ਚਰਨਜੀਤ ਸਿੰਘ ਚੰਨੀ ਦਾ ਐਲਾਨ, ‘ਹਰ ਮੰਗਲਵਾਰ ਨੂੰ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਤੇ ਕੈਬਨਿਟ ਦੀ ਮੀਟਿੰਗ ਹੋਵੇਗੀ’

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇ ਤੇ ਉਸ ਤੋਂ ਬਾਅਦ ਐਲਾਨ ਕੀਤਾ ਕਿ ਨਵੀਂ ਕੈਬਨਿਟ ਐਤਵਾਰ ਸ਼ਾਮ 4.30 ਵਜੇ ਸਹੁੰ ਚੁੱਕੇਗੀ।

ਮੁੱਖ ਮੰਤਰੀ ਵੱਲੋਂ ਰਾਜਪਾਲ ਨੂੰ ਨਵੇਂ ਕੈਬਨਿਟ ਦੇ ਅਹੁਦੇਦਾਰਾਂ ਦੀ ਸੂਚੀ ਸੌਂਪੀ ਗਈ ਹੈ।

ਸ਼ੁੱਕਰਵਾਰ ਦੇਰ ਸ਼ਾਮ ਰਾਹੁਲ ਗਾਂਧੀ ਨਾਲ ਦਿੱਲੀ ਵਿਖੇ ਬੈਠਕ ਤੋਂ ਬਾਅਦ ਇਸ ਸੂਚੀ ਉੱਤੇ ਮੋਹਰ ਲੱਗੀ ਹੈ। ਇਸ ਬੈਠਕ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ, ਹਰੀਸ਼ ਰਾਵਤ, ਕੇਸੀ ਵੇਣੂਗੋਪਾਲ ਵੀ ਸ਼ਾਮਿਲ ਸਨ।

ਸ਼ਨੀਵਾਰ ਸਵੇਰੇ ਮੁੱਖ ਮੰਤਰੀ ਦਿੱਲੀ ਤੋਂ ਚੰਡੀਗੜ੍ਹ ਵਾਪਸ ਆਏ ਹਨ।

ਰਾਜਪਾਲ ਨੇ ਬੈਠਕ ਕਰਨ ਤੋਂ ਬਾਅਦ ਰਾਜ ਭਵਨ ਤੋਂ ਬਾਹਰ ਆ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ,"ਅਸੀਂ ਰਾਜਪਾਲ ਨੂੰ ਦੱਸਿਆ ਕਿ ਅਸੀਂ ਕੈਬਨਿਟ ਵਿੱਚ ਵਿਸਥਾਰ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਕੱਲ੍ਹ ਸ਼ਾਮ 4:30 ਵਜੇ ਦਾ ਸਮਾਂ ਦਿੱਤਾ ਹੈ।ਕੱਲ੍ਹ ਸ਼ਾਮ ਕੈਬਿਨੇਟ ਦੇ ਬਾਕੀ ਮੰਤਰੀ ਸਹੁੰ ਚੁੱਕਣਗੇ।"

ਇਸ ਦੌਰਾਨ ਉਪ ਮੁੱਖ ਮੰਤਰੀ ਓ ਪੀ ਸੋਨੀ ਅਤੇ ਸੁਖਜਿੰਦਰ ਰੰਧਾਵਾ ਵੀ ਚਰਨਜੀਤ ਸਿੰਘ ਚੰਨੀ ਨਾਲ ਮੌਜੂਦ ਸਨ।

ਇਹ ਵੀ ਪੜ੍ਹੋ:

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ।

ਚਰਨਜੀਤ ਚੰਨੀ ਦੇ ਨਵੇਂ ਐਲਾਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਹਰ ਮੰਗਲਵਾਰ ਨੂੰ ਸਵੇਰੇ 11.30 ਤੋਂ 2.30 ਵਜੇ ਤੱਕ ਆਪਣੇ ਮੰਤਰੀ, ਵਿਧਾਇਕ ਤੇ ਪਾਰਟੀ ਦੇ ਅਧਿਕਾਰੀਆਂ ਨੂੰ ਮਿਲਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਹਰ ਮੰਗਲਵਾਰ ਨੂੰ ਦੁਪਹਿਰੇ 3 ਵਜੇ ਕੈਬਨਿਟ ਦੀ ਮੀਟਿੰਗ ਸੱਦਣਗੇ।

ਮੁੱਖ ਮੰਤਰੀ ਨੇ ਸਾਰੇ ਅਫ਼ਸਰਾਂ ਨੂੰ ਕੈਬਨਿਟ ਦੀ ਮੀਟਿੰਗ ਜਾਰੀ ਰਹਿਣ ਤੱਕ ਦਫ਼ਤਰ ਵਿੱਚ ਰਹਿਣ ਦੇ ਹੁਕਮ ਦਿੱਤੇ ਹਨ।

ਕਈ ਬੈਠਕਾਂ ਤੋਂ ਬਾਅਦ ਹੋਏ ਨਾਮ ਤੈਅ

ਕਾਂਗਰਸ ਹਾਈ ਕਮਾਨ ਨਾਲ ਕਈ ਬੈਠਕਾਂ ਤੋਂ ਬਾਅਦ ਵੀ ਨਵੇਂ ਕੈਬਨਿਟ ਲਈ ਨਾਮ ਉੱਤੇ ਮੋਹਰ ਨਹੀਂ ਲੱਗ ਸਕੀ ਸੀ।

ਵੀਰਵਾਰ ਦੇਰ ਰਾਤ ਤਕ ਹੋਈ ਬੈਠਕ ਤੋਂ ਬਾਅਦ ਮੁੱਖ ਮੰਤਰੀ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਆਏ ਸਨ ਅਤੇ ਸ਼ੁੱਕਰਵਾਰ ਦੁਪਹਿਰ ਉਨ੍ਹਾਂ ਨੂੰ ਫਿਰ ਬੈਠਕ ਲਈ ਦਿੱਲੀ ਸੱਦਿਆ ਗਿਆ ਸੀ।

ਸ਼ੁੱਕਰਵਾਰ ਦੁਪਹਿਰ ਸਾਬਕਾ ਪੀਪੀਸੀਸੀ ਪ੍ਰਧਾਨ ਸੁਨੀਲ ਜਾਖੜ ਨੇ ਵੀ ਰਾਹੁਲ ਗਾਂਧੀ ਨਾਲ ਬੈਠਕ ਕੀਤੀ ਸੀ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਪਹਿਲੀ ਵਾਰ ਦਿੱਲੀ ਆਉਣ 'ਤੇ ਸਵਾਲ ਵੀ ਉੱਠੇ ਸਨ।

ਦਰਅਸਲ ਇਸ ਯਾਤਰਾ ਲਈ ਉਨ੍ਹਾਂ ਵੱਲੋਂ ਵਰਤੇ ਗਏ ਚਾਰਟਰਡ ਹਵਾਈ ਜਹਾਜ਼ ਕਾਰਨ ਨੂੰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਸਨ।

ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਦਿੱਤਾ ਡੀਜੀਪੀ ਦਾ ਐਡੀਸ਼ਨਲ ਚਾਰਜ

ਸ਼ਨੀਵਾਰ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।

1988 ਬੈਚ ਦੇ ਆਈਪੀਐਸ ਇਕਬਾਲਪ੍ਰੀਤ ਸਿੰਘ ਸਹੋਤਾ ਜਲੰਧਰ ਵਿਖੇ ਆਰਮਡ ਬਟਾਲੀਅਨ ਦੇ ਸਪੈਸ਼ਲ ਡੀਜੀਪੀ ਦਾ ਅਹੁਦਾ ਸੰਭਾਲੇ ਹੋਏ ਹਨ।

ਨੋਟੀਫਿਕੇਸ਼ਨ ਮੁਤਾਬਕ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਛੁੱਟੀ ਜਾਣ ਤੋਂ ਬਾਅਦ ਸਹੋਤਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।

ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਅਫ਼ਸਰਾਂ ਵਿੱਚ ਫੇਰਬਦਲ ਦਾ ਸਿਲਸਿਲਾ ਵੀ ਜਾਰੀ ਹੈ।

ਇਸ ਤੋਂ ਪਹਿਲਾਂ ਵਿੰਨੀ ਮਹਾਜਨ ਦੀ ਜਗ੍ਹਾ ਅਨਿਰੁੱਧ ਤਿਵਾੜੀ ਨੂੰ ਪੰਜਾਬ ਸਰਕਾਰ ਵਲੋਂ ਚੀਫ ਸੈਕਰੇਟਰੀ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)