You’re viewing a text-only version of this website that uses less data. View the main version of the website including all images and videos.
ਭਾਜਪਾ ਵਿਧਾਇਕ ਦੀ ਕੁੱਟਮਾਰ ਦਾ ਮਾਮਲਾ : ‘ਅੱਤਵਾਦ ਵੇਲੇ ਵੀ ਅਜਿਹਾ ਮਾਹੌਲ ਨਹੀਂ ਸੀ, ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਬਣਾ ਦਿੱਤਾ ਹੈ’
ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੰਡੀਗੜ੍ਹ ਵਿਚਲੇ ਸਰਕਾਰੀ ਘਰ ਅੱਗੇ ਧਰਨਾ ਦਿੱਤਾ।
ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਭਾਜਪਾ ਆਗੂ ਆਪਣੇ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਉੱਤੇ ਹੋਏ ਹਮਲੇ ਖਿਲਾਫ਼ ਰੋਸ ਪ੍ਰਗਟਾ ਰਹੇ ਹਨ।
ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਦਾ ਵਫ਼ਦ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਿਆ ਅਤੇ ਕਾਰਵਾਈ ਦੀ ਮੰਗ ਕੀਤੀ।
ਅਰੁਣ ਨਾਰੰਗ ਅਬੋਹਰ ਤੋਂ ਵਿਧਾਇਕ ਹਨ ਅਤੇ ਸ਼ਨੀਵਾਰ ਨੂੰ ਉਹ ਜਦੋਂ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਸਨ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ।
ਕਿਸਾਨ ਉਨ੍ਹਾਂ ਦੇ ਦਫ਼ਤਰ ਦਾ ਘੇਰਾਓ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਉੱਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ।
ਪੁਲਿਸ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਭੀੜ ਤੋਂ ਬਚਾਇਆ। ਅਰੁਣ ਨਾਰੰਗ ਇਸ ਹਮਲੇ ਲਈ ਸੂਬੇ ਦੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਹਨ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਬੋਹਰ ਵਿੱਚ ਜੋ ਕੁਝ ਹੋਇਆ ਉਹ ਸਾਡਾ ਪ੍ਰੋਗਰਾਮ ਨਹੀਂ ਸੀ। ਅਸੀਂ ਸਾਂਤਮਈ ਰਹਿਕੇ ਅੰਦੋਲਨ ਕਰਦੇ ਹਾਂ ਅਤੇ ਹਿੰਸਾ ਦੀ ਕਿਸੇ ਦਾ ਸਮਰਥਨ ਨਹੀਂ ਕਰਦੇ।
ਇਹ ਵੀ ਪੜ੍ਹੋ-
ਭਾਜਪਾ ਆਗੂਆਂ ਨੇ ਧਰਨੇ ਦੌਰਾਨ ਉਤਾਰੇ ਕੱਪੜੇ
ਇਹ ਲੋਕ ਕੱਪੜੇ ਉਤਾਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦਾ ਛੱਡਣ ਲਈ ਕਹਿ ਰਹੇ ਸਨ। ਭਾਜਪਾ ਆਗੂਆਂ ਨੇ ਇਲਜ਼ਾਮ ਸੀ ਕਿ ਭਾਜਪਾ ਵਿਧਾਇਕ ਉੱਤੇ ਹਮਲਾ ਸੱਤਾਧਾਰੀ ਕਾਂਗਰਸ ਵਲੋਂ ਕਰਵਾਇਆ ਗਿਆ ਹੈ।
ਇਸ ਰੋਸ ਮੁਜ਼ਾਹਰੇ ਦੌਰਾਨ ਅਸ਼ਵਨੀ ਸ਼ਰਮਾ, ਮਦਨ ਮੋਹਨ ਮਿੱਤਲ, ਸਵੇਤ ਮਲਿਕ ਦਿਨੇਸ਼ ਬੱਬੂ ਸਣੇ ਹੋਰ ਕਈ ਸੀਨੀਅਰ ਆਗੂ ਪਹੁੰਚੇ ਹੋਏ ਸਨ।
ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਲੋਕਾਂ ਨੂੰ ਧੱਕਾ ਕਰ ਰਹੀ ਹੈ ਅਤੇ ਜਦੋਂ ਉਸ ਖ਼ਿਲਾਫ਼ ਅਵਾਜ਼ ਚੁੱਕੀ ਜਾਂਦੀ ਹੈ ਤਾਂ ਜ਼ਬਰੀ ਦਬਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ।
ਅਸ਼ਵਨੀ ਸ਼ਰਮਾ ਨੇ ਪਾਰਟੀ ਦਫ਼ਤਰ ਤੋਂ ਪ੍ਰੈਸ ਕਾਨਫਰੰਸ ਦੌਰਾਨ ਇਹ ਇਲਜ਼ਾਮ ਲਾਏ :
- ਅੱਤਵਾਦ ਵੇਲੇ ਵੀ ਅਜਿਹਾ ਮਾਹੌਲ ਨਹੀਂ ਸੀ, ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਬਣਾ ਦਿੱਤਾ ਹੈ। ਉਦੋਂ ਵੀ ਸਿਆਸੀ ਪਾਰਟੀਆਂ ਰੈਲੀਆਂ ਕਰਦੀਆਂ ਸਨ, ਉਦੋਂ ਵੀ ਕਿਸੇ ਨੂੰ ਸਟੇਜ ਉੱਤੇ ਨਹੀਂ ਕਿਸੇ ਨੂੰ ਨਹੀਂ ਮਾਰਿਆ ਜਾਂਦਾ ਸੀ।
- ਮੈਂ ਕੈਪਟਨ ਅਮਰਿੰਦਰ ਨੂੰ ਸਵਾਲ ਖੜਾ ਕਰਨਾ ਚਾਹੁੰਦਾ ਹਾਂ, ਕਿ ਕੀ ਲੋਕਤੰਤਰ ਡੰਡੇ ਨਾ ਚੱਲੇਗਾ, ਪੱਥਰਬਾਜ਼ੀ ਨਾਲ ਚੱਲੇ? ਲੋਕਤੰਤਰ ਲੋਕਾਂ ਨਾਲ ਚੱਲਦਾ ਹੈ, ਡੰਡੇ ਜਾਂ ਪੱਥਰਬਾਜ਼ੀ ਨਾਲ ਨਹੀਂ।
- ਭਾਜਪਾ ਦੀਆਂ ਗਤੀਵਿਧੀਆਂ ਉੱਤੇ ਰੋਕ ਕਿਉਂ, ਜਿਹੜਾ ਲੋਕਤੰਤਰਰ ਦੂਜੀਆਂ ਸਿਆਸੀ ਪਾਰਟੀਆਂ ਨੂੰ ਧਰਨੇ ਦੇਣ ਦਾ ਅਧਿਕਾਰ ਦਿੰਦਾ ਹੈ, ਉਹੀ ਲੋਕਤੰਤਰ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਦਿੰਦੇ ਹੈ।
- ਪੰਜਾਬ ਵਿਚ ਹਿੰਦੂ ਸਿੱਖ ਮਸਲਾ ਬਣਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਅਜਿਹੀਆਂ ਤਾਕਤਾਂ ਨਾ ਪਹਿਲਾਂ ਸਫ਼ਲ ਹੋਈਆਂ ਸਨ, ਨਾ ਹੁਣ ਹੋਣਗੀਆਂ।
- ਪੰਜਾਬ ਉੱਤੇ ਸਭ ਦਾ ਬਰਾਬਰ ਦਾ ਅਧਿਕਾਰ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਬਹਾਲੀ ਲਈ ਹਰ ਕੁਰਬਾਨੀ ਕਰੇਗੀ।
ਕੀ ਹੈ ਪੂਰਾ ਮਾਮਲਾ
ਅਬੋਹਰ ਤੋਂ ਭਾਜਪਾ ਵਿਧਾਇਕ ਅਰੁਨ ਨਾਰੰਗ ਨਾਲ ਮਲੋਟ ਵਿੱਚ ਕੁੱਟਮਾਰ ਹੋਈ ਸੀ। ਉਨ੍ਹਾਂ ਨੇ ਮਲੋਟ ਵਿੱਚ ਪ੍ਰੈਸ ਕਾਨਫਰੰਸ ਰੱਖੀ ਸੀ। ਪਰ ਉੱਥੇ ਕੁਝ ਕਿਸਾਨ ਪਹੁੰਚ ਗਏ ਅਤੇ ਉਨ੍ਹਾਂ ਦਾ ਘਿਰਾਓ ਕਰ ਦਿੱਤਾ।
ਪੁਲਿਸ ਮੁਲਾਜ਼ਮ ਜਦੋਂ ਅਰੁਣ ਨਾਰੰਗ ਨੂੰ ਬਾਹਰ ਕੱਢਣ ਲੱਗੀ ਤਾਂ ਕਿਸਾਨਾਂ ਦੀ ਭੀੜ ਨੇ ਉਨ੍ਹਾਂ ਉੱਤੇ ਕਾਲਖ਼ ਸੁੱਟੀ । ਉਸ ਮਗਰੋਂ ਪੁਲਿਸ ਨੇ ਉਨ੍ਹਾਂ ਨੂੰ ਅੰਦਰ ਦਫ਼ਤਰ ਅੰਦਰ ਸੁਰੱਖਿਅਤ ਬਿਠਾ ਦਿੱਤਾ।
ਪਰ ਫਿਰ ਜਦੋਂ ਪੁਲਿਸ ਵਿਧਾਇਕ ਨੂੰ ਬਾਹਰ ਲਿਜਾਉਣ ਲੱਗੀ ਤਾਂ ਕਿਸਾਨਾਂ ਦੀ ਭੀੜ ਨੇ ਮੁੜ ਹਮਲਾ ਕਰ ਦਿੱਤਾ।
ਪੁਲਿਸ ਨੇ ਅਰੁਣ ਨਾਰੰਗ ਤੇ ਉਨ੍ਹਾਂ ਦੇ ਸਾਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਭੀੜ ਵੱਲੋਂ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਇਸ ਤੋਂ ਬਾਅਦ ਇੱਕ ਕਿਸਾਨ ਨੇ ਕਿਹਾ, "ਸਾਨੂੰ ਸਾਢੇ 12 ਵਜੇ ਪਤਾ ਲੱਗਿਆ ਕਿ ਭਾਜਪਾ ਵਿਧਾਇਕ ਤੇ ਮੁਕਤਸਰ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਕਾਨਫਰੰਸ ਕਰ ਰਹੇ ਹਨ। ਸਾਡਾ ਐਲਾਨ ਹੈ ਕਿ ਪੰਜਾਬ ਸਣੇ ਪੂਰੇ ਭਾਰਤ ਵਿੱਚ ਕਿਤੇ ਵੀ ਭਾਜਪਾ ਆਗੂਆਂ ਦੀ ਪ੍ਰੈਸ ਕਾਨਫਰੰਸ ਨਹੀਂ ਕਰਨ ਦੇਵਾਂਗੇ, ਇਸ ਲਈ ਅਸੀਂ ਇਕੱਠ ਕੀਤਾ। ਫਿਰ ਵੀ ਭਾਜਪਾ ਆਗੂ ਆ ਗਏ। ਜਦੋਂ ਤੱਕ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ ਭਾਜਪਾ ਦਾ ਵਿਰੋਧ ਜਾਰੀ ਰਹੇਗਾ।"
ਕੈਪਟਨ ਅਮਰਿੰਦਰ ਸਿੰਘ ਦਾ ਪ੍ਰਤੀਕਰਮ
ਪੰਜਾਬ ਦੇ ਮੁੱਖ ਮੰਤਰੀ ਕੈਪਚਨ ਅਮਰਿੰਦਰ ਸਿੰਘ ਨੇ ਭਾਜਪਾ ਆਗੂ ਅਰੁਨ ਨਾਰੰਗ ਉੱਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਕੋਈ ਵੀ ਕਾਨੂੰਨ ਆਪਣੇ ਹੱਥ ਲੈ ਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ਼ ਕਾਰਵਾਈ ਹੋਵੇਗੀ।
ਉਨ੍ਹਾਂ ਨੇ ਕਿਸਾਨਾਂ ਨੂੰ ਅਜਿਹੀਆਂ ਹਿੰਸਕ ਕਾਰਵਾਈਆਂ ਨਾ ਕਰਨ ਦੀ ਅਪੀਲ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਤੁਰੰਤ ਖੇਤੀ ਕਾਨੂੰਨਾਂ ਦੇ ਮਾਮਲੇ ਦਾ ਹੱਲ ਕੀਤਾ ਜਾਵੇ ਤਾਂ ਕਿ ਹਾਲਾਤ ਹੋਰ ਖਰਾਬ ਨਾ ਹੋਣ।
ਇਹ ਵੀ ਪੜ੍ਹੋ: