ਕੋਰੋਨਾਵਇਰਸ: ਪੰਜਾਬ 'ਚ 10 ਜੂਨ ਤੱਕ ਵਧੀਆਂ ਪਾਬੰਦੀਆਂ ਵਿਚਾਲੇ ਨਵੇਂ ਨਿਰਦੇਸ਼ ਅਤੇ ਛੋਟਾਂ ਕੀ ਹਨ- ਅਹਿਮ ਖ਼ਬਰਾਂ

ਇਸ ਪੇਜ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਸਬੰਧਤ ਅਹਿਮ ਖ਼ਬਰਾਂ ਦੇਵਾਂਗੇ।

ਪੰਜਾਬ ਵਿੱਚ ਕੋਰੋਨਾ ਦੇ ਮੱਦੇਨਜ਼ਰ 10 ਜੂਨ ਤੱਕ ਪਾਬੰਦੀਆਂ ਵਧਾਉਣ ਦਾ ਐਲਾਨ ਕੀਤਾ ਹੈ ਪਰ ਇਸ ਦੇ ਨਾਲ ਕਿਤੇ-ਕਿਤੇ ਕੁਝ ਛੋਟਾਂ ਦਿੱਤੀਆਂ ਗਈਆਂ ਹਨ।

  • ਕੋਰੋਨਾ ਪੌਜ਼ੀਟਿਵ ਮਾਮਲਿਆਂ ਵਿੱਚ ਗਿਰਾਵਟ ਆਉਣ ਦੇ ਮੱਦੇਨਜ਼ਰ ਨਿੱਜੀ ਗੱਡੀਆਂ ਵਿੱਚ ਪੈਸੇਂਜਰਾਂ ਦੀਆਂ ਗਿਣਤੀ 'ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ।
  • ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਚੋਣਵੀਆਂ ਸਰਜਰੀਆਂ ਨੂੰ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਹਨ।
  • ਸੂਬੇ ਦੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਓਪੀਡੀ ਸੰਚਾਲਨ ਨੂੰ ਬਹਾਲ ਕਰਨ ਵੀ ਨਿਰਦੇਸ਼ ਦਿੱਤੇ ਗਏ ਹਨ
  • ਸਥਾਨਕ ਹਾਲਾਤ ਦੇ ਮੱਦੇਨਜ਼ਰ ਗ਼ੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਖੋਲ੍ਹਣ ਲਈ ਵੀ ਡੀਸੀ ਨੂੰ ਅਧਿਕਾਰ ਦਿੱਤੇ ਗਏ ਹਨ।
  • ਆਕਸੀਜਨ ਦੀ ਜ਼ਰੂਰੀ ਅਤੇ ਗੈਰ-ਮੈਡੀਕਲ ਲੋੜਾਂ ਲਈ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਹੈ।
  • ਮਹਾਮਾਰੀ ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਲਈ ਅਤੇ ਬੱਚਿਆਂ ਦੇ ਅਸਰ ਹੇਠ ਆਉਣ ਦੇ ਖਦਸ਼ਿਆਂ ਵਿਚਾਲੇ ਭਾਰਤ ਸਰਕਾਰ ਤੋਂ 500 ਵੈਂਟੀਲੇਟਰਾਂ ਲਈ ਸੰਪਰਕ ਕਰਨ ਲਈ ਕਿਹਾ ਗਿਆ ਹੈ।
  • ਇੱਕ ਜੂਨ ਤੋਂ 18-45 ਸਾਲ ਦੀ ਉਮਰ ਵਿੱਚ ਪ੍ਰਾਥਮਿਕਤਾ ਦੀ ਸੂਚੀ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਵਿੱਚ ਦੁਕਾਨਦਾਰ ਤੇ ਉਨ੍ਹਾਂ ਦਾ ਸਟਾਫ, ਸਰਵਿਸ ਸੈਕਟਰ, ਇੰਡਸਟ੍ਰੀ ਦੇ ਕਾਮੇ, ਰੇਹੜੀ ਵਾਲੇ, ਡਿਲੀਵਰੀ ਬੁਆਏ, ਬੱਸ/ਕੈਬ ਡਰਾਈਵਰ/ਕੰਡਕਟਰ ਅਤੇ ਲੋਕਲ ਬਾਡੀ ਦੇ ਮੈਂਬਰ ਸਣੇ ਕਈ ਹੋਰਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਕੋਰੋਨਾਵਇਰਸ ਵੈਕਸੀਨ: ਫਾਈਜ਼ਰ ਨੇ ਆਪਣੀ ਵੈਕਸੀਨ ਬੱਚਿਆਂ 'ਤੇ ਵੀ ਕਾਰਗਰ ਦੱਸੀ

ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਨੇ ਭਾਰਤ ਸਰਕਾਰ ਕੋਲ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਵੈਕਸੀਨ 12 ਅਤੇ ਉਸ ਤੋਂ ਵੱਡੀ ਉਮਰ ਦੇ ਬੱਚਿਆਂ ਲਈ "ਬਹੁਤ ਕਾਰਗਰ" ਹੈ।

ਅਮਰੀਕੀ ਕੰਪਨੀ ਭਾਰਤ ਸਰਕਾਰ ਤੋਂ ਛੇਤੀ (ਫਾਸਟ ਟਰੈਕ) ਮਾਨਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਤੋਂ ਪਹਿਲਾਂ ਉਸ ਨੇ ਪ੍ਰਵਾਨਗੀ ਮਿਲਣ ਦੀ ਸੂਰਤ ਵਿੱਚ ਭਾਰਤ ਨੂੰ ਪੰਜ ਕਰੋੜ ਖ਼ੁਰਾਕਾਂ ਸਪਲਾਈ ਕਰਨ ਦੀ ਪੇਸ਼ਕਸ਼ ਵੀ ਕੀਤੀ ਸੀ।

ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਆਪਣਾ ਕਹਿਰ ਢਾਹ ਰਹੀ ਹੈ ਅਤੇ ਇਸੇ ਦਰਮਿਆਨ ਮਾਹਰ ਸੁਚੇਤ ਕਰਨ ਲੱਗੇ ਹਨ ਕਿ ਜੁਲਾਈ-ਅਗਸਤ ਵਿੱਚ ਮਹਾਮਾਰੀ ਦੀ ਤੀਜੀ ਲਹਿਰ ਵੀ ਜ਼ੋਰ ਮਾਰ ਸਕਦੀ ਹੈ।

ਇਹ ਵੀ ਪੜ੍ਹੋ:

ਫਾਈਜ਼ਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਟੀਕੇ ਨੂੰ 2-8 ਡਿਗਰੀ ਸੈਲਸੀਅਸ ਉੱਪਰ ਇੱਕ ਤੋਂ ਜ਼ਿਆਦਾ ਮਹੀਨਿਆਂ ਲਈ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸ਼ੁਰੂਆਤੀ ਪੜਾਅ 'ਤੇ ਫਾਈਜ਼ਰ ਬਾਰੇ ਇਹ ਸਲਾਹ ਦਿੱਤੀ ਜਾ ਰਹੀ ਸੀ ਕਿ ਇਸ ਨੂੰ ਸਟੋਰ ਕਰਨ ਲਈ ਮਨਫ਼ੀ 70 ਡਿਗਰੀ ਤਾਪਮਾਨ ਚਾਹੀਦਾ ਹੈ, ਜੋ ਕਿ ਭਾਰਤ ਵਿੱਚ ਲਗਭਗ ਅਸੰਭਵ ਹੈ।

ਫਿਕਰ ਵਾਲੀ ਗੱਲ ਇਹ ਹੈ ਕਿ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਬੱਚਿਆਂ ਵਿੱਚ ਆਉਣੇ ਸ਼ੁਰੂ ਹੋ ਗਏ ਹਨ। ਜਿਸ ਦੇ ਮੱਦੇਨਜਰ ਤੀਜੀ ਲਹਿਰ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਭਾਰਤ ਪਹਿਲਾਂ ਹੀ ਵੈਕਸੀਨ ਦੀ ਕਮੀ ਨਾਲ ਜੂਝ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਵੈਕਸੀਨ ਦੀ ਖ਼ਰੀਦ ਤੋਂ ਹੱਥ ਪਿੱਛੇ ਖਿੱਚਣ ਤੋਂ ਬਾਅਦ ਸਥਿਤੀ ਹੋਰ ਗੰਭੀਰ ਹੋ ਗਈ ਹੈ।

ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਅੱਜ ਦੇਸ਼ ਕੋਰੋਨਾਵਾਇਰਸ ਨਾਲ ਲੜ ਰਿਹਾ ਹੈ, ਜੇ ਕੱਲ੍ਹ ਨੂੰ ਪਾਕਿਸਤਾਨ ਭਾਰਤ ਉੱਪਰ ਹਮਲਾ ਕਰਦਾ ਹੈ ਤਾਂ ਕੀ ਸੂਬੇ ਆਪੋ-ਆਪਣੇ ਹਥਿਆਰ ਖ਼ਰੀਦਣਗੇ।"

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਪਿਛਲੇ ਹਫ਼ਤੇ ਟਵੀਟ ਕਰ ਕੇ ਇਹ ਸਮਲਾ ਚੁੱਕਿਆ ਸੀ।

ਉਨ੍ਹਾਂ ਨੇ ਲਿਖਿਆ ਸੀ, "ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਕੋਰੋਨਾ ਤੋਂ ਸੁਰੱਖਿਆ ਚਾਹੀਦੀ ਹੋਵੇਗੀ। ਬਾਲਰੋਗ ਸੁਵਿਧਾਵਾਂ ਅਤੇ ਟੀਕਾਕਰਨ- ਇਲਾਜ ਨਾਲ ਜੁੜਿਆ ਪ੍ਰੋਰਟੋਕਾਲ ਹੁਣ ਤੱਕ ਬਣ ਜਾਣਾ ਚਾਹੀਦਾ ਸੀ। ਭਾਰਤ ਦੇ ਭਵਿੱਖ ਨੂੰ ਹੁਣ ਲੋੜ ਹੈ ਕਿ ਮੋਦੀ ਸਿਸਟਮ ਨੂੰ ਹਲੂਣ ਕੇ ਨੀਂਦ ਵਿੱਚੋਂ ਜਗਾਇਆ ਜਾਵੇ।"

ਫਾਈਜ਼ਰ ਦਾ ਇਹ ਦਾਅਵਾ ਉਸ ਸਮੇਂ ਆਇਆ ਹੈ ਜਦੋਂ ਕਈ ਦੇਸ਼ ਆਪਣੇ ਬੱਚਿਆਂ ਲਈ ਟੀਕਿਆਂ ਨੂੰ ਪ੍ਰਵਾਨਗੀ ਦੇ ਰਹੇ ਹਨ।

ਕੈਨੇਡਾ ਨੇ ਲੰਘੀ ਪੰਜ ਮਈ ਨੂੰ 12-15 ਸਾਲ ਉਮਰ ਵਰਗ ਦੇ ਬੱਚਿਆਂ ਲਈ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਉਸ ਤੋਂ ਬਾਅਦ ਅਮਰੀਕਾ ਨੇ 14 ਮਈ ਨੂੰ ਇਹ ਫ਼ੈਸਲਾ ਲਿਆ ਜਦਕਿ ਯੂਰਪੀ ਮੈਡੀਕਲ ਰੈਗੂਲੇਟਰ ਅਜੇ ਇਸ ਵੈਕਸੀਨ ਦੀ ਬੱਚਿਆਂ ਉੱਪਰ ਕਾਰਗਰਤਾ ਦਾ ਅਧਿਐਨ ਕਰ ਰਿਹਾ ਹੈ।

ਪੰਜਾਬ 'ਚ ਨੌਜਵਾਨਾਂ ਦੀ ਸ਼ਮੂਲੀਅਤ ਵਾਲੇ 'ਮਿਸ਼ਨ ਫਤਹਿ 2.0' ਦੀ ਸ਼ੁਰੂਆਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਦੀ ਸ਼ਮੂਲੀਅਤ ਵਾਲੇ 'ਮਿਸ਼ਨ ਫਤਹਿ 2.0' ਦੀ ਸ਼ੁਰੂਆਤ ਕੀਤੀ ਹੈ।

ਇਹ ਮਿਸ਼ਨ 'ਕੋਰੋਨਾ ਮੁਕਤ ਪੰਜਾਬ ਅਭਿਆਨ' ਦੇ ਹਿੱਸੇ ਵਜੋਂ ਚਲਾਇਆ ਗਿਆ ਹੈ। ਇਸ ਵਿੱਚ ਮਹਾਮਾਰੀ ਨਾਲ ਲੜਨ ਲਈ ਹਰੇਕ ਪਿੰਡ ਜਾਂ ਨਗਰ ਪਾਲਿਕਾ ਵਾਰਡ ਵਿੱਚ 7 ਪੇਂਡੂ ਕੋਰੋਨਾ ਵੋਲੰਟੀਅਰ ਦੇ ਗਰੁੱਪ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਕੈਪਟਨ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਪਿੰਡਾਂ ਲਈ 'ਕੋਰੋਨਾ ਮੁਕਤ ਪਿੰਡ' ਮੁਹਿੰਮ ਚਲਾਉਣਾ ਜ਼ਰੂਰੀ ਸੀ। ਉਨ੍ਹਾਂ ਨੇ ਖੇਡ ਅਤੇ ਨੌਜਵਾਨਾਂ ਸਬੰਧ ਮਾਮਲਿਆਂ ਦੇ ਵਿਭਾਗ ਦੇ ਡੀਸੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਲਾਗ ਦੇ ਖ਼ਿਲਾਫ਼ ਜੰਗ ਵਿੱਚ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣ ਲਈ ਅਜਿਹੇ RCV ਦਾ ਗਠਨ ਕਰਨ।

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਕਲੱਵ ਵੀ RCV ਬਣ ਸਕਦੇ ਹਨ ਅਤੇ ਇਹ ਕੋਰੋਨਾ ਦੇ ਖ਼ਿਲਾਫ਼ ਜੰਗ ਵਿੱਚ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਲਈ ਇੱਕ ਸ਼ਕਤੀਸ਼ਾਲੀ ਸਪੋਰਟ ਵਜੋਂ ਕੰਮ ਕਰ ਸਕਦੇ ਹਨ।

ਵੀਡੀਓ ਕਾਨਫਰੰਸਿੰਗ ਰਾਹੀਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਲੋਕਾਂ ਦੇ ਸਹਿਯੋਗ ਕਾਰਨ ਸੂਬੇ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਤਿੰਨ ਹਫ਼ਤਿਆਂ ਵਿੱਚ 9 ਹਜ਼ਾਰ ਤੋਂ ਘਟ ਕਰੀਬ 4 ਹਜ਼ਾਰ ਹੋ ਗਈ ਹੈ।

ਹਾਲਾਂਕਿ, ਕੋਰੋਨਾ ਦੀ ਦੂਜੀ ਲਹਿਰ ਦਾ ਅਸਰ ਪੇਂਡੂ ਖੇਤਰਾਂ 'ਤੇ ਵੀ ਵਧੇਰੇ ਪਿਆ ਹੈ। ਮੁੱਖ ਮੰਤਰੀ ਨੇ RCV ਨੂੰ 3ਟੀ ਡ੍ਰਾਈਵ (ਟੈਸਟ, ਟ੍ਰੇਸ ਅਤੇ ਟ੍ਰੀਟ) ਨੂੰ ਅੱਗੇ ਵਧਣ, ਗਰੀਬਾਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਲਈ, ਉਨ੍ਹਾਂ ਨੂੰ ਕੋਵਿਡ ਕੰਟ੍ਰੋਲ ਰੂਮ ਅਤੇ ਹੈਲਪਲਾਈਨ ਨਾਲ ਜੋੜਨ ਕੰਮ ਸੌਂਪਿਆ ਹੈ।

ਖੰਨਾ ਦੇ ਨਿੱਜੀ ਹਸਪਤਾਲ ਖਿਲਾਫ ਤੈਅ ਰੇਟਾਂ ਤੋਂ ਵੱਧ ਵਸੂਲੀ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ਼

ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ

ਕੋਵਿਡ ਦੇ ਇਲਾਜ ਲਈ ਮਰੀਜ਼ਾਂ ਦੀ ਆਰਥਿਕ ਲੁੱਟ ਕਰਨ ਦੇ ਇਲਜ਼ਾਨ ਹੇਠ ਨਿੱਜੀ ਹਸਪਤਾਲ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ।

ਖੰਨਾ ਦੇ ਜੈਨ ਮਲਟੀਸਪੈਸ਼ਲਿਟੀ ਹਸਪਤਾਲ ਖਿਲਾਫ ਕਥਿਤ ਤੌਰ 'ਤੇ ਇੱਕ ਮਰੀਜ਼ ਤੋਂ ਸਰਕਾਰ ਵੱਲੋਂ ਨਿਰਧਾਰਤ ਰੇਟਾਂ ਤੋਂ ਵੱਧ ਵਸੂਲੀ ਕਰਨ 'ਤੇ ਮਾਮਲਾ ਦਰਜ਼ ਕੀਤਾ ਗਿਆ।

ਹਰਿਆਣਾ ਦੇ ਯਮੁਨਾਨਗਰ ਨਿਵਾਸੀ ਸਾਗਰ ਵਰਮਾ ਦੀ ਸ਼ਿਕਾਇਤ 'ਤੇ ਆਪਦਾ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਲਜ਼ਾਮ ਹੈ ਕਿ ਸਾਗਰ ਵਰਮਾ ਦੇ ਪਿਤਾ ਦੇ ਕੋਵਿਡ ਇਲਾਜ ਲਈ ਵਾਧੂ ਵਸੂਲੀ ਕੀਤੀ ਗਈ ਅਤੇ ਜਿਨ੍ਹਾਂ ਦੀ ਬਾਅਦ ਵਿੱਚ ਦੂਸਰੇ ਹਸਪਤਾਲ ਵਿੱਚ ਮੌਤ ਹੋ ਗਈ ਸੀ। ਡਿਪਟੀ ਕਮਿਸ਼ਨਰ ਨੇ ਹਸਪਤਾਲ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਸਨ।

ਇਲਜ਼ਾਮ ਹੈ ਕਿ ਇਲਾਜ ਦਾ ਬਿੱਲ ਸਿਰਫ 2.35 ਲੱਖ ਬਣਦਾ ਸੀ ਪਰ ਹਸਪਤਾਲ ਵੱਲੋਂ 8.45 ਲੱਖ ਅਦਾ ਕਰਨ ਲਈ ਕਿਹਾ ਗਿਆ।

ਬਾਅਦ ਵਿਚ ਜਾਂਚ ਦੌਰਾਨ ਹਸਪਤਾਲ ਨੇ ਇਸ ਨੂੰ ਕਲੈਰੀਕਲ ਗਲਤੀ ਮੰਨਦਿਆਂ ਬਿੱਲ 4,86,010 ਰੁਪਏ ਦਿੱਤਾ ਜੋਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਕਾਬਲੇ 106 ਫੀਸਦ ਤੋਂ ਵੀ ਵੱਧ ਸੀ।

ਇਸ ਸਬੰਧੀ ਜੈਨ ਹਸਪਤਾਲ ਦੇ ਮਾਲਕ ਪਰਵੇਸ਼ ਜੈਨ ਨਾਲ ਗੱਲ ਕੀਤੀ ਗਈ ਤਾਂ ਉਹਨਾ ਦੱਸਿਆ ਕਿ ਉਹਨਾ ਮਰੀਜ ਦੇ ਵਾਰਿਸ ਦੇ ਕਹਿਣ ਤੇ ਪੂਰਾ ਵਧੀਆ ਇਲਾਜ਼ ਕੀਤਾ ਉਹਨਾ ਕਿਹਾ ਕਿ ਮਰੀਜ ਦੇ ਵਾਰਿਸ ਨੇ ਮਰੀਜ ਦੇ ਵਧੀਆ ਇਲਾਜ਼ ਦੇ ਲਈ ਡਾਕਟਰਾਂ ਦਾ ਧੰਨਵਾਦ ਕੀਤਾ ਸੀ ਪਰੰਤੂ ਬਾਅਦ ਵਿੱਚ ਉਹ ਆਪਣੇ ਮਰੀਜ ਨੂੰ ਅਪਣੀ ਮਰਜ਼ੀ ਨਾਲ ਲੁਧਿਆਣਾ ਕਹਿ ਕੇ ਕਿਤੇ ਹੋਰ ਲੈ ਗਏ ਜਿੱਥੇ ਇੱਕ , ਦੋ ਦਿਨ ਤੋਂ ਬਾਅਦ ਮਰੀਜ ਦੀ ਮੌਤ ਹੋ ਗਈ । ਉਹਨਾ ਕਿਹਾ ਕਿ ਉਹਨਾ ਨੇ ਮਰੀਜ ਦੇ ਵਾਰਿਸਾ ਦੇ ਕਹਿਣ ਮੁਤਾਬਕ ਹੀ ਇਲਾਜ਼ ਕੀਤਾ।

ਮੈਲਬੋਰਨ, ਆਸਟਰੇਲੀਆ ਵਿੱਚ ਚੌਥੇ ਪੜਾਅ ਦਾ ਲੌਕਡਾਊਨ

ਆਸਟਰੇਲੀਆ ਦਾ ਦੂਜਾ ਸਭ ਤੋਂ ਸੰਘਣੀ ਅਬਾਦੀ ਵਾਲਾ ਸੂਬਾ ਵਿਕਟੋਰੀਆ ਆਪਣੀ ਰਾਜਧਾਨੀ ਵਿੱਚ ਤੇਜ਼ੀ ਨਲ ਫ਼ੈਲਦੀ ਜਾ ਰਹੀ ਲਾਗ ਨੂੰ ਰੋਕਣ ਲਈ ਪੰਜ ਦਿਨਾਂ ਦਾ ਲੌਕਡਾਊਨ ਲਾਗੂ ਕਰਨ ਜਾ ਰਿਹਾ ਹੈ।

ਲੌਕਡਾਊਨ ਵਿਸ਼ਵੀ ਔਸਤ ਸਮੇਂ ਮੁਤਾਬਕ ਦੁਪਹਿਰੇ ਦੋ ਵਜੇ ਸ਼ੁਰੂ ਹੋਵੇਗਾ।

ਅਧਿਕਾਰੀਆਂ ਨੂੰ ਹਾਲੇ ਤੱਕ ਕੋਰੋਨਾਵਾਇਰਸ ਦੇ 26 ਮਾਮਲੇ ਮਿਲੇ ਹਨ ਅਤੇ ਉਨ੍ਹਾਂ ਨੇ ਅਜਿਹੀਆਂ 150 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿੱਥੋਂ ਲੋਕ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹਨ।

ਸੂਬੇ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਤੀਜੀ ਲਹਿਰ ਦਾ ਜ਼ਿਕਰ ਮਾਤਰ ਵੀ ਸਥਾਨਕ ਵਾਸੀਆਂ ਨੂੰ ਪਿਛਲੇ ਸਾਲ ਆਈ ਤਬਾਹਕੁੰਨ ਦੂਜੀ ਲਹਿਰ ਦੀਆਂ ਯਾਦਾਂ ਤਾਜ਼ਾ ਕਰਵਾ ਜਾਂਦਾ ਹੈ।

ਵਿਕਟੋਰੀਆ ਦੇ ਐਕਟਿੰਗ ਪ੍ਰੀਮੀਅਰ ਜੇਮਜਡ ਮਰਲੀਨੇ ਨੇ ਕਿਹਾ ਕਿ ਆਊਟਬਰੇਕ ਵਿੱਚ ਵਾਇਰਸ ਦਾ ਇੱਕ ਅਤੀ ਲਾਗਸ਼ੀਲ ਸਟਰੇਨ (B.1.617) ਸ਼ਾਮਲ ਹੈ।

ਮਰਲੀਨੇ ਨੇ ਕਿਹਾ ਕਿ ਇਹ ਹੁਣ ਤੱਕ ਰਿਕਾਰਡ ਕੀਤੇ ਗਏ ਸਟਰੇਨਜ਼ ਨਾਲੋਂ ਜ਼ਿਆਦਾ ਤੇਜ਼ੀ ਨਾਲ ਫ਼ੈਲਦਾ ਹੈ।

ਲਾਗ ਦੇ ਮਾਮਲੇ ਪੂਰੇ ਸੂਬੇ ਵਿੱਚ ਹੀ ਸਾਹਮਣੇ ਆਏ ਹਨ ਅਤੇ ਇਸ ਦੇ ਸੋਮੇ ਮੈਲਬੋਰਨ ਦੇ ਖਚਾਖਚ ਭਰੇ ਫੁੱਟਬਾਲ ਸਟੇਡੀਅਮ ਰਹੇ ਹਨ।

ਮਰਲੀਨੋ ਨੇ ਕਿਹਾ, "ਜੇ ਅਸੀਂ ਹੁਣ ਕਾਰਵਾਈ ਨਾ ਕੀਤੀ ਤਾਂ ਇਹ ਸਾਡੇ ਤੋਂ ਦੂਰ ਚਲਿਆ ਜਾਵੇਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)