ਮੇਹੁਲ ਚੌਕਸੀ: ਫੜ੍ਹੇ ਗਏ ਭਗੌੜੇ ਹੀਰਾ ਵਪਾਰੀ, ਕੀ ਭਾਰਤ ਹੋਵੇਗੀ ਵਾਪਸੀ

ਏਂਟੀਗਾ ਅਤੇ ਬਾਰਬੂਡਾ ਦੇ ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨੇ ਕਿਹਾ ਹੈ ਕਿ ਡੋਮਿਨਿਕਾ ਵਿੱਚ ਫੜੇ ਗਏ ਭਾਰਤੀ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ।

ਗੈਸਸਟਨ ਬਰਾਊਨ ਨੇ ਕਿਹਾ ਕਿ ਉਨ੍ਹਾਂ ਨੇ ਡੋਮਿਨਿਕਾ ਨੂੰ ਕਹਿ ਦਿੱਤਾ ਹੈ ਕਿ ਮੇਹੁਲ ਨੂੰ ਏਂਟੀਗਾ ਅਤੇ ਬਾਰਬੂਡਾ ਨਾ ਭੇਜ ਕੇ ਸਿੱਧੇ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇ।

13,500 ਕਰੋੜ ਰੁਪਏ ਦੇ ਪੀਐੱਨਬੀ ਘੋਟਾਲੇ ਵਿੱਚ ਮੁਲਜ਼ਮ ਮੇਹੁਲ ਐਤਵਾਰ ਨੂੰ ਏਂਟੀਗਾ ਅਤੇ ਬਾਰਬੂਡਾ ਤੋਂ ਲਾਪਤਾ ਹੋ ਗਏ ਸਨ, ਜਿਸ ਤੋਂ ਬਾਅਦ ਉੱਥੋਂ ਦੀ ਪੁਲਿਸ ਉਨ੍ਹਾਂ ਨੂੰ ਤਲਾਸ਼ ਕਰ ਰਹੀ ਸੀ।

ਇਹ ਵੀ ਪੜ੍ਹੋ:

ਬਰਾਊਨ ਨੇ ਕਿਹਾ ਕਿ ਹੋ ਸਕਦਾ ਹੈ ਮੇਹੁਲ ਕਿਸ਼ਤੀ ਦੀ ਮਦਦ ਨਾਲ ਗ਼ੈਰ-ਕਾਨੂੰਨੀ ਤਰੀਕੇ ਨਾਲ ਡੋਮਿਨਿਕਾ ਗਏ ਹੋਣ।

ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਬਰਾਊਨ ਨੇ ਕਿਹਾ, "ਸਾਡਾ ਦੇਸ਼ ਮੇਹੁਲ ਚੌਕਸੀ ਨੂੰ ਸਵੀਕਾਰ ਨਹੀਂ ਕਰੇਗਾ। ਉਨ੍ਹਾਂ ਨੇ ਇਸ ਦੀਪ ਤੋਂ ਜਾ ਕੇ ਵੱਡੀ ਭੁੱਲ ਕੀਤੀ ਹੈ।"

"ਡੋਮਿਨਿਕੋ ਦੀ ਸਰਕਾਰ ਅਤੇ ਅਧਿਕਾਰੀ ਸਾਡੇ ਨਾਲ ਸਹਿਯੋਗ ਕਰ ਰਹੇ ਹਨ ਅਤੇ ਅਸੀਂ ਭਾਰਤ ਨੂੰ ਇਸ ਬਾਰੇ ਇਤਲਾਹ ਦੇ ਦਿੱਤੀ ਹੈ ਕਿ ਉਨ੍ਹਾਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ।"

'ਭਾਰਤੀ ਅਤੇ ਡੋਮਿਨਿਕੋ ਦੇ ਅਧਿਕਾਰੀ ਸੰਪਰਕ ਵਿੱਚ ਹਨ'

ਮੇਹੁਲ ਚੌਕਸੀ ਨੇ ਜਨਵਰੀ 2018 ਦੇ ਪਹਿਲੇ ਹਫ਼ਤੇ ਵਿੱਚ ਭਾਰਤ ਤੋਂ ਭੱਜਣ ਤੋਂ ਪਹਿਲਾਂ 2017 ਵਿੱਚ ਹੀ ਕੈਰੇਬੀਆਈ ਦੇਸ਼ ਏਂਟੀਗਾ ਅਤੇ ਬਾਰਬੂਡਾ ਦੀ ਨਾਗਰਿਕਤਾ ਲਈ ਸੀ। ਇਸ ਦੇਸ਼ ਵਿੱਚ ਪੂੰਜੀ-ਨਿਵੇਸ਼ ਪ੍ਰੋਗਰਾਮ ਰਾਹੀਂ ਨਾਗਰਿਕਤਾ ਲਈ ਜਾ ਸਕਦੀ ਹੈ।

ਬਰਾਊਨ ਨੇ ਕਿਹਾ, "ਡੋਮਿਨਿਕਾ ਚੌਕਸੀ ਨੂੰ ਵਾਪਸ ਭੇਜਣ ਲਈ ਤਿਆਰ ਹੈ ਪਰ ਅਸੀਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਾਂਗੇ। ਮੈਂ ਪ੍ਰਧਾਨ ਮੰਤਰੀ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਸਾਡੇ ਕੋਲ ਨਾ ਭੇਜਣ ਕਿਉਂਕਿ ਇੱਥੇ ਉਨ੍ਹਾਂ ਨੂੰ ਨਾਗਰਿਕ ਵਜੋਂ ਕਾਨੰਨੀ ਅਤੇ ਸੰਵਿਧਾਨਕ ਸੁਰੱਖਿਆ ਹਾਸਲ ਹੈ।"

ਉਨ੍ਹਾਂ ਨੇ ਕਿਹਾ, "ਅਸੀਂ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਭਾਰਤ ਨੂੰ ਸੌਂਪਣ ਦਾ ਬੰਦੋਬਸਤ ਕੀਤਾ ਜਾਵੇ। ਮੈਨੂੰ ਨਹੀਂ ਲਗਦਾ ਕਿ ਉਨ੍ਹਾਂ ਨੇ ਡੋਮਿਨਿਕਾ ਦੀ ਨਾਗਰਿਕਤਾ ਲਈ ਹੈ। ਇਸ ਲਈ ਡੋਮਿਨਿਕਾ ਨੂੰ ਉਨ੍ਹਾਂ ਦੀ ਹਵਾਲਗੀ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।"

ਖ਼ਬਰ ਏਜੰਸੀ ਏਐੱਨਆਈ ਦੇ ਮੁਤਾਬਕ, ਇਸ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਚੌਕਸੀ ਦੇ ਵਕੀਲ ਨੇ ਪੁਸ਼ਟੀ ਕੀਤੀ ਸੀ ਕਿ ਉਹ ਡੋਮਿਨਿਕਾ ਵਿੱਚ ਮਿਲੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)