ਟਵਿੱਟਰ ਖ਼ਿਲਾਫ਼ ਭਾਰਤ 'ਚ ਨਵੇਂ ਕੇਸ ਦਰਜ: ਚਾਈਲਡ ਪੋਰਨੋਗ੍ਰਾਫੀ ਤੇ ਸਿਆਸੀ ਆਗੂਆਂ ਦੇ ਅਕਾਊਂਟ ਬਲਾਕ ਕਰਨ ਲਈ ਮੰਗਿਆ ਜਵਾਬ -ਪ੍ਰੈੱਸ ਰਿਵੀਊ

ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਵਿੱਚ ਭਾਰਤ ਦੇ ਨਕਸ਼ੇ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਵਿੱਚ ਟਵਿੱਟਰ ਉੱਪਰ ਬਜਰੰਗ ਦਲ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਟਵਿੱਟਰ ਵੱਲੋਂ ਆਪਣੀ ਵੈੱਬਸਾਈਟ 'ਤੇ ਪਾਏ ਗਏ ਭਾਰਤ ਦੇ ਨਕਸ਼ੇ ਵਿੱਚ ਲੱਦਾਖ ਅਤੇ ਜੰਮੂ ਕਸ਼ਮੀਰ ਨੂੰ ਭਾਰਤ ਤੋਂ ਅਲੱਗ ਵਿਖਾਇਆ ਗਿਆ ਹੈ।

ਟਵਿੱਟਰ ਵੱਲੋਂ ਬਾਅਦ ਵਿੱਚ ਇਹ ਵਿਵਾਦਿਤ ਨਕਸ਼ਾ ਹਟਾ ਦਿੱਤਾ ਗਿਆ ਹੈ। ਇਸ ਐੱਫਆਈਆਰ ਵਿੱਚ ਭਾਰਤ ਵਿੱਚ ਟਵਿੱਟਰ ਦੇ ਐਮ ਡੀ ਮਹੇਸ਼ ਮਹੇਸ਼ਵਰੀ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ।

ਇਹ ਵੀ ਪੜ੍ਹੋ-

ਟਵਿੱਟਰ ਉੱਪਰ ਦੂਸਰਾ ਕੇਸ ਦਿੱਲੀ ਪੁਲੀਸ ਵੱਲੋਂ ਚਾਈਲਡ ਪੋਰਨੋਗ੍ਰਾਫੀ ਨੂੰ ਕਥਿਤ ਢਿੱਲ ਦੇਣ ਦੇ ਦੋਸ਼ ਵਿੱਚ ਕੀਤਾ ਗਿਆ ਹੈ।

ਨੈਸ਼ਨਲ ਚਾਈਲਡ ਰਾਈਟਸ ਕਮਿਸ਼ਨ ਦੀ ਸ਼ਿਕਾਇਤ ਉੱਪਰ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸ਼ਿਕਾਇਤ ਵਿੱਚ ਪੋਕਸੋ, ਆਈਟੀ ਐਕਟ ਅਤੇ ਇੰਡੀਅਨ ਪੀਨਲ ਕੋਡ ਤਹਿਤ ਧਾਰਾਵਾਂ ਜੋੜੀਆਂ ਗਈਆਂ ਹਨ।

29 ਮਈ ਨੂੰ ਕਮਿਸ਼ਨ ਨੇ ਸ਼ਿਕਾਇਤ ਕੀਤੀ ਸੀ ਕਿ ਟਵਿੱਟਰ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਪਲੇਟਫਾਰਮ 'ਤੇ ਆਉਣ ਦੀ ਆਗਿਆ ਦਿੰਦਾ ਹੈ ਜੋ ਕਿ ਪੋਕਸੋ ਐਕਟ ਦੇ ਵਿਰੋਧ ਵਿੱਚ ਹੈ।

ਅਖ਼ਬਾਰ ਦੀ ਇੱਕ ਹੋਰ ਖ਼ਬਰ ਅਨੁਸਾਰ ਭਾਰਤ ਵਿੱਚ ਟਵਿੱਟਰ ਦੇ ਬੁਲਾਰੇ ਨੇ ਇਸ ਤਰ੍ਹਾਂ ਦਾ ਕੰਟੈਂਟ ਟਵਿੱਟਰ ਤੋਂ ਹਟਾਉਣ ਦਾ ਭਰੋਸਾ ਦਿੱਤਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਹੀ ਇਕ ਹੋਰ ਖ਼ਬਰ ਅਨੁਸਾਰ ਇਨਫਰਮੇਸ਼ਨ ਟੈਕਨਾਲੋਜੀ ਮਾਮਲਿਆਂ ਵਿੱਚ ਪਾਰਲੀਮੈਂਟ ਦੀ ਕਮੇਟੀ ਨੇ ਟਵਿੱਟਰ ਤੋਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਸ਼ਸ਼ੀ ਥਰੂਰ ਦੇ ਟਵਿੱਟਰ ਖਾਤੇ ਬਲੌਕ ਕਰਨ ਬਾਰੇ ਜਵਾਬ ਮੰਗਿਆ ਹੈ।

ਭਾਰਤ ਵਿੱਚ ਆਈਟੀ ਦੇ ਨਵੇਂ ਨਿਯਮਾਂ ਤੋਂ ਬਾਅਦ ਸਰਕਾਰ ਅਤੇ ਟਵਿੱਟਰ ਵਿਚਕਾਰ ਤਲਖ਼ੀ ਭਰਿਆ ਮਾਹੌਲ ਹੈ ਅਤੇ ਕਈ ਜਗ੍ਹਾ ਤੇ ਟਵਿਟਰ ਖਿਲਾਫ ਮਾਮਲੇ ਦਰਜ ਹੋ ਚੁੱਕੇ ਹਨ।

ਪੰਜਾਬ ਕਾਂਗਰਸ ਦਾ ਸੰਕਟ ਹੋਇਆ ਹੋਰ ਡੂੰਘਾ ਰਾਹੁਲ ਨਾਲ ਨਹੀਂ ਹੋਈ ਨਵਜੋਤ ਸਿੱਧੂ ਦੀ ਮੁਲਾਕਾਤ

ਕਾਂਗਰਸੀ ਨੇਤਾ ਰਾਹੁਲ ਗਾਂਧੀ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਤੋਂ ਪੱਲਾ ਝਾੜੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਮੰਗਲਵਾਰ ਨੂੰ ਕਿਆਸ ਲਗਾਏ ਜਾ ਰਹੇ ਸਨ ਕਿ ਰਾਹੁਲ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਨਾਲ ਪੰਜਾਬ ਕਾਂਗਰਸ ਦਾ ਸੰਕਟ ਹੱਲ ਹੋਣ ਵੱਲ ਵਧੇਗਾ।

ਪਰ ਇਸ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ।

ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਨੇ ਬੀਤੇ ਦਿਨ ਇਹ ਸੂਚਨਾ ਦਿੱਤੀ ਸੀ ਕਿ ਮੰਗਲਵਾਰ ਨੂੰ ਰਾਹੁਲ ਗਾਂਧੀ ਨਾਲ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਹੈ।

ਉਹ ਮਿਥੇ ਸਮੇਂ ਤਹਿਤ ਦਿੱਲੀ ਪਹੁੰਚ ਵੀ ਗਏ ਪਰ ਸਿਆਸੀ ਖੇਮਿਆਂ ਵਿੱਚ ਉਦੋਂ ਖਲਬਲੀ ਮਚ ਗਈ ਜਦੋਂ ਰਾਹੁਲ ਗਾਂਧੀ ਨੇ ਆਖ ਦਿੱਤਾ ਉਨ੍ਹਾਂ ਦਾ ਨਵਜੋਤ ਸਿੰਘ ਸਿੱਧੂ ਨਾਲ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਤੇ ਨਾ ਹੀ ਕੋਈ ਮੀਟਿੰਗ ਤੈਅ ਹੋਈ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪੰਜਾਬ ਵਿੱਚ ਕੋਵੀਸ਼ੀਲਡ ਭੰਡਾਰ ਖ਼ਤਮ, ਮੁੱਖ ਮੰਤਰੀ ਨੇ ਕੇਂਦਰ ਸਰਕਾਰ ਤੋਂ ਮੰਗੀ ਮਦਦ

ਕੋਰੋਨਾਵਾਇਰਸ ਤੋਂ ਬਚਾਅ ਲਈ ਟੀਕੇ ਪੰਜਾਬ ਵਿੱਚ ਲਗਭਗ ਖ਼ਤਮ ਹੋ ਰਹੇ ਹਨ ਅਤੇ ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਮਦਦ ਮੰਗੀ ਹੈ।

ਦਿ ਹਿੰਦੂ ਦੀ ਰਿਪੋਰਟ ਮੁਤਾਬਕ ਮੁੱਖ ਮੰਤਰੀ ਨੇ ਕਵਿਡ ਸਮੀਖਿਆ ਸਬੰਧੀ ਬੈਠਕ ਕੀਤੀ ਅਤੇ ਦੱਸਿਆ ਕਿ ਸਰਕਾਰ ਵੱਲੋਂ 62 ਲੱਖ ਤੋਂ ਵੱਧ ਯੋਗ ਨਾਗਰਿਕਾਂ ਨੂੰ ਟੀਕੇ ਲਗਾ ਦਿੱਤੇ ਗਏ ਹਨ।

ਸੂਬੇ ਵਿੱਚ ਕੋਵੀਸ਼ੀਲਡ ਦਾ ਭੰਡਾਰ ਖ਼ਤਮ ਹੋ ਗਿਆ ਹੈ।

ਕੋਵੈਕਸੀਨ ਦਾ ਵੀ ਬਹੁਤ ਥੋੜ੍ਹਾ ਭੰਡਾਰ ਬਾਕੀ ਹੈ। ਪੰਜਾਬ ਵਿੱਚ ਹੁਣ ਤੱਕ 4.8 ਫੀਸਦ ਯੋਗ ਲੋਕਾਂ ਨੂੰ ਦੋਵੇਂ ਡੋਜ਼ ਲੱਗ ਚੁੱਕੇ ਹਨ।

ਪੰਜਾਬ ਹੁਣ ਹੌਲੀ-ਹੌਲੀ ਇੱਕ ਡੋਜ਼ ਲੈਣ ਦੀ ਸ਼ਰਤ ਉੱਪਰ ਕੰਮ ਕਰਨ ਦੀ ਢਿੱਲ ਦੇ ਰਿਹਾ ਹੈ।

ਇਸ ਸਬੰਧੀ ਕੈਪਟਨ ਨੇ ਕੇਂਦਰੀ ਸਿਹਤ ਮੰਤਰੀ ਅਤੇ ਲੋੜ ਪੈਣ 'ਤੇ ਪ੍ਰਧਾਨਮੰਤਰੀ ਕੋਲ ਵੀ ਇਹ ਮੁੱਦਾ ਚੁੱਕਣ ਦੀ ਗੱਲ ਆਖੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਮੈਡੀਕਲ ਕਾਮਿਆਂ ਦੀ ਸ਼ਲਾਘਾ ਵੀ ਕੀਤੀ। ਸੂਬੇ ਵਿੱਚ ਮਹਾਂਮਾਰੀ ਸੰਬੰਧੀ ਰੋਕਾਂ ਨੂੰ 10 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ।

ਮੈਂ 5 ਲੱਖ ਦੀ ਤਨਖ਼ਾਹ 'ਤੇ 2.75 ਲੱਖ ਟੈਕਸ ਭਰਦਾਂ ਹਾਂ: ਰਾਸ਼ਟਰਪਤੀ ਰਾਮਨਾਥ ਕੋਵਿੰਦ

ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲੋਕਾਂ ਨੂੰ ਟੈਕਸ ਭਰਨ ਦੀ ਅਪੀਲ ਕੀਤੀ ਤਾਂ ਜੋ ਵਿਕਾਸ ਕਾਰਜ ਹੋ ਸਕਣ।

ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਇਸ ਦੌਰਾਨ ਉਨ੍ਹਾਂ ਨੇ ਕਿਹਾ ਉਹ ਆਪਣੀ ਮਹੀਨਾਵਾਰ ਤਨਖ਼ਾਹ 'ਤੇ 55 ਫੀਸਦ ਟੈਕਸ ਭਰਦੇ ਹਨ।

ਸੋਸ਼ਲ ਮੀਡੀਆ 'ਤੇ ਕਈ ਲੋਕ ਸਵਾਲ ਕਰ ਰਹੇ ਹਨ ਰਾਸ਼ਟਰਪਤੀ ਦੀ ਤਨਖ਼ਾਹ 'ਤੇ ਕੋਈ ਟੈਕਸ ਦੇ ਯੋਗ ਨਹੀਂ ਹੈ।

ਆਪਣੇ ਜ਼ੱਦੀ ਪਿੰਡ ਦੌਰੇ ਦੌਰਾਨ ਕਾਨਪੁਰ ਪਹੁੰਚੇ ਰਾਸ਼ਟਰਤੀ ਨੇ ਕਿਹਾ, "ਸਾਰਿਆਂ ਨੂੰ ਪਤਾ ਹੈ ਤੇ ਇਸ ਵਿੱਚ ਕੁਝ ਗ਼ਲਤ ਵੀ ਨਹੀਂ ਹੈ ਕਿ ਦੇਸ਼ ਦੇ ਰਾਸ਼ਟਰਪਤੀ ਦੀ ਤਨਖ਼ਾਹ ਸਭ ਤੋਂ ਜ਼ਿਆਦਾ ਹੈ।"

"ਪਰ ਉਹ ਟੈਕਸ ਭਰਦਾ ਹੈ। ਮੈਂ ਮਹੀਨੇ ਦਾ 2.75 ਲੱਖ ਰੁਪਏ ਟੈਕਸ ਦਿੰਦਾ ਹਾਂ। ਸਾਰੇ ਕਹਿੰਦੇ ਹਨ ਮੈਨੂੰ 5 ਲੱਖ ਰੁਪਏ ਤਨਖ਼ਾਹ ਮਿਲਦੀ ਹੈ ਪਰ ਉਸ 'ਤੇ ਟੈਕਸ ਵੀ ਲਗਦਾ ਹੈ।"

"ਹੁਣ ਦੱਸੋਂ ਮੇਰੇ ਕੋਲ ਕਿੰਨਾ ਬਚਿਆ, ਮੇਰੇ ਨਾਲੋਂ ਵੱਧ ਸਾਡੇ ਅਧਿਕਾਰੀ ਕਮਾਉਂਦੇ ਹਨ। ਅਧਿਆਪਕ ਵੱਧ ਕਮਾਉਂਦੇ ਹਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)