ਜਪਾਨ ਵਿੱਚ ਇੱਕ ਪਾਂਡਾ ਦੇ ਗਰਭ ਦੀ ਖ਼ਬਰ ਨਾਲ ਰੈਸਟੋਰੈਂਟਾਂ ਦੀ ਇੰਝ ਹੋਈ ਚਾਂਦੀ

ਜਪਾਨ ਦੀ ਰਾਜਧਾਨੀ ਟੋਕੀਓ ਦੇ ਇੱਕ ਚਿੜੀਆ ਘਰ ਵਿੱਚ ਇੱਕ ਮਾਦਾ ਪਾਂਡਾ ਦੇ ਗਰਭਵਤੀ ਹੋਣ ਦੀ ਖ਼ਬਰ ਜਿਵੇਂ ਹੀ ਫ਼ੈਲੀ ਲਾਗੇ-ਚਾਗੇ ਦੇ ਰੈਸਟੋਰੈਂਟਾਂ ਦੀ ਚਾਂਦੀ ਹੋ ਗਈ।

ਚਿੜੀਆ ਘਰ ਦੇ ਪ੍ਰਬੰਧਕਾਂ ਮੁਤਾਬਕ 15 ਸਾਲਾ ਜਾਇੰਟ ਪਾਂਡਾ ਵਿੱਚ ਹੁਣ ਗਰਭ ਦੇ ਲੱਛਣ ਦਿਖਾਈ ਦੇ ਰਹੇ ਹਨ।

ਹਾਲਾਂਕਿ ਇਸ ਬਾਰੇ ਕੋਈ ਡਾਕਟਰੀ ਪੁਸ਼ਟੀ ਹਾਲੇ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ:

ਉਨੇਊ ਚਿੜੀਆ ਘਰ ਲੌਕਡਾਊਨ ਕਾਰਨ ਪੰਜ ਮਹੀਨੇ ਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਖੁੱਲ੍ਹਿਆ ਸੀ।

ਜਪਾਨ ਦੀ ਸੈਰ-ਸਪਾਟਾ ਸਨਅਤ ਵਿੱਚ ਪਾਂਡੇ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਅਤੀਤ ਵਿੱਚ ਇਨ੍ਹਾਂ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਨਾਲ ਸ਼ੇਅਰ ਮਾਰਕੀਟਾਂ ਵਿੱਚ ਵੀ ਉਤਰਾਅ-ਚੜਾਅ ਦੇਖੇ ਗਏ ਹਨ।

ਟੋਟੇਨਕੋ ਇੱਕ ਚੀਨੀ ਰੈਸਟੋਰੈਂਟਾਂ ਦੀ ਚੇਨ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਪਣੇ ਕਾਰੋਬਾਰ ਵਿੱਚ ਤੀਹ ਫ਼ੀਸਦੀ ਦਾ ਵਾਧਾ ਦਰਜ ਕੀਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਤੋਂ ਪਹਿਲਾਂ ਵੀ ਰੈਸਟੋਰੈਂਟ ਨੇ ਸਾਲ 2013 ਅਤੇ ਫਿਰ 2017 ਵਿੱਚ ਅਜਿਹਾ ਹੀ ਵਾਧਾ ਦਰਜ ਕੀਤਾ ਸੀ ਜਦੋਂ ਚਿੜੀਆ ਘਰ ਨੇ ਇਸ ਤੋਂ ਪਹਿਲਾਂ ਵੀ ਇਸੇ ਪਾਂਡਾ ਦੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ । ਹਾਲਾਂਕਿ ਉਸ ਸਮੇਂ ਇਹ ਖ਼ਬਰ ਸਹੀ ਨਹੀਂ ਸੀ ਨਿਕਲੀ।

ਇਸੇ ਦੌਰਾਨ ਇੱਕ ਫਰੈਂਚ ਰੈਸਟੋਰੈਂਟ ਦੇ ਸ਼ੇਅਰਾਂ ਵਿੱਚ ਅੱਠ ਫ਼ੀਸਦੀ ਦਾ ਉਛਾਲ ਦੇਖਿਆ ਗਿਆ।

ਦੋਵਾਂ ਰੈਸੋਟਰੈਂਟਾਂ ਦੇ ਚਿੜੀਆ ਘਰ ਦੇ ਨਜ਼ਦੀਕ ਹੀ ਆਊਟਲੈਟ ਹਨ।

ਚਿੜੀਆ ਘਰ ਨੇ ਦੱਸਿਆ ਕਿ ਸ਼ਿਨਸ਼ਿਨ ਨੇ ਇਸੇ ਸਾਲ ਛੇ ਅਪ੍ਰੈਲ ਨੂੰ ਇੱਕ ਨਰ ਰੀ-ਰੀ ਨਾਲ ਮੇਲ ਕੀਤਾ ਸੀ।

ਦੋਵੇਂ ਪਾਂਡੇ ਚੀਨ ਤੋਂ ਉਦਾਰ ਮੰਗ ਕੇ ਲਿਆਂਦੇ ਗਏ ਹਨ ਅਤੇ ਸਾਲ 2017 ਵਿੱਚ ਇਨ੍ਹਾਂ ਦਾ ਇੱਕ ਬੱਚਾ ਸ਼ਿਆਂਗ-ਸ਼ਿਆਗ ਵੀ ਹੋਇਆ ਸੀ ਪਰ ਬੱਚੇ ਦੀ ਛੇ ਦਿਨਾਂ ਬਾਅਦ ਹੀ ਮੌਤ ਹੋ ਗਈ ਸੀ।

ਚਾਰ ਸਾਲਾਂ ਵਿੱਚ ਪਹਿਲੀ ਵਾਰ ਚਿੜੀਆ ਘਰ ਨੇ ਪਾਂਡੇ ਬਾਰੇ ਇਹ ਐਲਾਨ ਕੀਤਾ ਹੈ ਕਿ ਮਾਦਾ ਪਾਂਡਾ ਘੱਟ ਖਾ ਰਹੀ ਹੈ ਅਤੇ ਜ਼ਿਆਦਾ ਅਰਾਮ ਕਰ ਰਹੀ ਹੈ ਜੋ ਕਿ ਗਰਭ ਦੇ ਸੁਭਾਵਕ ਲੱਛਣ ਹਨ।

ਹਾਲਾਂਕਿ ਇਨ੍ਹਾਂ ਲੱਛਣਾਂ ਵਾਲੀ ਕੋਈ ਪਾਂਡਾ ਜ਼ਰੂਰ ਹੀ ਗਰਭਵਤੀ ਹੋਵੇ ਇਹ ਜ਼ਰੂਰੀ ਨਹੀਂ ਹੈ।

ਫਿਰ ਵੀ ਜੇ ਸ਼ਿਨ-ਸ਼ਿਨ ਵਾਕਈ ਗਰਭਤੀ ਹੈ ਤਾਂ ਉਹ 90-169 ਦਿਨਾਂ ਬਾਅਦ ਬੱਚੇ ਨੂੰ ਜਨਮ ਦੇ ਸਕਦੀ ਹੈ। ਹਾਲਾਂਕਿ ਗਰਭਕਾਲ ਦੀ ਇਹ ਮਿਆਦ ਵੀ ਇੱਕ ਕਿਆਸ ਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)