹਾਂ ਬਣਾਂ ਇਸ ਦੀ ਚਿੰਤਾ ਹੈ˸ ਕਾਲੀਆ
ਭਾਰਤ ਜਨਤਾ ਪਾਰਟੀ ਦੇ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਹੈ, "ਸਿੱਧੂ ਨੂੰ ਨਾ ਹੀ ਕੋਈ ਪੰਜਾਬ ਦੀ ਚਿੰਤਾ ਹੈ ਨਾ ਹੀ ਕੀਤੇ ਵਾਅਦੇ ਪੂਰੇ ਕਰਨ ਦੀ, ਇਸ ਨੂੰ ਤਾਂ ਬਸ ਇਸ ਗੱਲ ਦੀ ਚਿੰਤਾ ਹੈ ਕਿ ਮੁੱਖ ਮੰਤਰੀ ਕਿਸ ਤਰ੍ਹਾਂ ਬਣਾਂ।"

ਤਸਵੀਰ ਸਰੋਤ, Manoranjan Kalia/FB
ਹੁਣ ਤੱਕ ਦੀਆਂ ਖ਼ਬਰਾਂ ਮੁਤਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਹੀ ਹਨ˸ ਚੀਮਾ
ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਟਵੀਟ ਪੰਜਾਬ ਕਾਂਗਰਸ 'ਤੇ ਟਕੋਰ ਭਰੀ।
"ਅੱਜ ਦੀ ਟਰੈਕਟਰ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਅਕਾਲੀ ਵਰਕਰਾਂ ਨੂੰ ਬੇਨਤੀ ਹੈ ਕਿ ਉਹ ਗੁਰਦੁਆਰਾ ਅੰਬ ਸਾਹਿਬ ਪਹੁੰਚਣ ਦੀ ਕ੍ਰਿਪਾਲਤਾ ਕਰਨ। ਉਥੋਂ ਮੌਕੇ ਦੇ ਮੁੱਖ ਮੰਤਰੀ ਦੇ ਨਿਵਾਸ ਵੱਲ ਕੂਚ ਕੀਤਾ ਜਾਵੇਗਾ।"
"ਹੁਣ ਤੱਕ ਦੀਆਂ ਖ਼ਬਰਾਂ ਮੁਤਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਹੀ ਹਨ। 10 ਵਜੇ ਦੀ ਤਾਜ਼ਾ ਸਥਿਤੀ ਮੌਕੇ 'ਤੇ ਦੱਸੀ ਜਾਵੇਗੀ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post

















