ਭਾਜਪਾ ਵਿਧਾਇਕ ਅਰੁਣ ਨਾਰੰਗ 'ਤੇ ਹਮਲੇ ਦੇ ਮਾਮਲੇ 'ਚ 21 ਲੋਕ ਗ੍ਰਿਫ਼ਤਾਰ - ਅਹਿਮ ਖ਼ਬਰਾਂ

ਭਾਜਪਾ ਵਿਧਾਇਕ ਅਰੁਣ ਨਾਰੰਗ 'ਤੇ ਹਮਲੇ ਦੇ ਮਾਮਲੇ ਵਿੱਚ ਮੁਕਤਸਰ ਪੁਲਿਸ ਨੇ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

27 ਮਾਰਚ ਨੂੰ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ ਵਿੱਚ ਕੁੱਟਮਾਰ ਹੋਈ ਸੀ। ਕਿਸਾਨਾਂ ਨੇ ਨਾਰੰਗ ਦਾ ਘਿਰਾਓ ਕੀਤਾ ਅਤੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ ਸੀ।

ਅਰੁਣ ਨਾਰੰਗ ਉੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਨ ਪਹੁੰਚੇ ਸਨ।

ਇਹ ਵੀ ਪੜ੍ਹੋ-

ਮੁਕਤਸਰ ਦੇ ਐੱਸਐੱਸਪੀ ਡੀ ਸੁਧਰਵਿਜ਼ੀ ਨੇ ਕਿਹਾ ਹੈ ਕਿ ਬੁਰਾ ਗੁੱਜਰ ਪਿੰਡ ਦੇ ਸੁਖਦੇਵ ਸਿੰਘ ਜੋ ਕਿ (BKU ਸਿੱਧੂਪੁਰ) ਦਾ ਜ਼ਿਲ੍ਹਾ ਪ੍ਰਧਾਨ ਹੈ, ਜਸੇਆਨਾ ਪਿੰਡ ਦਾ ਨਿਰਮਲ ਸਿੰਘ ਜੋ ਕਿ ਜਨਰਲ ਸਕੱਤਰ ਹੈ ਸਮੇਤ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਿਨ੍ਹਾਂ 'ਤੇ ਆਈਪੀਸੀ ਦੀ ਧਾਰਾ 307, 353, 186, 188, 332, 323, 342, 506, 148 ਅਤੇ 149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।

ਅਰੁਣ ਨਾਰੰਗ 'ਤੇ ਹਮਲੇ ਤੋਂ ਬਾਅਦ ਭਾਜਪਾ ਵੱਲੋਂ ਲਗਾਤਾਰ ਸੂਬੇ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸਨ।

ਦਿੱਲੀ 'ਚ ਇੱਕ ਦਿਨ ਵਿੱਚ ਕੋਰੋਨਾ ਦੇ ਰਿਕਾਰਡ 2800 ਕੇਸ

ਦਿੱਲੀ 'ਚ ਇੱਕ ਦਿਨ ਵਿੱਚ ਕੋਰੋਨਾ ਦੇ ਰਿਕਾਰਡ 2790 ਮਾਮਲੇ ਸਾਹਮਣੇ ਹਨ ਅਤੇ ਐਕਸ਼ਨ ਪਲਾਨ ਤਿਆਰ ਕਰਨ ਨੂੰ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਬੈਠਕ ਸੱਦੀ ਹੈ।

ਦਿੱਲੀ ਵਿੱਚ ਲੰਘੇ 24 ਘੰਟਿਆਂ ਵਿੱਚ ਕੋਰੋਨਾ ਲਾਗ ਦੇ 2790 ਨਵੇਂ ਮਾਮਲੇ ਸਾਹਮਣੇ ਆਏ ਹਨ।

ਸਮਾਚਾਰ ਏਜੰਸੀ ਪੀਟੀਆਈ ਨੇ ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਸਾਲ ਇੱਕ ਦਿਨ ਵਿੱਚ ਸਾਹਮਣੇ ਆਏ ਕੇਸਾਂ ਦੀ ਸਭ ਤੋਂ ਵੱਡੀ ਗਿਣਤੀ ਹੈ।

ਅਧਿਕਾਰੀਆਂ ਮੁਤਾਬਕ ਕੋਰੋਨਾਵਾਇਰਸ ਕਾਰਨ 900 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਦਿੱਲੀ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 11 ਹਜ਼ਾਰ 36 ਹੋ ਗਈ ਹੈ।

ਲਾਗ ਦੇ ਵਧਦੇ ਮਾਮਲਿਆਂ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇੱਕ ਬੈਠਕ ਬੁਲਾਈ ਹੈ, ਜਿਸ ਵਿੱਚ ਯੋਜਨਾ ਤਿਆਰ ਕੀਤੀ ਜਾਵੇਗੀ।

ਬੀਤੇ ਕੁਝ ਦਿਨਾਂ ਤੋਂ ਦੇਸ਼ ਦੇ ਕਈ ਸੂਬਿਆਂ ਵਿੱਚ ਕੋਰੋਨਾ ਲਾਗ ਦੇ ਮਾਮਲੇ ਅਚਾਨਕ ਤੇਜ਼ੀ ਨਾਲ ਵਧਦੇ ਹਨ।

ਦਿੱਲੀ ਸਰਕਾਰ ਨੇ ਸਾਰੀਆਂ ਕਲਾਸਾਂ ਦੇ ਬੱਚਿਆਂ ਦੇ ਸਕੂਲ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਭਾਰਤ ਨਾਲ ਖੰਡ ਤੇ ਕਪਾਸ ਦੀ ਦਰਾਮਦ ਪਾਕਿਸਤਾਨ ਨੂੰ ਮਨਜ਼ੂਰ ਨਹੀਂ- ਕੁਰੈਸ਼ੀ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਭਾਰਤ ਤੋਂ ਖੰਡ-ਕਪਾਹ ਦਰਾਮਦ ਨੂੰ ਮਨਜ਼ੂਰੀ ਨਹੀਂ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਫਿਲਹਾਲ ਭਾਰਤ ਨਾਲ ਸਬੰਧ ਆਮ ਹੋਣਾ ਸੰਭਵ ਨਹੀਂ ਹੈ।

ਕੁਰੈਸ਼ੀ ਨੇ ਵੀਰਾਵਾਰ ਨੂੰ ਇਮਰਾਨ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਕਿਹਾ, "ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਣੇ ਪਾਕਿਸਤਾਨ ਕੈਬਿਨਟ ਦੀ ਰਾਏ ਹੈ ਕਿ ਭਾਰਤ ਜਦੋਂ ਤੱਕ ਪੰਜ ਅਗਸਤ 2019 ਦੇ ਇਕਪਾਸੜ ਫ਼ੈਸਲੇ 'ਤੇ ਮੁੜ ਗ਼ੌਰ ਨਹੀਂ ਕਰਦਾ, ਉਦੋਂ ਤੱਕ ਦੋਵਾਂ ਦੇਸ਼ਾਂ ਦੇ ਰਿਸ਼ਤੇ ਦਾ ਆਮ ਹੋਣਾ ਸੰਭਵ ਨਹੀਂ ਹੈ।"

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕੈਬਿਨਟ ਨੇ ਭਾਰਤ ਨਾਲ ਖੰਡ ਅਤੇ ਕਪਾਹ ਦੇ ਦਰਾਮਦ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।

ਕੁਰੈਸ਼ੀ ਨੇ ਦੱਸਿਆ ਹੈ ਕਿ ਕੈਬਿਨਟ ਨੇ ਇਕਨੌਮਿਕ ਕਾਰਡੀਨੇਸ਼ਨ ਕਮੇਟੀ ਦੇ ਸੁਝਾਅ 'ਤੇ ਵਿਚਾਰ ਕੀਤਾ ਅਤੇ ਕਿਹਾ ਕਿ ਅਜੇ ਇਸ ਮਾਮਲੇ ਵਿੱਚ ਹੋਰ ਗ਼ੌਰ ਕੀਤੇ ਜਾਣ ਦੀ ਲੋੜ ਹੈ।

ਬੁੱਧਵਾਰ ਨੂੰ ਇਕਨੌਮਿਕ ਕਾਰੀਡੇਸ਼ਨ ਕਮੇਟੀ ਵੱਲੋਂ ਸੁਝਾਅ ਦਿੱਤਾ ਸੀ ਕਿ ਪਾਕਿਸਤਾਨੀ ਵਪਾਰੀਆਂ ਨੂੰ ਭਾਰਤ ਤੋਂ ਖੰਡ, ਕਪਾਹ ਅਤੇ ਸੂਤ ਦੇ ਦਰਾਮਦ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਪਰ ਵੀਰਵਾਰ ਨੂੰ ਕੇਂਦਰੀ ਮੰਤਰੀ ਮੰਡਲ ਨੇ ਉਸ ਸੁਝਾਅ ਨੂੰ ਖਾਰਜ ਕਰ ਦਿੱਤਾ।

ਭਾਰਤ ਨੇ ਪੰਜ ਅਗਸਤ 2019 ਨੂੰ ਭਾਰਤ ਸ਼ਾਸਿਤ ਕਸ਼ਮੀਰ ਨੂੰ ਭਾਰਤੀ ਸੰਵਿਧਾਨ ਦੇ ਆਰਟੀਕਲ 370 ਦੇ ਤਹਿਤ ਮਿਲਣ ਵਾਲੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰ ਦਿੱਤਾ ਸੀ।

ਅਤੇ ਉਸ ਤੋਂ ਸੂਬੇ ਦਾ ਦਰਜਾ ਖੋਹੰਦੇ ਹੋਏ ਉਸ ਨੂੰ ਯੂਟੀ ਵਿੱਚ ਬਦਲ ਦਿੱਤਾ ਸੀ।

ਪੱਛਮੀ ਬੰਗਾਲ ਚੋਣਾਂ: ਮਮਤਾ ਦੀਦੀ ਨੇ ਹਾਰ ਦੇ ਡਰ ਨਾਲ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਲਿਖੀ ਚਿੱਠੀ- ਮੋਦੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ 'ਚੋਣ ਜ਼ਾਬਤੇ ਦੀ ਉਲੰਘਣਾ' ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਵੋਟਾਂ ਵਾਲੇ ਦਿਨ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਕਰਨ 'ਤੇ ਸਵਾਲ ਚੁੱਕੇ।

ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਜੈਨਗਰ ਵਿੱਚ ਇੱਕ ਰੈਲੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਮਮਤਾ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ 'ਤੇ ਤਿੱਖੇ ਹਮਲੇ ਕੀਤੇ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਚੋਣਾਂ ਵਿੱਚ ਹਾਰ ਦੇ ਡਰੋਂ ਮਮਤਾ ਬੈਨਰਜੀ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਤੋਂ ਮਦਦ ਅਤੇ ਸਮਰਥਨ ਦੀ ਅਪੀਲ ਕਰ ਰਹੀ ਹੈ।"

ਦਰਅਸਲ, ਮਮਤਾ ਬੈਨਰਜੀ ਨੇ ਦੇਸ਼ ਦੇ 15 ਵਿਰੋਧੀ ਦਲਾਂ ਦੇ ਮੁਖੀਆਂ ਨੂੰ ਚਿੱਠੀ ਲਿਖ ਕੇ ਇੱਕਜੁਟ ਹੋਣ ਦੀ ਅਪੀਲ ਕੀਤੀ ਹੈ ਅਤੇ ਲੋਕਤੰਤਰ ਨੂੰ ਬਚਾਉਣ ਲਈ ਗੁਹਾਰ ਲਗਾਈ ਹੈ।

ਮੋਦੀ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ 200 ਤੋਂ ਜ਼ਿਆਦਾ ਸੀਟਾਂ ਹਾਸਲ ਕਰੇਗੀ।

ਉਨ੍ਹਾਂ ਨੇ ਆਪਣੇ ਬੰਗਲਾਦੇਸ਼ ਦੌਰੇ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਵੱਲੋਂ ਚੁੱਕੇ ਗਏ ਸਵਾਲਾਂ 'ਤੇ ਵੀ ਪਲਟਵਾਰ ਕੀਤਾ। ਉੱਥੇ ਹੀ, ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਨੰਦੀਗ੍ਰਾਮ ਵਿੱਚ ਉਨ੍ਹਾਂ ਨੂੰ ਹੀ ਜਿੱਤ ਮਿਲੇਗੀ।

ਧੋਖਾਧੜੀ ਦੇ ਇਲਜ਼ਾਮ ਤੋਂ ਬਾਅਦ ਬੂਥ 'ਤੇ ਪਹੁੰਚੀ ਮਮਤਾ

ਪੱਛਮੀ ਬੰਗਾਲ ਦੀ ਨੰਦੀਗ੍ਰਾਮ ਵਿਧਾਨ ਸਭਾ ਸੀਟ ਦੇ ਇੱਕ ਬੂਥ 'ਤੇ ਤਣਾਅ ਦੇ ਹਾਲਾਤ ਬਣ ਗਏ ਹਨ।

ਤ੍ਰਿਣਮੂਲ ਕਾਂਗਰਸ ਨੇ ਇਸ ਬੂਥ 'ਤੇ ਭਾਰਤੀ ਜਨਤਾ ਪਾਰਟੀ ਦੇ ਸਮਥਰਕਾਂ 'ਤੇ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ।

ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਮੌਕੇ 'ਤੇ ਪਹੁੰਚ ਗਈ। ਮਮਤਾ ਬੈਨਰਜੀ ਇਸੇ ਸੀਟ ਤੋਂ ਉਮੀਦਵਾਰ ਹੈ। ਉਨ੍ਹਾਂ ਦਾ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਸ਼ੁਭੇਂਦੂ ਅਧਿਕਾਰੀ ਨਾਲ ਹੈ।

ਇਸ ਬੂਥ 'ਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਗਿਆ ਹੈ। ਉੱਥੇ ਹੀ ਦੋਵੇਂ ਪਾਰਟੀਆਂ ਦੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਹੈ।

ਮਮਤਾ ਬੈਨਰਜੀ ਨੇ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਤੋਂ ਸ਼ਿਕਾਇਤ ਵੀ ਕੀਤੀ ਹੈ। ਫਿਲਹਾਲ ਇੱਥੇ ਵੋਟਾਂ ਰੋਕ ਦਿੱਤੀਆਂ ਗਈਆਂ ਹਨ।

ਸ਼ੁਭੇਂਦਰੂ ਅਧਿਕਾਰੀ ਦਾ ਦਾਅਵਾ-ਟੀਐੱਮਸੀ ਵਰਕਰਾਂ ਨੇ ਕਾਫ਼ਲੇ 'ਤੇ ਪਥਰਾਅ ਕੀਤਾ

ਨੰਦੀਗ੍ਰਾਮ ਦੇ ਸੱਤੇਂਗਾਬਾਰੀ ਖੇਤਰ ਵਿੱਚ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਦੇ ਕਾਫ਼ਲੇ 'ਤੇ ਪਥਰਾਅ ਹੋਣ ਦੀ ਖ਼ਬਰ ਹੈ।

ਇਸ ਕਥਿਤ ਹਮਲੇ ਲਈ ਸ਼ੁਭੇਂਦੂ ਅਧਿਕਾਰੀ ਨੇ ਤ੍ਰਿਣਮੂਲ ਕਾਂਗਰਸ 'ਤੇ ਇਲਜ਼ਾਮ ਲਗਾਇਆ ਹੈ। ਪਰ ਟੀਐੱਮਸੀ ਨੇ ਇਸ ਨੂੰ 'ਸ਼ਭੇਂਦੂ ਦਾ ਨਾਟਕ' ਦੱਸਿਆ ਹੈ।

ਇਸ ਘਟਨਾ ਤੋਂ ਬਾਅਦ, ਕੇਂਦਰੀ ਸੁਰੱਖਿਆ ਬਲ ਅਤੇ ਸਥਾਨਕ ਪੁਲਿਸ ਦੇ ਲੋਕ ਮੌਕੇ 'ਤੇ ਪਹੁੰਚ ਗਏ ਹਨ।

ਸ਼ੁਭੇਂਦੂ ਅਧਿਕਾਰੀ ਨੇ ਇਸ ਨੂੰ 'ਪਾਕਿਸਤਾਨੀਆਂ ਦਾ ਕੰਮ' ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ 'ਪੱਛਮੀ ਬੰਗਾਲ ਵਿੱਚ ਜੰਗਲਰਾਜ ਹੈ, ਇਸ ਲਈ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ।'

ਘਟਨਾ ਤੋਂ ਬਾਅਦ ਪ੍ਰੈੱਸ ਨਾਲ ਗੱਲ ਕਰਦਿਆਂ ਸ਼ੁਭੇਂਦੂ ਅਧਿਕਾਰੀ ਨੇ ਕਿਹਾ, "ਪਥਰਾਅ ਕਰਨ ਵਾਲੇ ਟੀਐੱਮਸੀ ਸਮਰਥਕ ਸਨ। ਖ਼ਾਸ ਭਾਈਚਾਰੇ ਦੇ ਲੋਕਾਂ ਨੇ ਸਾਡੇ ਕਾਫ਼ਲੇ 'ਤੇ ਹਮਲਾ ਕੀਤਾ। ਉਨ੍ਹਾਂ ਨੇ ਗੋ-ਬੈਕ ਦੇ ਨਾਅਰੇ ਵੀ ਲਗਾਏ।"

ਉੱਥੇ ਹੀ, ਮਮਤਾ ਬੈਨਰਜੀ ਜੋ ਨੰਦੀਗ੍ਰਾਮ ਦੀ ਵੋਟਰ ਨਹੀਂ ਹੈ, ਉਹ ਆਪਣੇ ਕਿਰਾਏ ਦੇ ਮਕਾਨ ਤੋਂ ਦੁਪਹਿਰ ਤੱਕ ਬਾਹਰ ਨਹੀਂ ਨਿਕਲੀ।

ਪਹਿਲਾ ਵੀ ਉਹ ਵੋਟਾਂ ਵਾਲੇ ਦਿਨ ਘਰ ਵਿੱਚ ਰਹਿੰਦੀ ਰਹੀ ਹੈ। ਫਿਲਹਾਲ ਮਮਤਾ ਦੇ ਘਰ ਦੇ ਸਾਹਮਣੇ ਮੀਡੀਆ ਦਾ ਭਾਰੀ ਜਮਾਵੜਾ ਹੈ।

ਵੀਰਵਾਰ ਸਵੇਰੇ ਵੋਟਿੰਗ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ, ਭੇਟੁਕੀਆ ਵਿੱਚ ਇੱਕ ਭਾਜਪਾ ਵਰਕਰਾਂ ਦੀ ਖੁਦਕੁਸ਼ੀ ਕਾਰਨ ਤਣਾਅ ਪੈਦਾ ਹੋਇਆ ਸੀ।

ਕਿਰਨ ਖੇਰ ਬਲੱਡ ਕੈਂਸਰ ਨਾਲ ਜੂਝ ਰਹੀ ਹੈ, ਅਨੁਪਮ ਖੇਰ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰ ਕਿਰਨ ਖੇਰ ਬਲੱਡ ਕੈਂਸਰ ਨਾਲ ਜੂਝ ਰਹੀ ਹੈ।

ਉਨ੍ਹਾਂ ਦੇ ਪਤੀ ਅਦਾਕਾਰ ਅਨੁਪਮ ਖੇਰ ਨੇ ਇੱਕ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ਕਿਰਨ ਖੇਰ ਨੂੰ ਮਲਟੀਪਲ ਮਾਏਲੋਮਾ (ਇੱਕ ਕਿਸਮ ਦਾ ਬਲੱਡ ਕੈਂਸਰ) ਹੈ।

ਸੂਚਨਾ ਮੁਤਾਬਕ, 68 ਸਾਲਾ ਕਿਰਨ ਖੇਰ ਨੂੰ ਬਲੱਡ ਕੈਂਸਰ ਹੈ, ਇਸ ਦੀ ਪੁਸ਼ਟੀ ਪਿਛਲੇ ਸਾਲ ਹੋਈ ਸੀ।

ਜਾਣਕਾਰੀ ਮੁਤਾਬਕ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੀਤੇ ਚਾਰ ਮਹੀਨਿਆਂ ਤੋਂ ਕਿਰਨ ਖੇਰ ਦਾ ਇਲਾਜ ਚੱਲ ਰਿਹਾ ਹੈ।

ਅਨੁਪਮ ਖੇਰ ਨੇ ਆਪਣੇ ਟਵੀਟ ਵਿੱਚ ਲੋਕਾਂ ਕੋਲੋਂ ਕਿਰਨ ਲਈ ਦੁਆਵਾਂ ਮੰਗੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)