ਬਲੂ ਸਟਾਰ ਦੀ ਬਰਸੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਉਣ ਦਾ ਇਹ ਕਾਰਨ ਦੱਸਿਆ

ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ 'ਤੇ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ।

ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਨੇ 'ਖਾਲਿਸਤਾਨ ਸਾਡਾ ਹੱਕ' ਵਰਗੇ ਝੰਡੇ ਵੀ ਫੜੇ ਹੋਏ ਸਨ।

ਇਹ ਵੀ ਪੜ੍ਹੋ-

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਸੰਬੋਧਿਤ ਕੀਤਾ।

1984 ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ...

  • ਜਿਸ ਤਰ੍ਹਾਂ 1962 ਵਿੱਚ ਚੀਨ ਨੇ ਹਮਲਾ ਕੀਤਾ ਅਤੇ 1971 ਵਿੱਚ ਪਾਕਿਸਤਾਨ 'ਤੇ ਹਮਲਾ ਕੀਤਾ, ਬਿਲਕੁਲ ਉਸੇ ਤਰ੍ਹਾਂ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ।
  • ਇਹ ਇੱਕ ਨਾਸੂਰ ਬਣ ਚੁੱਕਿਆ ਹੈ ਜਿਸ ਵਿੱਚ ਸਾਰਾ ਸਾਲ ਮੈਲ਼ਾ ਇਕੱਠਾ ਹੁੰਦਾ ਹੈ, ਮੈਲ਼ੇ ਨਾਲ ਭਰੇ ਨਾਸੂਰ ਦੀ ਪੀੜ੍ਹ ਠੰਡੀ ਕਰਨ ਲਈ ਅਸੀਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਮਾਰਦੇ ਹਾਂ।
  • ਇਸ ਨਾਸੂਰ ਦੀ ਦਵਾਈ ਅਸੀਂ ਸਾਰੇ ਜਾਣਦੇ ਹਾਂ ਪਰ ਇਹ ਪ੍ਰਾਪਤ ਕਿਵੇਂ ਹੋਣੀ ਹੈ ਇਸ ਬਾਰੇ ਅਸੀਂ ਕਦੇ ਸਿਰ ਜੋੜ ਕੇ ਵਿਚਾਰ ਨਹੀਂ ਕੀਤਾ।
  • ਅੱਜ ਮਤਭੇਦ ਭੁਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਵਿੱਚ ਇਕੱਠੇ ਹੋ ਕੇ ਬੈਠੀਏ।
  • ਸਾਡੀਆਂ ਸੰਸਥਾਵਾਂ ਸਾਡੀ ਤਾਕਤ ਹਨ ਅਤੇ ਅਸੀਂ ਇਨ੍ਹਾਂ ਨੂੰ ਕਮਜ਼ੋਰ ਨਹੀਂ ਹੋਣ ਦੇਣਾ।
  • ਸਾਨੂੰ ਈਮੇਲ ਆਈਆਂ ਕਿ ਇਸ ਘੱਲੂਘਾਰੇ ਨੂੰ ਅੰਮ੍ਰਿਤਸਰ ਨਸਲਕੁਸ਼ੀ ਐਲਾਨਿਆ ਜਾਵੇ। ਇਹ ਚੁਰਾਸੀ ਦਾ ਘੱਲੂਘਾਰਾ ਸਿਰਫ਼ ਅੰਮ੍ਰਿਤਸਰ ਵਿੱਚ ਨਹੀਂ ਹੋਇਆ ਸਗੋਂ 37 ਹੋਰ ਗੁਰਦੁਆਰਿਆਂ 'ਤੇ ਵੀ ਭਾਰਤੀ ਫ਼ੌਜ ਨੇ ਹਮਲਾ ਕੀਤਾ। ਉੱਥੇ ਵੀ ਸ਼ਹਾਦਤਾਂ ਹੋਈਆਂ ਨੇ, ਸਿੰਘਾਂ ਦੀਆਂ ਕੁਰਬਾਨੀਆਂ ਹੋਈਆਂ ਨੇ।
  • ਨਸਲਕੁਸ਼ੀ ਇੱਕ ਨਵੰਬਰ ਤੋਂ ਚਾਰ ਨਵੰਬਰ ਤੱਕ ਹੋਈ ਹੈ। ਦਿੱਲੀ, ਕਾਨ੍ਹਪੁਰ, ਟਾਟਾ ਨਗਰ ਦੀਆਂ ਸੜਕਾਂ 'ਤੇ, ਇੱਥੇ (ਅਸੀਂ) ਜਰਵਾਣਿਆਂ ਨਾਲ ਅਕਾਲ ਪੁਰਖ਼ ਦੀ ਬਖ਼ਸ਼ੀ ਸਮਰੱਥਾ ਮੁਤਾਬਕ ਮੁਕਾਬਲਾ ਕੀਤਾ ਹੈ।
  • ਬਿਲਕੁਲ ਉਸੇ ਤਰ੍ਹਾਂ ਜਿਵੇਂ 1747 ਵਿੱਚ ਕਾਹਨੂੰਵਾਨ ਦੇ ਛੰਭ ਦੇ ਵਿੱਚ ਕੀਤਾ ਸੀ ਭਾਵੇਂ ਸੱਤ ਹਜ਼ਾਰ ਸਿੰਘ ਬੱਚੇ-ਬੱਚੀਆਂ ਸ਼ਹੀਦ ਹੋਏ।

ਹਰਿਮੰਦਰ ਸਾਹਿਬ ਪਹੁੰਚੇ ਦੀਪ ਸਿੱਧੂ ਕੀ ਬੋਲੇ

ਐਤਵਾਰ ਸਵੇਰੇ ਫਿਲਮ ਕਲਾਕਾਰ ਤੋਂ ਕਿਸਾਨ ਕਾਰਕੁਨ ਬਣੇ ਦੀਪ ਸਿੱਧੂ ਵੀ ਇੱਥੇ ਪਹੁੰਚੇ।

ਦੀਪ ਸਿੱਧੂ ਨੇ ਕਿਹਾ ਕਿ “ਸਾਡੇ ਆਤਮਿਕ ਸੋਮੇ 'ਤੇ ਹਮਲਾ ਕੀਤਾ ਗਿਆ। ਇੱਥੇ ਮੌਜੂਦ ਸੰਗਤਾਂ ਤੇ ਸੰਤਾਂ ਨੂੰ ਤੁਸੀਂ ਦੇਖਿਆ ਕਿ ਸਭ ਸ਼ਹੀਦ ਕਰ ਦਿੱਤੇ ਗਏ, ਉਨ੍ਹਾਂ ਸਭ ਨੂੰ ਯਾਦ ਕਰਨ ਲਈ ਇੱਥੇ ਗੁਰੂ ਰਾਮ ਦਾਸ ਜੀ ਦੇ ਦਰਬਾਰ ਵਿੱਚ ਪਹੁੰਚੇ ਹਾਂ।“

ਆਪ੍ਰੇਸ਼ਨ ਤੋਂ 37 ਸਾਲਾਂ ਬਾਅਦ ਉਸ ਦੌਰਾਨ ਜ਼ਖ਼ਮੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਦਰਸ਼ਨਾਂ ਲਈ ਰੱਖੇ ਜਾਣ ਬਾਰੇ ਉਨ੍ਹਾਂ ਨੇ ਕਿਹਾ ਕਿ “ਸੱਚਾਈ ਲੁਕਾਈ ਨਹੀਂ ਜਾ ਸਕਦੀ ਅਤੇ ਸਾਹਮਣੇ ਆਉਂਦੀ ਹੈ”।

37 ਸਾਲਾਂ ਬਾਅਦ ਵੀ ਆਪ੍ਰੇਸ਼ਨ ਦੇ ਮੁਲਜ਼ਮਾਂ ਨੂੰ ਸਜ਼ਾ ਨਾ ਮਿਲਣ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਦਾ ”ਜ਼ਿੰਮੇਵਾਰ ਸਿਆਸੀ ਸਿਸਟਮ ਹੈ, ਜੋ ਸਰਹੱਦਾਂ ’ਤੇ ਤਾਂ ਸਿੱਖਾਂ ਨੂੰ ਪੰਥ ਕੀ ਜੀਤ ਅਤੇ ਦੇਗ਼ ਤੇਗ਼ ਫਤਿਹ ਦੇ ਨਾਅਰੇ ਲਗਾਉਣ ਨੂੰ ਕਹਿੰਦਾ ਹੈ ਪਰ ਹੁਣ ਕਿਸਾਨ ਅੰਦੋਲਨ ਦੇਖ ਲਓ ਹੱਕ ਮੰਗਣ ਤੇ ਉਨ੍ਹਾਂ ਹੀ ਲੋਕਾਂ ਨੂੰ ਅੱਤਵਾਦੀ ਦਸਦਾ ਹੈ।”

ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤੀ ਗਈ ਕਾਰਵਾਈ ਨੂੰ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ।

ਸਿਮਰਨਜੀਤ ਸਿੰਘ ਮਾਨ ਨੇ ਕੀ ਕਿਹਾ

ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਅੱਜ ਖਾਲਿਸਤਾਨ ਡੇਅ ਹੈ।

ਅਕਾਲ ਤਖ਼ਤ ਸਾਹਿਬ ਨਾ ਪਹੁੰਚਣ ਦਿੱਤੇ ਜਾਣ 'ਤੇ ਲਾਈਆਂ ਗਈਆਂ ਰੋਕਾਂ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ, "ਇੰਡੀਆ ਦੀ ਹਿੰਦੁਤਵਾ ਸਰਕਾਰ ਸਾਡੇ ਉੱਤੇ ਜ਼ੁਲਮ ਕਰ ਰਹੀ ਹੈ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਜਿਸ ਨੇ ਬਲੂ ਸਟਾਰ ਕਰਵਾਇਆ ਸੀ। ਇਨ੍ਹਾਂ ਲੋਕਾਂ ਨੂੰ ਸਿੱਖਾਂ ਨਾਲ ਕੋਈ ਹਮਦਰਦੀ ਨਹੀਂ ਹੈ।"

ਉਨ੍ਹਾਂ ਨੇ ਕਿਹਾ ਕਿ ਦਰਬਾਰ ਸਾਹਿਬ 'ਤੇ ਹਮਲਾ ਸਿਰਫ਼ ਭਾਰਤ ਦੀ ਸਰਕਾਰ ਅਤੇ ਸਿਆਸੀ ਧਿਰਾਂ ਨੇ ਇਕੱਠੇ ਹੋ ਕੇ ਹੀ ਨਹੀਂ ਸਗੋਂ ਬਰਤਾਨੀਆ ਅਤੇ ਸੋਵੀਅਤ ਰੂਸ ਦੀ ਮਦਦ ਨਾਲ ਕੀਤਾ।

''ਰਵਾਇਤੀ ਅਕਾਲੀਆਂ ਨੇ ਇੰਦਰਾ ਗਾਂਧੀ ਨੂੰ ਯਕੀਨ ਦਵਾਇਆ ਕਿ ਜਦੋਂ ਫੌਜਾਂ ਅਕਾਲ ਤਖ਼ਤ ਸਾਹਿਬ ਪਹੁੰਚੀ ਤਾਂ ਸੰਤ ਜਰਨੈਲ ਸਿੰਘ ਭਿੰਡਰਾਵਾਂਲੇ ਹੱਥ ਉੱਪਰ ਕਰ ਕੇ ਬਾਹਰ ਆ ਜਾਣਗੇ ਅਤੇ ਉਸ ਤੋਂ ਬਾਅਦ ਹੀ ਸਾਡੀ ਸਰਕਾਰ ਆ ਸਕੇਗੀ।''

ਉਨ੍ਹਾਂ ਨੇ ਕਿਹਾ ਕਿ ਖਾਲਿਸਤਾਨ ਹਿੰਦੂ ਇੰਡੀਆ, ਇਸਲਾਮਿਕ ਪਾਕਿਸਤਾਨ ਅਤੇ ਕਾਮਰੇਡ ਚੀਨ ਦੇ ਵਿਚਕਾਰ ਇੱਕ ਬਫ਼ਰ ਸਟੇਟ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਇਸ ਵਿੱਚ "ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਨ ਅਤੇ ਕੱਛ ਗੁਜਰਾਤ ਦਾ ਇਲਾਕਾ ਸ਼ਾਮਲ ਹੋਣਗੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)