ਟੂਲਕਿਟ ਮਾਮਲੇ 'ਚ ਜ਼ਮਾਨਤ 'ਤੇ ਰਿਹਾਅ ਦਿਸ਼ਾ ਰਵੀ ਨੇ ਕਿਹਾ, 'TRP ਲਈ TV ਨੇ ਮੁਜਰਮ ਬਣਾ ਦਿੱਤਾ'

ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ ਮਾਮਲੇ ਵਿੱਚ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੇ ਪਿਛਲੇ ਮਹੀਨੇ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਆਪਣਾ ਬਿਆਨ ਜਾਰੀ ਕੀਤਾ ਹੈ।

ਆਪਣੇ ਟਵਿੱਟਰ ਹੈਂਡਲ ਉੱਪਰ ਪੋਸਟ ਕੀਤੇ ਗਏ ਚਾਰ ਪੰਨਿਆਂ ਦੇ ਬਿਆਨ ਵਿੱਚ ਦਿਸ਼ਾ ਰਵੀ ਨੇ ਮੀਡੀਆ ਦੀ ਆਲੋਚਨਾ ਕੀਤੀ ਹੈ ਅਤੇ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ,"ਸਭ ਕੁਝ ਜੋ ਸੱਚ ਹੈ, ਸੱਚ ਤੋਂ ਬਹੁਤ ਦੂਰ ਲਗਦਾ ਹੈ: ਦਿੱਲੀ ਦਾ ਸਮੋਗ, ਪਟਿਆਲਾ ਕੋਰਟ ਅਤੇ ਤਿਹਾੜ ਜੇਲ੍ਹ।"

ਉਨ੍ਹਾਂ ਨੇ ਲਿਖਿਆ ਕਿ ਜੇ ਕਿਸੇ ਨੇ ਉਨ੍ਹਾਂ ਨੂੰ ਪੁੱਛਿਆ ਹੁੰਦਾ ਕਿ ਅਗਲੇ ਪੰਜ ਸਾਲਾਂ ਵਿੱਚ ਉਹ ਖ਼ੁਦ ਨੂੰ ਕਿੱਥੇ ਦੇਖ਼ਦੇ ਹਨ ਤਾਂ ਇਸ ਦਾ ਜਵਾਬ ਜੇਲ੍ਹ ਤਾਂ ਬਿਲਕੁਲ ਨਹੀਂ ਸੀ ਹੋਣਾ।

ਉਨ੍ਹਾਂ ਨੇ ਲਿਖਿਆ,"ਮੈਂ ਖ਼ੁਦ ਨੂੰ ਪੁੱਛਦੀ ਰਹੀ ਹਾਂ ਕਿ ਉਸ ਸਮੇਂ ਉੱਥੇ ਹੋਣਾ ਕਿਹੋ-ਜਿਹਾ ਲੱਗ ਰਿਹਾ ਸੀ ਪਰ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਮੈਨੂੰ ਲੱਗ ਰਿਹਾ ਸੀ ਕਿ ਸਿਰਫ਼ ਇੱਕ ਹੀ ਤਰੀਕਾ ਹੈ ਜਿਸ ਨਾਲ ਮੈਂ ਇਸਦਾ ਸਾਹਮਣਾ ਕਰ ਸਕਦੀ ਹਾਂ।”

“ਖ਼ੁਦ ਨੂੰ ਇਹ ਸਮਝਾ ਕੇ ਕਿ ਇਹ ਸਭ ਮੇਰੇ ਨਾਲ ਹੋ ਹੀ ਨਹੀਂ ਰਿਹਾ ਹੈ- ਪੁਲਿਸ 13 ਫ਼ਰਵਰੀ 2021 ਨੂੰ ਮੇਰੇ ਦਰਵਾਜ਼ੇ 'ਤੇ ਨਹੀਂ ਆਈ ਸੀ, ਉਨ੍ਹਾਂ ਨੇ ਮੇਰਾ ਫ਼ੋਨ ਨਹੀਂ ਲਿਆ ਸੀ, ਮੈਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ, ਉਹ ਮੈਨੂੰ ਪਟਿਆਲਾ ਹਾਊਸ ਕੋਰਟ ਲੈ ਕੇ ਨਹੀਂ ਗਏ ਸਨ, ਮੀਡੀਆ ਵਾਲੇ ਆਪਣੇ ਲਈ ਉਸ ਕਮਰੇ ਵਿੱਚ ਥਾਂ ਨਹੀਂ ਤਲਾਸ਼ ਰਹੇ ਸਨ।"

ਉਨ੍ਹਾਂ ਨੇ ਲਿਖਿਆ,"ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਮੇਰੇ ਹੱਕਾਂ ਦਾ ਘਾਣ ਹੋਇਆ, ਮੇਰੀਆਂ ਤਸਵੀਰਾਂ ਪੂਰੇ ਮੀਡੀਆ ਵਿੱਚ ਫ਼ੈਲ ਗਈਆਂ, ਮੈਨੂ ਮੁਜਰਮ ਕਰਾਰ ਦੇ ਦਿੱਤਾ ਗਿਆ- ਅਦਾਲਤ ਵੱਲੋਂ ਨਹੀਂ, ਟੀਆਰਪੀ ਦੀ ਚਾਹ ਵਾਲੀ ਟੀਵੀ ਸਕਰੀਨ ਉੱਪਰ।

''ਮੈਂ ਉੱਥੇ ਬੈਠੀ ਰਹੀ ਇਸ ਗੱਲ ਤੋਂ ਅਨਜਾਣ ਕਿ ਉਨ੍ਹਾਂ ਦੇ ਵਿਚਾਰਾਂ ਦੇ ਹਿਸਾਬ ਨਾਲ ਮੇਰੇ ਬਾਰੇ ਕਾਲਪਨਿਕ ਗੱਲਾਂ ਘੜੀਆਂ ਗਈਆਂ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਮਨੁੱਖਤਾ ਅਤੇ ਵਾਤਾਵਰਣ ਦੀ ਤੁਲਨਾ ਕਰਦਿਆਂ ਉਨ੍ਹਾਂ ਨੇ ਲਿਖਿਆ,"ਕਦੇ ਨਾ ਖ਼ਤਮ ਹੋਣ ਵਾਲੇ ਇਸ ਲਾਲਚ ਅਤੇ ਉਪਭੋਗ ਦੇ ਖ਼ਿਲਾਫ਼ ਜੇ ਅਸੀਂ ਸਮੇਂ ਸਿਰ ਕਦਮ ਨਾ ਚੁੱਕਿਆ ਤਾਂ ਅਸੀਂ ਵਿਨਾਸ਼ ਦੇ ਨੇੜੇ ਜਾ ਰਹੇ ਹਾਂ।"

ਉਨ੍ਹਾਂ ਨੇ ਇਸ ਦੌਰਾਨ ਆਪਣੇ ਨਾਲ ਖੜ੍ਹੇ ਲੋਕਾਂ ਦਾ ਧੰਨਵਾਦ ਕੀਤਾ। ਲਿਖਿਆ,"ਮੈਂ ਖ਼ੁਸ਼ਕਿਸਮਤ ਸੀ ਕਿ ਮੈਨੂੰ ਪ੍ਰੋ-ਬੋਨੋ (ਲੋਕ-ਹਿੱਤ) ਕਾਨੂੰਨੀ ਸਹਾਇਤਾ ਮਿਲੀ ਪਰ ਉਨ੍ਹਾਂ ਦਾ ਕੀ ਜਿਨ੍ਹਾਂ ਨੂੰ ਇਹ ਨਹੀਂ ਮਿਲਦੀ? ਉਨ੍ਹਾਂ ਲੋਕਾਂ ਦਾ ਕੀ ਜਿਨ੍ਹਾਂ ਦੀਆਂ ਕਹਾਣੀਆਂ ਨੂੰ ਵੇਚਿਆ ਨਹੀਂ ਜਾ ਸਕਦਾ? ਉਨ੍ਹਾਂ ਪਿਛੜੇ ਲੋਕਾਂ ਦਾ ਕੀ ਜੋ ਸਕਰੀਨ ਟਾਈਮ ਦੇ ਲਾਇਕ ਨਹੀਂ ਹਨ?"

"ਵਿਚਾਰ ਨਹੀਂ ਮਰਦੇ ਅਤੇ ਸੱਚ ਭਾਵੇਂ ਜਿੰਨਾ ਮਰਜ਼ੀ ਸਮਾਂ ਲੱਗੇ ਬਾਹਰ ਆਉਂਦਾ ਹੈ।"

ਪਿਛਲੇ ਮਹੀਨੇ ਮਿਲੀ ਸੀ ਜ਼ਮਾਨਤ

ਦਿਸ਼ਾ ਰਵੀ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 13 ਫ਼ਰਵਰੀ ਨੂੰ ਬੇਂਗਲੂਰੂ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ 23 ਫ਼ਰਵਰੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਜ਼ਮਾਨਤ ਦਿੱਤੀ ਸੀ।

ਦਿੱਲੀ ਪੁਲਿਸ ਨੇ ਦਿਸ਼ਾ ਰਵੀ ਨੂੰ ਦਿੱਲੀ ਦੀ ਇੱਕ ਅਦਾਲਤ 'ਚ ਪੇਸ਼ ਕਰਦਿਆਂ ਕਿਹਾ ਕਿ ''ਦਿਸ਼ਾ ਰਵੀ ਟੂਲਕਿੱਟ ਗੂਗਲ ਡੌਕੂਮੈਂਟ ਦੀ ਐਡਿਟਰ ਹੈ ਅਤੇ ਇਸ ਡੌਕੂਮੈਂਟ ਨੂੰ ਬਣਾਉਣ ਅਤੇ ਇਸ ਨੂੰ ਪ੍ਰਸਾਰਿਤ ਕਰਨ ਵਿੱਚ ਉਸ ਦੀ ਅਹਿਮ ਭੂਮਿਕਾ ਹੈ।''

ਪੁਲਿਸ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ''ਇਸ ਸਿਲਸਿਲੇ 'ਚ ਉਸ ਨੇ ਖਾਲਿਸਤਾਨ ਸਮਰਥਕ 'ਪੌਇਟਿਕ ਜਸਟਿਸ ਫਾਉਂਡੇਸ਼ਨ' ਦੇ ਨਾਲ ਮਿਲ ਕੇ ਭਾਰਤ ਪ੍ਰਤੀ ਉਦਾਸੀ ਫ਼ੈਲਾਉਣ ਦਾ ਕੰਮ ਕੀਤਾ ਅਤੇ ਉਸ ਨੇ ਹੀ ਗ੍ਰੇਟਾ ਥਨਬਰਗ ਦੇ ਨਾਲ ਇਹ ਟੂਲਕਿੱਟ ਸ਼ੇਅਰ ਕੀਤੀ ਸੀ।''

ਦਿਸ਼ਾ ਰਵੀ ਦੀ ਇਮਾਨਦਾਰੀ ਅਤੇ ਉਨ੍ਹਾਂ ਦੀ ਪ੍ਰਤੀਬੱਧਤਾ ਦਾ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਹਮੇਸ਼ਾ ਜ਼ਿਕਰ ਕਰਦੇ ਹਨ।

ਤਾਰਾ ਕ੍ਰਿਸ਼ਣਾਸਵਾਮੀ ਕਹਿੰਦੇ ਹਨ, ''ਸਿਰਫ਼ ਇਹੀ ਨਹੀਂ, ਸਾਰੇ ਸੰਗਠਨ ਦਾਇਰੇ 'ਚ ਰਹਿ ਕੇ ਹੀ ਕੰਮ ਕਰਦੇ ਹਨ। ਇਸ 'ਚ ਵੀ ਪੂਰੀ ਤਰ੍ਹਾਂ ਸਹਿਯੋਗ ਕਰਦੀ ਹੈ ਅਤੇ ਹਮੇਸ਼ਾ ਸਾਂਤਮਈ ਰਹਿੰਦੀ ਹੈ।''

ਇੱਕ ਹੋਰ ਕਾਰਕੁਨ ਨੇ ਆਪਣਾ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ ਉੱਤੇ ਬੀਬੀਸੀ ਨੂੰ ਕਿਹਾ, ''ਉਹ ਇੱਕ ਮਜ਼ਾਹੀਆ ਅਤੇ ਨਾਸਮਝ ਕੁੜੀ ਹੈ। ਉਹ ਅਕਸਰ ਪ੍ਰੋਗਰਾਮਾਂ ਵਿੱਚ ਦੇਰੀ ਨਾਲ ਆਉਂਦੀ ਹੈ।"

ਦਿਸ਼ਾ ਰਵੀ 'ਫ੍ਰਾਈਡੇ ਫ਼ੌਰ ਫ਼ਿਊਚਰ' ਨਾਮ ਦੀ ਮੁਹਿੰਮ ਦੀ ਸਹਿ-ਸੰਸਥਾਪਕ ਹਨ। ਉਨ੍ਹਾਂ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਸ਼ਨੀਵਾਰ 13 ਫਰਵਰੀ ਦੀ ਸ਼ਾਮ ਬੰਗਲੁਰੂ ਤੋਂ ਗ੍ਰਿਫ਼ਤਾਰ ਕੀਤਾ।

ਗ੍ਰੇਟਾ ਥਨਬਰਗ ਦੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਤੋਂ ਬਾਅਦ ਦਰਜ ਹੋਏ ਮਾਮਲੇ ਵਿੱਚ ਇਹ ਪਹਿਲੀ ਗ੍ਰਿਫ਼ਤਾਰੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)