ਕਿਸਾਨ ਅੰਦੋਲਨ ਦੇ 7 ਮਹੀਨੇ: ਕਿਸਾਨਾਂ ਨੇ ਇਨ੍ਹਾਂ ਸੂਬਿਆਂ ਵਿੱਚ ਰਾਜਪਾਲਾਂ ਨੂੰ ਖੇਤੀ ਕਾਨੂੰਨਾਂ ਖਿਲਾਫ਼ ਮੰਗ ਪੱਤਰ ਸੌਂਪੇ - ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਤੁਹਾਨੂੰ ਕਿਸਾਨਾਂ ਦੇ ਮੁਜ਼ਾਹਰੇ ਸਮੇਤ ਤਮਾਮ ਅਹਿਮ ਖ਼ਬਰਾਂ ਦਿੰਦੇ ਰਹਾਂਗੇ।

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ 7 ਮਹੀਨੇ ਹੋ ਗਏ ਹਨ। ਅੰਦੋਲਨ ਨੂੰ ਸੱਤ ਮਹੀਨੇ ਪੂਰੇ ਹੋਣ 'ਤੇ ਕਿਸਾਨਾਂ ਵੱਲੋਂ ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤੇ ਗਏ।

ਇਹ ਵੀ ਪੜ੍ਹੋ:

ਚੰਡੀਗੜ੍ਹ ਵਿੱਚ ਕਿਸਾਨ ਪੰਜਾਬ ਵਾਲੇ ਪਾਸਿਓਂ ਬੈਰੀਕੇਡਿੰਗ ਤੋੜਦਿਆਂ ਦਾਖਿਲ ਹੋਏ। ਇਨ੍ਹਾਂ ਕਿਸਾਨਾਂ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ।

ਦਰਅਸਲ ਖੇਤੀ ਕਾਨੂੰਨਾਂ ਖਿਲਾਫ ਜਾਰੀ ਅੰਦੋਲਨ ਨੂੰ ਸੱਤ ਮਹੀਨੇ ਪੂਰੇ ਹੋਣ ਮੌਕੇ ਕਿਸਾਨਾਂ ਵੱਲੋਂ ਦੇਸ਼ ਭਰ ਦੇ ਰਾਜ ਭਵਨਾਂ ਵਿੱਚ ਰਾਜਪਾਲਾਂ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ।

ਸੁਖਬੀਰ ਬਾਦਲ ਨੇ ਰਾਣਾ ਨੂੰ ਮਿਲ ਕੇ ਕੀ ਕਿਹਾ?

ਸੁਖਬੀਰ ਸਿੰਘ ਬਾਦਲ ਗੋਲਡਨ ਢਾਬਾ ਦੇ ਮਾਲਕ ਰਾਮ ਸਿੰਘ ਰਾਣਾ ਨੂੰ ਮਿਲਣ ਗੋਲਡ ਹੱਟ ਢਾਬੇ 'ਤੇ ਪਹੁੰਚੇ।

ਇਸ ਮੌਕੇ ਉਨ੍ਹਾਂ ਨੇ ਕਿਹਾ, "ਰਾਣਾ ਨੇ ਇਨਸਾਫ਼ ਦੀ ਮੰਗ ਕਰਦੇ ਕਿਸਾਨਾਂ ਦੀ ਮਦਦ ਕਰਨ ਲਈ ਆਪਣਾ ਕਾਰੋਬਾਰ ਬੰਦ ਕਰਕੇ ਆਪਣੀ ਥਾਂ ਸੇਵਾ ਵਿੱਚ ਦਿੱਤੀ ਹੈ। ਰਾਣਾ ਜੀ ਨੇ ਦੇਖਿਆ ਹੈ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਕੀ ਆਪਣੇ ਹੱਥਾਂ ਲਈ ਅਵਾਜ਼ ਚੁੱਕਣ ਵਾਲਿਆਂ ਦੀ ਮਦਦ ਕਰਨਾ ਗੁਨਾਹ ਹੈ?"

ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਦਿੱਤੀ ਜਾ ਰਹੀ ਸਿਆਸੀ ਸਰਪ੍ਰਸਤੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੋੜੇ ਜਾਣ ਦੇ ਇਲਜ਼ਾਮਾਂ ਨੂੰ ਰੱਦ ਕੀਤਾ।

ਉਨ੍ਹਾਂ ਨੇ ਕਿਹਾ, “ਅਕਾਲੀ ਦਲ ਹਮੇਸ਼ਾ ਹੀ ਸੰਘਰਸ਼ ਕਰਨ ਵਾਲਿਆਂ ਦੇ ਨਾਲ ਖੜ੍ਹਿਆ ਹੈ। ਐਮਰਜੈਂਸੀ ਦੇ ਦੌਰਾਨ ਵੀ ਇਕੱਲੇ ਅਕਾਲੀ ਦਲ ਨੇ ਉਸਦਾ ਵਿਰੋਧ ਕੀਤਾ ਸੀ।”

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਰਾਣਾ ਨੂੰ ਮਿਲੇ ਸਨ।

ਢਾਬਾ ਮਾਲਕ ਨੇ ਕਿਸਾਨ ਅੰਦਲਨ ਵਿੱਚ ਉਨ੍ਹਾਂ ਦੀ ਸੇਵਾ ਕਾਰਨ ਹਰਿਆਣਾ ਪੁਲਿਸ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਅਤੇ ਜਾਨ ਦੀਆਂ ਧਮਕੀਆਂ ਮਿਲਣ ਦੇ ਇਲਜ਼ਾਮ ਲਗਾਏ ਸਨ।

ਜ਼ਿਕਰਯੋਗ ਕਿ ਕੌਮੀ ਰਾਜਮਾਰਗ ਅਥਾਰਟੀ ਵੱਲੋਂ ਕੁਝ ਦਿਨ ਪਹਿਲਾਂ ਢਾਬੇ ਨੂੰ ਜਾਣ ਵਾਲੇ ਹਾਈਵੇ ਦੇ ਕੱਟ ਨੂੰ ਬੁਲਡਰ ਰੱਖ ਕੇ ਬੰਦ ਕਰ ਦਿੱਤਾ ਗਿਆ ਸੀ।

ਜਦਕਿ ਅਥਾਰਟੀ ਦਾ ਕਹਿਣਾ ਸੀ ਕਿ ਅਜਿਹਾ ਸੜਕੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।

ਸੁਖਬੀਰ ਦੇ ਸਿੱਟ ਸਾਹਮਣੇ ਪੇਸ਼ ਹੋਣ ਬਾਰੇ ਅਕਾਲੀ ਦਲ ਨੇ ਕੀ ਕਿਹਾ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਸਾਹਮਣੇ ਪੇਸ਼ ਹੋਏ। ਐੱਸਆਈਟੀ ਨੇ ਉਨ੍ਹਾਂ ਤੋਂ ਚਾਰ ਘੰਟਿਆਂ ਤੱਕ ਪੁੱਛਗਿੱਛ ਕੀਤੀ।

ਇਸ ਬਾਰੇ ਅਕਾਲੀ ਦਲ ਨੇ ਕਿਹਾ ਕਿ ਰਾਹੁਲ ਗਾਂਧੀ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸਿੱਧੂ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦੀ ਥਾਂ ਲੈ ਲਈ ਹੈ।

ਅਕਾਲੀ ਦਲ ਵੱਲੋਂ ਕੀਤੀ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਗਿਆ ਕਿ ਸਿੱਟ ਗਾਂਧੀ ਪਰਿਵਾਰ ਦੀ ਕਠਪੁਤਲੀ ਬਣ ਗਈ ਹੈ। ਜੋ ਇਸ ਨੂੰ 10 ਜਨਪਥ ਤੋਂ ਰਿਮੋਟ ਨਾਲ ਚਲਾ ਰਹੀ ਹੈ।

ਅਕਾਲੀ ਆਗੂਆਂ ਨੇ ਕਿਹਾ ਕਿ ਸਿੱਟ ਨਾਲ ਕੁਝ ਵੀ ਹੱਲ ਨਹੀਂ ਹੋਵੇਗਾ ਕਿਉਂਕਿ ਇਸ ਦਾ ਮਕਸਦ ਕੋਈ ਹੱਲ ਕੱਢਣਾ ਨਹੀਂ ਸਗੋਂ ਮਾਮਲੇ ਨੂੰ ਗ਼ਰਮਾਈ ਰੱਖਣਾ ਹੈ।

ਪ੍ਰੈੱਸ ਕਾਨਫ਼ਰੰਸ ਵਿੱਚ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗਾਂਧੀ ਪਰਿਵਾਰ ਅਕਾਲੀ ਦਲ ਅਤੇ ਪੰਜਾਬ ਦੀ ਸਿੱਖ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਦੇ ਮਨਸੂਬੇ ਖੇਡ ਰਿਹਾ ਹੈ।

ਇਸ ਦੇ ਨਾਲ ਹੀ ਕਾਂਗਰਸ ਇਸ ਮੁੱਦੇ ਰਾਹੀਂ ਲੋਕਾਂ ਦਾ ਧਿਆਨ ਆਪਣੇ ਅੰਦਰੂਨੀ ਕਲੇਸ਼ ਤੋਂ ਲਾਂਭੇ ਕਰਨਾ ਚਾਹੁੰਦੀ ਹੈ।

ਵੱਖ-ਵੱਖ ਸੂਬਿਆਂ ਵਿੱਚ ਕਿਵੇਂ ਹੋਇਆ ਪ੍ਰਦਰਸ਼ਨ

ਨਾਢਾ ਸਾਹਿਬ ਤੋਂ ਰਾਜਪਾਲ ਦੇ ਘਰ ਵੱਲ ਨੂੰ ਮਾਰਚ

ਹਰਿਆਣਾ ਦੇ ਪੰਚਕੁਲਾ ਦੇ ਨਾਢਾ ਸਾਹਿਬ ਗੁਰਦੁਆਰਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਇਸ ਵੇਲੇ ਰਾਜਪਾਲ ਦੀ ਰਿਹਾਇਸ਼ ਵੱਲ ਕੂਚ ਕਰ ਰਹੇ ਹਨ।

ਹਾਲਾਂਕਿ ਰਾਹ ਵਿੱਚ ਪੁਲਿਸ ਬੱਲ ਵੀ ਤਾਇਨਾਤ ਹੈ।

ਕਿਸਾਨਾਂ ਨੇ ਅੱਜ ਦੇ ਮੁਜ਼ਾਹਰੇ ਨੂੰ 'ਖੇਤੀ ਬਚਾਓ, ਲੋਕਤੰਤਰ ਬਚਾਓ' ਦਾ ਨਾਮ ਦਿੱਤਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪੰਜਾਬ, ਚੰਡੀਗੜ੍ਹ ਸਣੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਕਿਸਾਨ ਅੰਦੋਲਨ ਤਹਿਤ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਵੱਖ-ਵੱਖ ਸੂਬਿਆਂ ਤੋਂ ਲੋਕ ਰਾਜਧਾਨੀਆਂ ਤੱਕ ਪਹੁੰਚ ਰਹੇ ਹਨ ਅਤੇ ਰਾਜਪਾਲ ਨੂੰ ਮਿਲਣ ਜਾ ਰਹੇ ਹਨ।

ਗੁਰਦਾਸਪੁਰ ਵਿੱਚ ਵੀ ਕਿਸਾਨਾਂ ਵੱਲੋਂ ਚੰਡੀਗੜ੍ਹ ਵੱਲ ਰਾਜਪਾਲ ਨੂੰ ਮਿਲਣ ਲਈ ਕੂਚ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਹਰਿਆਣਾ ਦੇ ਜੀਂਦ ਤੋਂ ਵੀ ਕਈ ਕਿਸਾਨ ਪਰਿਵਾਰ ਘਰ ਦੀਆਂ ਔਰਤਾਂ ਸਣੇ ਚੰਡੀਗੜ੍ਹ ਵੱਲ ਨੂੰ ਨਿਕਲੀਆਂ ਹਨ।

ਉਧਰ ਪੰਚਕੁਲਾ ਦੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਕਿਸਾਨਾਂ ਦਾ ਪਹੁੰਚਣਾ ਵੱਡੀ ਗਿਣਤੀ ਵਿੱਚ ਜਾਰੀ ਹੈ। ਹਾਲਾਂਕਿ ਥਾਂ-ਥਾਂ ਉੱਤੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ।

ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਆਖਿਆ, ''ਕਾਨੂੰਨਾਂ ਵਿੱਚ ਕਿਸਾਨਾਂ ਦਾ ਫ਼ਾਇਦਾ ਕੀ ਹੈ? ਸਰਕਾਰ ਇਸ ਬਾਰੇ ਹਾਲੇ ਤੱਕ ਨਹੀਂ ਦੱਸ ਸਕੀ। ਅਸੀਂ ਐਮਐਸਪੀ ਦੀ ਗਾਰੰਟੀ ਮੰਗ ਰਹੇ ਹਾਂ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)