ਕੋਰੋਨਾਵਾਇਰਸ: 'ਮੇਰੀਆਂ ਧੀਆਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਮਾਂ ਹੁਣ ਦੁਨੀਆਂ 'ਚ ਨਹੀਂ'

ਭਾਰਤ ਦੀ ਵਿਨਾਸ਼ਕਾਰੀ ਦੂਜੀ ਕੋਵਿਡ ਲਹਿਰ ਨੇ ਹਜ਼ਾਰਾਂ ਪਰਿਵਾਰਾਂ ਨੂੰ ਅਣਕਿਆਸੇ ਦੁੱਖ ਨਾਲ ਝੰਜੋੜ ਕੇ ਰੱਖ ਦਿੱਤਾ ਹੈ।

ਹਰੇਕ ਸਦਮਾ ਇਸ ਗੱਲ ਦੀ ਕਹਾਣੀ ਹੈ ਕਿ ਕਿਵੇਂ ਅਣਦੇਖੀ, ਬਿਨਾਂ ਤਿਆਰੀ ਅਤੇ ਇੱਕ ਮਾੜੀ ਵੈਕਸੀਨ ਰਣਨੀਤੀ ਕਾਰਨ ਇੰਨੀਆਂ ਸਾਰੀਆਂ ਮੌਤਾਂ ਹੋਈਆਂ ਹਨ।

ਪੇਸ਼ ਹੈ ਅਲਤੁਫ ਸ਼ਾਮਸੀ ਦੀ ਕਹਾਣੀ, ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ ਜਿਵੇਂ ਕਿ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ।

ਇਹ ਵੀ ਪੜ੍ਹੋ:

ਅਪ੍ਰੈਲ ਦੀ ਸ਼ੁਰੂਆਤ ਵਿੱਚ ਸਾਡਾ ਇੱਕ ਖੁਸ਼ਹਾਲ ਪਰਿਵਾਰ ਸੀ। ਮੈਂ ਅਤੇ ਮੇਰੀ ਪਤਨੀ ਰੇਹਾਬ ਅਸੀਂ ਆਪਣੇ ਤੀਜੇ ਬੱਚੇ ਦਾ ਇੰਤਜ਼ਾਰ ਕਰ ਰਹੇ ਸੀ।

ਸਾਡੀ ਗਾਇਨੀਕੋਲੋਜਿਸਟ ਨੇ ਸਾਨੂੰ 22 ਅਪ੍ਰੈਲ ਤੋਂ ਬਾਅਦ ਹਸਪਤਾਲ ਆਉਣ ਦੀ ਸਲਾਹ ਦਿੱਤੀ ਸੀ।

ਯੋਜਨਾ ਅਗਲੇ ਹੀ ਦਿਨ ਬੱਚੇ ਨੂੰ ਜਨਮ ਦੇਣ ਦੀ ਸੀ ਕਿਉਂਕਿ ਰੇਹਾਬ ਆਪਣੀ ਗਰਭ ਅਵਸਥਾ ਦੇ 38ਵੇਂ ਹਫਤੇ ਵਿੱਚ ਹੀ ਸੀ।

ਉਸ ਦਾ ਪ੍ਰੋਟੋਕੋਲ ਮੁਤਾਬਿਕ ਕੋਵਿਡ ਦਾ ਟੈਸਟ ਕੀਤਾ - ਪਰ, ਸਾਡੇ ਲਈ ਇਹ ਸਦਮਾ ਸੀ ਜਦੋਂ ਉਸ ਦੀ ਰਿਪੋਰਟ ਪੌਜ਼ੀਟਿਵ ਆਈ।

ਅਸੀਂ ਜਾਣਦੇ ਸੀ ਕਿ ਹਸਪਤਾਲ ਨੇ ਕੋਵਿਡ ਪੌਜ਼ੀਟਿਵ ਮਰੀਜ਼ਾਂ ਨੂੰ ਦਾਖਲ ਨਹੀਂ ਕਰਨਾ, ਪਰ ਸਾਡੀ ਗਾਇਨੀਕੋਲੋਜਿਸਟ ਨੇ ਸੁਝਾਅ ਦਿੱਤਾ ਕਿ ਅਸੀਂ ਡਲਿਵਰੀ ਨੂੰ ਅੱਗੇ ਕਰ ਦਿੱਤਾ ਹੈ ਕਿਉਂਕਿ ਰੇਹਾਬ ਕੋਲ ਅਜੇ ਥੋੜ੍ਹਾ ਸਮਾਂ ਬਾਕੀ ਸੀ।

ਉਸ ਨੇ ਕਿਹਾ ਕਿ ਸਾਨੂੰ ਉਸ ਦਾ ਕੋਵਿਡ ਦਾ ਇਲਾਜ ਕਰਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ।

ਕੁਝ ਦਿਨਾਂ ਬਾਅਦ ਰੇਹਾਬ ਨੂੰ ਤੇਜ਼ ਬੁਖਾਰ ਹੋ ਗਿਆ ਅਤੇ 28 ਅਪ੍ਰੈਲ ਨੂੰ ਅਸੀਂ ਉਸ ਨੂੰ ਉਸ ਦੀ ਡਾਕਟਰ ਦੀ ਸਲਾਹ 'ਤੇ ਕੋਵਿਡ ਹਸਪਤਾਲ ਵਿੱਚ ਦਾਖਲ ਕਰਵਾਇਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਅਗਲੇ ਦਿਨ ਡਾਕਟਰ ਨੇ ਕਿਹਾ ਕਿ ਬੱਚੇ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਰੇਹਾਬ ਸਟਰਾਂਗ ਦਵਾਈਆਂ 'ਤੇ ਸੀ।

ਸ਼ਾਮ ਨੂੰ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਆਕਸੀਜਨ ਸਹਾਇਤਾ ਦਿੱਤੀ ਗਈ। ਡਾਕਟਰਾਂ ਨੇ ਐਮਰਜੈਂਸੀ ਸੀ-ਸੈਕਸ਼ਨ ਰਾਹੀਂ ਬੱਚੇ ਨੂੰ ਬਚਾਉਣ ਦਾ ਫੈਸਲਾ ਕੀਤਾ।

ਹਸਪਤਾਲ ਨੇ ਸਾਡੇ ਕੋਲੋਂ ਦਸਤਾਵੇਜ਼ਾਂ 'ਤੇ ਦਸਤਖਤ ਕਰਵਾਏ ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਦਾ ਖੂਨ ਵਗਣ ਕਾਰਨ ਮੌਤ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ।

ਮਾਪੇ ਵੀ ਪੌਜ਼ੀਟਿਵ ਹੋਏ

ਇਹ ਚੱਟਾਨ ਤੋਂ ਛਾਲ ਮਾਰਨ ਅਤੇ ਇਹ ਉਮੀਦ ਕਰਨ ਵਰਗਾ ਸੀ ਕਿ ਤੁਸੀਂ ਸੁਰੱਖਿਅਤ ਢੰਗ ਨਾਲ ਉਤਰੋਗੇ।

ਹਸਪਤਾਲ ਨੇ ਮੈਨੂੰ ਕਿਸੇ ਹੋਰ ਹਸਪਤਾਲ ਵਿੱਚ ਆਈਸੀਯੂ ਬੈੱਡ ਲੱਭਣ ਲਈ ਵੀ ਕਿਹਾ ਕਿਉਂਕਿ ਰੇਹਾਬ ਦੇ ਸਰਜਰੀ ਤੋਂ ਬਾਅਦ ਅੰਦਰ ਟਿਊਬ ਪਾਉਣ (ਇੰਟੂਬੈਟੇਡ) ਦੀ ਸੰਭਾਵਨਾ ਸੀ - ਅਤੇ ਉਸ ਨੂੰ ਸੰਪੂਰਨ ਕੋਵਿਡ ਇਲਾਜ ਦੀ ਜ਼ਰੂਰਤ ਹੋਏਗੀ, ਜੋ ਉਹ ਮੁਹੱਈਆ ਨਹੀਂ ਕਰਵਾ ਸਕਦੇ।

ਇਹ ਵੀ ਪੜ੍ਹੋ:

ਇਸ ਸਮੇਂ, ਮੈਂ ਭੁੱਲ ਗਿਆ ਕਿ ਸਾਡਾ ਬੱਚਾ ਸੀ। ਮੇਰੇ ਦਿਮਾਗ ਵਿੱਚ ਇੱਕੋ ਇੱਕ ਚੀਜ਼ ਸੀ, ਉਹ ਸੀ ਰੇਹਾਬ ਨੂੰ ਬਚਾਉਣਾ।

ਜਦੋਂ ਮੈਂ ਆਪਣੇ ਆਪ ਨੂੰ ਸਰਜਰੀ ਲਈ ਮਾਨਸਿਕ ਤੌਰ 'ਤੇ ਤਿਆਰ ਕਰ ਰਿਹਾ ਸੀ, ਤਾਂ ਬੁਰੀ ਖ਼ਬਰ ਆਈ। ਮੇਰੇ ਪਿਤਾ ਜੀ ਜਿਹੜੇ ਕੋਵਿਡ ਪੌਜ਼ੀਟਿਵ ਸਨ ਅਤੇ ਉਨ੍ਹਾਂ ਨੂੰ ਦਿੱਲੀ ਦੇ ਇੱਕ ਹੋਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਦੀ ਹਾਲਤ ਵਿਗੜ ਰਹੀ ਸੀ।

ਮੇਰੀ ਮਾਂ ਵੀ ਪੌਜ਼ੀਟਿਵ ਸੀ, ਅਜੇ ਵੀ ਉਹ ਹਲਕੀ ਆਕਸੀਜਨ ਸਹਾਇਤਾ 'ਤੇ ਘਰ ਸਨ। ਉਹ ਇਹ ਵੀ ਨਹੀਂ ਜਾਣਦੇ ਸਨ ਕਿ ਉਨ੍ਹਾਂ ਦਾ ਪਤੀ ਅਤੇ ਨੂੰਹ ਜੀਵਨ ਲਈ ਲੜ ਰਹੇ ਹਨ।

ਮੈਨੂੰ ਆਪਣੀ ਦੁਨੀਆ ਤਬਾਹ ਹੋਣ ਦੀ ਕਗਾਰ 'ਤੇ ਲੱਗ ਰਹੀ ਸੀ। ਮੈਂ ਆਈਸੀਯੂ ਬੈੱਡ ਦੀ ਭਾਲ ਕਰਨ ਵੇਲੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰ ਰਿਹਾ ਸੀ।

29 ਅਪ੍ਰੈਲ ਨੂੰ ਮੇਰੀ ਬੱਚੀ ਦਾ ਜਨਮ ਹੋਇਆ। ਹਸਪਤਾਲ ਨੇ ਰੇਹਾਬ ਨੂੰ ਇੱਕ ਅਸਥਾਈ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਕਿਉਂਕਿ ਮੈਂ ਕਿਤੇ ਹੋਰ ਜਗ੍ਹਾ ਨਹੀਂ ਲੱਭ ਸਕਿਆ ਸੀ।

ਹਸਪਤਾਲ ਵਿੱਚ ਨਰਸਾਂ ਜ਼ਿਆਦਾ ਨਹੀਂ ਸਨ ਅਤੇ ਹੁਣ ਤੱਕ ਮੈਂ ਵੀ ਕੋਵਿਡ ਪੌਜ਼ੀਟਿਵ ਸੀ, ਪਰ ਮੈਂ ਜੋਖ਼ਮ ਲੈਣ ਅਤੇ ਰੇਹਾਬ ਦੇ ਨਾਲ ਰਹਿਣ ਦਾ ਫੈਸਲਾ ਕੀਤਾ।

1 ਮਈ ਨੂੰ ਨਹੀਂ ਭੁੱਲ ਸਕਦਾ

ਮੈਨੂੰ ਨਰਸਾਂ ਨੂੰ ਉਸ ਦੀ ਦਵਾਈ ਬਾਰੇ ਲਗਾਤਾਰ ਯਾਦ ਕਰਾਉਣਾ ਪਿਆ।

ਉਹ ਮੈਨੂੰ ਕਹਿੰਦੇ ਰਹੇ ਕਿ ਉਹ ਉਸ ਨੂੰ ਹੋਰ ਕਿਤੇ ਲੈ ਜਾਵੇ। ਮੈਂ ਉਨ੍ਹਾਂ ਸਾਰਿਆਂ ਨੂੰ ਫੋਨ ਕੀਤਾ ਜਿਨ੍ਹਾਂ ਨੂੰ ਮੈਂ ਜਾਣਦਾ ਸੀ ਤਾਂ ਕਿ ਵੈਂਟੀਲੇਟਰ ਵਾਲਾ ਇੱਕ ਬੈੱਡ ਮਿਲ ਸਕੇ।

ਅੰਤ ਵਿੱਚ, ਮੈਨੂੰ ਇੱਕ ਆਈਸੀਯੂ ਬੈੱਡ ਮਿਲਿਆ, ਪਰ ਉਸ ਨੂੰ ਲਿਜਾਣ ਲਈ ਜੀਵਨ-ਰੱਖਿਅਕ ਸਹਾਇਤਾ ਵਾਲੀ ਕੋਈ ਐਂਬੂਲੈਂਸ ਮੌਜੂਦ ਨਹੀਂ ਸੀ।

ਮੈਂ ਹਸਪਤਾਲ ਨੂੰ ਬੇਨਤੀ ਕੀਤੀ ਕਿ ਉਹ ਉਸ ਦਾ ਇਲਾਜ ਕਰਦੇ ਰਹਿਣ ਅਤੇ ਉਨ੍ਹਾਂ ਨੇ ਉਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ।

ਮੈਂ 1 ਮਈ ਨੂੰ ਕਦੇ ਨਹੀਂ ਭੁੱਲਾਂਗਾ। ਕਈ ਹਸਪਤਾਲ ਆਕਸੀਜਨ ਦੀ ਭਾਰੀ ਘਾਟ ਬਾਰੇ ਦੱਸ ਰਹੇ ਸਨ।

ਹਸਪਤਾਲ ਦੇ ਸਟਾਫ ਨੇ ਜਿੱਥੇ ਰੇਹਾਬ ਨੂੰ ਦਾਖਲ ਕਰਵਾਇਆ ਗਿਆ ਸੀ ਨੇ ਕਿਹਾ ਕਿ ਉਨ੍ਹਾਂ ਦੀ ਵੀ ਆਕਸੀਜਨ ਖਤਮ ਹੋਣ ਦੇ ਨੇੜੇ ਹੈ ਅਤੇ ਉਨ੍ਹਾਂ ਨੇ ਮੈਨੂੰ ਸਿਲੰਡਰਾਂ ਦਾ ਪ੍ਰਬੰਧ ਕਰਨ ਲਈ ਕਿਹਾ।

ਸ਼ਾਮ ਨੂੰ, ਮੈਨੂੰ ਮੇਰੇ ਪਿਤਾ ਦੇ ਹਸਪਤਾਲ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਸਿਹਤ ਤੇਜ਼ੀ ਨਾਲ ਹੋਰ ਵਿਗੜ ਰਹੀ ਹੈ। ਜਦੋਂ ਮੈਂ ਉੱਥੇ ਪਹੁੰਚਿਆ, ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਮੈਂ ਉਮੀਦ ਤੇ ਨਿਰਾਸ਼ਾ ਵਿਚਾਲੇ ਝੂਲ ਰਿਹਾ ਸੀ

ਮੈਂ ਸੁੰਨ ਹੋ ਗਿਆ ਸੀ। ਜਦੋਂ ਆਕਸੀਜਨ ਲਈ ਰੇਹਾਬ ਦੇ ਹਸਪਤਾਲ ਤੋਂ ਐੱਸਓਐੱਸ ਮੈਸੇਜ ਪੜ੍ਹ ਰਿਹਾ ਸੀ ਤਾਂ ਮੈਂ ਆਪਣੇ ਪਿਤਾ ਦੀ ਲਾਸ਼ ਨੂੰ ਵੇਖ ਰਿਹਾ ਸੀ, ਮੇਰੀ ਮਾਂ ਵੀ ਠੀਕ ਨਹੀਂ ਸੀ।

ਮੇਰੀਆਂ ਦੋ ਧੀਆਂ - ਸੱਤ ਅਤੇ ਪੰਜ ਸਾਲਾ - ਪੁੱਛ ਰਹੀਆਂ ਸਨ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੇ ਨਵੇਂ ਭੈਣ-ਭਰਾ ਨਾਲ ਵਾਅਦੇ ਅਨੁਸਾਰ ਘਰ ਕਿਉਂ ਨਹੀਂ ਆਈ।

ਮੈਨੂੰ ਆਪਣੀ ਮਾਂ ਨੂੰ ਇਹ ਦੱਸਣਾ ਮੁਸ਼ਕਿਲ ਸੀ ਕਿ ਉਨ੍ਹਾਂ ਦੇ ਜੀਵਨ ਦਾ 42 ਸਾਲਾਂ ਦਾ ਸਾਥੀ ਚਲਾ ਗਿਆ ਹੈ। ਉਹ ਪਰਿਵਾਰ ਦੇ ਰਖਵਾਲੇ ਸਨ।

ਉਨ੍ਹਾਂ ਦੇ ਜਾਣ ਦੇ ਨਾਲ ਮੈਂ ਜ਼ਿਆਦਾ ਕਮਜ਼ੋਰ ਮਹਿਸੂਸ ਕੀਤਾ।

ਮੈਂ ਉਨ੍ਹਾਂ ਨੂੰ ਦਫ਼ਨਾਇਆ ਅਤੇ ਰੇਹਾਬ ਦੀ ਵਿਗੜਦੀ ਹੋਈ ਹਾਲਤ ਵੇਖਣ ਲਈ ਵਾਪਸ ਉਸ ਦੇ ਹਸਪਤਾਲ ਪਹੁੰਚ ਗਿਆ।

ਅਗਲੇ 11 ਦਿਨਾਂ ਲਈ ਮੈਂ ਉਮੀਦ ਅਤੇ ਨਿਰਾਸ਼ਾ ਵਿਚਕਾਰ ਜੂਝਦਾ ਰਿਹਾ।

ਹਰ ਦਿਨ, ਮੈਨੂੰ ਦੱਸਿਆ ਗਿਆ ਕਿ ਰੇਹਾਬ ਥੋੜ੍ਹਾ ਰਿਕਵਰ ਕਰ ਰਹੀ ਹੈ, ਪਰ ਅਜੇ ਵੀ ਉਸ ਦੀ ਹਾਲਤ ਗੰਭੀਰ ਸੀ।

ਦੋ ਦਿਨ ਬਾਅਦ, ਉਸ ਦੇ ਗੁਰਦੇ ਨੂੰ ਸਹਾਇਤਾ ਦੀ ਲੋੜ ਪਈ ਸੀ ਅਤੇ ਫਿਰ ਉਸ ਦਾ ਡਾਇਲਸਿਸ ਕੀਤਾ ਗਿਆ।

ਪਰ ਜਦੋਂ ਉਸ ਦਾ ਆਕਸੀਜਨ ਲੈਵਲ ਠੀਕ ਹੋਣ ਲੱਗਾ, ਮੈਨੂੰ ਵਾਰਡ ਛੱਡਣ ਲਈ ਕਿਹਾ ਗਿਆ।

ਮੈਨੂੰ ਦੱਸਿਆ ਗਿਆ ਕਿ ਮੈਂ ਉਸ ਨੂੰ ਦੋ ਦਿਨਾਂ ਬਾਅਦ ਦੇਖ ਸਕਦਾ ਹਾਂ ਜਦੋਂ ਉਹ ਉਸ ਨੂੰ ਵੈਂਟੀਲੇਟਰ ਤੋਂ ਉਤਾਰਨ ਦੀ ਯੋਜਨਾ ਬਣਾਉਣਗੇ।

ਬਾਅਦ ਵਿੱਚ ਉਸੇ ਦਿਨ ਰਾਤ ਨੂੰ ਕਰੀਬ 8 ਵਜੇ ਮੈਨੂੰ ਪ੍ਰਾਈਵੇਟ ਨਰਸ ਜੋ ਮੈਂ ਰੇਹਾਬ ਨਾਲ ਰਹਿਣ ਲਈ ਰੱਖੀ ਹੋਈ ਸੀ, ਨੇ ਮੈਨੂੰ ਦੱਸਿਆ ਕਿ ਉਸ ਦੀਆਂ ਨਾੜਾਂ ਸਥਿਰ ਹਨ।

ਮੈਂ ਆਪਣੀ ਮਾਂ ਅਤੇ ਆਪਣੀਆਂ ਧੀਆਂ ਨੂੰ ਵੇਖਣ ਲਈ ਘਰ ਗਿਆ ਹੋਇਆ ਸੀ।

ਰਾਤ ਨੂੰ 11 ਵਜੇ, ਹਸਪਤਾਲ ਨੇ ਬੁਲਾਇਆ ਅਤੇ ਮੈਨੂੰ ਤੁਰੰਤ ਵਾਪਸ ਆਉਣ ਲਈ ਕਿਹਾ। ਮੇਰੇ ਦਿਲ ਦੀ ਧੜਕਣ ਵਧ ਗਈ।

ਮੈਂ ਵਾਪਸ ਦੌੜ ਗਿਆ, ਪਰ ਜਦੋਂ ਮੈਂ ਪਹੁੰਚਿਆ ਰੇਹਾਬ ਜਿਉਂਦੀ ਨਹੀਂ ਸੀ।

ਹਸਪਤਾਲ ਦੇ ਸਟਾਫ ਨੇ ਮੈਨੂੰ ਦੱਸਿਆ ਕਿ ਉਸ ਨੂੰ "ਦਿਲ ਦੀ ਸਮੱਸਿਆ" ਹੋਈ ਸੀ। ਮੈਂ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ।

ਮੈਂ ਮਜ਼ਬੂਤ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ, ਆਪਣੇ ਪਰਿਵਾਰ ਦੀ ਦੇਖਭਾਲ ਕਰ ਰਿਹਾ ਸੀ, ਅਤੇ ਮੈਂ ਆਪਣੀ ਪਤਨੀ ਨੂੰ ਮਿਲਣ ਅਤੇ ਅਗਲੇ ਦਿਨ ਉਸ ਨਾਲ ਗੱਲ ਕਰਨ ਦੀ ਉਮੀਦ ਕਰ ਰਿਹਾ ਸੀ, ਪਰ ਹੁਣ ਮੇਰੀ ਦੁਨੀਆ ਟੁੱਟਣ ਦੀ ਕਗਾਰ 'ਤੇ ਸੀ ਤੇ ਤਬਾਹ ਹੋ ਗਈ ਸੀ।

ਮੈਂ ਸਿਰਫ਼ ਇਹੀ ਹੀ ਸੋਚਦਾ ਹਾਂ ਕਿ ਮੈਂ ਆਪਣੀਆਂ ਧੀਆਂ ਨੂੰ ਇਹ ਕਿਵੇਂ ਦੱਸਾਂਗਾ ਕਿ ਉਨ੍ਹਾਂ ਦੀ ਮਾਂ ਹੁਣ ਕਦੇ ਘਰ ਨਹੀਂ ਆਵੇਗੀ?

ਮੈਂ ਅਜੇ ਵੀ ਉਨ੍ਹਾਂ ਨੂੰ ਨਹੀਂ ਦੱਸਿਆ ਹੈ। ਮੈਂ ਨਹੀਂ ਜਾਣਦਾ ਕਿ ਇਹ ਕਿਵੇਂ ਕਰਨਾ ਹੈ। ਉਹ ਹਰ ਰੋਜ਼ ਮੈਨੂੰ ਉਸ ਬਾਰੇ ਪੁੱਛਦੀਆਂ ਹਨ ਅਤੇ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਉਹ ਅਜੇ ਵੀ ਹਸਪਤਾਲ ਵਿੱਚ ਹੈ। ਮੇਰੀ ਭੈਣ ਨਵਜਾਤ ਦੀ ਦੇਖਭਾਲ ਵਿੱਚ ਮੇਰੀ ਮਦਦ ਕਰ ਰਹੀ ਹੈ।

ਰੇਹਾਬ ਸਿਰਫ਼ ਇੱਕ ਸ਼ਾਨਦਾਰ ਔਰਤ ਹੀ ਨਹੀਂ ਸੀ, ਬਲਕਿ ਪਿਆਰ ਕਰਨ ਵਾਲੀ ਅਤੇ ਦੇਖਭਾਲ ਕਰਨ ਵਾਲੀ ਮਾਂ, ਪਤਨੀ, ਧੀ ਅਤੇ ਨੂੰਹ ਸੀ।

ਉਹ ਨਿਡਰ ਅਤੇ ਆਤਮਵਿਸ਼ਵਾਸੀ ਸੀ ਅਤੇ ਇਸੇ ਲਈ ਉਸ ਨੇ ਇੰਨੀ ਸਖ਼ਤ ਲੜਾਈ ਲੜੀ।

ਉਹ ਸਾਡੇ ਨਵਜੰਮੇ ਬੱਚੇ ਨੂੰ ਨਹੀਂ ਵੇਖ ਸਕੀ, ਪਰ ਮੈਂ ਉਸ ਨੂੰ ਉਸ ਤੋਹਫ਼ੇ ਵਜੋਂ ਮੰਨਦਾ ਹਾਂ ਜੋ ਰੇਹਾਬ ਸਾਡੇ ਲਈ ਛੱਡ ਗਈ ਹੈ। ਮੈਂ ਆਪਣੀਆਂ ਧੀਆਂ ਲਈ ਪਿਤਾ ਅਤੇ ਮਾਂ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਮੈਂ ਕਦੇ ਵੀ ਉਸ ਖਲਾਅ ਨੂੰ ਨਹੀਂ ਭਰ ਸਕਦਾ ਜੋ ਰੇਹਾਬ ਸਾਡੀ ਜ਼ਿੰਦਗੀ ਵਿੱਚ ਛੱਡ ਗਈ ਹੈ।

ਮੈਂ ਸੋਚਦਾ ਰਹਿੰਦਾ ਹਾਂ ਕਿ ਉਸ ਨੂੰ ਬਚਾਉਣ ਲਈ ਮੈਂ ਕੁਝ ਹੋਰ ਕਰ ਸਕਦਾ ਸੀ? ਕੀ ਉਹ ਸਾਡੇ ਕੋਲ ਹੁੰਦੀ ਜੇ ਮੈਨੂੰ ਕੋਈ ਬਿਹਤਰ ਹਸਪਤਾਲ ਮਿਲ ਜਾਂਦਾ?

ਇੱਥੇ ਇਸ ਦਾ ਕੋਈ ਆਸਾਨ ਜਵਾਬ ਨਹੀਂ ਹੈ, ਪਰ ਮੈਂ ਯਕੀਨਨ ਮੰਨਦਾ ਹਾਂ ਕਿ ਕੋਵਿਡ ਵੈਕਸੀਨ ਤੱਕ ਪਹੁੰਚ ਬਹੁਤ ਸਾਰੀਆਂ ਰੇਹਾਬ ਵਰਗੀਆਂ ਔਰਤਾਂ ਨੂੰ ਬਚਾ ਸਕਦੀ ਹੈ।

ਜੇ ਉਹ ਟੀਕਾ ਲਗਵਾਉਂਦੀ ਤਾਂ ਉਹ ਬਚ ਸਕਦੀ ਸੀ। ਪਰ ਉਸ ਲਈ ਕੋਈ ਟੀਕਾ ਉਪਲੱਬਧ ਨਹੀਂ ਸੀ ਅਤੇ ਸਰਕਾਰ ਨੇ ਅਜੇ ਗਰਭਵਤੀ ਔਰਤਾਂ ਲਈ ਵੈਕਸੀਨ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ, ਜਿਹੜੀਆਂ ਕਿ ਕੋਵਿਡ ਹੋਣ ਦੇ ਗੰਭੀਰ ਜੋਖ਼ਮ ਵਿੱਚ ਹਨ।

ਮੈਂ ਆਪਣੀ ਜ਼ਿੰਦਗੀ ਦੀ ਰੌਸ਼ਨੀ ਗਵਾ ਦਿੱਤੀ ਅਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਉਸ ਵਿੱਚੋਂ ਲੰਘੇ ਜਿਸ ਵਿੱਚੋਂ ਮੈਂ ਲੰਘਿਆ ਹਾਂ।

ਅਲਵਿਦਾ ਰੇਹਾਬ, ਮੈਂ ਤੁਹਾਨੂੰ ਦੂਜੀ ਤਰਫ਼ ਵੇਖਾਂਗਾ।

(ਬੀਬੀਸੀ ਪੱਤਰਕਾਰ ਵਿਕਾਸ ਪਾਂਡੇ ਨੂੰ ਅਲਤੁਫ ਸ਼ਾਮਸੀਨੇ ਨੇ ਆਪਣੀ ਕਹਾਣੀ ਦੱਸੀ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)