ਕੋਰੋਨਾ ਲੌਕਡਾਊਨ: ਪੰਜਾਬ 'ਚ ਟੈਕਸੀ ਮਾਲਕਾਂ ਦਾ ਮੰਦਾ ਹਾਲ, ਗੱਡੀਆਂ 'ਚ ਕੇਲੇ ਵੇਚਣ ਨੂੰ ਮਜਬੂਰ-5 ਅਹਿਮ ਖ਼ਬਰਾਂ

ਕੋਰੋਨਾਵਾਇਰਸ ਤੇ ਲੌਕਡਾਊਨ ਦੀ ਮਾਰ ਟੈਕਸੀ ਡਰਾਈਵਰਾਂ ਅਤੇ ਮਾਲਕਾਂ ਨੂੰ ਝੱਲਣੀ ਪੈ ਰਹੀ ਹੈ। ਸਭ ਕੁਝ ਬੰਦ ਹੋਣ ਕਰਕੇ ਟੈਕਸੀ ਵਾਲਿਆਂ ਦਾ ਕੰਮਕਾਜ ਠੱਪ ਹੋ ਗਿਆ ਹੈ।

ਕਈ ਟੈਕਸੀ ਮਾਲਕਾਂ ਨੂੰ ਆਪਣੀਆਂ ਗੱਡੀਆਂ ਵੇਚਣੀਆਂ ਪਈਆਂ ਹਨ। ਕਈ ਲੋਕ ਛੋਟੇ-ਮੋਟੇ ਕੰਮ ਕਰਨ ਨੂੰ ਮਜਬੂਰ ਹੋ ਗਏ ਹਨ।

ਪੰਜਾਬ ਵਿੱਚ ਟੈਕਸੀ ਸਨਅਤ ਨਾਲ ਜੁੜੇ ਲੋਕਾਂ ਦੀਆਂ ਮੁਸ਼ਕਲਾਂ ਬਿਆਨ ਕਰਦੀ ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਦੀ ਇਹ ਰਿਪੋਰਟ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਪੰਜਾਬ ਦੇ SC ਵਿਦਿਆਰਥੀਆਂ ਦੇ ਰੋਲ ਨੰਬਰ ਨਿੱਜੀ ਕਾਲਜਾਂ ਨੇ ਰੋਕੇ, ਸਰਕਾਰ ਕੀ ਕਹਿੰਦੀ

ਪੰਜਾਬ ਵਿੱਚ ਦੋ ਲੱਖ ਦੇ ਕਰੀਬ ਦਲਿਤ ਵਿਦਿਆਰਥੀਆਂ ਦੇ ਰੋਲ ਨੰਬਰ ਨਿੱਜੀ ਕਾਲਜਾਂ ਨੇ ਰੋਕ ਲਏ ਹਨ।

ਪੰਜਾਬ ਦੇ ਨਿੱਜੀ ਕਾਲਜਾਂ ਦੀ ਜੁਆਇੰਟ ਐਸੋਸੀਏਸ਼ਨ ਆਫ ਕਾਲੇਜਿਜ਼ (JAC) ਨੇ ਸਾਂਝੇ ਤੌਰ 'ਤੇ ਇਹ ਫੈਸਲਾ ਲਿਆ ਹੈ।

ਸ਼ਡਿਊਲ ਕਾਸਟ (SC) ਵਿਦਿਆਰਥੀਆਂ ਦੇ ਰੋਲ ਨੰਬਰ ਰੋਕੇ ਜਾਣ ਕਾਰਨ ਸੂਬੇ ਅੰਦਰ ਇੱਕ ਵਾਰ ਫਿਰ ਤੋਂ ਦਲਿਤ ਵਿਦਿਆਰਥੀਆਂ ਦੀ ਪੋਸਟ-ਮੈਟਰਿਕ ਸਕਾਲਰਸ਼ਿਪ ਸਕੀਮ ਦਾ ਮਸਲਾ ਚਰਚਾ ਵਿੱਚ ਆ ਗਿਆ ਹੈ।

ਕਾਲਜਾਂ ਨੇ ਪੋਸਟ-ਮੈਟਰਿਕ ਵਜੀਫਿਆਂ ਦੀ ਰਾਸ਼ੀ ਕਾਲਜਾਂ ਨੂੰ ਨਾ ਮਿਲਣ ਦੇ ਰੋਸ ਵਜੋਂ ਅਜਿਹਾ ਕੀਤਾ ਤਾਂ ਕਿ ਸਰਕਾਰ ਉੱਤੇ ਇਹ ਰਕਮ ਜਾਰੀ ਕਰਨ ਦਾ ਦਬਾਅ ਬਣਾਇਆ ਜਾ ਸਕੇ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਭਾਰਤ ਸਰਕਾਰ ਨੇ ਟਵਿੱਟਰ ਨੂੰ ਦਿੱਤਾ 'ਇੱਕ ਆਖ਼ਰੀ ਮੌਕਾ'- ਅਹਿਮ ਖ਼ਬਰਾਂ

ਭਾਰਤ ਸਰਕਾਰ ਨੇ ਟਵਿੱਟਰ ਨੂੰ ਨਵੀਆਂ ਡਿਜੀਟਲ ਹਦਾਇਤਾਂ ਮੰਨਣ ਲਈ 'ਇੱਕ ਆਖ਼ਰੀ ਮੌਕਾ' ਦਿੱਤਾ ਹੈ ਅਤੇ ਕਿਹਾ ਹੈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿੱਟੇ ਭੁਗਤਣ ਲਈ ਕੰਪਨੀ ਤਿਆਰ ਰਹੇ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਦੇਸ਼ ਵਿੱਚ ਸਰਗਰਮ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਰਕਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਪਰ ਸਾਂਝੀ ਕੀਤੀ ਜਾਂਦੀ ਸਮੱਗਰੀ ਬਾਰੇ ਨਵੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ।

ਹਾਲਾਂਕਿ 26 ਮਈ ਤੋਂ ਅਮਲ ਵਿੱਚ ਆਉਣ ਵਾਲੇ ਇਨ੍ਹਾਂ ਨਿਯਮਾਂ ਨੂੰ ਟਵਿੱਟਰ ਦੇ ਭਾਰਤੀ ਅਵਤਾਰ ਕੂ ਤੋਂ ਇਲਾਵਾ ਕਿਸੇ ਨੇ ਵੀ ਹਾਲੇ ਤੱਕ ਨਹੀਂ ਮੰਨਿਆ ਹੈ।

ਇਹ ਅਤੇ ਸ਼ਨਿੱਚਰਵਾਰ ਦੀਆਂ ਹੋਰ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮਲੇਰਕੋਟਲਾ ਜ਼ਿਲ੍ਹਾ ਬਣਨ ਨਾਲ ਕੀ ਹੋਏਗਾ ਫ਼ਾਇਦਾ

ਸੋਮਵਾਰ, 7 ਜੂਨ ਨੂੰ ਇਤਿਹਾਸਕ ਕਸਬਾ ਮਲੇਰਕੋਟਲਾ ਸੂਬੇ ਦਾ 23ਵਾਂ ਜ਼ਿਲ੍ਹਾ ਬਣਾਇਆ ਜਾਏਗਾ।

ਪਿਛਲੇ ਬੁੱਧਵਾਰ ਨੂੰ ਪੰਜਾਬ ਕੈਬਨਿਟ ਨੇ ਇਤਿਹਾਸਕ ਕਸਬੇ ਮਲੇਰਕੋਟਲਾ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਬਣਾਏ ਜਾਣ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਸੀ।

ਮਲੇਰਕੋਟਲਾ ਦੇ ਇਤਿਹਾਸ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨੂੰ ਜ਼ਿਲ੍ਹਾ ਬਣਾਉਣਾ ਸਥਾਨਕ ਲੋਕਾਂ ਦੀ ਚਿਰਕੋਣੀ ਮੰਗ ਸੀ।

ਇਸ ਨਾਲ ਪ੍ਰਸ਼ਾਸਕੀ ਕੰਮ ਕਰਵਾਉਣ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ।

ਮਲੇਰਕੋਟਲਾ ਪੰਜਾਬ ਦਾ ਮੁਸਲਿਮ ਬਹੁਗਿਣਤੀ ਵਾਲਾ ਸ਼ਹਿਰ ਹੈ ਅਤੇ ਜਨਗਣਨਾ 2011 ਮੁਤਾਬਕ ਲਗਭਗ 68.50 ਫੀਸਦ ਆਬਾਦੀ ਇਸਲਾਮ ਨੂੰ ਆਪਣਾ ਧਰਮ ਮੰਨਦੀ ਹੈ।

ਮਲੇਰਕੋਟਲਾ ਬਾਰੇ ਅਤੇ ਇਸ ਦੇ ਜ਼ਿਲ੍ਹਾ ਬਣਨ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ।

ਪੰਜਾਬ 'ਚ ਭਾਜਪਾ ਖ਼ਿਲਾਫ਼ ਪ੍ਰਦਰਸ਼ਨ, ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਭਾਰਤ ਸਰਕਾਰ ਵੱਲੋਂ ਖ਼ੇਤੀ ਨਾਲ ਜੁੜੇ ਤਿੰਨ ਆਰਡੀਨੈਂਸ ਅੱਜ ਹੀ ਦੇ ਦਿਨ ਪਿਛਲੇ ਸਾਲ ਲਿਆਂਦੇ ਗਏ ਸਨ। 5 ਜੂਨ 2020 ਨੂੰ ਆਏ ਇਨ੍ਹਾਂ ਆਰਡੀਨੈਂਸ ਨੂੰ ਇੱਕ ਸਾਲ ਹੋ ਗਿਆ ਹੈ।

ਆਰਡੀਨੈਂਸ ਦੇ ਆਉਂਦਿਆਂ ਹੀ ਵਿਰੋਧ ਦਾ ਸਿਲਸਿਲਾ ਵੀ ਪੰਜਾਬ ਵਿੱਚ ਪਿਛਲੇ ਸਾਲ ਤੋਂ ਹੀ ਸ਼ੁਰੂ ਹੋ ਗਿਆ ਸੀ। ਹਾਲਾਂਕਿ ਬਾਅਦ ਵਿੱਚ ਇਹ ਆਰਡੀਨੈਂਸ ਕਾਨੂੰਨ ਬਣ ਚੁੱਕੇ ਹਨ।

ਆਰਡੀਨੈਂਸ ਦੇ ਇੱਕ ਸਾਲ ਪੂਰੇ ਹੋਣ ਉੱਤੇ ਸ਼ਨਿੱਚਰਵਾਰ ਨੂੰ ਇਸੇ ਸਿਲਸਿਲੇ ਤਹਿਤ ਪੰਜਾਬ ਤੇ ਹਰਿਆਣਾ ਵਿੱਚ ਵੱਖ-ਵੱਖ ਥਾਵਾਂ ਉੱਤੇ ਕਿਸਾਨ-ਮਜ਼ਦੂਰਾਂ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)