ਕਿਸਾਨਾਂ ਨੂੰ ਲੈ ਕੇ ਸਿੱਖਸ ਫਾਰ ਜਸਟਿਸ ਨੇ UN ਮੁਹਰੇ ਇਹ ਰੱਖੀ ਮੰਗ- ਪ੍ਰੈੱਸ ਰਿਵੀਊ

ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਯੂਐੱਨ ਤੋਂ ਭਾਰਤ ਵਿੱਚ ਕਿਸਾਨਾਂ ਨਾਲ ਹੋ ਰਹੇ ਵਤੀਰੇ ਦੀ ਜਾਂਚ ਬਾਰੇ ਇੱਕ "ਜਾਂਚ ਕਮਿਸ਼ਨ" ਬਣਾਉਣ ਦੀ ਮੰਗ ਕਰ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਨੇ ਸੰਗਠਨ ਤੋਂ 10 ਹਜ਼ਾਰ ਅਮਰੀਕੀ ਡਾਲਰ ਦਾ "ਦਾਨ" ਮਿਲਣ ਦੀ ਪੁਸ਼ਟੀ ਕੀਤੀ ਹੈ।

ਜਿਨੇਵਾ ਵਿੱਚ ਸੁੰਯੁਕਤ ਰਾਸ਼ਟਰ ਮਨੁੱਖੀ ਹੱਕਾਂ ਬਾਰੇ ਹਾਈ ਕਮਿਸ਼ਨਰ ਦੇ ਇੱਕ ਬੁਲਾਰੇ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ,"ਸਾਨੂੰ ਪਹਿਲੀ ਮਾਰਚ ਦੇ ਇੱਕ ਆਨਲਾਈਨ ਡੋਨੇਸ਼ਨ ਪ੍ਰੋਗਰਾਮ ਵਿੱਚ ਸਿਖਸ ਫਾਰ ਜਸਟਿਸ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਵਿਅਕਤੀ ਤੋਂ 10,000 ਡਾਲਰ ਦਾ ਦਾਨ ਮਿਲਿਆ ਹੈ।“

ਇਹ ਵੀ ਪੜ੍ਹੋ:

“ਆਮ ਤੌਰ ਤੇ ਅਸੀਂ ਆਨਲਾਈਨ ਸਹਿਯੋਗ ਲੈਣ ਤੋਂ ਮਨ੍ਹਾਂ ਨਹੀਂ ਕਰਦੇ ਬਾਸ਼ਰਤੇ ਕਿ ਉਹ ਸੰਗਠਨ ਜਾਂ ਵਿਅਕਤੀ ਯੂਐੱਨ ਸੈਂਕਸ਼ਨਜ਼ ਸੂਚੀ ਵਿੱਚ ਸ਼ਾਮਲ ਨਾ ਹੋਵੇ ਜਾਂ ਉਹ ਸੰਗਠਨ/ਵਿਅਕਤੀ ਯੂਐੱਨ ਚਾਰਟਰ ਜਾਂ ਇਸ ਦੇ ਸਿਧਾਂਤਾਂ ਦੇ ਉਲਟ ਕਾਰਵਾਈਆਂ ਵਿੱਚ ਸ਼ਾਮਲ ਨਾ ਹੋਵੇ।"

ਪੰਨੂ ਨੇ ਭਾਰਤੀ ਕਿਸਾਨਾਂ ਬਾਰੇ ਯੂਐੱਨ ਕਮਿਸ਼ਨ ਦੇ ਜਾਂਚ ਕਮਿਸ਼ਨ ਬਾਰੇ ਅਖ਼ਬਾਰ ਨੂੰ ਕਿਹਾ ਕਿ ਉਨਾਂ ਮੁਤਾਬਕ "ਹਾਲੇ ਯੂਐੱਨ ਨੇ ਇਸ ਬਾਰੇ ਕੋਈ ਕਮਿਸ਼ਨ ਨਹੀਂ ਬਣਾਇਆ ਹੈ ਪਰ ਉਹ ਮਾਮਲੇ ਦੀ ਪੈਰਵਾਈ ਕਰ ਰਹੇ ਹਨ।"

ਯੂਐੱਨ ਦੇ ਬੁਲਾਰੇ ਨੇ ਦੱਸਿਆ,"ਭਾਰਤ 'ਤੇ ਅਜਿਹੇ ਕਿਸੇ ਜਾਂਚ ਕਮਿਸ਼ਨ ਦੀ ਹਾਲੇ ਕੋਈ ਯੋਜਨਾ ਨਹੀਂ ਹੈ।"

ਪੰਜਾਬ ਵਿੱਚ ਕੋਰੋਨਾ:ਆਂਗਨਵਾੜੀ ਕੇਂਦਰ ਬੰਦ

ਪੰਜਾਬ ਸਰਕਾਰ ਨੇ ਸੂਬੇ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਆਂਗਨਵਾੜੀ ਕੇਂਦਰਾਂ ਨੂੰ ਅਗਲੀਆਂ ਹਦਾਇਤਾਂ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਾਲਾਂਕਿ ਆਂਗਨਵਾੜੀ ਸਟਾਫ਼ ਹਾਜ਼ਰ ਰਹੇਗਾ ਅਤੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰੋ-ਘਰੀ ਰਾਸ਼ਨ ਪੁੱਜਦਾ ਰਹੇਗਾ।

ਕੋਵਿਡ ਲਈ ਪੰਜਾਬ ਦੇ ਨੋਡਲ ਅਫ਼ਸਰ ਡਾ ਰਾਜੇਸ਼ ਭਾਸਕਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪੰਜਾਬ ਵਿੱਚ ਪ੍ਰਤੀ ਦਿਨ ਸਾਹਮਣੇ ਆਉਣ ਵਾਲੇ ਪੌਜ਼ੀਟਿਵ ਕੇਸਾਂ ਵਿੱਚ ਗਿਰਾਵਟ ਆ ਰਹੀ ਸੀ, 26 ਜਨਵਰੀ ਨੂੰ 129 ਕੇਸ ਪੌਜ਼ੀਟਿਵ ਆਏ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਵਧੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸ਼੍ਰੀਲੰਕਾ ਵਿੱਚ ਜਨਤਕ ਥਾਵਾਂ ਉੱਪਰ ਬੁਰਕਾ ਪਾਉਣ 'ਤੇ ਪਾਬੰਦੀ

ਸ਼੍ਰੀਲੰਕਾ ਨੇ ਕੌਮੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਜਨਤਕ ਥਾਵਾਂ ਉੱਪਰ ਬੁਰਕਾ ਪਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਪਾਬੰਦੀ ਵਿੱਚ ਮੂੰਹ ਢਕਣ ਦੇ ਹੋਰ ਵੀ ਤਰੀਕੇ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਇਸ ਪਾਬੰਦੀ ਨੂੰ ਜਲਦੀ ਹੀ ਅਮਲ ਵਿੱਚ ਲਿਆਂਦਾ ਜਾਵੇਗਾ।

ਦੇਸ਼ ਦੇ ਪਬਲਿਕ ਸੁਰੱਖਿਆ ਮੰਤਰੀ ਸ਼ਰਤ ਵੀਰਸ਼ੇਖ਼ਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾ ਨੇ ਇਸ ਸਿਲਸਿਲੇ ਵਿੱਚ ਕੈਬਨਿਟ ਦੇ ਇੱਕ ਹੁਕਮ ਉੱਪਰ ਦਸਤਖ਼ਤ ਕਰ ਦਿੱਤੇ ਹਨ। ਜਿਸ ਨੂੰ ਹੁਣ ਸੰਸਦ ਦੀ ਪ੍ਰਵਾਨਗੀ ਦੀ ਲੋੜ ਹੋਵੇਗੀ।

ਮੰਦਰ ਚੋਂ ਪਾਣੀ ਪੀਣ ਪਿੱਛੇ ਇੱਕ 14 ਸਾਲਾ ਬੱਚੇ ਦੀ ਕੁੱਟ-ਮਾਰ

ਇੱਕ 14 ਸਾਲਾ ਮੁਸਲਿਮ ਬੱਚਾ ਜਦੋਂ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦੇ ਇੱਕ ਮੰਦਰ ਵਿੱਚ ਪਾਣੀ ਪੀਣ ਗਿਆ ਤਾਂ ਇੱਕ ਵਿਅਕਤੀ ਨੇ ਉਸ ਨੂੰ ਫੜ ਲਿਆ ਥੱਪੜ ਮਾਰੇ, ਉਸ ਦੇ ਠੁਡੇ ਵੀ ਮਾਰੇ ਅਤੇ ਵੀਡੀਓ ਬਣਾ ਕੇ ਫੈਲਾਈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕਤ ਪੁਲਿਸ ਨੇ ਵੀਡੀਓ ਦਾ ਸੰਗਿਆਨ ਲੈਂਦਿਆਂ ਮੁੱਖ ਮੁਲਜ਼ਮ ਸ਼੍ਰਿੰਗੀ ਨੰਦਨ ਯਾਦਵ ਅਤੇ ਉਸ ਦੇ ਸਾਥੀ ਸ਼ਿਵਾਨੰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੁਲਜ਼ਮ ਨੇ ਬੱਚੇ ਦਾ ਹੱਥ ਫੜਿਆ ਅਤੇ ਉਸ ਦਾ ਨਾਂਅ ਅਤੇ ਮੰਦਰ ਵਿੱਚ ਆਉਣ ਦੀ ਵਜ੍ਹਾ ਪੁੱਛੀ। ਜਦੋਂ ਬੱਚੇ ਨੇ ਆਪਣਾ ਅਤੇ ਆਪਣੇ ਪਿਤਾ ਦਾ ਨਾਂਅ ਦੱਸਿਆ ਅਤੇ ਕਿਹਾ ਕਿ ਉਹ ਪਾਣੀ ਪੀਣ ਆਇਆ ਸੀ ਤਾਂ ਮੁਲਜ਼ਮ ਨੇ ਉਸ ਦੇ ਥੱਪੜ ਮਾਰੇ ਅਤੇ ਲੱਤਾਂ ਮਾਰੀਆਂ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)