ਕਿਸਾਨ ਅੰਦੋਲਨ: ਕਰਨਾਲ ਮਹਾਪੰਚਾਇਤ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ ਠੱਪ, ਪ੍ਰਸ਼ਾਸਨ ਨੇ ਕਿਹਾ, ‘ਸਕੱਤਰੇਤ ਦਾ ਘਿਰਾਓ ਤੇ ਹਾਈਵੇਅ ਜਾਮ ਹੋਇਆ ਤਾਂ ਐਕਸ਼ਨ ਲਿਆ ਜਾਵੇਗਾ’

ਤਸਵੀਰ ਸਰੋਤ, Getty Images
- ਲੇਖਕ, ਕਮਲ ਸੈਣੀ
- ਰੋਲ, ਬੀਬੀਸੀ ਪੰਜਾਬੀ ਲਈ
ਕਰਨਾਲ ਵਿਚ ਕਿਸਾਨਾਂ ਵੱਲੋਂ 7 ਸਤੰਬਰ ਦੇ ਧਰਨੇ ਅਤੇ ਮਿੰਨੀ ਸਕੱਤਰੇਤ ਨੂੰ ਘੇਰਣ ਦੇ ਸੱਦੇ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਧਾਰਾ 144 ਲਾਗੂ ਕੀਤੀ ਗਈ ਹੈ। ਕਰਨਾਲ ਵਿੱਚ 7 ਸਿਤੰਬਰ ਤੱਕ ਇੰਟਰਨੈੱਟ ਸੇਵਾ ਨੂੰ ਪ੍ਰਸ਼ਾਸਨ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ।
ਕਰਨਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਜ਼ਿਲ੍ਹਾ ਪੁਲਿਸ ਮੁਖੀ ਗੰਗਾ ਰਾਮ ਪੂਨੀਆਂ ਦੀ ਅਮਨ-ਕਾਨੂੰਨ ਨੂੰ ਦੇਖਦਿਆਂ ਕੀਤੀ ਗਈ ਸਿਫ਼ਾਰਿਸ਼ ਦੇ ਆਧਾਰ ਉੱਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਹਨ।
ਭਾਰਤੀ ਦੰਡ ਸਹਿਤਾ ਨਿਯਮਾਵਲੀ 1973 ਦੀ ਧਾਰਾ 144 ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲਾਈ ਜਾਂਦੀ ਹੈ।
ਇਸ ਧਾਰਾ ਦੇ ਲਾਗੂ ਹੋਣ ਕਾਰਨ ਸਬੰਧਤ ਖੇਤਰ ਵਿੱਚ 5 ਜਾਂ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਹੋਰ ਪਾਬੰਦੀਆਂ ਵੀ ਲਗਾਈਆਂ ਜਾਂਦੀਆਂ ਹਨ।
ਇਨ੍ਹਾਂ ਨਵੇਂ ਹੁਕਮਾਂ ਮੁਤਾਬਕ ਗੰਡਾਸੀ, ਕੁਹਾੜੀ, ਕਹੀ, ਫਾਲਾ ਅਤੇ ਲਾਠੀ (ਡੰਡਾ-ਡਾਂਗ) ਵਰਗੇ ਹਥਿਆਰਾਂ ਨੂੰ ਲੈ ਕੇ ਚੱਲਣ ਉੱਤੇ ਵੀ ਪਾਬੰਦੀ ਲਗਾਈ ਗਈ ਹੈ।
ਇਹ ਹੁਕਮ ਮੰਗਲਵਾਰ ਤੱਕ ਲਾਗੂ ਰਹਿਣਗੇ ਅਤੇ ਇਨ੍ਹਾਂ ਨੂੰ ਲਾਗੂ ਕਰਵਾਉਣਾ ਕਰਨਾਲ, ਅਸੰਧ, ਇੰਦਰੀ, ਘਰੌਂਡਾ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਵੇਗੀ।
ਜੇ ਕਿਤੇ ਕੋਈ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਧਾਰਾ ਦੇ ਤਹਿਤ ਕੇਸ ਦਰਜ ਹੋ ਸਕਦਾ ਹੈ। ਇਨ੍ਹਾਂ ਹੁਕਮਾਂ ਨੂੰ ਸੋਮਵਾਰ ਤੋਂ ਲਾਗੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਪਿਛਲੇ ਦਿਨੀ ਕਰਨਾਲ ਵਿਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੌਰਾਨ ਕਈ ਕਿਸਾਨ ਗੰਭੀਰ ਜ਼ਖ਼ਮੀ ਹੋਏ ਸਨ, ਜਦਕਿ 11 ਕਿਸਾਨ ਹਿਰਾਸਤ ਵਿਚ ਲਏ ਗਏ ਸਨ।
ਕਿਸਾਨਾਂ ਦੇ ਲਾਠੀਚਾਰਜ ਦੌਰਾਨ ਜ਼ਖ਼ਮੀ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਹਰਿਆਣਾ ਵਿਚ ਸੜ੍ਹਕਾਂ ਜਾਮ ਕਰਨ ਦਾ ਸੱਦਾ ਦਿੱਤਾ ਸੀ, ਜਿਸ ਕਾਰਨ ਹਿਰਾਸਤ ਵਿਚ ਲਏ ਕਿਸਾਨ ਸ਼ਾਮ ਨੂੰ ਰਿਹਾਅ ਕਰ ਦਿੱਤੇ ਗਏ ਸਨ।
ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਜਖ਼ਮੀ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਧਰਨੇ ਦੌਰਾਨ ਕਥਿਤ ਤੌਰ ’ਤੇ ਮਾਰੇ ਗਏ ਕਿਸਾਨ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਪ੍ਰਸ਼ਾਸਨ ਨੇ ਕੀ ਦੱਸਿਆ
ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਕਰਨਾਲ ਦੇ ਡੀਸੀ ਨਿਸ਼ਾਂਤ ਯਾਦਵ ਨੇ ਦੱਸਿਆ, ''ਇਨ੍ਹਾਂ ਦੀਆਂ ਮੁੱਖ ਮੰਗਾਂ ਇਹ ਸੀ ਕਿ 28 ਅਗਸਤ ਨੂੰ ਜੋ ਲਾਠੀਚਾਰਜ ਹੋਇਆ ਸੀ ਹਾਈਵੇਅ ਜਾਮ ਕਰਨ ਦੇ ਕਾਰਨ, ਉਸ ਲਾਠੀਚਚਾਰਜ ਕਾਰਨ ਜ਼ਖਮੀ ਹੋਏ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਨ੍ਹਾਂ ਨੇ ਕਾਨੂੰਨ ਤੋੜਿਆ ਹੈ ਅਤੇ ਇਹ ਕਿਸੇ ਵੀ ਸੂਰਤ 'ਚ ਮੁਆਵਜ਼ੇ ਦੇ ਹੱਕਦਾਰ ਨਹੀਂ ਹਨ।''

ਤਸਵੀਰ ਸਰੋਤ, BBC/Kamal Saini
''ਦੂਜੀ ਮੰਗ ਇਨ੍ਹਾਂ ਦੀ ਸੀ ਕਿ ਜਿਹੜੇ ਅਧਿਕਾਰੀ-ਕਰਮਚਾਰੀਆਂ ਨੇ ਲਾਠੀਚਾਰਜ ਕੀਤਾ, ਸਰਕਾਰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੇ। ਇਸ ਬਾਰੇ ਅਸੀਂ ਇਨ੍ਹਾਂ ਨੂੰ ਸਪਸ਼ਟ ਕੀਤਾ ਹੈ ਕਿ ਕਿਉਂਕਿ ਇਨ੍ਹਾਂ ਨੇ ਹਾਈਵੇਅ ਜਾਮ ਕੀਤਾ ਸੀ ਇਸ ਲਈ ਅਸੀਂ ਘੱਟੋ-ਘੱਟ ਫੋਰਸ ਦਾ ਇਸਤੇਮਾਲ ਕੀਤਾ ਹੈ। ਇਸ ਲਈ ਇਨ੍ਹਾਂ ਦੀ ਕੋਈ ਵੀ ਮੰਗ ਸਹੀ ਨਹੀਂ ਹੈ।''
ਡੀਸੀ ਨਿਸ਼ਾਂਤ ਯਾਦਵ ਨੇ ਕਰਨਾਲ ਮਹਾਪੰਚਾਇਤ ਬਾਰੇ ਕਿਹਾ ਕਿ, ''ਇਨ੍ਹਾਂ ਨੇ ਮਹਾਪੰਚਾਇਤ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੋ ਲੋਕ ਵੀ ਇਕੱਠੇ ਹੋਣਗੇ ਉਹ ਸ਼ਾਂਤੀ ਵਿਵਸਥਾ ਬਣਾ ਕੇ ਰੱਖਣ, ਇਨ੍ਹਾਂ ਦੀ ਮੰਗ ਹਾਈਵੇਅ ਜਾਮ ਕਰਨ ਅਤੇ ਸਕੱਤਰੇਤ ਨੂੰ ਘੇਰਣ ਬਾਰੇ ਜੋ ਹੈ, ਉਹ ਪ੍ਰਸ਼ਾਸਨ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ।''
''ਪ੍ਰਸ਼ਾਸਨ ਦੀਆਂ ਪੂਰੀਆਂ ਤਿਆਰੀਆਂ ਹਨ ਅਤੇ ਅਸੀਂ ਕਿਸੇ ਵੀ ਕੀਮਤ ਉੱਤੇ ਇਹ ਦੋਵੇਂ ਚੀਜ਼ਾਂ ਨਹੀਂ ਹੋਣ ਦੇਵਾਂਗੇ, ਜੇ ਸਾਨੂੰ ਕੋਈ ਵੀ ਐਕਸ਼ਨ ਲੈਣਾ ਪਿਆ ਤਾਂ ਲਵਾਂਗੇ।''
ਡੀਸੀ ਨੇ ਇਹ ਵੀ ਕਿਹਾ ਕਿ ਕਰਨਾਲ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਡਰਣ ਦੀ ਕੋਈ ਲੋੜ ਨਹੀਂ ਹੈ।
ਅਨਿਲ ਵਿਜ ਨੇ ਧਰਨਾ ਸ਼ਾਂਤਮਈ ਰਹਿਣ ਦੀ ਉਮੀਦ ਜਤਾਈ
ਕਰਨਾਲ 'ਚ ਕੱਲ ਕਿਸਾਨਾਂ ਦੀ ਹੋਣ ਵਾਲੀ ਮਹਾਪੰਚਾਇਤ ਨੂੰ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਦਾ ਬਿਆਨ ਆਇਆ ਹੈ ਕਿ, ''ਲੋਕਤੰਤਰਿਕ ਦੇਸ਼ ਹੈ, ਇਸ 'ਚ ਸਭ ਨੂੰ ਆਪਣੀ ਗੱਲ ਕਹਿਣ ਅਤੇ ਪ੍ਰਦਰਸ਼ਨ ਕਰਨ ਦਾ ਹੱਕ ਹੈ, ਕਿਸਾਨ ਭਰਾ ਵੀ ਇਹ ਸਭ ਕੱਲ ਕਰ ਰਹੇ ਹਨ, ਕਰਨ ਪਰ ਸ਼ਾਂਤਮਈ ਢੰਗ ਨਾਲ। ਮੈਨੂੰ ਉਮੀਦ ਹੈ ਕਿ ਸਭ ਕੁਝ ਸ਼ਾਂਤਮਈ ਢੰਗ ਨਾਲ ਸਿਰੇ ਚੜ੍ਹੇਗਾ।''
ਉਨ੍ਹਾਂ ਅੱਗੇ ਕਿਹਾ, ''ਅਸੀਂ ਸਾਰੇ ਇੰਤਜ਼ਾਮ ਕੀਤੇ ਹਨ ਤੇ ਲੋਕਾਂ ਦੀ ਸਹੂਲੀਅਤ ਲਈ ਕੁਝ ਰੂਟ ਬਦਲੇ ਹਨ ਅਤੇ ਉੱਥੇ ਫੋਰਸ ਵੀ ਲਗਾਈ ਹੈ। ਏਡੀਜੀਪੀ ਲਾਅ ਐਂਡ ਆਰਡਰ ਨਵਦੀਪ ਵਿਰਕ ਨੂੰ ਮੈਂ ਹੁਕਮ ਦਿੱਤੇ ਹਨ ਕਿ ਉਹ ਖ਼ੁਦ ਉੱਥੇ ਰਹਿਣਗੇ ਅਤੇ ਸਾਰੀ ਸਥਿਨੀ ਦੀ ਨਿਗਰਾਨੀ ਕਰਨਗੇ ਤਾਂ ਜੋ ਕੱਲ ਦਾ ਸਾਰਾ ਪ੍ਰੋਗਰਾਮ ਸ਼ਾਂਤੀ ਨਾਲ ਹੋਵੇ।''
ਇੰਟਰਨੈੱਟ ਸੇਵਾ ਬੰਦ ਕਰਨ ਦੇ ਸਵਾਲ 'ਤੇ ਅਨਿਲ ਵਿਜ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਕੋਈ ਫ਼ਾਇਦਾ ਨਾ ਚੁੱਕ ਸਕਣ ਤੇ ਕਿਸੇ ਤਰ੍ਹਾਂ ਦੀ ਅਫ਼ਵਾਹ ਨਾ ਫ਼ੈਲੇ, ਇਸੇ ਲਈ ਪ੍ਰਸ਼ਾਸਨ ਨੂੰ ਅਜਿਹੇ ਫ਼ੈਸਲੇ ਲੈਣੇ ਪੈਂਦੇ ਹਨ।
ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਮੀਟਿੰਗ ਬੇਨਤੀਜਾ ਰਹੀ
ਸੋਮਵਾਰ ਨੂੰ ਕਿਸਾਨਾਂ ਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਮੀਟਿੰਗ ਹੋਈ ਜੋ ਬੇਨਤੀਜਾ ਸਾਬਿਤ ਹੋਈ। ਇਸ ਮੀਟਿੰਗ ਵਿੱਚ ਡੀਸੀ ਕਰਨਾਲ ਤੇ ਕਿਸਾਨਾਂ ਵੱਲੋਂ ਗੁਰਨਾਮ ਸਿੰਘ ਚਢੂਨੀ ਤੇ ਹੋਰ ਕਿਸਾਨ ਸ਼ਾਮਿਲ ਹੋਏ ਸਨ।
ਮੀਟਿੰਗ ਮਗਰੋਂ ਗੁਰਨਾਮ ਸਿੰਘ ਚਢੂਨੀ ਨੇ ਕਿਹਾ, “ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਕੇਵਲ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਨੌਕਰੀ ਦੇਣ ਲਈ ਰਾਜ਼ੀ ਹਨ। ਹੁਣ 7 ਸਤੰਬਰ ਨੂੰ ਕਿਸਾਨਾਂ ਦੀ ਮਹਾਪੰਚਾਇਤ ਕੀਤੀ ਜਾਵੇਗੀ।”
“ਕਿਸਾਨਾਂ ਵੱਲੋਂ ਕੋਈ ਹਿੰਸਾ ਨਹੀਂ ਕੀਤੀ ਜਾਵੇਗੀ। ਇਹ ਹੋ ਸਕਦਾ ਹੈ ਕਿ ਕੱਲ੍ਹ ਸਾਨੂੰ ਇਕੱਠਾ ਹੋਣ ਦਿੱਤਾ ਜਾਵੇ ਪਰ ਅਸੀਂ ਇਕੱਠੇ ਜ਼ਰੂਰ ਹੋਵਾਂਗੇ।”

ਤਸਵੀਰ ਸਰੋਤ, KAMAL SAINI/BBC
ਇਸ ਤੋਂ ਪਹਿਲਾਂ ਗੁਰਨਾਮ ਸਿੰਘ ਚਢੂਨੀ ਨੇ ਵੀਡੀਓ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਕਰਨਾਲ ਦੀ ਅਨਾਜ ਮੰਡੀ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਕਿਹਾ, "ਕਰਨਾਲ ਵਿਖੇ ਹੋਏ ਲਾਠੀਚਾਰਜ ਤੋਂ ਬਾਅਦ ਕੀਤੀ ਗਈ ਪੰਚਾਇਤ ਵਿਚ ਫੈਸਲਾ ਕੀਤਾ ਗਿਆ ਸੀ ਕਿ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨਾਂ ਨੂੰ ਅਪੀਲ ਹੈ ਕਿ ਉਹ ਕਰਨਾਲ ਦੀ ਨਵੀਂ ਅਨਾਜ ਮੰਡੀ ਵਿਖੇ ਪਹੁੰਚਣ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਟ੍ਰੈਫਿਕ ਰੂਟ ਵਿੱਚ ਬਦਲਾਅ
ਕਰਨਾਲ ਪੁਲਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਦਿੱਲੀ ਤੋਂ ਹਰਿਆਣਾ ਆਉਣ ਵਾਲੇ ਵਾਹਨਾਂ ਨੂੰ ਪੈਪਸੀ ਪੁਲ ਪਾਨੀਪਤ ਤੋਂ ਮੂਨਕ, ਅਸੰਧ, ਗਗਸੀਨਾ ਰਾਹੀਂ ਕਰਨਾਲ ਦੇ ਹਾਂਸੀ ਚੌਕ ਬਾਈਪਾਸ ਨਹਿਰ ਤੋਂ ਹੁੰਦੇ ਹੋਏ ਜੀਟੀ ਰੋਡ 44 ਰਾਹੀਂ ਚੰਡੀਗਡ਼੍ਹ ਵੱਲ ਮੋੜਿਆ ਜਾਵੇਗਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਨੂੰ ਪਿੱਪਲੀ ਚੌਕ ਕੁਰੂਕਸ਼ੇਤਰ ਤੋਂ ਇੰਦਰੀ, ਬਯਾਨਾ, ਕੁੰਜਪੁਰਾ ਤੋਂ ਹੁੰਦੇ ਹੋਏ ਅੰਮ੍ਰਿਤਪੁਰ ਖੁਰਦ ਕਹਿਰਵਾਲੀ ਅਤੇ ਘਰੌਂਡਾ ਦੇ ਜੀਟੀ ਰੋਡ ਰਾਹੀਂ ਦਿੱਲੀ ਵੱਲ ਰਵਾਨਾ ਕੀਤਾ ਜਾਵੇਗਾ।
ਕਰਨਾਲ ਦੇ ਡੀਸੀ ਨਿਸ਼ਾਂਤ ਯਾਦਵ ਨੇ ਕਿਹਾ, ''ਅਸੀਂ ਹਾਈਵੇਅ ਦੀ ਕਾਰਵਾਈ ਕਿਸੇ ਕੀਮਤ 'ਤੇ ਨਹੀਂ ਰੁਕਣ ਦੇਵਾਂਗੇ, ਫ਼ਿਰ ਵੀ ਸੰਭਾਵਨਾ ਹੈ ਕਿ ਜੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੁੰਦੀ ਹੈ ਤਾਂ ਹੋ ਸਕਦਾ ਹੈ ਹਾਈਵੇਅ ਕੁਝ ਸਮੇਂ ਲਈ ਬੰਦ ਰਹੇ। ਅਸੀਂ ਐਡਵਾਇਜ਼ਰੀ ਦੇ ਤੌਰ ਤੇ ਰੂਟ ਵਿੱਚ ਬਦਲਾਅ ਕੀਤੇ ਹਨ।''
''ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਕੱਲ (ਮੰਗਲਵਾਰ) ਦੇ ਲਈ ਕੌਮੀ ਰਾਜਮਾਗਰ 44 ਉੱਤੇ ਕਰਨਾਲ ਵਾਲੇ ਇਲਾਕੇ ਵਿੱਚ ਯਾਤਰਾ ਕਰਨ ਤੋਂ ਬਚਣ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













