You’re viewing a text-only version of this website that uses less data. View the main version of the website including all images and videos.
ਪੰਜਾਬ ਵਿਧਾਨ ਸਭਾ ਚੋਣਾਂ 2022: ਕੈਪਟਨ ਸਰਕਾਰ ਵੱਖ-ਵੱਖ ਤਬਕਿਆਂ ਤੇ ਸਿਆਸਤਦਾਨਾਂ ਦੇ ਰਿਸ਼ਤੇਦਾਰਾਂ ਨੂੰ ਰਿਝਾਉਣ ਵਿੱਚ ਇੰਝ ਲੱਗੀ
ਪੰਜਾਬ ਦੀਆਂ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਵੱਲੋਂ ਪੰਜਾਬ ਵਿੱਚ ਨਰਾਜ਼ ਵੱਖ-ਵੱਖ ਤਬਕਿਆਂ ਤੇ ਸਿਆਸਤਦਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਨੇ ਜ਼ੋਰ ਫੜ੍ਹ ਲਿਆ ਹੈ।
ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਨੇ ਛੇਵੇਂ ਪੇਅ ਕਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਹਿਲੀ ਜੁਲਾਈ ਤੋਂ ਇਹ ਪੇਅ ਕਮਿਸ਼ਨ ਲਾਗੂ ਹੋਵੇਗਾ ਤੇ ਇਸ ਦਾ ਲਾਭ ਸਾਲ ਇੱਕ ਜਨਵਰੀ 2016 ਤੋਂ ਮਿਲੇਗਾ।
ਪੰਜਾਬ ਸਰਕਾਰ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਦੋ ਕਿਸ਼ਤਾਂ ਵਿੱਚ ਮੋੜੇਗੀ। ਇਸ ਪੇਅ ਕਮਿਸ਼ਨ ਦੇ ਲਾਗੂ ਹੋਣ ਮਗਰੋਂ ਪੰਜਾਬ ਸਰਕਾਰ ਵਿੱਚ ਘੱਟੋ-ਘੱਟ ਤਨਖ਼ਾਹ 18 ਹਜ਼ਾਰ ਰੁਪਏ ਹੋ ਜਾਵੇਗੀ।
ਇਹ ਵੀ ਪੜ੍ਹੋ-
ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ 6 ਮਹੀਨੇ ਵਿੱਚ ਸਰਕਾਰ ਵੱਲੋਂ ਏਰੀਅਰਜ਼ ਦਾ ਭੁਗਤਾਨ ਕੀਤਾ ਜਾਵੇਗਾ। ਇਸ ਸਾਲ ਵਿੱਚ ਏਰੀਅਰ ਦੀ ਪਹਿਲੀ ਕਿਸ਼ਤ ਅਕਤੂਬਰ 2021 ਨੂੰ ਜਾਰੀ ਹੋਵੇਗੀ ਜਦਕਿ ਦੂਜੀ ਕਿਸ਼ਤ ਜਨਵਰੀ 2022 ਨੂੰ ਦਿੱਤੀ ਜਾਵੇਗੀ।
ਏਰੀਅਰਜ਼ ਦਾ ਪੂਰਾ ਬਕਾਇਆ 4.5 ਸਾਲ ਵਿੱਚ ਕਰ ਦਿੱਤਾ ਜਾਵੇਗਾ।
ਮਨਪ੍ਰੀਤ ਬਾਦਲ ਨੇ ਕਿਹਾ, “ਪੰਜਾਬ ਵਿੱਚ 2 ਲੱਖ 84 ਹਜ਼ਾਰ ਸਰਕਾਰੀ ਮੁਲਾਜ਼ਮ ਹੈ ਜਦਕਿ 3 ਲੱਖ 7 ਹਜ਼ਾਰ ਪੈਨਸ਼ਨ ਧਾਰਕ ਹਨ।
ਅਰਜੁਨ ਬਜਾਵਾ ਅਤੇ ਭੀਸ਼ਮ ਪਾਂਡੇ ਦੀ ਨਿਯੁਕਤੀ
ਇਸ ਵਿਚਾਲੇ ਅੱਜ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਅਰਜੁਨ ਬਾਜਵਾ ਨੂੰ ਪੰਜਾਬ ਪੁਲਿਸ ਇੰਸਪੈਕਟਰ (ਗਰੁੱਪ ਬੀ) ਵਜੋਂ ਥਾਪਿਆ ਗਿਆ ਹੈ ਅਤੇ ਭੀਸ਼ਮ ਪਾਂਡੇ ਦੀ ਰੈਵੇਨਿਊ ਵਿਭਾਗ ਵਿੱਚ ਨਾਇਬ ਤਹਿਸੀਲਦਾਰ (ਗਰੁੱਪ ਬੀ) ਵਜੋਂ ਨਿਯੁਕਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਅਰਜੁਨ ਬਾਜਵਾ ਕਾਦੀਆਂ ਤੋਂ ਪਾਰਟੀ ਵਿਧਾਇਕ ਫਤਹਿ ਜੰਗ ਬਾਜਵਾ ਦੇ ਪੁੱਤਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਸਤਨਾਮ ਸਿੰਘ ਬਾਜਪਾ ਦੇ ਪੋਤੇ ਹਨ ਅਤੇ ਭੀਸ਼ਮ ਪਾਂਡੇ ਉੱਤਰੀ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਹਨ।
ਇਨ੍ਹਾਂ ਪਰਿਵਾਰਾਂ ਦੇ ਬਲੀਦਾਨਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਦੇ ਬੱਚਿਆਂ, ਪੌਤਰਿਆਂ ਨੂੰ ਕੇਸ-ਕੇਸ ਸਬੰਧੀ ਮੁਆਵਜ਼ੇ ਵਜੋਂ ਨਿਯੁਕਤੀਆਂ ਦੇਣ ਬਾਰੇ ਉਨ੍ਹਾਂ ਦੀ ਸਰਕਾਰ ਵਿਚਾਰ ਕਰਦੀ ਰਹੇਗੀ।
ਦਰਅਸਲ, ਫਤਹਿਜੰਗ ਬਾਜਵਾ ਦੇ ਪਿਤਾ ਅਤੇ ਅਰਜੁਨ ਬਾਜਪਾ ਦੇ ਦਾਦਾ ਸਤਨਾਮ ਸਿੰਘ ਬਾਜਵਾ 1987 ਵਿੱਚ ਅੰਮ੍ਰਿਤਸਰ ਵਿੱਚ ਇੱਕ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਸਨ।
ਉੱਥੇ ਹੀ ਭੀਸ਼ਮ ਪਾਂਡੇ ਦੇ ਦਾਦਾ ਅਤੇ ਰਾਕੇਸ਼ ਪਾਂਡੇ ਪਿਤਾ ਜੋਗਿੰਦਰਪਾਲ ਪਾਂਡੇ ਵੀ ਲੁਧਿਆਣਾ ਵਿੱਚ 1987 ਵਿੱਚ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਸਨ।
ਅਕਾਲੀ ਦਲ ਨੇ ਚੁੱਕਿਆ ਇਤਰਾਜ਼
ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ 'ਤੇ ਪ੍ਰਤੀਕਿਰਿਆਂ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦਾ ਵਾਅਦਾ ਤਾਂ ਪੂਰਾ ਨਹੀਂ ਕੀਤਾ ਪਰ "ਇੱਕ ਗੱਲ ਦਾ ਮੈਨੂੰ ਅਫ਼ਸੋਸ ਹੈ ਕਿ ਆਪਣੀ ਕੁਰਸੀ ਬਚਾਉਣ ਲਈ ਕੈਬਨਿਟ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਦੋ ਵਿਧਾਇਕਾਂ ਵਿੱਚੋਂ ਇੱਕ ਦੇ ਪੁੱਤਰ ਦੀ ਇੰਸਪੈਕਟਰ ਵਜੋਂ ਅਤੇ ਦੂਜੇ ਦੀ ਨਾਇਕ ਤਹਿਸੀਲਦਾਰ ਵਜੋਂ ਨਿਯੁਕਤੀ ਕੀਤੀ ਹੈ।"
ਚੀਮਾ ਨੇ ਅੱਗੇ ਕਿਹਾ, "ਦੋਵਾਂ ਦਾ ਆਧਾਰ 1987 ਵਿੱਚ ਹੋਈਆਂ ਘਟਨਾਵਾਂ ਨੂੰ ਬਣਾਇਆ ਗਿਆ, ਉਸ ਵੇਲੇ ਇਹ ਬੱਚੇ ਸ਼ਾਇਦ ਪੈਦਾ ਵੀ ਨਹੀਂ ਹੋ ਹੋਣੇ ਅਤੇ ਆਦੇਸ਼ ਅੰਦਰ ਲਿਖਿਆ ਗਿਆ ਹੈ ਕਿ ਇਹ ਵੰਨ ਟਾਈਮ ਹੈ ਤੇ ਇਸ ਲਈ ਇਹ ਨਿਯਮਾਂ ਵਿੱਚ ਆਉਂਦਾ ਹੀ ਨਹੀਂ ਹੈ।"
ਉਨ੍ਹਾਂ ਨੇ ਕਿਹਾ ਇਹ ਪੰਜਾਬ ਦੀਆਂ ਜਨਤਾ ਅਤੇ ਨੌਜਵਾਨਾਂ ਨਾਲ ਕੋਝਾ ਮਜ਼ਾਕ ਹੈ।
ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਪਨਗ੍ਰੇਨ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਹੈ।
ਸ਼ੁੱਕਰਵਾਰ ਨੂੰ ਲਾਲੀ ਮਜੀਠੀਆ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਲਾਲੀ ਮਜੀਠੀਆ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਜੀਠਾ ਹਲਕੇ ਤੋਂ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਚੋਣ ਲੜੀ ਸੀ।
ਸਫ਼ਾਈ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦਾ ਐਲਾਨ
ਕੈਪਟਨ ਅਮਰਿੰਦਰ ਸਰਕਾਰ ਨੇ ਸਫਾਈ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦਾ ਐਲਾਨ ਕੀਤਾ ਹੈ। ਇਹ ਉਹ ਮੁਲਾਜ਼ਮ ਹਨ ਜੋ ਕਈ ਸਾਲਾਂ ਤੋਂ ਵੱਖ-ਵੱਖ ਸ਼ਹਿਰਾਂ ਦੇ ਨਗਰ ਨਿਗਮਾਂ ਵਿੱਚ ਸਫ਼ਾਈ ਦਾ ਕੰਮ ਕੱਚੇ ਮੁਲਾਜ਼ਮਾਂ ਵਜੋਂ ਕਰ ਰਹੇ ਸਨ।
ਹੁਣ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦਾ ਐਲਾਨ ਕਰ ਦਿੱਤਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਐੱਸਸੀ ਵਿਦਿਆਰਥੀਆਂ ਦੇ ਵਜੀਫ਼ੇ ਬਾਰੇ ਐਲਾਨ
ਪੰਜਾਬ ਸਰਕਾਰ ਵੱਲੋਂ ਐੱਸਸੀ ਵਿਦਿਆਰਥੀਆਂ ਦੇ ਵਜੀਫਿਆਂ ਲਈ ਬਕਾਇਆ 200 ਕਰੋੜ ਰੁਪਏ ਵਿੱਚੋਂ 40 ਫੀਸਦੀ ਰਕਮ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਬਕਾਇਆ 60 ਫੀਸਦੀ ਰਾਸ਼ੀ ਲਈ ਕੇਂਦਰ ਸਰਕਾਰ ਨਾਲ ਗੱਲ ਕਰਨਗੇ।
ਕੀ ਹਨ ਇਨ੍ਹਾਂ ਐਲਾਨਾਂ ਦੇ ਮਾਅਨੇ?
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਕੁਝ ਦਿਨ ਹੀ ਬਚੇ ਹਨ। ਮਾਹਿਰਾਂ ਦੀ ਮੰਨੀਏ ਤਾਂ ਅੰਦਰੂਣੀ ਕਲੇਸ਼ ਨੂੰ ਸ਼ਾਂਤ ਕਰਨ ਲਈ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਜੋੜਨ ਲਈ ਕੈਪਟਨ ਸਰਕਾਰ ਵੱਲੋਂ ਇਹ ਫੈਸਲੇ ਲਏ ਜਾ ਰਹੇ ਹਨ।
ਹਾਈਕਮਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਮਤਭੇਦ ਨੂੰ ਖ਼ਤਮ ਕਰਨ ਲਈ ਜ਼ਦੋਜ਼ਹਿਦ ਕਰ ਰਹੀ ਹੈ। ਤਿੰਨ ਮੈਂਬਰੀ ਪੈਨਲ ਨੇ ਇਸ ਬਾਰੇ ਰਿਪੋਰਟ ਵੀ ਹਾਈਕਮਾਨ ਨੂੰ ਸੌਂਪ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਲਗਾਤਾਰ ਬੈਠਕਾਂ ਕਰ ਰਹੇ ਹਨ।
ਪੈਨਲ ਨਾਲ ਬੈਠਕ ਤੋਂ ਪਹਿਲਾਂ ਪ੍ਰਦੇਸ਼ ਦੇ ਕੁਝ ਆਗੂਆਂ ਨੂੰ ਸ਼ਿਕਾਇਤ ਸੀ ਕਿ ਮੁੱਖ ਮੰਤਰੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰਦੇ।
ਇਨ੍ਹਾਂ ਬੈਠਕਾਂ ਦੌਰਾਨ ਸੂਬੇ ਵਿੱਚ ਮਹਾਂਮਾਰੀ ਸੰਬੰਧੀ ਅਤੇ ਵਿਕਾਸ ਪ੍ਰਾਜੈਕਟ ਸਬੰਧੀ ਚਰਚਾ ਦੀ ਗੱਲ ਆਖੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਬੈਠਕਾਂ ਵਿਚ ਹੋਣ ਵਾਲੀਆਂ ਚੋਣਾਂ ਸਬੰਧੀ ਰਣਨੀਤੀ ਉੱਪਰ ਵੀ ਚਰਚਾ ਕੀਤੀ ਗਈ ਹੈ।
ਵਿਧਾਇਕਾਂ,ਸਾਂਸਦਾਂ ਅਤੇ ਪਾਰਟੀ ਦੇ ਆਗੂਆਂ ਨਾਲ ਬੈਠਕਾਂ ਬਾਰੇ ਸਵਾਲ ਪੁੱਛੇ ਜਾਣ ਤੇ ਖਡੂਰ ਸਾਹਿਬ ਤੋਂ ਸਾਂਸਦ ਜਸਬੀਰ ਸਿੰਘ ਗਿੱਲ ਨੇ ਬੀਬੀਸੀ ਪੱਤਰਕਾਰ ਅਰਸ਼ਦੀਪ ਕੌਰ ਨੂੰ ਦੱਸਿਆ,"ਸੂਬੇ ਦੇ ਮੁਖੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਸਾਂਸਦਾਂ ਅਤੇ ਵਿਧਾਇਕਾਂ ਨਾਲ ਬੈਠਕ ਅਤੇ ਚਰਚਾ ਕਰਦੇ ਰਹਿੰਦੇ ਹਨ।”
“ਪਿਛਲੇ ਦਿਨੀਂ ਹੋਈ ਬੈਠਕ ਵਿਚ ਆਉਣ ਵਾਲੇ ਪਾਰਲੀਮੈਂਟ ਸੈਸ਼ਨ ਵਿੱਚ ਪੰਜਾਬ ਦੇ ਮੁੱਦਿਆਂ ਬਾਰੇ ਚਰਚਾ ਕੀਤੀ ਗਈ ਹੈ ਜਿਨ੍ਹਾਂ ਵਿੱਚ ਦਲਿਤ ਬੱਚਿਆਂ ਦੇ ਸਕਾਲਰਸ਼ਿਪ,ਪੰਜਾਬ ਦੀਆਂ ਸੜਕਾਂ ਦੇ ਮੁੱਦੇ ਸ਼ਾਮਿਲ ਹਨ।"
ਪ੍ਰਤਾਪ ਸਿੰਘ ਬਾਜਵਾ ਦੇ ਸੁਰ ਨਰਮ ਪਏ
ਰਾਜ ਸਭਾ ਸੰਸਦ ਪ੍ਰਤਾਪ ਸਿੰਘ ਬਾਜਵਾ ਨੇ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਉਪਰ ਘੇਰਿਆ ਹੈ ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਾ ਸ਼ਾਮਲ ਹੈ।
ਐਸਆਈਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਸੰਮਨ ਕੀਤੇ ਜਾਣ ਦਾ ਬਾਜਵਾ ਨੇ ਸੁਆਗਤ ਵੀ ਕੀਤਾ ਸੀ।
ਸ਼ੁੱਕਰਵਾਰ ਨੂੰ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪ੍ਰੈੱਸ ਵਾਰਤਾ ਰਾਹੀਂ ਰਿਟਾਇਰਡ ਆਈਏਐਸ ਅਫ਼ਸਰਾਂ ਨੂੰ ਹਟਾਉਣ ਦੀ ਅਪੀਲ ਕੀਤੀ।
ਬਾਜਵਾ ਨੇ ਅਫ਼ਸਰਸ਼ਾਹੀ ਉੱਪਰ ਸਵਾਲ ਚੁੱਕੇ ਅਤੇ ਕਿਹਾ ਕਿ ਲੋਕਾਂ ਵਿੱਚ ਅਫ਼ਸਰਸ਼ਾਹੀ ਪ੍ਰਤੀ ਗੁੱਸਾ ਹੈ ਅਤੇ ਇਨ੍ਹਾਂ ਨੂੰ ਹਟਾ ਕੇ ਚੋਣਾਂ ਤੋਂ ਪਹਿਲਾਂ ਸਰਕਾਰ ਨੂੰ ਆਪਣੀ ਛਵੀ ਸੁਧਾਰਨੀ ਚਾਹੀਦੀ ਹੈ।
ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਕੋਈ ਨਿੱਜੀ ਵਿਰੋਧਤਾ ਨਹੀਂ ਹੈ ਪਰ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਵਿਚਾਰਾਂ ਵਿੱਚ ਕੁਝ ਫ਼ਰਕ ਹੈ। ਇਸ ਦੇ ਨਾਲ ਹੀ ਬਾਜਵਾ ਨੇ ਨਵਜੋਤ ਸਿੰਘ ਸਿੱਧੂ ਦੀ ਵੀ ਹਮਾਇਤ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਮੁਲਾਕਾਤ ਸਬੰਧੀ ਬਾਜਵਾ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕੈਪਟਨ ਨੇ ਉਨ੍ਹਾਂ ਨਾਲ ਕੋਈ ਮੁਲਾਕਾਤ ਨਹੀਂ ਕੀਤੀ।ਉਹ ਇਕੋ ਪਾਰਟੀ ਦਾ ਹਿੱਸਾ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਚਾਹੁਣ ਉਨ੍ਹਾਂ ਨੂੰ ਮਿਲ ਸਕਦੇ ਹਨ।
ਪੋਸਟਰ ਵਾਰ ਵੀ ਧਿਰਾਂ ਨੂੰ ਉਜਾਗਰ ਕਰਦੀ
ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਵਿਚ ਕੈਬਨਿਟ ਦਾ ਹਿੱਸਾ ਰਹੇ ਹਨ ਪਰ ਪੋਰਟਫੋਲਿਓ ਵਿੱਚ ਬਦਲਾਅ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਾਈਕਮਾਨ ਦੇ ਬਣਾਏ ਪੈਨਲ ਨੇ ਉਨ੍ਹਾਂ ਨਾਲ ਵੀ ਗੱਲ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਸਰਕਾਰ ਉਪਰ ਹਮਲੇ ਕਰਦੇ ਰਹੇ ਹਨ।
ਅੱਜ ਕੱਲ੍ਹ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਪੰਜਾਬ ਵਿੱਚ ਨਜ਼ਰ ਆ ਰਹੇ ਹਨ ਜਿਨ੍ਹਾਂ ਉੱਪਰ 'ਸਾਰਾ ਪੰਜਾਬ ਸਿੱਧੂ ਨਾਲ' ਲਿਖਿਆ ਹੋਇਆ ਹੈ।
ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਨੇ ਕਈ ਜਗ੍ਹਾ ਪੋਸਟਰ ਲਗਾਏ ਹਨ ਜਿਨ੍ਹਾਂ ਉੱਪਰ 'ਕੈਪਟਨ ਇੱਕ ਹੀ ਹੁੰਦਾ ਹੈ' ਲਿਖਿਆ ਗਿਆ ਹੈ।
ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਵਿਧਾਇਕ ਪਰਗਟ ਸਿੰਘ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਉੱਪਰ ਵਿਧਾਇਕਾਂ ਸਬੰਧੀ ਡੋਜ਼ੀਅਰ ਹਾਈਕਮਾਨ ਨੂੰ ਦੇਣ ਬਾਰੇ ਕਿਹਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀ।
ਇਹ ਵੀ ਪੜ੍ਹੋ: