ਕਸ਼ਮੀਰ ਪ੍ਰੀਮੀਅਰ ਲੀਗ ਕੀ ਹੈ ਜਿਸ ਤੋਂ ਮੌਂਟੀ ਪਨੇਸਰ ਨੇ ਆਪਣਾ ਨਾਮ ਵਾਪਸ ਲਿਆ ਹੈ

ਭਾਰਤ ਅਤੇ ਪਾਕਿਸਤਾਨ ਵਿੱਚ ਕ੍ਰਿਕਟ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰਲਾ ਸਦੀਵੀ ਤਣਾਅ ਵੀ ਜਗ-ਜ਼ਾਹਿਰ ਹੈ।

ਇਸ ਵਾਰ ਕ੍ਰਿਕਟ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਪੈਦਾ ਹੁੰਦਾ ਦਿੱਸ ਰਿਹਾ ਹੈ।

ਹਾਲਾਂਕਿ ਭਾਰਤ ਵੱਲੋਂ ਅਧਿਕਾਰਤ ਤੌਰ 'ਤੇ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ, ਪਰ ਕੁਝ ਮਸ਼ਹੂਰ ਹਸਤੀਆਂ ਦੇ ਬਿਆਨਾਂ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਇੱਕ ਕ੍ਰਿਕਟ ਟੂਰਨਾਮੈਂਟ ਨੂੰ ਲੈ ਕੇ ਬਹੁਤ ਗੰਭੀਰ ਹੈ।

ਇਸ ਟੂਰਨਾਮੈਂਟ ਦਾ ਨਾਂ ਹੈ 'ਕਸ਼ਮੀਰ ਪ੍ਰੀਮੀਅਰ ਲੀਗ' (ਕੇਪੀਐਲ) ਜਿਸ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇਜਾਜ਼ਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ-

ਇਹ ਟੂਰਨਾਮੈਂਟ 6 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ ਹੀ ਇਹ ਵਿਵਾਦਾਂ ਵਿੱਚ ਘਿਰ ਗਿਆ ਹੈ।

ਪੀਸੀਬੀ ਦਾ ਇਲਜ਼ਾਮ ਹੈ ਕਿ ਬੀਸੀਸੀਆਈ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਕੌਮਾਂਤਰੀ ਖਿਡਾਰੀਆਂ ਨੂੰ ਧਮਕਾ ਰਿਹਾ ਹੈ।

ਵਿਵਾਦ ਦੀ ਸ਼ੁਰੂਆਤ ਕਿਵੇਂ ਹੋਈ?

ਕੇਪੀਐਲ ਨੂੰ ਲੈ ਕੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਜਾ ਰਹੇ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਹਰਸ਼ੇਲ ਗਿਬਸ ਨੇ ਟਵੀਟ ਕੀਤਾ ਕਿ ਬੀਸੀਸੀਆਈ ਉਨ੍ਹਾਂ ਨੂੰ ਇਸ ਵਿੱਚ ਖੇਡਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।

ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, "ਇਹ ਬਿਲਕੁਲ ਬੇਲੋੜੀ ਗੱਲ ਹੈ ਕਿ ਬੀਸੀਸੀਆਈ ਪਾਕਿਸਤਾਨ ਦੇ ਨਾਲ ਆਪਣੇ ਰਾਜਨੀਤਿਕ ਏਜੰਡੇ ਨੂੰ ਵਿੱਚ ਲੈ ਕੇ ਆ ਰਿਹਾ ਹੈ ਅਤੇ ਮੈਨੂੰ ਕਸ਼ਮੀਰ ਪ੍ਰੀਮੀਅਰ ਲੀਗ ਵਿੱਚ ਖੇਡਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।"

"ਮੈਨੂੰ ਇਹ ਵੀ ਧਮਕੀ ਦਿੱਤੀ ਜਾ ਰਹੀ ਹੈ ਕਿ ਭਾਰਤ ਵਿੱਚ ਕ੍ਰਿਕਟ ਨਾਲ ਸੰਬੰਧਿਤ ਕਿਸੇ ਵੀ ਕੰਮ ਲਈ ਐਂਟਰੀ ਨਹੀਂ ਮਿਲੇਗੀ। ਇਹ ਹਾਸੋਹੀਣਾ ਹੈ।"

ਗਿਬਸ ਦੇ ਇਹ ਟਵੀਟ ਕਰਨ ਦੀ ਦੇਰ ਸੀ ਕਿ ਪੀਸੀਬੀ ਨੇ ਇਸ ਮੁੱਦੇ 'ਤੇ ਬਿਆਨ ਜਾਰੀ ਕਰਦੇ ਹੋਏ ਬੀਸੀਸੀਆਈ ਨੂੰ ਸਖ਼ਤ ਰੁਖ ਦਿਖਾਇਆ।

ਬਿਆਨ ਵਿੱਚ ਕਿਹਾ ਗਿਆ ਹੈ, "ਕ੍ਰਿਕਟ ਬੋਰਡ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਕੇ ਇਹ ਅੰਤਰਰਾਸ਼ਟਰੀ ਨਿਯਮਾਂ ਅਤੇ ਜੇਂਟਲਮੈਂਸ ਗੇਮ ਸਪੀਰੇਟ/ਭਾਵਨਾ ਦੀ ਉਲੰਘਣਾ ਹੈ।"

ਪਾਕਿਸਤਾਨ ਕ੍ਰਿਕਟ ਬੋਰਡ ਨੇ ਬਿਆਨ 'ਚ ਕਿਹਾ, "ਪੀਸੀਬੀ ਦਾ ਮੰਨਣਾ ਹੈ ਕਿ ਬੀਸੀਸੀਆਈ ਨੇ ਕਸ਼ਮੀਰ ਪ੍ਰੀਮੀਅਰ ਲੀਗ' ਚ ਸ਼ਾਮਿਲ ਹੋਣ ਬਾਰੇ ਆਈਸੀਸੀ ਦੇ ਮੈਂਬਰਾਂ ਦੇ ਰਿਟਾਇਰਡ ਕ੍ਰਿਕਟਰਾਂ ਨੂੰ ਚੇਤਾਵਨੀ ਜਾਰੀ ਕਰਕੇ ਖੇਡ ਨੂੰ ਬਦਨਾਮ ਕੀਤਾ ਹੈ।"

"ਇਸ ਦੇ ਨਾਲ ਹੀ ਕ੍ਰਿਕਟ ਨਾਲ ਜੁੜੇ ਕੰਮਾਂ ਨੂੰ ਲੈ ਕੇ ਭਾਰਤ ਵਿੱਚ ਦਾਖ਼ਿਲ ਹੋਣ ਦੀ ਆਗਿਆ ਨਾ ਦੇਣ ਦੀ ਧਮਕੀ ਵੀ ਦਿੱਤੀ ਹੈ।"

ਮੌਂਟੀ ਪਨੇਸਰ ਨੇ ਕੇਪੀਐਲ ਤੋਂ ਕੀਤਾ ਕਿਨਾਰਾ

ਗਿਬਸ ਦੇ ਸ਼ਨੀਵਾਰ ਦੇ ਟਵੀਟ ਤੋਂ ਬਾਅਦ, ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਨੇ ਸੋਮਵਾਰ ਨੂੰ ਆਪਣੇ ਆਪ ਨੂੰ ਟੂਰਨਾਮੈਂਟ ਤੋਂ ਵੱਖ ਕਰ ਲਿਆ।

ਮੌਂਟੀ ਪਨੇਸਰ ਨੇ ਟਵੀਟ ਕਰਕੇ ਕਿਹਾ ਕਿ ਕੇਪੀਐਲ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਮੁੱਦੇ 'ਤੇ ਤਣਾਅ ਵੱਧ ਰਿਹਾ ਸੀ, ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਤੋਂ ਵੱਖ ਕਰ ਲਿਆ ਹੈ।

ਮੌਂਟੀ ਪਨੇਸਰ ਨੇ ਆਪਣੇ ਟਵੀਟ ਵਿੱਚ ਲਿਖਿਆ, "ਮੈਂ ਕੇਪੀਐਲ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਕੇਪੀਐਲ ਦੇ ਸੰਬੰਧ ਵਿੱਚ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਦੇ ਕਾਰਨ ਮੈਂ ਇਹ ਫੈਸਲਾ ਲਿਆ ਹੈ।"

"ਮੈਂ ਇਸ ਤਣਾਅ ਦੇ ਵਿਚਕਾਰ ਨਹੀਂ ਆਉਣਾ ਚਾਹੁੰਦਾ। ਇਸ ਨਾਲ ਮੈਂ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰ ਰਿਹਾ ਹਾਂ।"

ਇਸ ਤੋਂ ਇਲਾਵਾ ਮੌਂਟੀ ਪਨੇਸਰ ਨੇ ਸਪੋਰਟਸ ਯਾਰੀ ਨਾਂ ਦੇ ਇੱਕ ਯੂ-ਟਿਊਬ ਚੈਨਲ ਨੂੰ ਕਿਹਾ, "ਸਾਨੂੰ ਇੰਗਲਿਸ਼ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਜੇ ਮੈਂ ਕੇਪੀਐਲ ਵਿੱਚ ਜਾਂਦਾ ਹਾਂ, ਤਾਂ ਇਸ ਦੇ ਮਾੜੇ ਨਤੀਜੇ ਹੋਣਗੇ।"

"ਮੈਨੂੰ ਦੱਸਿਆ ਗਿਆ ਕਿ ਭਾਰਤ ਵਿੱਚ ਕ੍ਰਿਕਟ ਦੇ ਜੋ ਵੀ ਮੌਕੇ ਹਨ, ਉਹ ਨਹੀਂ ਮਿਲਣਗੇ। ਭਾਰਤ ਦਾ ਵੀਜ਼ਾ ਨਹੀਂ ਮਿਲੇਗਾ। ਸਾਨੂੰ ਈਸੀਬੀ ਤੋਂ ਸਲਾਹ ਮਿਲੀ ਹੈ ਅਤੇ ਮੈਂ ਹੀ ਫੈਸਲਾ ਲੈਣਾ ਹੈ।"

"ਮੈਂ ਸੋਚਿਆ ਕਿ ਭਵਿੱਖ ਵਿੱਚ ਅਜਿਹਾ ਹੋ ਸਕਦਾ ਹੈ ਕਿ ਕੇਪੀਐਲ ਵਿੱਚ ਸ਼ਾਮਿਲ ਹੋਣ ਵਾਲੇ ਭਾਰਤ ਨਹੀਂ ਜਾ ਸਕਣਗੇ, ਇਸ ਦੇ ਮੱਦੇਨਜ਼ਰ ਇਹ ਮੈਂ ਫੈਸਲਾ ਲਿਆ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੋ ਕਸ਼ਮੀਰ ਮੁੱਦਾ ਹੈ ਮੈਂ ਉਸ ਦੇ ਵਿਚਕਾਰ ਨਹੀਂ ਆਉਣਾ ਚਾਹੁੰਦਾ।"

ਪੀਸੀਬੀ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਕ੍ਰਿਕਟ ਕਾਊਂਸਿਲ (ਆਈਸੀਸੀ) ਦੇ ਮੰਚ 'ਤੇ ਚੁੱਕੇਗਾ ਅਤੇ ਉਸ ਨੂੰ ਇਸ ਦੇ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਹੈ।

ਆਈਸੀਸੀ ਨੇ ਜਵਾਬ ਦਿੱਤਾ

ਅੰਤਰਰਾਸ਼ਟਰੀ ਕ੍ਰਿਕਟ ਕਾਊਂਸਿਲ ਨੇ ਸਪੱਸ਼ਟ ਕੀਤਾ ਹੈ ਕਿ ਇਹ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਹੈ, ਇਸ ਲਈ ਇਹ ਮੁੱਦਾ ਉਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।

ਕਿਹਾ ਜਾ ਰਿਹਾ ਹੈ ਕਿ ਬੀਸੀਸੀਆਈ ਨੇ ਆਈਸੀਸੀ ਤੋਂ ਮੰਗ ਕੀਤੀ ਸੀ ਕਿ ਉਹ ਇਸ ਕ੍ਰਿਕਟ ਮੁਕਾਬਲੇ ਨੂੰ ਮਾਨਤਾ ਨਾ ਦੇਵੇ।

ਪਾਕਿਸਤਾਨ ਦੇ ਜੀਓ ਟੀਵੀ ਨਾਲ ਗੱਲਬਾਤ ਕਰਦਿਆਂ ਆਈਸੀਸੀ ਦੇ ਬੁਲਾਰੇ ਨੇ ਕਿਹਾ ਸੀ, "ਇਹ ਟੂਰਨਾਮੈਂਟ ਆਈਸੀਸੀ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਕਿਉਂਕਿ ਇਹ ਇੱਕ ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਨਹੀਂ ਹੈ।"

ਆਈਸੀਸੀ ਦੇ ਨਿਯਮਾਂ ਦੇ ਅਨੁਸਾਰ, ਹਰੇਕ ਰਾਸ਼ਟਰੀ ਫ਼ੈਡਰੇਸ਼ਨ ਨੂੰ ਆਪਣੇ ਖੇਤਰ ਵਿੱਚ ਆਪਣੇ ਘਰੇਲੂ ਮੈਚ ਆਯੋਜਿਤ ਕਰਨ ਦਾ ਅਧਿਕਾਰ ਹੈ।

ਇਹ ਵੀ ਪੜ੍ਹੋ-

ਆਈਸੀਸੀ ਉਦੋਂ ਹੀ ਦਖ਼ਲ ਦੇ ਸਕਦੀ ਹੈ ਜਦੋਂ ਕੋਈ ਮੈਚ ਕਿਸੇ ਹੋਰ ਸਹਿਯੋਗੀ ਮੈਂਬਰ ਦੇ ਖੇਤਰ ਵਿੱਚ ਹੋ ਰਿਹਾ ਹੋਵੇ।

ਹਾਲਾਂਕਿ, ਕੇਪੀਐਲ ਮੈਚ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਮੁਜ਼ੱਫਰਾਬਾਦ ਦੇ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਹਨ ਅਤੇ ਕਸ਼ਮੀਰ ਦੋਵਾਂ ਦੇਸ਼ਾਂ ਦੇ ਵਿੱਚ ਵਿਵਾਦ ਦਾ ਮੁੱਖ ਕਾਰਨ ਰਿਹਾ ਹੈ।

ਦੋਵੇਂ ਦੇਸ਼ ਜੰਮੂ-ਕਸ਼ਮੀਰ 'ਤੇ ਆਪਣਾ ਦਾਅਵਾ ਕਰਦੇ ਰਹੇ ਹਨ।

ਬੀਸੀਸੀਆਈ ਵੱਲੋਂ ਅਧਿਕਾਰਤ ਤੌਰ 'ਤੇ ਅਜੇ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ।

ਹਾਲਾਂਕਿ, ਬੀਸੀਸੀਆਈ ਦੇ ਇੱਕ ਉੱਚ ਅਧਿਕਾਰੀ ਨੇ ਦਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਨੂੰ ਕਿਹਾ ਸੀ, "ਅਸੀਂ ਰਾਸ਼ਟਰੀ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹਾ ਕੀਤਾ ਹੈ।"

ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਨੂੰ ਲੈ ਕੇ ਵਿਵਾਦ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਜੇ ਕਸ਼ਮੀਰ ਦੇ ਨਾਂ 'ਤੇ ਕੋਈ ਅਜਿਹਾ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਵਿਦੇਸ਼ੀ ਮਹਿਮਾਨ ਵੀ ਹਿੱਸਾ ਲੈਣਗੇ, ਤਾਂ ਭਾਰਤ ਦੀ ਪ੍ਰਤੀਕਿਰਿਆ ਸੁਭਾਵਿਕ ਮੰਨੀ ਜਾ ਰਹੀ ਹੈ।

ਕੀ ਹੈ ਕਸ਼ਮੀਰ ਪ੍ਰੀਮੀਅਰ ਲੀਗ

ਈਐਸਪੀਐਨ ਕ੍ਰਿਕਇੰਫੋ ਦੇ ਅਨੁਸਾਰ, ਕਸ਼ਮੀਰ ਪ੍ਰੀਮੀਅਰ ਲੀਗ ਜਾਂ ਕੇਪੀਐਲ 6 ਫਰੈਂਚਾਇਜ਼ੀ ਟੀਮਾਂ ਦਾ ਇੱਕ ਕ੍ਰਿਕਟ ਟੂਰਨਾਮੈਂਟ ਹੈ ਜਿਸ ਦਾ ਆਯੋਜਨ ਕੁਝ ਕਾਰੋਬਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ।

ਹਾਲਾਂਕਿ, ਇਸ ਨੂੰ ਪਾਕਿਸਤਾਨੀ ਸਰਕਾਰ ਅਤੇ ਪੀਸੀਬੀ ਦੀ ਇਜਾਜ਼ਤ ਮਿਲ ਚੁੱਕੀ ਹੈ।

6 ਅਗਸਤ ਤੋਂ ਸ਼ੁਰੂ ਹੋ ਰਿਹਾ ਇਹ ਟੂਰਨਾਮੈਂਟ ਮੁਜ਼ੱਫਰਾਬਾਦ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਅਤੇ ਇਸਦਾ ਫਾਈਨਲ 17 ਅਗਸਤ ਨੂੰ ਹੋਣਾ ਹੈ।

ਇਸ ਦੀਆਂ ਟੀਮਾਂ ਦੇ ਨਾਮ ਖੇਤਰ ਦੇ ਸ਼ਹਿਰਾਂ ਦੇ ਨਾਮਾਂ 'ਤੇ ਰੱਖੇ ਗਏ ਹਨ ਜਿਨ੍ਹਾਂ ਵਿੱਚ ਕੋਟਲੀ, ਬਾਗ਼, ਮੀਰਪੁਰ, ਰਾਵਲਕੋਟ, ਮੁਜ਼ੱਫਰਾਬਾਦ ਅਤੇ ਇੱਕ ਵਿਦੇਸ਼ੀ ਖਿਡਾਰੀਆਂ ਦੀ ਟੀਮ ਹੈ।

ਆਯੋਜਕਾਂ ਦੀ ਪ੍ਰੈਸ ਰਿਲੀਜ਼ ਅਨੁਸਾਰ ਸ਼ਾਹਿਦ ਅਫ਼ਰੀਦੀ, ਸ਼ੋਇਬ ਮਲਿਕ, ਇਮਾਦ ਵਸੀਮ, ਮੁਹੰਮਦ ਹਫੀਜ਼, ਕਾਮਰਾਨ ਅਕਮਲ ਅਤੇ ਸ਼ਾਦਾਬ ਖ਼ਾਨ ਇਨ੍ਹਾਂ ਟੀਮਾਂ ਦੇ ਕਪਤਾਨ ਹੋਣਗੇ।

ਹਰਸ਼ੇਲ ਗਿਬਸ ਦੇ ਟਵੀਟ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਟਵੀਟ ਕਰਕੇ ਬੀਸੀਸੀਆਈ ਦੀ ਆਲੋਚਨਾ ਕੀਤੀ ਸੀ।

ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਉਹ ਕ੍ਰਿਕਟ ਅਤੇ ਰਾਜਨੀਤੀ ਨੂੰ ਇਕੱਠੇ ਮਿਲਾਉਣ ਲਈ ਬੀਸੀਸੀਆਈ ਤੋਂ ਨਿਰਾਸ਼ ਹਨ ਕਿਉਂਕਿ ਕੇਪੀਐਲ ਕਸ਼ਮੀਰ, ਪਾਕਿਸਤਾਨ ਅਤੇ ਕ੍ਰਿਕਟ ਪ੍ਰਸ਼ੰਸਕਾਂ ਲਈ ਹੈ ਅਤੇ ਉਹ ਇਸ ਹਰਕਤ ਤੋਂ ਨਹੀਂ ਡਰਨਗੇ।

ਇਸ ਟੂਰਨਾਮੈਂਟ ਵਿੱਚ ਕੁਝ ਵਿਦੇਸ਼ੀ ਖਿਡਾਰੀ ਵੀ ਹਿੱਸਾ ਲੈਣ ਜਾ ਰਹੇ ਸਨ ਜਿਨ੍ਹਾਂ ਵਿੱਚ ਮੌਂਟੀ ਪਨੇਸਰ, ਮੈਟ ਪ੍ਰਾਇਰ, ਫਿਲ ਮਸਟਰਨ, ਟੀਨੋ ਬੇਸਟ, ਤਿਲਕਰਤਨੇ ਦਿਲਸ਼ਾਨ ਅਤੇ ਹਰਸ਼ਲ ਗਿਬਸ ਵਰਗੇ ਨਾਮ ਸ਼ਾਮਲ ਸਨ।

ਕਾਪੀ- ਮੁਹੰਮਦ ਸ਼ਾਹਿਦ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)