ਪੰਜਾਬ ਨੇ ਕੋਰੋਨਾ ਤੋਂ ਠੀਕ ਹੋਏ ਬੱਚਿਆਂ ਵਿੱਚ ਰਿਪੋਰਟ ਕੀਤੇ ਇਹ ਦੁਰਲੱਭ ਲੱਛਣ -ਪ੍ਰੈੱਸ ਰਿਵੀਊ

ਪੰਜਾਬ ਵਿੱਚ ਕੋਰੋਨਾਵਾਇਰਸ ਤੋਂ ਸਿਹਤਯਾਬ ਹੋਏ ਬਾਲਗਾਂ ਵਿੱਚ ਜਿੱਥੇ ਕਾਲੀ ਫੰਗਸ ਦੇ ਕੇਸ ਦੇਖੇ ਜਾ ਰਹੇ ਹਨ, ਉੱਥੇ ਹੀ ਬੱਚਿਆਂ ਵਿੱਚ ਮਲਟੀ ਸਿਸਟਮ ਇਨਫਾਮੇਟਰੀ ਸਿੰਡਰੋਮ (MIS-C) ਦੇ ਲੱਛਣ ਦੇਖੇ ਜਾ ਰਹੇ ਹਨ।

ਦਿ ਟ੍ਰਿਬਿਊਨ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਹਾਲਾਂਕਿ ਇਸ ਸਿੰਡਰੋਨ ਦੇ ਸਟੀਕ ਕਾਰਨ ਤਾਂ ਅਜੇ ਪਤਾ ਨਹੀਂ ਹਨ ਪਰ ਬਠਿੰਡੇ ਅਤੇ ਲੁਧਿਆਣੇ ਜ਼ਿਲ੍ਹਾਂ ਵਿੱਚ ਕੋਵਿਡ ਤੋਂ ਠੀਕ ਹੋਏ ਕਈ ਬੱਚਿਆਂ ਵਿੱਚ ਇਹ ਬੀਮਾਰੀ (ਲੱਛਣ) ਦੇਖੇ ਗਏ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਲੱਛਣਾਂ ਦਾ ਕਾਰਨ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦੀ ਅਤੀ-ਪ੍ਰਤੀਕਿਰਿਆ (excessive immune response) ਹੋ ਸਕਦੀ ਹੈ।

ਜੇ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਮੌਤ ਦਰ ਘੱਟ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੋਵਿਡ ਤੋਂ ਠੀਕ ਹੋਏ ਬੱਚਿਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਠੀਕ ਹੋਣ ਤੋਂ ਛੇ ਹਫ਼ਤੇ ਤੱਕ ਸਾਵਧਾਨ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਸਿੰਡਰੋਮ ਦੇ ਲੱਛਣ-

  • ਖੰਘ ਤੇ ਜ਼ੁਕਾਮ ਦਾ ਇੱਕ ਮਹੀਨੇ ਤੋਂ ਜ਼ਿਆਦਾ ਦੇਰ ਰਹਿਣਾ
  • ਚੌਵੀ ਘੰਟਿਆਂ ਤੋਂ ਜ਼ਿਆਦਾ ਦੇਰ ਬੁਖ਼ਾਰ
  • ਢਿੱਡ ਦਦਰ, ਧੱਫੜ, ਗੈਰ-ਸਧਾਰਣ ਥਕਾਨ ਰਹਿਣਾ
  • ਵਧੀ ਹੋਈ ਧੜਕਨ, ਲਾਲ ਅੱਖਾਂ, ਬੁੱਲ੍ਹਾਂ ਤੇ ਜੀਭ ਦੀ ਸੋਜਿਸ਼
  • ਹੱਥਾਂ/ਪੈਰਾਂ ਦੀ ਸੋਜਿਸ਼, ਸਿਰਦਰਦ ਅਤੇ ਚੱਕਰ ਆਉਣਾ

ਮਲਟੀ ਸਿਸਟਮ ਇਨਫਾਮੇਟਰੀ ਸਿੰਡਰੋਮ (MIS-C) ਦੇ ਲੱਛਣਾਂ ਬਾਰੇ ਵਧੇਰੇ ਜਾਣਕਾਰੀ ਲਈ ਇਹ ਵੀਡੀਓ ਦੇਖੋ।

ਕੋਵੀਸ਼ੀਲਡ ਕੋਵੈਕਸੀਨ ਨਾਲੋਂ ਜ਼ਿਆਦਾ ਕਾਰਗ਼ਰ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਭਾਰਤੀ ਸਿਹਤ ਵਰਕਰਾਂ ਉੱਪਰ ਕੋਰੋਨਾਵਾਇਰਸ ਦੀਆਂ ਭਾਰਤ ਵਿੱਚ ਹੀ ਬਣੀਆਂ ਕੋਵੀਸ਼ੀਲਡ ਅਤੇ ਕੋਵੈਕਸੀਨ ਦਾ ਉਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਉੱਪਰ ਅਸਰ ਦਾ ਇੱਕ ਅਧਿਐਨ ਕੀਤਾ ਗਿਆ।

ਅਧਿਐਨ ਵਿੱਚ ਦੇਖਿਆ ਗਿਆ ਕਿ ਜਿਨ੍ਹਾਂ ਹੈਲਥ ਵਰਕਰਾਂ ਨੂੰ ਕੋਵੀਸ਼ੀਲਡ ਲਗਾਈ ਗਈ ਉਨ੍ਹਾਂ ਦਾ ਅਨੁਪਾਤ ਕੋਵੈਕਸੀਨ ਵਾਲਿਆਂ ਦੀ ਤੁਲਨਾ ਵਿੱਚ ਐਂਟੀਬਾਡੀਜ਼ ਬਣਾਉਣ ਵਿੱਚ ਜ਼ਿਆਦਾ ਸੀ।

ਪੰਜਾਬ ਰਾਹੀਂ ਪੁਰੀ ਦਾ ਕਾਂਗਰਸ 'ਤੇ ਨਿਸ਼ਾਨਾ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਜਾਰੀ ਕੀਤੀ ਗਈ ਕੋਰੋਨਾਵਾਇਰਸ ਵੈਕਸੀਨ ਨਿੱਜੀ ਹਸਪਤਾਲਾਂ ਨੂੰ ਵੇਚੇ ਜਾਣ ਦੇ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਮਸਲੇ ਨੂੰ ਬੁਨਿਆਦ ਬਣਾ ਕੇ ਪੁਰੀ ਨੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਕੇਂਦਰ ਦੀ ਕੋਵਿਡ ਟੀਕਾਕਰਨ ਨੀਤੀ ਅਤੇ ਟੀਕਾ ਵਿਦੇਸ਼ਾਂ ਨੂੰ ਭੇਜੇ ਜਾਣ ਬਾਰੇ ਸਵਾਲ ਚੁੱਕੇ ਜਾਣ 'ਤੇ ਵੀ ਸਵਾਲ ਚੁੱਕੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਟੀਕੇ ਕੂੜੇ ਵਿੱਚ ਸੁੱਟੇ ਗਏ ਮਿਲੇ ਹਨ।

ਇਸ ਦੇ ਨਾਲ ਹੀ ਇੰਡੀਅਨ ਐਕਪ੍ਰੈੱਸ ਦੀ ਖ਼ਬਰ ਮੁਤਾਬਕ ਪੰਜਾਬ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਨੂੰ ਵੇਚੀਆਂ ਗਈਆਂ 42 ਹਜ਼ਾਰ ਖ਼ੁਰਾਕਾਂ ਵਿੱਚੋਂ 30 ਹਜ਼ਾਰ ਇਕੱਲੇ ਮੈਕਸ ਸੂਪਰ ਸਪੈਸ਼ਿਐਲੀਟੀ ਹਸਪਤਾਲ ਮੁਹਾਲੀ ਨੇ ਖ਼ਰੀਦੀਆਂ।

ਜਦਕਿ ਬਾਕੀ ਦੇ 39 ਹਸਪਤਾਲਾਂ ਨੇ 100 ਤੋਂ ਲੈ ਕੇ 1000 ਵੈਕਸੀਨਾਂ ਦੀ ਖ਼ਰੀਦ ਕੀਤੀ ਸੀ।

ਟਵਿੱਟਰ ਨੇ ਸੰਘ ਮੁਖੀ ਅਤੇ ਹੋਰਾਂ ਦੇ ਅਕਾਊਂਟਸ ਦੇ ਨੀਲੇ ਟਿੱਕ ਮੋੜੇ

ਸ਼ਨਿੱਚਰਵਾਰ ਨੂੰ ਭਾਰਤ ਦੇ ਉੱਪ-ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦੇ ਨਿੱਜੀ ਵੈਰੀਫਾਈਡ ਟਵਿੱਟਰ ਅਕਾਊਂਟ ਤੋਂ ਟਵਿੱਟਰ ਨੇ ਨੀਲੀ ਟਿੱਕ ਹਟਾ ਦਿੱਤੀ ਸੀ।

ਉਸ ਤੋਂ ਬਾਅਦ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਸਿਰਮੌਰ ਲੀਡਰਸ਼ਿਪ ਦੇ ਵੀ ਪੰਜ ਜਣਿਆਂ ਦੇ ਜਿਨ੍ਹਾਂ ਵਿੱਚ ਸੰਘ ਮੁਖੀ ਮੋਹਨ ਭਾਗਵਤ ਵੀ ਸ਼ਾਮਲ ਸਨ ਤੋਂ ਇਹ ਨੀਲੇ ਟਿੱਕ ਹਟਾ ਦਿੱਤੇ ਗਏ ਸਨ।

ਖ਼ਬਰ ਚੈਨਲ ਐੱਨਡੀਟੀਵੀ ਦੀ ਵੈਬਸਾਈਟ ਮੁਤਾਬਕ ਸ਼ਾਮ ਤੱਕ ਇਨ੍ਹਾਂ ਪੰਜਾਂ ਜਣਿਆਂ ਦੇ ਖਾਤਿਆਂ ਤੇ ਨੀਲੀ ਟਿੱਕ ਮੁੜ ਬਹਾਲ ਕਰ ਦਿੱਤੀ ਗਈ।

ਨਰਸਾਂ ਨੂੰ ਹਦਾਇਤ ਮਲਿਆਲੀ ਨਹੀਂ ਬੋਲਣੀ, ਹਿੰਦੀ ਅੰਗਰੇਜ਼ੀ ਬੋਲੋ

ਦਿੱਲੀ ਸਰਕਾਰ ਦੇ ਗੋਵਿੰਦ ਵਲੱਭ ਪੰਤ ਇੰਸਟੀਚਿਊਟ ਆਫ਼ ਪੋਸਟਗਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਨੇ ਸ਼ਨਿੱਚਰਵਾਰ ਨੂੰ ਆਪਣੇ ਨਰਸਿੰਗ ਅਮਲੇ ਨੂੰ ਹੁਕਮ ਜਾਰੀ ਕਰ ਕੇ ਕਿਹਾ ਕਿ ਸਿਰਫ਼ ਹਿੰਦੀ ਅਤੇ ਅੰਗਰੇਜ਼ੀ ਵਿੱਚ ਹੀ ਗੱਲਬਾਤ ਕਰਨ ਅਤੇ ਮਲਿਆਲੀ ਨਾਲ ਬੋਲਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਗੰਭੀਰ ਕਾਰਵਾਈ ਕੀਤੀ ਜਾਵੇਗੀ।

ਨਰਸਿੰਗ ਸੂਪਰੀਟੈਂਡਟ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਅਜਿਹਾ ਇੱਕ ਮਰੀਜ਼ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕੀਤਾ ਗਿਆ ਹੈ।

ਇੱਥੇ ਜ਼ਿਆਦਾਤਰ ਨਰਸਿੰਗ ਅਮਲਾ ਅਤੇ ਮਰੀਜ਼ ਗੈਰ ਮਲਿਆਲੀ ਹਨ ਅਤੇ ਉਨ੍ਹਾਂ ਨੂੰ ਇਹ ਭਾਸ਼ਾ ਸਮਝ ਨਹੀਂ ਆਉਂਦੀ ਜਿਸ ਕਾਰਨ ਉਨ੍ਹਾਂ ਨੂੰ ਬੇਚਾਰਗੀ ਮਹਿਸੂਸ ਹੁੰਦੀ ਹੈ ਅਤੇ ਉਹ ਅਸਹਿਜ ਹੋ ਜਾਂਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)