ਯੋਗੀ ਸਰਕਾਰ ਨੇ ਮੁਜ਼ੱਫਰਨਗਰ ਦੰਗਿਆਂ ਦੇ ਮੁਲਜ਼ਮ 12 ਭਾਜਪਾ ਆਗੂਆਂ ਦੇ ਕੇਸ ਵਾਪਸ ਲਏ , ਅਦਾਲਤ ਨੇ ਵੀ ਲਾਈ ਮੋਹਰ

ਸਾਲ 2013 ਦੇ ਮੁਜ਼ੱਫਰਨਗਰ ਦੰਗਿਆਂ ਨਾਲ ਜੁੜੇ ਇੱਕ ਮਾਮਲੇ ਵਿੱਚ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਸੂਬੇ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ 12 ਨੇਤਾਵਾਂ ਦੇ ਖ਼ਿਲਾਫ਼ ਹਿੰਸਾ ਭੜਕਾਉਣ ਦਾ ਕੇਸ ਵਾਪਸ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਬੀਬੀਸੀ ਹਿੰਦੀ ਦੀ ਖ਼ਬਰ ਮੁਤਾਬਕ, ਇਨ੍ਹਾਂ ਵਿੱਚ ਸੂਬਾ ਸਰਕਾਰ ਦੇ ਮੰਤਰੀ ਸੁਰੇਸ਼ ਰਾਣਾ, ਭਾਜਪਾ ਵਿਧਾਇਕ ਸੰਗੀਤ ਸੋਮ, ਸਾਬਕਾ ਭਾਜਪਾ ਸੰਸਦ ਮੈਂਬਰ ਭਾਰਤੇਂਦੂ ਸਿੰਘ ਅਤੇ ਵਿਸ਼ਵ ਹਿੰਦੂ ਪਰੀਸ਼ਦ ਦੀ ਨੇਤਾ ਸਾਧਵੀ ਪ੍ਰਾਚੀ ਵੀ ਸ਼ਾਮਿਲ ਹੈ।

ਸਪੈਸ਼ਲ ਕੋਰਟ ਦੇ ਜੱਜ ਰਾਮ ਸੁਧ ਸਿੰਘ ਨੇ ਸ਼ੁੱਕਰਵਾਰ ਨੂੰ ਸਰਕਾਰੀ ਵਕੀਲ ਨੂੰ ਕੇਸ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ।

ਇਹ ਵੀ ਪੜ੍ਹੋ-

ਸਰਕਾਰੀ ਵਕੀਲ ਰਾਜੀਵ ਸ਼ਰਮਾ ਦਾ ਕਹਿਣਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਸਨ। ਉਨ੍ਹਾਂ'ਤੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਅਤੇ ਉਨ੍ਹਾਂ ਨੂੰ ਗ਼ਲਤ ਢੰਗ ਨਾਲ ਰੋਕਣਾ ਵੀ ਸ਼ਾਮਿਲ ਸੀ।

ਸਾਲ 2013 ਵਿੱਚ ਮੁਜ਼ੱਫਰਨਗਰ ਅਤੇ ਉਸ ਦੇ ਨੇੜਲੇ ਜ਼ਿਲ੍ਹਿਆਂ ਵਿੱਚ ਫਿਰਕੂ ਦੰਗੇ ਹੋਏ ਸਨ, ਜਿਨ੍ਹਾਂ ਵਿੱਚ ਘੱਟੋ-ਘੱਟ 62 ਲੋਕ ਮਾਰੇ ਗਏ ਸਨ ਅਤੇ 50 ਹਜ਼ਾਰ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਸਨ।

ਸਰਕਾਰ ਨਹੀਂ ਮੰਨੀ ਤਾਂ 16 ਸੂਬਿਆਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ: ਟਿਕੈਤ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ 'ਤੇ ਬਿਜਲੀ ਕੱਟਣ ਦੀ ਧਮਕੀ ਦਿੱਤੀ ਹੈ।

ਹਿੰਦੁਸਾਤਨ ਟਾਈਮਜ਼ ਦੀ ਖ਼ਬਰ ਮੁਤਾਬਕ ਰਾਜਸਥਾਨ ਦੇ ਡੌਸਾ ਵਿੱਚ ਮਹਾਪੰਚਾਇਤ ਦੌਰਾਨ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾਲ ਮੰਨੀਆਂ ਚਾਂ 16 ਸੂਬਿਆਂ ਦੀ ਬਿਜਲੀ ਸਪਲਾਈ ਬੰਦ ਦਿੱਤੀ ਜਾਵੇਗੀ।

ਟਿਕੈਤ ਨੇ ਕਿਹਾ, "ਕੇਂਦਰ ਵਿੱਚ ਕੋਈ ਸਰਕਾਰ ਨਹੀਂ ਹੈ ਅਤੇ ਕਾਰੋਬਾਰੀ ਦੇਸ਼ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਸਾਰੇ ਸਰਕਾਰੀ ਅਦਾਰੇ ਵੇਚ ਦਿੱਤੇ ਹਨ ਅਤੇ ਦੇਸ਼ ਲੋਕਾਂ ਨੂੰ ਉਨ੍ਹਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਭਾਰਤ: ਕੋਰੋਨਾਵਾਇਰਸ ਕਰਕੇ 163 ਦਿਨਾਂ ਵਿੱਚ 300 ਤੋਂ ਵੱਧ ਮੌਤਾਂ ਦਰਜ

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਸਾਲ 2021 ਵਿੱਚ ਹੁਣ ਤੱਕ ਕੋਵਿਡ-19 ਕਰਕੇ ਹੋਈਆਂ ਮੌਤਾਂ ਦਾ ਅੰਕੜਾ 3 ਨੂੰ ਪਾਰ ਕਰ ਗਿਆ ਹੈ ਅਤੇ 62,500 ਤਾਜ਼ਾ ਕੇਸ ਦਰਜ ਕੀਤੇ ਗਏ ਹਨ।

ਭਾਰਤ ਵਿੱਚ ਸਰਗਰਮ ਕੇਸਾਂ ਦੀ ਗਿਣਤੀ 4.85 ਲੱਖ ਹੈ। ਤਿੰਨਾਂ ਵਿੱਚ 90 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ।

ਇਸ ਦੌਰਾਨ 29 ਮਾਰਚ ਨੂੰ ਹੋਲੀ ਹੈ ਅਤੇ ਸਰਕਾਰਾਂ ਅਲਰਟ 'ਤੇ ਆ ਗਈਆਂ ਹਨ। ਪਹਿਲਾਂ ਵੀ ਤਿਉਹਾਰ ਤੋਂ ਬਾਅਦ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋਇਆ ਸੀ।

ਪਿਛਲੇ ਸਾਲ ਅਕਤੂਬਰ ਅਤੇ ਨਵੰਬਰ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਨਵਰਾਤਰਿਆਂ ਅਤੇ ਦੀਵਾਲੀ ਦੌਰਾਨ ਮਾਮਲੇ ਵਧਣ ਲੱਗੇ ਸੀ।

ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਅਤੇ ਕੋਵਿਡ -19 ਦੇ ਨਵੇਂ ਰੂਪਾਂ ਵਿਚਕਾਰ ਹੋਲੀ ਦੌਰਾਨ ਸਾਵਧਾਨੀ ਵਿੱਚ ਲਾਪਰਵਾਹੀ ਕੋਰੋਨਾ ਨਾਲ ਨਜਿੱਠਣ ਵਿੱਚ ਚੁਣੌਤੀ ਬਣ ਸਕਦੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਸਾਨੂੰ ਪੁਰਾਣੇ ਤਜ਼ਰਬਿਆਂ ਤੋਂ ਸਿਖਣਾ ਚਾਹੀਦਾ ਹੈ ਅਤੇ ਸਮਾਗਮਾਂ ਵਿੱਚ ਜਾ ਕੇ ਸੁਪਰਸਪ੍ਰੈਡਰਜ਼ ਬਣਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)