ਹਮਾਸ: ਇਜ਼ਰਾਈਲੀ ਸ਼ਹਿਰਾਂ ਉੱਤੇ ਰਾਕੇਟ ਹਮਲੇ ਕਰਨ ਵਾਲੀ ਫਲਸਤੀਨੀ ਜਥੇਬੰਦੀ ਦਾ ਪਿਛੋਕੜ

ਤਸਵੀਰ ਸਰੋਤ, AFP
ਹਮਾਸ ਫਲਸਤੀਨੀ ਕੱਟੜਪੰਥੀ ਇਸਲਾਮਿਕ ਜਥੇਬੰਦੀਆਂ ਵਿੱਚ ਸਭ ਤੋਂ ਵੱਡੀ ਖਾੜਕੂ ਜਥੇਬੰਦੀ ਹੈ।
ਇਸ ਦਾ ਨਾਮ ‘ਇਸਲਾਮਿਕ ਰਜ਼ਿਸਟੈਂਟ ਮੂਵਮੈਂਟ’ ਦਾ ਸੰਖੇਪ ਹੈ, ਜੋ 1987 ਇਜ਼ਰਾਈਲ ਵੱਲੋਂ ਵੈਸਟ ਬੈਂਕ ਤੇ ਗਾਜ਼ਾ ਪੱਟੀ ਉਪਰ ਕਬਜ਼ੇ ਤੋਂ ਬਾਅਦ ਸ਼ੁਰੂ ਹੋਇਆ ਸੀ।
ਸ਼ੁਰੂਆਤ ਵਿੱਚ ਹਮਾਸ ਦੇ ਦੋ ਮੁੱਖ ਮਕਸਦ ਸੀ - ਪਹਿਲਾ ਇਜ਼ਰਾਈਲ ਦੇ ਖ਼ਿਲਾਫ਼ ਇਸ ਦੇ ਮਿਲਟਰੀ ਵਿੰਗ- ਅਜ਼ਦੀਨ ਅਲ ਕਾਸਮ ਨਾਲ ਹਥਿਆਰਬੰਦ ਲੜਾਈ ਅਤੇ ਦੂਜਾ ਸਮਾਜਿਕ ਭਲਾਈ ਦੇ ਕੰਮ।
ਪਰ 2005 ਤੋਂ ਬਾਅਦ ਇਹ ਫਲਸਤੀਨ ਦੇ ਰਾਜਨੀਤਿਕ ਮਾਮਲਿਆਂ ਵਿੱਚ ਵੀ ਸਰਗਰਮ ਹੋਇਆ ਹੈ। ਇਹ ਅਰਬ ਸੰਸਾਰ ਦਾ ਪਹਿਲਾ ਇਸਲਾਮਿਕ ਗਰੁੱਪ ਹੈ, ਜਿਸ ਨੇ ਬੈਲੇਟ ਬਾਕਸ ਰਾਹੀਂ ਚੋਣਾਂ ਜਿੱਤੀਆਂ।
ਇਜ਼ਰਾਈਲ, ਅਮਰੀਕਾ, ਯੂਰਪੀਅਨ ਯੂਨੀਅਨ, ਯੂਕੇ ਅਤੇ ਹੋਰ ਕਈ ਦੇਸ਼ਾਂ ਵੱਲੋਂ ਹਮਾਸ ਨੂੰ ਇੱਕ ''ਅੱਤਵਾਦੀ ਗਰੁੱਪ'' ਕਰਾਰ ਦਿੱਤਾ ਗਿਆ ਹੈ।
ਹਮਾਸ ਦਾ 2017 ਐਲਾਨਨਾਮਾ
ਹਮਾਸ ਦੇ ਅਧਿਕਾਰ ਪੱਤਰ ਅਨੁਸਾਰ ''ਇਜ਼ਰਾਈਲ ਦੀ ਬਰਬਾਦੀ'' ਇਸ ਦਾ ਮੰਤਵ ਹੈ। ਆਪਣੇ ਸਮਰਥਕਾਂ ਲਈ ਇਹ ਇੱਕ ਖਾੜਕੂ ਅੰਦੋਲਨ ਹੈ।
2017 ਵਿੱਚ ਇਸ ਗਰੁੱਪ ਵੱਲੋਂ ਇੱਕ ਨਵਾਂ ਦਸਤਾਵੇਜ਼ ਛਾਪਿਆ ਗਿਆ।
ਇਹ ਐਲਾਨ ਕੀਤਾ ਗਿਆ ਕਿ ਇਹ 1967 ਤੋਂ ਪਹਿਲਾਂ ਵਾਲੀਆਂ ਸਰਹੱਦਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ, ਜਿਸ ਵਿੱਚ ਇਜ਼ਰਾਈਲ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ।
ਇਸ ਵਿੱਚ ਯਹੂਦੀਆਂ ਦੇ ਖ਼ਿਲਾਫ਼ ਅਧਿਕਾਰ ਪੱਤਰ ਵਾਲੀ ਭਾਸ਼ਾ ਵੀ ਨਹੀਂ ਦੁਹਰਾਈ ਗਈ।
ਇਸ ਦਸਤਾਵੇਜ਼ ਰਾਹੀਂ ਹਮਾਸ ਨੇ ਆਪਣੀ ਦਿੱਖ ਨੂੰ ਨਰਮ ਰੁਖ਼ ਦੇਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਇਹ ਸਾਫ ਕੀਤਾ ਕਿ ਉਹ ਆਪਣੇ ਅਧਿਕਾਰ ਪੱਤਰ ਨੂੰ ਨਹੀਂ ਬਦਲੇਗਾ।
2006 ਵਿੱਚ ਹਮਾਸ ਨੇ ਫ਼ਲਸਤੀਨੀ ਲੈਜਿਸਲੇਟਿਵ ਕੌਂਸਲ ਦੀਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕੀਤੀ। ਇਸ ਦੌਰਾਨ ਵਿਰੋਧੀ ਫਤਾਹ ਗਰੁੱਪ ਫ਼ਲਸਤੀਨੀ ਅਥਾਰਿਟੀ ਦੇ ਮੁਖੀ ਮਹਿਮੂਦ ਅੱਬਾਸ ਨਾਲ ਤਲਖੀ ਵੀ ਵਧੀ।
2007 ਵਿੱਚ ਗਾਜ਼ਾ ਵਿਖੇ ਫਤਾਹ ਅਤੇ ਹਮਾਸ ਵਿਚਕਾਰ ਖੂਨੀ ਝੜਪਾਂ ਹੋਈਆਂ ਅਤੇ ਹਮਾਸ ਨੇ ਆਪਣੀ ਸਰਕਾਰ ਬਣਾਈ, ਜਿਸ ਵਿੱਚੋਂ ਫਤਾਹ ਅਤੇ ਫ਼ਲਸਤੀਨ ਅਥਾਰਟੀ ਨੂੰ ਬਾਹਰ ਰੱਖਿਆ ਗਿਆ।

ਤਸਵੀਰ ਸਰੋਤ, Reuters
ਗਾਜ਼ਾ ਪੱਟੀ ਰਾਹੀਂ ਹੋਣ ਵਾਲੇ ਸਾਰੇ ਹਮਲਿਆਂ ਲਈ ਇਜ਼ਰਾਈਲ ਨੇ ਹਮਾਸ ਨੂੰ ਦੋਸ਼ੀ ਠਹਿਰਾਇਆ ਅਤੇ ਤਿੰਨ ਵੱਡੇ ਮਿਲਟਰੀ ਅਪ੍ਰੇਸ਼ਨ ਕੀਤੇ।
ਜਿਸ ਵਿੱਚ ਦਸੰਬਰ 2008 ਵਿੱਚ ਆਪ੍ਰੇਸ਼ਨ ਕਾਸਟ ਲੈਡ, ਨਵੰਬਰ 2012 ਵਿੱਚ ਆਪ੍ਰੇਸ਼ਨ ਪਿਲਰ ਆਫ ਡਿਫੈਂਸ ਅਤੇ ਜੁਲਾਈ 2014 ਵਿੱਚ ਅਪਰੇਸ਼ਨ ਪ੍ਰੋਟੈਕਟਿਵ ਐੱਜ ਸ਼ਾਮਲ ਹਨ।
ਇਸ ਦੌਰਾਨ ਇਜ਼ਰਾਈਲ ਵੱਲੋਂ ਹਵਾਈ ਹਮਲੇ ਕੀਤੇ ਗਏ ਅਤੇ ਦੂਜੇ ਪਾਸਿਓਂ ਗਾਜ਼ਾ ਵਿੱਚੋਂ ਰਾਕੇਟ ਲਾਂਚ ਕੀਤੇ ਗਏ।
ਗਾਜ਼ਾ ਪੱਟੀ ਵਿੱਚ ਇਜ਼ਰਾਈਲ ਅਤੇ ਮਿਸਰ ਵੱਲੋਂ ਸਾਂਝੇ ਤੌਰ ’ਤੇ ਲਗਾਈਆਂ ਪਾਬੰਦੀਆਂ ਤੋਂ ਬਾਅਦ ਹਮਾਸ ਦਾ ਸੰਘਰਸ਼ ਜਾਰੀ ਰਿਹਾ।
2013 ਵਿੱਚ ਮਿਸਰ ਦੇ ਰਾਸ਼ਟਰਪਤੀ ਮੁਹੰਮਦ ਮੋਰਸੀ ਦਾ ਤਖ਼ਤਾ ਪਲਟਣ ਤੋਂ ਬਾਅਦ ਵੀ ਹਮਾਸ ਨੂੰ ਨੁਕਸਾਨ ਹੋਇਆ।
ਅਪ੍ਰੈਲ 2014 ਵਿੱਚ ਹਮਾਸ ਨੇ ਫਤਾਹ ਨਾਲ ਸਮਝੌਤਾ ਕਰਕੇ ਨੈਸ਼ਨਲ ਯੂਨਿਟੀ ਸਰਕਾਰ ਬਣਾਈ,ਪਰ ਇਹ ਕਦੇ ਵੀ ਪੂਰੀ ਤਰ੍ਹਾਂ ਚੱਲੀ ਨਹੀਂ।
ਆਤਮਘਾਤੀ ਹਮਲੇ
ਇਜ਼ਰਾਈਲ ਅਤੇ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਵਿਚਕਾਰ ਓਸਲੋ ਸ਼ਾਂਤੀ ਸਮਝੌਤੇ ਤੋਂ ਬਾਅਦ ਹਮਾਸ- ਫਲਸਤੀਨ ਦੇ ਸਭ ਤੋਂ ਵੱਡੇ ਵਿਰੋਧੀ ਗਰੁੱਪ ਵਜੋਂ ਉੱਭਰਿਆ।
ਫਰਵਰੀ ਅਤੇ ਮਾਰਚ 1996 ਦੌਰਾਨ ਇਸ ਨੇ ਬੱਸਾਂ ਵਿੱਚ ਕਈ ਆਤਮਘਾਤੀ ਹਮਲੇ ਕੀਤੇ, ਜਿਸ ਵਿੱਚ ਤਕਰੀਬਨ 60 ਇਜ਼ਰਾਈਲੀ ਮਾਰੇ ਗਏ।
ਇਹ ਵੀ ਪੜ੍ਹੋ:-
ਇਹ ਸਭ ਦਸੰਬਰ 1995 ਵਿੱਚ ਹਮਾਸ ਲਈ ਬੰਬ ਬਣਾਉਣ ਵਾਲੇ ਯਹੀਆ ਅਯਾਸ਼ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ।
ਇਨ੍ਹਾਂ ਆਤਮਘਾਤੀ ਹਮਲਿਆਂ ਤੋਂ ਬਾਅਦ ਓਸਲੋ ਸ਼ਾਂਤੀ ਸਮਝੌਤੇ ਦੇ ਵਿਰੋਧੀ ਬੈਨਯਾਮਿਨ ਨੇਤਨਯਾਹੂ ਸੱਤਾ ਵਿੱਚ ਆਏ ਅਤੇ ਬਹੁਤ ਸਾਰੇ ਇਜ਼ਰਾਈਲੀ ਸ਼ਾਂਤੀ ਸਮਝੌਤੇ ਦੇ ਵਿਰੋਧ ਵਿੱਚ ਹੋ ਗਏ।
ਇਸ ਤੋਂ ਬਾਅਦ ਹਮਾਸ ਫਿਰ ਤਾਕਤਵਰ ਹੋਇਆ ਖ਼ਾਸ ਕਰਕੇ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਕੈਂਪ ਡੇਵਿਡ ਸਮਿਟ 2000 ਅਸਫ਼ਲਤਾ ਤੋਂ ਬਾਅਦ।
ਇਸ ਤੋਂ ਬਾਅਦ ਹਮਾਸ ਨੇ ਫਲਸਤੀਨੀਆਂ ਲਈ ਸਕੂਲ ਅਤੇ ਕਲੀਨਿਕ ਬਣਾਏ। ਫਲਸਤੀਨੀ ਲੋਕ ਫਤਾਹ ਵਾਲੀ ਫਲਸਤੀਨੀ ਅਥਾਰਿਟੀ ਤੋਂ ਤੰਗ ਆ ਚੁੱਕੇ ਸਨ।
ਕਈ ਸਾਰੇ ਫਲਸਤੀਨੀ ਲੋਕ ਹਮਾਸ ਦੇ ਆਤਮਘਾਤੀ ਹਮਲਿਆਂ ਦਾ ਸਮਰਥਨ ਵੀ ਕਰਦੇ ਸਨ।
ਇਨ੍ਹਾਂ ਆਤਮਘਾਤੀ ਹਮਲਿਆਂ ਦੀਆਂ "ਸ਼ਹੀਦੀਆਂ" ਨੂੰ ਉਹ ਆਪਣੇ ਨੁਕਸਾਨ ਦੇ ਬਦਲੇ ਵਜੋਂ ਵੇਖਦੇ ਸਨ।
ਇਸ ਦੇ ਨਾਲ ਹੀ ਉਹ ਇਸ ਨੂੰ ਇਜ਼ਰਾਈਲ ਦੇ ਖ਼ਿਲਾਫ਼ ਬਦਲਾ ਵੀ ਮੰਨਦੇ ਸਨ, ਜੋ ਵੈਸਟ ਬੈਂਕ 'ਤੇ ਉਸ ਜਗ੍ਹਾ ਨਿਰਮਾਣ ਕਰ ਰਿਹਾ ਸੀ, ਜਿਸ ਨੂੰ ਫਲਸਤੀਨੀ ਆਪਣੀ ਜ਼ਮੀਨ ਦਾ ਹਿੱਸਾ ਮੰਨਦੇ ਸਨ।

ਤਸਵੀਰ ਸਰੋਤ, AFP
2004 ਵਿੱਚ ਫਤਾਹ ਆਗੂ ਯਾਸਿਰ ਅਰਾਫਾਤ ਦੀ ਮੌਤ ਤੋਂ ਬਾਅਦ ਫ਼ਲਸਤੀਨੀ ਅਥਾਰਿਟੀ ਦਾ ਜ਼ਿੰਮਾ ਮਹਿਮੂਦ ਅੱਬਾਸ ਨੂੰ ਮਿਲਿਆ। ਮਹਿਮੂਦ ਰਾਕੇਟ ਰਾਹੀਂ ਇਜ਼ਰਾਈਲ ਉੱਪਰ ਹਮਲਿਆਂ ਨੂੰ ਮਹੱਤਵਪੂਰਨ ਮੰਨਦਾ ਰਿਹਾ।
ਹਮਾਸ ਨੇ ਹਿੰਸਾ ਦਾ ਰਾਹ ਨਹੀਂ ਛੱਡਿਆ
2006 ਵਿੱਚ ਹਮਾਸ ਦੀ ਵੱਡੀ ਜਿੱਤ ਤੋਂ ਬਾਅਦ ਫਤਾਹ ਖ਼ਿਲਾਫ਼ ਸੰਘਰਸ਼ ਸ਼ੁਰੂ ਹੋਇਆ। ਹਮਾਸ ਨੇ ਇਜ਼ਰਾਈਲ ਨਾਲ ਪੁਰਾਣੇ ਫਲਸਤੀਨੀ ਸਮਝੌਤਿਆਂ ਉਪਰ ਦਸਤਖ਼ਤ ਲਈ ਇਨਕਾਰ ਕੀਤਾ ਅਤੇ ਹਿੰਸਾ ਦਾ ਰਾਹ ਨਾ ਛੱਡਣ ਦੀ ਵੀ ਗੱਲ ਕੀਤੀ।
ਹਮਾਸ ਦਾ ਅਧਿਕਾਰ ਪੱਤਰ ਪੁਰਾਤਨ ਫਲਸਤੀਨ ਜਿਸ ਵਿੱਚ ਅੱਜ ਦਾ ਇਜ਼ਰਾਈਲ ਸ਼ਾਮਿਲ ਹੈ, ਨੂੰ ਇਸਲਾਮਿਕ ਧਰਤੀ ਮੰਨਦਾ ਹੈ ਅਤੇ ਯਹੂਦੀ ਪੱਕੇ ਤੌਰ ’ਤੇ ਕਿਸੇ ਸ਼ਾਂਤੀ ਸਮਝੌਤੇ ਦੇ ਖ਼ਿਲਾਫ਼ ਹੈ।
ਹਮਾਸ ਵੱਲੋਂ ਦਸ ਸਾਲ ਦੇ ਯੁੱਧ ਵਿਰਾਮ ਦਾ ਵੀ ਪ੍ਰਸਤਾਵ ਦਿੱਤਾ ਗਿਆ ਬਸ਼ਰਤੇ ਇਜ਼ਰਾਈਲ 1967 ਵਿੱਚ ਆਪਣੇ ਕਬਜ਼ੇ ਵਿੱਚ ਲਈਆਂ ਗਈਆਂ ਜਗ੍ਹਾ ਜਿਸ ਵਿੱਚ ਵੈਸਟ ਬੈਂਕ, ਗਾਜ਼ਾ ਪੱਟੀ ਅਤੇ ਪੂਰਬੀ ਯੇਰੂਸ਼ਲਮ ਸ਼ਾਮਲ ਹੈ, ਛੱਡ ਦੇਵੇ।

ਤਸਵੀਰ ਸਰੋਤ, Getty Images
1948 ਦੇ ਯੁੱਧ ਤੋਂ ਬਾਅਦ ਆਪਣੇ ਘਰਾਂ ਨੂੰ ਛੱਡ ਕੇ ਸ਼ਰਨਾਰਥੀ ਬਣੇ ਫ਼ਲਸਤੀਨੀਆਂ ਨੂੰ ਆਪਣੇ ਘਰ ਵਾਪਿਸ ਆਉਣ ਦਿੱਤਾ ਜਾਵੇ। ਇਹੋ ਸ਼ਰਤਾਂ ਹਨ ਜੋ ਇਜ਼ਰਾਈਲ ਦੀ ਹੋਂਦ ਵਾਸਤੇ ਹੀ ਖ਼ਤਰਾ ਹਨ।
ਕਈ ਸਾਲਾਂ ਦੌਰਾਨ ਹਮਾਸ ਨੇ ਆਪਣੇ ਪ੍ਰਮੁੱਖ ਮੈਂਬਰ ਗਵਾਏ ਹਨ, ਜਿਨ੍ਹਾਂ ਵਿੱਚ ਸ਼ੇਖ ਯਾਸੀਨ, ਅਬਦੁਲ ਅਜ਼ੀਜ਼, ਅਲਰਨ ਤਿਸੀ ਸ਼ਾਮਿਲ ਹਨ। ਇਹ ਦੋਵੇਂ 2004 ਵਿੱਚ ਮਾਰੇ ਗਏ।
ਇਸ ਤੋਂ ਬਿਨਾਂ ਇਜ਼ਰਾਈਲ ਵੱਲੋਂ ਹਮਾਸ ਦੇ ਬ੍ਰਿਗੇਡ ਲੀਡਰ ਸਲਾਹ ਸ਼ਹਿਜ਼ਾਦਾ ਜੁਲਾਈ 2012, ਇਸਮਾਈਲ ਅਬੂ ਚਨਾਬ ਅਗਸਤ 2003, ਸੱਯਦ ਸੀਆਮ 2009 ਵਿੱਚ ਮਾਰੇ ਗਏ।
ਸ਼ੇਖ ਯਾਸਿਨ ਦੀ ਮੌਤ ਤੋਂ ਬਾਅਦ ਖਲੀਲ ਮਸ਼ਾਲ ਇਸ ਗਰੁੱਪ ਦਾ ਮੁਖੀ ਬਣਿਆ। ਉਸ ਤੋਂ ਬਾਅਦ 2017 ਵਿੱਚ ਇਸਮਾਈਲ ਹਾਨੀਆ ਹਮਾਸ ਦਾ ਮੁਖੀ ਬਣਿਆ।
ਫਤਾਹ ਨੂੰ ਹਮਾਸ ਨੇ ਗਾਜ਼ਾ ਵਿੱਚੋਂ ਬਾਹਰ ਕੀਤਾ
2006 ਦੀਆਂ ਚੋਣਾਂ ਵਿੱਚ ਖੜ੍ਹੇ ਹੋਣਾ ਹਮਾਸ ਲਈ ਫਲਸਤੀਨੀ ਅੰਦੋਲਨ ਤੋਂ ਬਾਹਰ ਹੋਣ ਦਾ ਕਾਰਨ ਬਣਿਆ।
ਨਵੀਂ ਸਰਕਾਰ ਨੂੰ ਪੱਛਮ ਅਤੇ ਇਜ਼ਰਾਈਲ ਵੱਲੋਂ ਕੂਟਨੀਤਕ ਅਤੇ ਆਰਥਿਕ ਵਿਰੋਧ ਦਾ ਸਾਹਮਣਾ ਕਰਨਾ ਪਿਆ।
2007 ਵਿੱਚ ਫਤਾਹ ਨੂੰ ਹਮਾਸ ਨੇ ਗਾਜ਼ਾ ਵਿੱਚੋਂ ਬਾਹਰ ਕਰ ਦਿੱਤਾ। ਇਸ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਦੁਆਲੇ ਨਾਕਾਬੰਦੀ ਵਧਾ ਕੇ ਰਾਕੇਟ ਫਾਇਰ ਅਤੇ ਹਮਲੇ ਜਾਰੀ ਰੱਖੇ।
ਉਸ ਸਾਲ ਦਸੰਬਰ ਵਿੱਚ ਇਜ਼ਰਾਈਲ ਨੇ ਆਪਰੇਸ਼ਨ ਕਾਸਟ ਲੀਡ ਸ਼ੁਰੂ ਕੀਤਾ। 22 ਦਿਨ ਚੱਲੇ ਇਸ ਆਪਰੇਸ਼ਨ ਵਿੱਚ 1300 ਫਲਸਤੀਨੀਆਂ ਅਤੇ 13 ਇਜ਼ਰਾਈਲੀ ਸੈਨਿਕ ਮਾਰੇ ਗਏ।
ਇਜ਼ਰਾਈਲ ਨੇ ਕਿਹਾ ਕਿ ਹਮਾਸ ਵੱਲੋਂ ਰਾਕੇਟ ਦੁਆਰਾ ਕੀਤੇ ਹਮਲੇ ਰੋਕਣ ਲਈ ਇਹ ਆਪ੍ਰੇਸ਼ਨ ਹੋਇਆ।

ਤਸਵੀਰ ਸਰੋਤ, AFP
2012 ਵਿੱਚ ਵੀ ਇਜ਼ਰਾਈਲ ਨੇ ਇਹੀ ਕਾਰਨ ਦੱਸਦੇ ਹੋਏ ਹਵਾਈ ਹਮਲੇ ਕੀਤੇ ਜਿਸ ਵਿੱਚ ਅਹਿਮਦ ਜਬਾਰੀ ਜੋ ਕਾਸਿਮ ਬ੍ਰਿਗੇਡ ਦਾ ਕਮਾਂਡਰ ਸੀ, ਦੀ ਮੌਤ ਹੋ ਗਈ।
8 ਦਿਨ ਚੱਲੇ ਇਸ ਅਪਰੇਸ਼ਨ ਵਿੱਚ ਤਕਰੀਬਨ 170 ਫ਼ਲਸਤੀਨੀਆਂ ਅਤੇ 6 ਇਜ਼ਰਾਇਲੀ ਮਾਰੇ ਗਏ।
ਫਲਸਤੀਨੀ ਸੂਤਰਾਂ ਮੁਤਾਬਕ ਹਮਾਸ ਨੇ ਇਸ ਤੋਂ ਬਾਅਦ ਸ਼ਾਂਤੀ ਦੀ ਕੋਸ਼ਿਸ਼ ਕੀਤੀ ਅਤੇ ਕਾਸਮ ਬ੍ਰਿਗੇਡ ਵੱਲੋਂ ਰਾਕੇਟ ਰਾਹੀਂ ਹਮਲੇ ਇਜ਼ਰਾਈਲ ਉੱਤੇ ਨਹੀਂ ਕੀਤੇ ਗਏ।
ਪਰ ਹਮਾਸ ਨੇ ਇਜ਼ਰਾਈਲ ਉੱਤੇ ਰਾਕੇਟ ਰਾਹੀਂ ਹਮਲੇ ਬੰਦ ਨਹੀਂ ਕੀਤੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਫਲਸਤੀਨੀਆਂ ਨੂੰ ਲੱਗੇਗਾ ਕਿ ਹਮਾਸ ਇਜ਼ਰਾਈਲ ਵਿਰੁੱਧ ਲੜਨ ਲਈ ਵਚਨਬੱਧ ਨਹੀਂ ਹੈ।
ਵਿਰੋਧੀ ਗਰੁੱਪ ਖਾਸ ਕਰਕੇ ਇਸਲਾਮਿਕ ਜਿਹਾਦ ਕਿਤੇ ਹਮਾਸ ਨੂੰ ਕਮਜ਼ੋਰ ਨਾ ਸਮਝਣ।
2014 ਦੇ ਮੱਧ ਵਿੱਚ ਰਾਕੇਟ ਹਮਲੇ ਵਧੇ ਜਦੋਂ ਇਜ਼ਰਾਈਲ ਨੇ ਕਈ ਹਮਾਸ ਮੈਂਬਰਾਂ ਨੂੰ ਵੈਸਟ ਬੈਂਕ ਕੋਲ ਗ੍ਰਿਫਤਾਰ ਕੀਤਾ। ਇਜ਼ਰਾਈਲ ਇਸ ਮੌਕੇ ਕਤਲ ਕੀਤੇ ਗਏ ਤਿੰਨ ਕਿਸ਼ੋਰਾਂ ਨੂੰ ਲੱਭ ਰਿਹਾ ਸੀ।
7 ਜੁਲਾਈ ਨੂੰ ਹਮਾਸ ਨੇ ਇਜ਼ਰਾਈਲ ਉੱਪਰ 2012 ਤੋਂ ਬਾਅਦ ਪਹਿਲੀ ਵਾਰ ਰਾਕੇਟ ਦਾਗਣ ਦੀ ਜ਼ਿੰਮੇਵਾਰੀ ਕਬੂਲੀ। ਇਸ ਤੋਂ ਬਾਅਦ ਹਮਾਸ ਅਤੇ ਇਜ਼ਰਾਈਲ ਵਿਚਕਾਰ ਕਈ ਮਹੀਨੇ ਲੰਬੀ ਲੜਾਈ ਦੀ ਸ਼ੁਰੂਆਤ ਹੋਈ।
50 ਦਿਨ ਬਾਅਦ ਇਹ ਲੜਾਈ ਜੰਗਬੰਦੀ ਦੇ ਐਲਾਨ ਤੋਂ ਬਾਅਦ ਰੁਕੀ। ਸੰਯੁਕਤ ਰਾਸ਼ਟਰ ਮੁਤਾਬਕ ਇਸ ਵਿੱਚ ਤਕਰੀਬਨ 2189 ਫਲਸਤੀਨੀ ਮਾਰੇ ਗਏ ਜਿਨ੍ਹਾਂ ਵਿੱਚੋਂ 1486 ਨਾਗਰਿਕ ਸਨ।
ਇਜ਼ਰਾਈਲ ਦੇ 67 ਫੌਜੀਆਂ ਦੀ ਮੌਤ ਹੋਈ ਅਤੇ 6 ਨਾਗਰਿਕ ਵੀ ਮਾਰੇ ਗਏ।
ਇਹ ਵੀ ਪੜ੍ਹੋ:












