ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਹੋਏ ਕਿਸਾਨਾਂ ਦੇ ਕੇਸਾਂ ਦਾ ਕੀ ਹੈ ਮੌਜੂਦਾ ਸਟੇਟਸ - 5 ਅਹਿਮ ਖ਼ਬਰਾਂ

ਲਾਲ ਕਿਲੇ ਦੀ ਘਟਨਾ ਨਾਲ ਸਬੰਧਤ ਕੇਸਾਂ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ਵਿੱਚ ਵੱਖ-ਵੱਖ ਐਫਆਈਆਰਜ਼ 'ਚ ਗ੍ਰਿਫ਼ਤਾਰ 151 ਕਿਸਾਨਾਂ ਵਿੱਚੋਂ 147 ਹੁਣ ਤੱਕ ਜ਼ਮਾਨਤ 'ਤੇ ਰਿਹਾਅ ਹੋ ਚੁੱਕੇ ਹਨ।

ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

ਜ਼ਮਾਨਤ ਉੱਤੇ ਰਿਹਾਅ ਹੋਏ ਬਹੁਤ ਸਾਰੇ ਕਿਸਾਨ/ਨੌਜਵਾਨ ਧਰਨਿਆਂ 'ਤੇ ਵਾਪਸ ਪਰਤ ਆਏ ਹਨ। ਜਦਕਿ 4 ਕਿਸਾਨ (ਤਿੰਨ ਪੰਜਾਬ ਤੋਂ ਅਤੇ ਇੱਕ ਹਰਿਆਣਾ ਤੋਂ) ਜ਼ਮਾਨਤ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ-

29 ਜਨਵਰੀ 2021 ਨੂੰ ਗ੍ਰਿਫਤਾਰ ਕੀਤੇ ਪੰਜਾਬ ਦੇ ਰਣਜੀਤ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ, ਹੁਣ ਇਸ ਸਬੰਧੀ ਹਾਈਕੋਰਟ ਵਿੱਚ ਅਰਜ਼ੀ ਦਿੱਤੀ ਜਾਵੇਗੀ।

ਖ਼ਬਰ ਸਬੰਧੀ ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਪੰਜਾਬ 'ਚ ਕੋਰੋਨਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼

ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਲੈਕੇ ਪੰਜਾਬ ਸਰਕਾਰ ਵਲੋਂ ਇਕੱਠਾਂ ਬਾਬਤ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਅੰਮ੍ਰਿਤਸਰ ਤੋਂ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ।

100 (ਇੰਡੋਰ) ਜਾਂ 200 (ਆਉਟਡੋਰ) ਦੇ ਇਕੱਠ ਦੇ ਪ੍ਰਬੰਧਕਾਂ ਨੂੰ ਇਹ ਗੱਲ ਯਕੀਨੀ ਬਣਾਉਣੀ ਪਵੇਗੀ ਕਿ ਇੱਥੇ ਆਉਣ ਵਾਲਿਆਂ ਦਾ 72 ਘੰਟੇ ਪਹਿਲਾਂ ਕੋਰੋਨਾ ਟੈਸਟ ਹੋਇਆ ਹੋਵੇ।

ਇਕੱਠ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੇ ਕੋਰੋਨਾ ਦਾ ਟੀਕਾ ਲਗਾਇਆ ਹੋਵੇ ਅਤੇ ਉਸ ਕੋਲ ਇਸ ਦਾ ਸਬੂਤ ਹੋਵੇ।

ਇਹ ਨਿਯਮ ਸਮਾਜਿਕ, ਧਾਰਮਿਕ, ਖੇਡਾਂ ਅਤੇ ਸੱਭਿਆਚਾਰਕ ਇਕੱਠਾਂ ਉੱਤੇ ਲਾਗੂ ਹੋਵੇਗਾ। ਪੂਰੇ ਦਿਸ਼ਾ-ਨਿਰਦੇਸ਼ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਰਿਹਾਈ ਤੋਂ ਬਾਅਦ ਦਿਸ਼ਾ ਰਵੀ ਦਾ ਪਹਿਲਾ ਬਿਆਨ

ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ ਮਾਮਲੇ ਵਿੱਚ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੇ ਪਿਛਲੇ ਮਹੀਨੇ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਆਪਣਾ ਬਿਆਨ ਜਾਰੀ ਕੀਤਾ ਹੈ।

ਆਪਣੇ ਟਵਿੱਟਰ ਹੈਂਡਲ ਉੱਪਰ ਪੋਸਟ ਕੀਤੇ ਗਏ ਚਾਰ ਪੰਨਿਆਂ ਦੇ ਬਿਆਨ ਵਿੱਚ ਦਿਸ਼ਾ ਰਵੀ ਨੇ ਮੀਡੀਆ ਦੀ ਆਲੋਚਨਾ ਕੀਤੀ ਹੈ ਅਤੇ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਹੈ।

ਉਨ੍ਹਾਂ ਨੇ ਕਿਹਾ,"ਸਭ ਕੁਝ ਜੋ ਸੱਚ ਹੈ, ਸੱਚ ਤੋਂ ਬਹੁਤ ਦੂਰ ਲਗਦਾ ਹੈ: ਦਿੱਲੀ ਦਾ ਸਮੋਗ, ਪਟਿਆਲਾ ਕੋਰਟ ਅਤੇ ਤਿਹਾੜ ਜੇਲ੍ਹ।"

ਉਨ੍ਹਾਂ ਨੇ ਲਿਖਿਆ ਕਿ ਜੇ ਕਿਸੇ ਨੇ ਉਨ੍ਹਾਂ ਨੂੰ ਪੁੱਛਿਆ ਹੁੰਦਾ ਕਿ ਅਗਲੇ ਪੰਜ ਸਾਲਾਂ ਵਿੱਚ ਉਹ ਖ਼ੁਦ ਨੂੰ ਕਿੱਥੇ ਦੇਖ਼ਦੇ ਹਨ ਤਾਂ ਇਸ ਦਾ ਜਵਾਬ ਜੇਲ੍ਹ ਤਾਂ ਬਿਲਕੁਲ ਨਹੀਂ ਸੀ ਹੋਣਾ। ਦਿਸ਼ਾ ਰਵੀ ਦਾ ਪੂਰਾ ਬਿਆਨ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਚੰਡੀਗੜ੍ਹ ਵਿੱਚ 6 ਸਾਲਾ ਬੱਚੀ ਦੀ ਮੌਤ ਦਾ ਕੀ ਹੈ ਪੂਰਾ ਮਾਮਲਾ

ਮਾਰਚ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਦੇ ਹੱਲੋਮਾਜਰਾ ਇਲਾਕੇ ਤੋਂ ਛੇ ਸਾਲਾ ਬੱਚੀ ਦੇ ਗਾਇਬ ਹੋਣ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਹੋਈ ਸੀ।

ਆਲੇ-ਦੁਆਲੇ ਦੇ ਲੋਕਾਂ ਨੂੰ ਬੱਚੀ ਦਾ ਰੇਪ ਕਰਕੇ ਕਤਲ ਕੀਤੇ ਜਾਣ ਦਾ ਸ਼ੱਕ ਸੀ, ਜਿਸ ਕਾਰਨ ਛੇ ਮਾਰਚ ਨੂੰ ਸਥਾਨਕ ਲੋਕਾਂ ਨੇ ਹੱਲੋਮਾਜਰਾ ਲਾਈਟ ਪੁਆਇੰਟ 'ਤੇ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਤਿੰਨ ਪ੍ਰਦਰਸ਼ਨਕਾਰੀ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ।

ਬੱਚੀ ਨਾਲ ਵਾਪਰੀ ਘਟਨਾ ਅਤੇ ਪ੍ਰਦਰਸ਼ਨ ਕਰ ਰਹੇ ਕਾਰੁਕਨਾਂ ਦੀ ਗ੍ਰਿਫਤਾਰੀ ਦੀ ਪੂਰੇ ਇਲਾਕੇ ਵਿੱਚ ਚਰਚਾ ਹੈ। ਅਸੀਂ ਸਬੰਧਤ ਧਿਰਾਂ ਨਾਲ ਗੱਲ ਕਰਕੇ ਮਾਮਲਾ ਜਾਨਣ ਦੀ ਕੋਸ਼ਿਸ਼ ਕੀਤੀ। ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸਰਕਾਰੀ ਬੈਂਕ ਦੋ ਦਿਨਾਂ ਹੜਤਾਲ 'ਤੇ

ਸੋਮਵਾਰ ਅਤੇ ਮੰਗਲਵਾਰ ਨੂੰ ਦੇਸ ਦੇ ਸਾਰੇ ਸਰਕਾਰੀ ਬੈਂਕਾਂ ਵਿੱਚ ਹੜਤਾਲ ਰਹੇਗੀ। ਦੇਸ ਦੀ ਸਭ ਤੋਂ ਵੱਡੀ ਬੈਂਕ ਕਰਮਚਾਰੀ ਸੰਸਥਾ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਨੇ ਹੜਤਾਲ ਦਾ ਸੱਦਾ ਦਿੱਤਾ ਹੈ।

ਫੋਰਮ ਵਿੱਚ ਭਾਰਤ ਦੇ ਬੈਂਕ ਮੁਲਾਜ਼ਮਾਂ ਅਤੇ ਅਫ਼ਸਰਾਂ ਦੇ 9 ਸੰਗਠਨ ਸ਼ਾਮਲ ਹਨ। ਹੜਤਾਲ ਦਾ ਸਭ ਤੋਂ ਵੱਡਾ ਕਾਰਨ ਸਰਕਾਰ ਦਾ ਐਲਾਨ ਹੈ ਕਿ ਉਹ ਆਈਡੀਬੀਆਈ ਬੈਂਕ ਤੋਂ ਇਲਾਵਾ ਦੋ ਹੋਰ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਨ ਜਾ ਰਹੀ ਹੈ।

ਬੈਂਕ ਯੂਨੀਅਨਾਂ ਨਿੱਜੀਕਰਨ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰੀ ਬੈਂਕਾਂ ਨੂੰ ਮਜ਼ਬੂਤ ਕਰਕੇ ਅਰਥਚਾਰੇ ਵਿੱਚ ਤੇਜ਼ੀ ਲਿਆਉਣ ਦੀ ਜ਼ਿੰਮੇਵਾਰੀ ਸੌਂਪਣ ਦੀ ਲੋੜ ਹੈ ਤਾਂ ਸਰਕਾਰ ਉਲਟੇ ਰਾਹ 'ਤੇ ਚੱਲ ਰਹੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)