ਅਨਿਲ ਜੋਸ਼ੀ ਭਾਜਪਾ ਤੋਂ 6 ਸਾਲਾਂ ਲਈ ਸਸਪੈਂਡ ਕੀਤੇ ਜਾਣ ਬਾਰੇ ਕੀ ਬੋਲੇ

ਤਸਵੀਰ ਸਰੋਤ, Anil Joshi/Twitter
ਆਪਣੀ ਹੀ ਪਾਰਟੀ ਭਾਜਪਾ ਖਿਲਾਫ਼ ਬੋਲਣ ਵਾਲੇ ਪੰਜਾਬ ਦੇ ਆਗੂ ਅਨਿਲ ਜੋਸ਼ੀ ਨੂੰ ਭਾਜਪਾ ਨੇ ਬਾਹਰ ਦਾ ਰਾਹ ਦਿਖਾ ਦਿੱਤਾ ਹੈ।
ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ 'ਤੇ ਭਾਜਪਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪਾਰਟੀ 'ਚੋਂ ਸਸਪੈਂਡ ਕਰ ਦਿੱਤਾ ਹੈ। ਉੱਥੇ ਹੀ ਅਨਿਲ ਜੋਸ਼ੀ ਨੇ ਇਸ ਬਾਰੇ ਕਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਪਾਰਟੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਹੁਣ ਵੀ ਉਹ ਇਹੀ ਕਰ ਰਹੇ ਸਨ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਡਾ. ਸੁਭਾਸ਼ ਸ਼ਰਮਾ ਨੇ ਕਿਹਾ, "ਸਾਬਕਾ ਮੰਤਰੀ ਅਨਿਲ ਜੋਸ਼ੀ ਕੇਂਦਰ ਸਰਕਾਰ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਪਾਰਟੀ ਦੀਆਂ ਨੀਤੀਆਂ ਖਿਲਾਫ਼ ਬਿਆਨਬਾਜ਼ੀ ਕਰ ਰਹੇ ਸਨ, ਜੋ ਪਾਰਟੀ ਵਿਰੋਧੀ ਗਤੀਵਿਧੀਆਂ ਹਨ।"
ਇਹ ਵੀ ਪੜ੍ਹੋ:
"ਇਸ ਲਈ ਪ੍ਰਦੇਸ਼ ਭਾਜਪਾ ਵੱਲੋਂ ਅਨਿਲ ਜੋਸ਼ੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ, ਜਿਸ 'ਤੇ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਜਵਾਬ ਦੇਣ ਦਾ ਸਮਾਂ ਦਿੱਤਾ ਗਿਆ।"
"ਪਰ ਅਨਿਲ ਜੋਸ਼ੀ ਨੇ ਪਾਰਟੀ ਖਿਲਾਫ਼ ਚੱਲਣ ਦੇ ਆਪਣੇ ਅੜਿੱਅਲ ਰਵੱਈਏ ਨੂੰ ਨਹੀਂ ਛੱਡਿਆ, ਜਿਸ 'ਤੇ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ 'ਤੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜੋਸ਼ੀ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਅਨਿਲ ਜੋਸ਼ੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲ ਲਈ ਕੱਢ ਦਿੱਤਾ ਹੈ।"
ਅਨਿਲ ਜੋਸ਼ੀ ਦਾ ਪ੍ਰਤੀਕਰਮ
ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨਾਲ ਗੱਲਬਾਤ ਕਰਦਿਆਂ ਅਨਿਲ ਜੋਸ਼ੀ ਨੇ ਕਿਹਾ, "ਮੇਰੀ 35 ਸਾਲ ਦੀ ਤਪੱਸਿਆ ਇੰਨ੍ਹਾਂ ਨੇ ਇੱਕ ਝਟਕੇ ਵਿੱਚ ਖ਼ਤਮ ਕਰ ਦਿੱਤੀ ਹੈ। ਮੈਂ ਰਾਤ-ਦਿਨ ਵਰਕਰ ਦੀ ਸੇਵਾ ਕੀਤੀ, ਪਾਰਟੀ ਦੀ ਸੇਵਾ ਕੀਤੀ, ਮੈਂ ਗੋਲੀਆਂ-ਬੰਬਾਂ ਤੋਂ ਨਹੀਂ ਡਰਿਆ। ਮੇਰੇ ਪਿਤਾ ਸ਼ਹੀਦ ਹੋਏ ਅਤਿਵਾਦ ਵਿੱਚ ਪੰਜਾਬ ਦੀ ਸੇਵਾ ਕਰਦੇ, ਮੈਂ ਸੰਗਠਨ ਦਾ ਕੰਮ ਕਰਦਾ ਸੀ।"
"ਮੈਂ 2007 ਵਿੱਚ ਜਦੋਂ ਵਿਧਾਇਕ ਬਣਿਆ ਸੀ, ਮੇਰੇ ਗੋਲੀਆਂ ਚੱਲੀਆਂ, ਮੇਰੇ 12 ਸਾਥੀਆਂ 'ਤੇ ਗੋਲੀਆਂ ਲੱਗੀਆਂ, ਮੇਰੀ ਗੱਡੀ ਸਾੜੀ ਗਈ, ਪਾਰਟੀ ਦਾ ਕੰਮ ਕਰਦਿਆਂ। ਮੈਂ ਕਦੇ ਝੁਕਿਆ ਡਰਿਆ ਨਹੀਂ, ਰਾਤ-ਦਿਨ ਪਾਰਟੀ ਦਾ ਝੰਡਾ ਚੁੱਕ ਕੇ ਤੁਰਿਆ ਰਿਹਾ।"
ਅਨਿਲ ਜੋਸ਼ੀ ਨੇ ਅੱਗੇ ਕਿਹਾ ਕਿ ਉਹ ਹਮੇਸ਼ਾ ਪਾਰਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ।
ਉਨ੍ਹਾਂ ਕਿਹਾ, "ਅੱਜ ਵੀ ਮੈਂ ਪਾਰਟੀ ਨੂੰ ਬਚਾਉਣ ਦੀ ਗੱਲ ਕੀਤੀ ਸੀ। ਜਿਹੜੀ ਇੰਨ੍ਹਾਂ ਨੂੰ ਸਮਝ ਨਹੀਂ ਆਈ। ਜੋ ਹਾਲ ਵਰਕਰ ਦਾ ਹੋ ਰਿਹਾ ਹੈ, ਉਸ ਨੂੰ ਬਚਾਉਣ ਦੀ ਗੱਲ ਕੀਤੀ ਸੀ। ਇਨ੍ਹਾਂ ਨੂੰ ਸਮਝ ਨਹੀਂ ਆਈ। 90 ਫੀਸਦ ਵਰਕਰ ਇਹ ਚਾਹੁੰਦੇ ਹਨ ਕਿ ਕਿਸਾਨੀ ਮਸਲਾ ਹੱਲ ਹੋਵੇ। ਮੈਂ ਉਨ੍ਹਾਂ ਦੇ ਮੰਨ ਦੀ ਗੱਲ ਕੀਤੀ, ਇਨ੍ਹਾਂ ਨੂੰ ਸਮਝ ਨਹੀਂ ਆਇਆ।"
ਪੰਜਾਬ ਭਾਜਪਾ ਦੇ ਆਗੂਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਪਾਰਟੀ ਟੁੱਟਦੀ ਰਹੀ, ਇਨ੍ਹਾਂ 'ਤੇ ਅਸਰ ਨਹੀਂ ਹੋਇਆ। ਇੰਨ੍ਹਾਂ ਨੇ ਸਹੀ ਸਮੇਂ 'ਤੇ ਦਿੱਲੀ ਫੀਡਬੈਕ ਦਿੱਤੀ ਹੁੰਦੀ ਤਾਂ ਕਿਸਾਨੀ ਮਸਲਾ ਇੱਥੇ ਹੀ ਹੱਲ ਹੋ ਜਾਂਦਾ। ਇਹ ਦੇਸਵਿਆਪੀ ਨਾ ਬਣਦਾ। ਦੁਨੀਆਂ ਵਿੱਚ ਪ੍ਰਦਰਸ਼ਨ ਨਾ ਹੁੰਦੇ, ਮੋਦੀ ਸਰਕਾਰ ਦੀ ਕਿਰਕਿਰੀ ਨਾ ਹੁੰਦੀ। ਉਹ ਇਨ੍ਹਾਂ ਕਰਕੇ ਹੋਈ। ਇਨ੍ਹਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"ਇਨ੍ਹਾਂ ਦੀ ਪਾਰਟੀ ਵਿੱਚੋਂ ਬਹੁਤ ਲੋਕ ਚਲੇ ਗਏ। ਰਿਜ਼ਾਇਨ ਤਾਂ ਇਨ੍ਹਾਂ ਨੂੰ ਕਰਨਾ ਚਾਹੀਦਾ ਸੀ, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ। ਪ੍ਰਧਾਨ ਦੀ ਜਿੰਮੇਵਾਰੀ ਹੁੰਦੀ ਹੈ, ਉਹ ਕਸਟੋਡੀਅਨ ਹੁੰਦਾ ਹੈ। ਉਸਦੇ ਪਰਿਵਾਰ ਦੀ ਇਹ ਹਾਲਤ ਹੋਵੇ ਤੇ ਉਸ 'ਤੇ ਅਸਰ ਨਾ ਹੋਵੇ।"
ਉਨ੍ਹਾਂ ਨੇ ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੇ ਰਹਿਣਗੇ।
"ਪੰਜਾਬੀ ਹਾਂ, ਪੰਜਾਬ ਦੀ ਗੱਲ ਕਰਾਂਗੇ। ਪੰਜਾਬ ਦੇ ਕਿਸਾਨਾਂ ਦੀ ਗੱਲ ਕਰਾਂਗੇ। ਜਿੰਨਾਂ ਦੇਰ ਇਹ ਮਸਲਾ ਹੱਲ ਨਹੀਂ ਹੁੰਦਾ ਮੈਂ ਕਿਸਾਨਾਂ ਦੇ ਨਾਲ ਉਨ੍ਹਾਂ ਦਾ ਹਮਦਰਦ ਬਣ ਕੇ ਖੜ੍ਹਾ ਹਾਂ ਜਿੱਥੋਂ ਤੱਕ ਆਵਾਜ਼ ਜਾਊਗੀ, ਲੈ ਕੇ ਜਾਵਾਂਗਾ।"
ਅਨਿਲ ਜੋਸ਼ੀ ਨੇ ਪਹਿਲਾਂ ਕੀ ਕਿਹਾ ਸੀ
ਦਰਅਸਲ ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਉਨ੍ਹਾਂ ਨੇ ਆਪਣੀ ਹੀ ਸਰਕਾਰ ਦੇ ਆਗੂਆਂ 'ਤੇ ਸਵਾਲ ਚੁੱਕੇ ਸਨ।
ਬੀਤੇ ਦਿਨੀਂ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਅਨਿਲ ਜੋਸ਼ੀ ਨੇ ਕਿਹਾ ਸੀ, "ਸਾਡੀ ਰੋਟੀ-ਬੇਟੀ ਦੀ ਸਾਂਝ ਹੈ। ਸਾਡਾ ਵਪਾਰ, ਪਿਆਰ ਕਿਸਾਨਾਂ ਨਾਲ ਹੈ। ਦੁਖ-ਸੁਖ 'ਚ ਨਾਲ ਖੜ੍ਹੇ ਹੁੰਦੇ ਹਾਂ, ਉਹ ਸਾਡੇ ਭਰਾ ਹੀ ਹਨ। ਸਾਨੂੰ ਤਾਂ ਆਪਣੇ ਲੋਕਾਂ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਬੰਗਾਲੀ ਬੰਗਾਲ ਦੀ ਗੱਲ ਕਰਦਾ ਹੈ, ਯੂਪੀ ਵਾਲਾ ਯੂਪੀ ਦੀ ਗੱਲ ਕਰਦਾ ਅਸੀਂ ਕਿਉਂ ਨਹੀਂ ਪੰਜਾਬ ਦੀ ਗੱਲ ਕਰੀਏ।"
"ਮਤਲਬ ਅਸੀਂ ਦਿੱਲੀ ਹੀ ਗੱਲ ਕਰੀ ਜਾਈਏ, ਦਿੱਲੀ ਸਰਕਾਰ ਦੀ ਹੀ ਗੱਲ ਕਰੀ ਜਾਈਏ। ਸਰਕਾਰ ਤਾਂ ਸਭ ਦੀ ਹੁੰਦੀ ਹੈ। ਇਕੱਲੀ ਭਾਜਪਾ ਦੀ ਥੋੜ੍ਹੀ ਹੁੰਦੀ ਹੈ।"
ਅਨਿਲ ਜੋਸ਼ੀ ਨੇ ਪੰਜਾਬ ਭਾਜਪਾ ਆਗੂਆਂ ਨੂੰ ਕਿਸਾਨਾਂ ਨਾਲ ਖੜ੍ਹੇ ਹੋਣ ਦੀ ਸਲਾਹ ਦਿੰਦਿਆਂ ਕਿਹਾ ਸੀ, "ਇਸ ਕਰਕੇ ਸਾਨੂੰ ਵੀ ਲੱਤ ਲਾਉਣੀ ਚਾਹੀਦੀ ਹੈ। ਜੇ ਨਹੀਂ ਮੰਨਦੇ ਤਾਂ ਅਸੀਂ ਕਹਾਂਗੇ ਕਿ ਮੋਦੀ ਸਾਹਿਬ ਅਜੇ ਨਹੀਂ ਮੰਨਦੇ ਪਏ ਅਸੀਂ ਜ਼ੋਰ ਲਾ ਰਹੇ ਹਾਂ। ਉਨ੍ਹਾਂ ਨਾਲ ਅਸੀਂ ਖੜ੍ਹੇ ਤਾਂ ਹੋਈਏ। ਘੱਟੋ-ਘੱਟ ਸਾਡਾ ਵਰਕਰ ਤਾਂ ਪੀੜਤ ਨਹੀਂ ਹੋਵੇਗਾ। ਸਾਨੂੰ ਆਪਣੇ ਕਿਸਾਨ ਭਰਾਵਾਂ ਨਾਲ ਖੜ੍ਹੇ ਹੋਣ ਦੀ ਲੋੜ ਹੈ।"

ਤਸਵੀਰ ਸਰੋਤ, ANIL JOSHI/TWITTER
ਖੇਤੀ ਕਾਨੂੰਨਾਂ ਬਾਰੇ ਅਨਿਲ ਜੋਸ਼ੀ ਦਾ ਕਹਿਣਾ ਹੈ, "ਬਿਨਾ ਤਿਆਰੀ ਇਹ ਕਾਨੂੰਨ ਜਲਦਬਾਜ਼ੀ ਵਿੱਚ ਤਿਆਰ ਹੋਏ ਹਨ। ਹੁਣ ਜੇ ਗੱਲ ਅੜ ਗਈ ਹੈ ਤਾਂ ਬੈਠ ਕੇ ਗੱਲ ਕਰ ਸਕਦੇ ਹਨ। ਵੱਡੀਆਂ-ਵੱਡੀਆਂ ਲੜਾਈਆਂ ਦਾ ਹੱਲ ਟੇਬਲ 'ਤੇ ਹੋ ਜਾਂਦਾ ਹੈ। ਇਹ ਕੋਈ ਵੱਡੀ ਗੱਲ ਨਹੀਂ ਹੈ।"
ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਸੀ, "ਪਹਿਲ ਤਾਂ ਪੰਜਾਬ ਭਾਜਪਾ ਯੂਨਿਟ ਨੂੰ ਕਰਨੀ ਚਾਹੀਦੀ ਹੈ। ਮੁੱਦਾ ਕੇਂਦਰ ਦਾ ਅਤੇ ਕੇਂਦਰ ਵਿੱਚ ਸਰਕਾਰ ਭਾਜਪਾ ਦੀ ਹੈ। ਕਿਸਾਨ ਇਸੇ ਕਰਕੇ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਹਨ ਕਿ ਇਨ੍ਹਾਂ ਦੀ ਸਰਕਾਰ ਕੇਂਦਰ ਵਿੱਚ ਹੈ ਅਤੇ ਇਹ ਸਾਡੀ ਗੱਲ ਨਹੀਂ ਕਰਦੇ ਪਏ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














