ਕੋਰੋਨਾਵਾਇਰਸ : ਗੰਗਾ ਵਿਚ ਲਾਸ਼ਾਂ ਕਿੱਥੋਂ ਤੇ ਕਿਵੇਂ ਆ ਰਹੀਆਂ ਤੇ ਇਹ ਕੌਣ ਅਤੇ ਕਿਉਂ ਵਹਾ ਰਿਹਾ

ਤਸਵੀਰ ਸਰੋਤ, Bunty kumar/BBC
- ਲੇਖਕ, ਸੀਟੂ ਤਿਵਾੜੀ
- ਰੋਲ, ਬਿਹਾਰ ਤੋਂ ਬੀਬੀਸੀ ਲਈ
ਬਿਹਾਰ ਅਤੇ ਉੱਤਰ ਪ੍ਰਦੇਸ਼ ਦੀਆਂ ਨਦੀਆਂ ਵਿੱਚ ਲਾਸ਼ਾਂ ਦਾ ਮਿਲਣਾ ਲਗਾਤਾਰ ਜਾਰੀ ਹੈ।
ਬਿਹਾਰ ਦੇ ਬਕਸਰ ਦੇ ਚੌਸਾ ਸ਼ਮਸ਼ਾਨ ਘਾਟ ਉੱਪਰ 71 ਮ੍ਰਿਤਕ ਦੇਹਾਂ ਗੰਗਾ ਨਦੀ ਵਿੱਚ ਤੈਰਦੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਕਈ ਸਵਾਲ ਉੱਠ ਰਹੇ ਹਨ। ਬੀਬੀਸੀ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ-
ਸਵਾਲ : ਇਹ ਲਾਸ਼ਾਂ ਕਿੱਥੋਂ ਆਈਆਂ ਹਨ?
ਜਵਾਬ: ਬਕਸਰ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਹ ਲਾਸ਼ਾਂ ਉੱਤਰ ਪ੍ਰਦੇਸ਼ ਤੋਂ ਵਹਿੰਦੀਆਂ ਹੋਈਆਂ ਆਈਆਂ ਹਨ ਹਾਲਾਂਕਿ ਕਈ ਸਥਾਨਕ ਲੋਕਾਂ ਨੇ ਬੀਬੀਸੀ ਨਾਲ ਗੱਲ ਕੀਤੀ ਅਤੇ ਕਿਹਾ ਕਿ ਇਹ ਲਾਸ਼ਾਂ ਸਥਾਨਕ ਲੋਕਾਂ ਦੀਆਂ ਹੀ ਹਨ।
ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਮਹਿੰਗਾ ਹੋਣਾ ਅਤੇ ਕੋਰੋਨਾ ਦੇ ਡਰ ਤੋਂ ਲੋਕ ਲਾਸ਼ਾਂ ਛੱਡ ਕੇ ਜਾ ਰਹੇ ਹਨ।

ਤਸਵੀਰ ਸਰੋਤ, yogesh kumar/BBC
ਬੀਬੀਸੀ ਨੇ ਇਸ ਸਬੰਧ ਵਿਚ ਨਦੀਆਂ ਦੇ ਮਾਹਿਰ ਦਿਨੇਸ਼ ਕੁਮਾਰ ਮਿਸ਼ਰ ਨਾਲ ਗੱਲ ਕੀਤੀ ਉਨ੍ਹਾਂ ਨੇ ਕਿਹਾ,"ਇਹ ਕਹਿਣਾ ਔਖਾ ਹੈ ਕਿ ਲਾਸ਼ਾਂ ਕਿੱਥੋਂ ਆਈਆਂ ਹਨ। ਅਜੇ ਗੰਗਾ ਵਿੱਚ ਪਾਣੀ ਘੱਟ ਹੈ। ਜੇ ਬਰਸਾਤ ਦਾ ਮੌਸਮ ਹੁੰਦਾ ਤਾਂ ਲਾਸ਼ਾਂ ਵਹਿ ਗਈਆਂ ਹੁੰਦੀਆਂ ਅਤੇ ਕਿਸੇ ਨੂੰ ਪਤਾ ਵੀ ਨਾ ਲੱਗਦਾ।"
"ਪਰ ਬਕਸਰ ਪ੍ਰਸ਼ਾਸਨ ਜੋ ਸ਼ਮਸ਼ਾਨਘਾਟ ਉਤੇ ਨਦੀ ਦੇ ਘੁਮਾਓ ਦੀ ਗੱਲ ਕਰ ਰਿਹਾ ਹੈ ਉਸ ਵਿੱਚ ਦਮ ਹੈ। ਨਦੀ ਕਰਵ ਦੇ ਬਾਹਰੀ ਕਿਨਾਰੇ ਵਿੱਚ ਕਿਨਾਰਿਆਂ ਨੂੰ ਕੱਟਦੀ ਹੈ ਅਤੇ ਅੰਦਰੂਨੀ ਕਿਨਾਰਿਆਂ ਵਿਚ ਮਿੱਟੀ ਜਮ੍ਹਾਂ ਕਰਦੀ ਹੈ।"
"ਇਹ ਨਦੀਆਂ ਵਿੱਚ ਸੁਭਾਵਿਕ ਹੈ। ਜੇਕਰ ਲਾਸ਼ ਜਾਂ ਵਹਿੰਦੀ ਹੋਈ ਕੋਈ ਚੀਜ਼ ਅੰਦਰੂਨੀ ਸਰਕਲ ਵਿੱਚ ਹੋਵੇਗੀ ਤਾਂ ਨਦੀ ਲਾਸ਼ ਨੂੰ ਬਾਹਰ ਵੱਲ ਜਮ੍ਹਾਂ ਕਰੇਗੀ ਠੀਕ ਮਿੱਟੀ ਵਾਂਗੂ।"
ਸਵਾਲ: ਕੀ ਲਾਸ਼ਾਂ ਨੂੰ ਪਾਣੀ ਵਿੱਚ ਵਹਾ ਦੇਣ ਦੀ ਪਰੰਪਰਾ ਹੈ?
ਜਵਾਬ: ਬਕਸਰ ਦੇ ਚੌਸਾ ਵਿੱਚ ਗੰਗਾ ਨਦੀ ਵਿੱਚ ਲਾਸ਼ਾਂ ਦੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬਕਸਰ ਪ੍ਰਸ਼ਾਸਨ ਵੱਲੋਂ 10 ਮਈ ਨੂੰ ਇਹ ਬਿਆਨ ਆਇਆ ਕਿ ਸਾਡੇ ਇੱਥੇ (ਬਿਹਾਰ) ਲਾਸ਼ਾਂ ਨੂੰ ਪਾਣੀ ਵਿੱਚ ਵਹਾ ਦੇਣ ਦੀ ਪਰੰਪਰਾ ਨਹੀਂ ਹੈ।

ਤਸਵੀਰ ਸਰੋਤ, vinod singh/BBC
ਇਸ ਸਬੰਧ ਵਿਚ ਹਿੰਦੂ ਕਰਮਕਾਂਡ ਦੇ ਜਾਣਕਾਰ ਪ੍ਰਭੰਜਨ ਭਾਰਦਵਾਜ ਦੱਸਦੇ ਹਨ, "ਬਿਹਾਰ ਵਿਚ ਜ਼ਿਆਦਾਤਰ ਥਾਵਾਂ 'ਤੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਪਰ ਸੱਪ ਦੇ ਕੱਟਣ ਜਾਂ ਕੋਹੜ ਵਰਗੀ ਬੀਮਾਰੀ ਨਾਲ ਮੌਤ ਹੋਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਘੜੇ ਵਿੱਚ ਪਾਣੀ ਭਰ ਕੇ ਜਾਂ ਕੇਲੇ ਦੇ ਤਣੇ ਦੇ ਨਾਲ ਬੰਨ੍ਹ ਕੇ ਨਦੀ ਦੇ ਵਿਚ ਵਹਾ ਦਿੱਤਾ ਜਾਂਦਾ ਹੈ।"
ਭਾਰਦਵਾਜ ਦੱਸਦੇ ਹਨ ਕਿ ਉੱਤਰ ਪ੍ਰਦੇਸ਼ ਦੇ ਸੈਂਕੜੇ ਪਿੰਡਾਂ ਵਿੱਚ ਮ੍ਰਿਤਕ ਦੇਹ ਨੂੰ ਪਾਣੀ ਵਿੱਚ ਵਹਾ ਦੇਣ ਦੀ ਪਰੰਪਰਾ ਹੈ।
ਉਹ ਆਖਦੇ ਹਨ, "ਕਰਮਨਾਸ਼ਾ ਨਦੀ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਵਗਦੀ ਹੈ। ਕਰਮਨਾਸ਼ਾ ਦਾ ਜੋ ਹਿੱਸਾ ਉੱਤਰ ਪ੍ਰਦੇਸ਼ ਵੱਲ ਹੈ ਉਥੇ ਸੈਂਕੜੇ ਪਿੰਡਾਂ ਵਿੱਚ ਮ੍ਰਿਤਕ ਦੇਹਾਂ ਨੂੰ ਮੁਖਅਗਨੀ ਦੇ ਕੇ ਪ੍ਰਵਾਹਿਤ ਕਰ ਦਿੱਤਾ ਜਾਂਦਾ ਹੈ।"


ਸਵਾਲ: ਜੇਕਰ ਸਥਾਨਕ ਲੋਕ ਮਜਬੂਰਨ ਮ੍ਰਿਤਕ ਦੇਹਾਂ ਪ੍ਰਵਾਹਿਤ ਕਰਦੇ ਹਨ ਤਾਂ ਇਸ ਦੇ ਕਾਰਨ ਕੀ ਹਨ?
ਜਵਾਬ: ਬਕਸਰ ਦੇ ਵਿਧਾਇਕ ਸੰਜੇ ਕੁਮਾਰ ਤਿਵਾੜੀ ਆਖਦੇ ਹਨ, "ਪਹਿਲੀ ਗੱਲ ਤਾਂ ਇਹ ਮ੍ਰਿਤਕ ਦੇਹਾਂ ਉੱਤਰ ਪ੍ਰਦੇਸ਼ ਤੋਂ ਆਈਆਂ ਹਨ। ਹੁਣ ਇਹ ਉੱਤਰ ਪ੍ਰਦੇਸ਼ ਤੋਂ ਬਿਹਾਰ ਨਾ ਆ ਸਕਣ ਇਸ ਲਈ ਨਦੀ ਵਿੱਚ ਅਸੀਂ ਦੋ ਜਗ੍ਹਾ ਵੱਡਾ ਜਾਲ ਲਗਵਾ ਦਿੱਤਾ ਹੈ।"
ਤਿਵਾੜੀ ਮੰਨਦੇ ਹਨ ਕਿ ਦਾਹ ਸੰਸਕਾਰ ਬਹੁਤ ਮਹਿੰਗਾ ਹੋ ਚੁੱਕਿਆ ਹੈ।
ਉਨ੍ਹਾਂ ਅਨੁਸਾਰ,"ਲੱਕੜ ਤੇ ਦਾਹ ਸੰਸਕਾਰ ਨਾਲ ਸਬੰਧਤ ਸਾਮਾਨ ਦੀਆਂ ਕੀਮਤਾਂ ਵਧ ਗਈਆਂ ਹਨ। ਪਹਿਲਾਂ ਜੋ ਲੱਕੜ 250 ਰੁਪਏ ਪ੍ਰਤੀ ਮਣ ਮਿਲਦੀ ਸੀ ਹੁਣ ਉਹ 400 ਰੁਪਏ ਪ੍ਰਤੀ ਮਣ ਹੋ ਚੁੱਕੀ ਹੈ। ਪੁਆਲ, ਪਾਥੀਆਂ ਸਭ ਦਾ ਇਹ ਹਾਲ ਹੈ।"

ਤਸਵੀਰ ਸਰੋਤ, Umesh Shrivastava/BBC
"ਲੋੜ ਮੁਤਾਬਕ ਸਪਲਾਈ ਹੋ ਨਹੀਂ ਰਹੀ ਜਦਕਿ ਕੋਵਿਡ ਅਤੇ ਬਿਨਾਂ ਕੋਵਿਡ ਮਰੀਜ਼ਾਂ ਦੀ ਮੌਤ ਦੀ ਸੰਖਿਆ ਬਹੁਤ ਵਧ ਗਈ ਹੈ। ਅਸੀਂ ਹਸਪਤਾਲਾਂ ਅਤੇ ਸ਼ਮਸ਼ਾਨ ਗ੍ਰਹਿ ਵਿੱਚ ਭ੍ਰਿਸ਼ਟਾਚਾਰ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਹੈ।"
ਸਵਾਲ: ਕੀ ਇਸ ਨਾਲ ਨਦੀ ਦੇ ਪਾਣੀ ਉਪਰ ਅਸਰ ਪਵੇਗਾ? ਜੋ ਲੋਕ ਇਸ ਪਾਣੀ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਕੀ ਸਮੱਸਿਆਵਾਂ ਆ ਸਕਦੀਆਂ ਹਨ?
ਜਵਾਬ: ਦਿਨੇਸ਼ ਮਿਸ਼ਰਾ ਆਖਦੇ ਹਨ, "ਜੇਕਰ ਕੋਵਿਡ ਨਾਲ ਸੰਕਰਮਿਤ ਲੋਕਾਂ ਦੀਆਂ ਮ੍ਰਿਤਕ ਦੇਹਾਂ ਨਦੀ ਦੇ ਪਾਣੀ ਵਿੱਚ ਹਨ ਤਾਂ ਬੇਸ਼ੱਕ ਇਸ ਦਾ ਅਸਰ ਪਾਣੀ ਉੱਪਰ ਪਵੇਗਾ। ਪਾਣੀ ਮਰਜ਼ ਵਗੈਰਾ ਆਪਣੇ ਨਾਲ ਲੈ ਕੇ ਚੱਲੇਗਾ।"
"ਜਿੰਨੀ ਸੰਖਿਆ ਵਿੱਚ ਮ੍ਰਿਤਕ ਦੇਹਾਂ ਦਿਖ ਰਹੀਆਂ ਹਨ, ਉਸ ਹਿਸਾਬ ਨਾਲ ਤਾਂ ਇਸ ਪਾਣੀ ਦਾ ਟਰੀਟਮੈਂਟ ਵੀ ਨਾਮੁਮਕਿਨ ਜਿਹੀ ਗੱਲ ਹੈ। ਸਵਾਲ ਇਹ ਵੀ ਹੈ ਕਿ ਕੀ ਪ੍ਰਸ਼ਾਸਨ ਨੇ ਇਨ੍ਹਾਂ ਥਾਵਾਂ ਦਾ ਪਾਣੀ ਲੈ ਕੇ ਕੋਈ ਜਾਂਚ ਕੀਤੀ ਹੈ?"
ਸਿਹਤ ਮਾਮਲਿਆਂ ਦੇ ਮਾਹਿਰ ਅਤੇ ਆਈਐੱਮਏ ਬਿਹਾਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਾ. ਅਜੇ ਕੁਮਾਰ ਆਖਦੇ ਹਨ, "ਫਿਲਹਾਲ ਨਦੀ ਦੇ ਪਾਣੀ ਦੀ ਕਿਸੇ ਵੀ ਕੰਮ ਲਈ ਵਰਤੋਂ ਨਹੀਂ ਕਰਨੀ ਚਾਹੀਦੀ। ਨਾ ਆਪਣੇ ਲਈ ਅਤੇ ਨਾ ਹੀ ਜਾਨਵਰਾਂ ਲਈ।"

ਤਸਵੀਰ ਸਰੋਤ, Umesh Shrivastava/BBC
"ਕੋਵਿਡ ਦੇ ਵਿਸ਼ਾਣੂ ਮੂੰਹ, ਨੱਕ ਅਤੇ ਕੰਨ ਰਾਹੀਂ ਸਰੀਰ ਅੰਦਰ ਜਾਂਦੇ ਹਨ। ਜੇਕਰ ਲੋਕ ਇਸ ਪਾਣੀ ਦੀ ਵਰਤੋਂ ਕਰਨਗੇ ਤਾਂ ਬੈਕਟੀਰੀਆ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਨਾਲ- ਨਾਲ ਕੋਵਿਡ ਵੀ ਹੋ ਸਕਦਾ ਹੈ। ਇਹ ਜਾਨਲੇਵਾ ਸਿੱਧ ਹੋ ਸਕਦਾ ਹੈ।"
ਸਵਾਲ: ਪ੍ਰਸ਼ਾਸਨ ਨੂੰ ਹੁਣ ਕੀ ਕਰਨਾ ਚਾਹੀਦਾ ਹੈ?
ਜਵਾਬ: ਦਿਨੇਸ਼ ਮਿਸ਼ਰ ਆਖਦੇ ਹਨ ,"ਸਭ ਤੋਂ ਪਹਿਲਾਂ ਤਾਂ ਐਡਵਾਈਜ਼ਰੀ ਜਾਰੀ ਕਰਨੀ ਚਾਹੀਦੀ ਹੈ ਕਿ ਆਮ ਲੋਕ ਪਾਣੀ ਦੀ ਸਿੱਧੀ ਵਰਤੋਂ ਨਾ ਕਰਨ। ਨਹਾਉਣ ਵਗ਼ੈਰਾ ਵਾਸਤੇ ਵੀ ਇਸ ਪਾਣੀ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ ਅਤੇ ਤੁਰੰਤ ਪਾਣੀ ਦੀ ਟੈਸਟਿੰਗ ਹੋਣੀ ਚਾਹੀਦੀ ਹੈ।"
"ਜਾਨਵਰਾਂ ਨੂੰ ਵੀ ਇਸ ਪਾਣੀ ਵਿੱਚ ਲੈ ਕੇ ਜਾਣ ਉੱਪਰ ਪਾਬੰਦੀ ਲੱਗਣੀ ਚਾਹੀਦੀ ਹੈ ਕਿਉਂਕਿ ਜੇਕਰ ਜਾਨਵਰਾਂ ਵਿੱਚ ਕਿਸੇ ਤਰ੍ਹਾਂ ਦਾ ਰੋਗ ਆਇਆ ਅਤੇ ਉਨ੍ਹਾਂ ਦੀ ਮੌਤ ਹੋਈ ਤਾਂ ਮੁਸ਼ਕਿਲਾਂ ਬਹੁਤ ਵਧ ਜਾਣਗੀਆਂ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਵਾਲ: ਕੀ ਇਨ੍ਹਾਂ ਘਟਨਾਵਾਂ ਦਾ ਲੋਕਾਂ ਉੱਪਰ ਮਨੋਵਿਗਿਆਨਕ ਤੌਰ 'ਤੇ ਵੀ ਕੋਈ ਅਸਰ ਪਵੇਗਾ?
ਜਵਾਬ: ਇਸ ਦੇ ਜਵਾਬ ਵਿੱਚ ਮਨੋਵੇਦ ਮੈਗ਼ਜ਼ੀਨ ਦੇ ਸੰਪਾਦਕ ਅਤੇ ਮਨੋਚਿਕਿਤਸਕ ਡਾ. ਵਿਨੈ ਕੁਮਾਰ ਆਖਦੇ ਹਨ ,"ਨਦੀ ਵਿੱਚ ਮ੍ਰਿਤਕ ਦੇਹਾਂ ਤੈਰਨ ਲੱਗਣ ਤਾਂ ਸਥਿਤੀ ਬਹੁਤ ਭਿਆਨਕ ਹੋ ਜਾਂਦੀ ਹੈ ਅਤੇ ਇਸ ਨਾਲ ਮਨੁੱਖ ਦੇ ਮਨ ਵਿੱਚ ਡਰ ਦਾ ਭਾਵ ਆਵੇਗਾ।"
"ਉਸ ਨੂੰ ਘਬਰਾਹਟ ਹੋਵੇਗੀ ਅਤੇ ਮੌਤ ਆਸਪਾਸ ਮਹਿਸੂਸ ਹੋਵੇਗੀ। ਜੇਕਰ ਅਜਿਹੀਆਂ ਘਟਨਾਵਾਂ ਵਾਰ-ਵਾਰ ਹੋਣਗੀਆਂ ਤਾਂ ਸਮਾਜ ਵਿੱਚ ਉਦਾਸੀ ਦੇ ਨਾਲ ਕਠੋਰਤਾ ਆਵੇਗੀ। ਜਦੋਂ ਕਿਸੇ ਸਮਾਜ ਵਿੱਚ ਕਠੋਰਤਾ ਆ ਜਾਵੇ ਤਾਂ ਉਥੇ ਕੋਈ ਕਿਸੇ ਦੀ ਮਦਦ ਲਈ ਅੱਗੇ ਨਹੀਂ ਉੱਠਦਾ ਹੈ।"
ਉਹ ਆਖਦੇ ਹਨ ਕਿ ਇਸ ਪੂਰੇ ਮਾਮਲੇ ਵਿਚ ਸਭ ਤੋਂ ਅਹਿਮ ਭੂਮਿਕਾ ਸਥਾਨਿਕ ਲੋਕ ਪ੍ਰਤੀਨਿਧੀਆਂ ਦੀ ਹੈ।
ਪੰਚਾਇਤੀ ਪੱਧਰ ਉੱਪਰ ਲੋਕ ਜਨ ਪ੍ਰਤੀਨਿਧੀਆਂ ਨੂੰ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਮ੍ਰਿਤਕ ਦੇਹ ਬਾਰੇ ਪਤਾ ਲੱਗੇ ਤਾਂ ਤੁਰੰਤ ਉਸ ਦਾ ਅੰਤਿਮ ਸੰਸਕਾਰ ਕਰਵਾ ਦੇਣ।
ਸਵਾਲ: ਕੀ ਉੱਤਰ ਪ੍ਰਦੇਸ਼, ਬਿਹਾਰ ਦੀਆਂ ਨਦੀਆਂ ਵਿੱਚ ਇਸ ਤਰ੍ਹਾਂ ਮ੍ਰਿਤਕ ਦੇਹਾਂ ਦਾ ਦਿਖਣਾ ਇਨ੍ਹਾਂ ਦੋਵਾਂ ਸੂਬਿਆਂ ਦੀਆਂ ਸਿਹਤ ਸੇਵਾਵਾਂ ਅਤੇ ਸਮਾਜਿਕ ਸੂਚਕਕਾਂ ਦਾ ਗ਼ੈਰ-ਜ਼ਿੰਮੇਵਾਰ ਹੋਣ ਦਾ ਵੀ ਸੂਚਕ ਹੈ?
ਜਵਾਬ: ਇਸ ਸਵਾਲ ਦੇ ਜਵਾਬ ਲਈ ਅਸੀਂ ਪੱਤਰਕਾਰ ਦਯਾਸ਼ੰਕਰ ਰਾਏ ਜੋ ਮੂਲ ਤੌਰ 'ਤੇ ਬਲੀਆ ਦੇ ਰਹਿਣ ਵਾਲੇ ਹਨ ਅਤੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਰਾਸ਼ਟਰੀ ਸਹਾਰਾ ਅਖ਼ਬਾਰ ਦੇ ਸੰਪਾਦਕ ਵੀ ਰਹੇ ਹਨ, ਨਾਲ ਗੱਲ ਕੀਤੀ।

ਤਸਵੀਰ ਸਰੋਤ, SATYAPRAKASH/BBC
ਉਹ ਦੱਸਦੇ ਹਨ, "ਬਿਹਾਰ ਵਿੱਚ ਹਾਲਾਤ ਬਹੁਤ ਹੀ ਤਰਸਯੋਗ ਹਨ। ਉੱਤਰ ਪ੍ਰਦੇਸ਼ ਦੇ ਹਾਲਾਤ ਉਸ ਤੋਂ ਕੁਝ ਬਿਹਤਰ ਹਨ ਪਰ ਇਹ ਸਿਰਫ਼ ਲਖਨਊ, ਦਿੱਲੀ ਦੇ ਆਸ ਪਾਸ ਦੇ ਇਲਾਕੇ, ਕਾਨਪੁਰ, ਇਲਾਹਾਬਾਦ ਵਿੱਚ ਹੀ ਹੈ।"
"ਬਾਕੀ ਸਾਰੇ ਇਲਾਕਿਆਂ ਦੇ ਹਾਲਾਤ ਬਿਹਾਰ ਵਰਗੇ ਹੀ ਹਨ। ਇਨ੍ਹਾਂ ਦੋਵਾਂ ਸੂਬਿਆਂ ਵਿੱਚ ਸਿੱਖਿਆ ਅਤੇ ਸਿਹਤ ਵਿਵਸਥਾ ਦੇ ਨਾਲ-ਨਾਲ ਪੂਰੇ ਸਰਕਾਰੀ ਤੰਤਰ ਦੇ ਨਿੱਜੀਕਰਨ ਦੇ ਕਾਰਨ ਸਰਕਾਰ ਦਾ ਕੰਟਰੋਲ ਲਗਭਗ ਖ਼ਤਮ ਹੋ ਚੁੱਕਿਆ ਹੈ। ਇਹੀ ਕਾਰਨ ਹੈ ਕਿ ਹਸਪਤਾਲਾਂ-ਸਕੂਲਾਂ ਤੋਂ ਲੈ ਕੇ ਸ਼ਮਸ਼ਾਨ ਤੱਕ ਲੁੱਟ ਹੁੰਦੀ ਦਿਖ ਰਹੀ ਹੈ।"
ਦਯਾਸ਼ੰਕਰ ਅੱਗੇ ਆਖਦੇ ਹਨ, "ਕੋਰੋਨਾ ਦੇ ਸਮੇਂ ਦੋਵੇਂ ਸੂਬਿਆਂ ਦੇ ਪੇਂਡੂ ਖੇਤਰਾਂ ਵਿੱਚ ਟੈਸਟਿੰਗ ਦਾ ਬੁਰਾ ਹਾਲ ਹੈ। ਅਜਿਹੇ ਹਾਲਾਤਾਂ ਦੌਰਾਨ ਲੋਕ ਚੰਗੀ ਤਰ੍ਹਾਂ ਇਲਾਜ ਜਾਂ ਜਾਂਚ ਨਹੀਂ ਕਰਵਾਉਂਦੇ ਅਤੇ ਮੌਤ ਹੋ ਜਾਣ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਕੋਵਿਡ ਦੇ ਡਰ ਅਤੇ ਕਮਜ਼ੋਰ ਹੁੰਦੀ ਆਰਥਿਕ ਸਥਿਤੀ ਦੇ ਕਾਰਨ ਇਉਂ ਹੀ ਸੁੱਟ ਰਹੇ ਹਨ। ਦੋਹਾਂ ਸੂਬਿਆਂ ਨੂੰ ਆਪਣੀ ਕਲਿਆਣਕਾਰੀ ਭੂਮਿਕਾ ਨਿਭਾਉਣ ਦੀ ਸਖ਼ਤ ਲੋੜ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












