ਮਨੋਹਰ ਲਾਲ ਖੱਟਰ ਦੇ ਕਿਸਾਨ ਅੰਦੋਲਨ ਵਿੱਚ 'ਅਨੈਤਿਕ ਘਟਨਾਵਾਂ' ਵਾਲੇ ਬਿਆਨ 'ਤੇ ਕਿਸਾਨ ਆਗੂ ਕੀ ਬੋਲੇ - ਪ੍ਰੈੱਸ ਰਿਵੀਊ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟੱਰ ਨੇ ਵੀਰਵਾਰ ਨੂੰ ਕਿਸਾਨ ਅੰਦੋਲਨ ਦੌਰਾਨ "ਅਣਉਚਿਤ, ਖ਼ਾਸਕਰ ਔਰਤਾਂ ਖ਼ਿਲਾਫ਼ ਹੋਈਆਂ ਘਟਨਾਵਾਂ" ਵਿੱਚ ਸਰਗਰਮ ਅਨਸਰਾਂ ਉੱਪਰ ਕਾਰਵਾਈ ਦੇ ਸੰਕੇਤ ਦਿੱਤੇ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੱਧ ਰਹੀਆਂ "ਅਣਉਚਿਤ ਘਟਨਾਵਾਂ" ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ "ਇਸ ਦਿਸ਼ਾ ਵਿੱਚ ਕਾਰਵਾਈ ਦਾ ਭਰੋਸਾ ਦਿਵਾਇਆ ਹੈ"।

ਮੁੱਖ ਮੰਤਰੀ ਨੇ ਕਿਹਾ, "ਜੇ ਕਿਸਾਨ ਅੰਦੋਲਨ ਸ਼ਾਂਤਮਈ ਚਲਦਾ ਹੈ ਤਾਂ ਕੋਈ ਇਤਰਾਜ਼ ਨਹੀਂ ਹੈ ਪਰ ਹੋ ਰਹੀਆਂ ਅਣਉੁਚਿਤ ਘਟਨਾਵਾਂ ਖ਼ਾਸ ਕਰ ਔਰਤਾਂ ਖ਼ਿਲਾਫ਼, ਚਿੰਤਾਜਨਕ ਹਨ। ਘਟਨਾਵਾਂ ਦਾ ਸਥਾਨਕ ਪੱਧਰ 'ਤੇ ਵੀ ਵਿਰੋਧ ਹੋ ਰਿਹਾ ਹੈ। ਹਰਿਆਣਾ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਕਿਸੇ ਹਾਲ ਵਿਗੜਨ ਦੀ ਆਗਿਆ ਨਹੀਂ ਦੇਵੇਗੀ।"

ਇਹ ਵੀ ਪੜ੍ਹੋ:

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਖਟੱਰ ਨੇ ਟਵੀਟ ਕਰ ਕੇ ਕਿਸਾਨ ਅੰਦੋਲਨ ਵਿੱਚ ਹੋ ਰਹੀਆਂ ਘਟਨਾਵਾਂ ਨੂੰ "ਹਿੰਸਾਤਮਿਕ ਅਤੇ ਅਨੈਤਿਕ ਵੀ ਕਿਹਾ।"

ਇਸ 'ਤੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਅੰਦੋਲਨ ਇਕਜੁੱਟ ਹੈ ਅਤੇ ਖੁਰਾਕ ਨਾਲ ਜੁੜਿਆ ਹੋਇਆ ਹੈ ਅਤੇ ਰੱਬ ਦੀ ਮਰਜ਼ੀ ਨਾਲ ਚੱਲ ਰਿਹਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਟਿੱਕਰੀ ਬਾਰਡਰ ’ਤੇ ‘ਸਾੜੇ ਗਏ ਵਿਅਕਤੀ’ ਦੀ ਮੌਤ

ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਜਿਸ 42 ਸਾਲਾ ਵਿਅਕਤੀ ਨੂੰ ਕਥਿਤ ਤੌਰ 'ਤੇ ਸ਼ਰਾਬ ਪਿਆਉਣ ਮਗਰੋਂ ਅੱਗ ਦੇ ਹਵਾਲੇ ਕੀਤਾ ਗਿਆ ਸੀ ਉਸ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਵੀਰਵਾਰ ਨੂੰ ਜਾਨ ਚਲੀ ਗਈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੁਲਿਸ ਨੇ ਅੱਗੇ ਦੱਸਿਆ ਕਿ ਮਰਹੂਮ ਦੇ ਪਰਿਵਾਰ ਨੇ ਇਸ ਘਟਨਾ ਵਿੱਚ ਜਿਨ੍ਹਾਂ ਚਾਰ ਜਣਿਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ ਉਹ ਟਿੱਕਰੀ ਬਾਰਡਰ ਉੱਪਰ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹਨ।

ਮਰਹੂਮ ਦੀ ਪਛਾਣ ਝੱਜਰ ਦੇ ਪਿੰਡ ਕਸਰਾ ਵਾਸੀ ਮੁਕੇਸ਼ ਵਜੋਂ ਹੋਈ ਹੈ। ਮਰਹੂਮ ਦੇ ਭਰਾ ਮਦਨ ਲਾਲ ਨੇ ਪੁਲਿਸ ਨੂੰ ਦੱਸਿਆ ਕਿ ਮੁਕੇਸ਼ ਬੁੱਧਵਾਰ ਸ਼ਾਮ ਨੂੰ ਪਿੰਡ ਦੇ ਨਾਲ ਲਗਦੀ ਅੰਦੋਲਨ ਵਾਲੀ ਥਾਂ 'ਤੇ ਗਿਆ ਸੀ।

ਅਕਾਲੀ ਦਲ ਅਤੇ ਬੀਐੱਸਪੀ ਵਿੱਚ ਕਲੇਸ਼

ਅਕਾਲੀ ਦਲ ਅਤੇ ਬੀਐੱਸਪੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਮਝੌਤੇ ਦਾ ਐਲਾਨ ਕੀਤਿਆਂ ਹਾਲੇ ਇੱਕ ਹਫ਼ਤਾ ਹੀ ਲੰਘਿਆ ਹੈ ਪਰ ਦੋਵਾਂ ਪਾਰਟੀਆਂ ਦਾ ਸੀਟਾਂ ਨੂੰ ਲੈ ਕੇ ਅੰਦਰੂਨੀ ਕਲੇਸ਼ ਉਜਾਗਰ ਹੋਣ ਲੱਗ ਪਿਆ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ ਬੀਐੱਸਪੀ ਦੇ ਪਾਰਟੀ ਵਰਕਰਾਂ ਨੇ ਅਕਾਲੀ ਦਲ ਕੋਲ ਗੜ੍ਹਸ਼ੰਕਰ ਵਿਧਾਨ ਸਭਾ ਸੀਟ ਦੀ ਵੀ ਮੰਗ ਰੱਖ ਦਿੱਤੀ।

ਇਸ ਤੋਂ ਪਹਿਲਾਂ ਬੀਐੱਸਪੀ ਨੇ ਅਕਾਲੀ ਦਲ ਤੋਂ ਆਪਣੀ ਪਾਰਟੀ ਨੂੰ ਦਿੱਤੀਆਂ ਕੁਝ "ਕਮਜ਼ੋਰ" ਸੀਟਾਂ ਵਟਾਉਣ ਦੀ ਮੰਗ ਕੀਤੀ ਸੀ।

ਸੀਟਾਂ ਦੀ ਕੀਤੀ ਵੰਡ ਮੁਤਾਬਕ ਬੀਐੱਸਪੀ ਨੂੰ ਵੀਹ ਸੀਟਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਤਿੰਨ ਭੂਗੋਲਿਕ ਖੇਤਰਾਂ ਮੁਤਾਬਕ ਦੁਆਬੇ ਵਿੱਚ ਅੱਠ, ਮਾਝੇ ਵਿੱਚ ਸੱਤ ਅਤੇ ਮਾਲਵੇ ਵਿੱਚ ਪੰਜ ਸੀਟਾਂ ਮਿਲੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)