ਕੋਵਿਡ-19: ਪੰਜਾਬ 'ਚ ਕੇਸ ਕਿਉਂ ਵੱਧ ਰਹੇ ਤੇ ਕਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿੱਚ ਕੋਵਿਡ-19 ਦੇ ਕੇਸ ਇੱਕ ਵਾਰ ਫਿਰ ਵਧਣ ਲੱਗੇ ਹਨ ਅਤੇ ਮੁੜ ਕਈ ਪਾਬੰਦੀਆਂ ਵੀ ਲਾਈਆਂ ਜਾ ਰਹੀਆਂ ਹਨ।

ਇਸ ਵੇਲੇ ਪੰਜਾਬ ਦੇਸ ਦੇ ਉਨ੍ਹਾਂ ਸੂਬਿਆਂ ਵਿੱਚੋਂ ਹੈ ਜਿੱਥੇ ਕੋਵਿਡ ਦੇ ਸਭ ਤੋਂ ਵੱਧ ਸਰਗਰਮ ਮਾਮਲੇ ਹਨ।

ਕੋਵਿਡ ਲਈ ਪੰਜਾਬ ਦੇ ਨੋਡਲ ਅਫ਼ਸਰ ਡਾ ਰਾਜੇਸ਼ ਭਾਸਕਰ ਨੇ ਦੱਸਿਆ ਕਿ ਪੰਜਾਬ ਵਿੱਚ ਪ੍ਰਤੀ ਦਿਨ ਸਾਹਮਣੇ ਆਉਣ ਵਾਲੇ ਪੌਜ਼ੀਟਿਵ ਕੇਸਾਂ ਵਿੱਚ ਗਿਰਾਵਟ ਆ ਰਹੀ ਸੀ, 26 ਜਨਵਰੀ ਨੂੰ 129 ਕੇਸ ਪੌਜ਼ੀਟਿਵ ਆਏ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਵਧੇ ਹਨ।

ਇਹ ਵੀ ਪੜ੍ਹੋ:

ਪੰਜਾਬ ਅੰਦਰ ਮੁੜ ਕੇਸ ਵਧਣ ਦੇ ਕਾਰਨ

ਪੰਜਾਬ ਅੰਦਰ ਕੋਵਿਡ ਦੇ ਕੇਸ ਮੁੜ ਵਧਣ ਕਾਰਨ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਕੇਂਦਰੀ ਟੀਮ ਨੇ ਪੰਜਾਬ ਦਾ ਦੌਰਾ ਕੀਤਾ।

ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਡਾਇਰੈਕਟਰ ਡਾ ਐਸ ਕੇ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅੰਮ੍ਰਿਤਸਰ, ਕਪੂਰਥਲਾ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਦਾ ਦੌਰਾ ਕੀਤਾ। ਪੰਜਾਬ ਵਿੱਚ ਕੋਵਿਡ ਦੇ ਨੋਡਲ ਅਫ਼ਸਰ ਡਾ ਰਾਜੇਸ਼ ਭਾਸਕਰ ਨੇ ਦੱਸਿਆ ਕਿ ਟੀਮ ਨੇ ਸੂਬੇ ਅੰਦਰ ਮੁੜ ਕੇਸ ਵਧਣ ਦੇ ਕੁਝ ਕਾਰਨ ਲੱਭੇ ਹਨ।

ਉਨ੍ਹਾਂ ਮੁਤਾਬਕ:

  • ਲੋਕ ਕੋਵਿਡ ਮਹਾਂਮਾਰੀ ਸਬੰਧੀ ਜ਼ਰੂਰੀ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ।
  • ਮਾਸਕ ਨਾ ਪਾਉਣਾ ਲੋਕਾਂ ਦੀ ਵੱਡੀ ਲਾਪਰਵਾਹੀ ਹੈ।
  • ਸਮਾਜਿਕ ਅਤੇ ਧਾਰਮਿਕ ਇਕੱਠ ਧੜੱਲੇ ਨਾਲ ਹੋ ਰਹੇ ਹਨ।
  • ਸਮਾਜਿਕ ਤੇ ਧਾਰਮਿਕ ਇਕੱਠਾਂ ਵਿੱਚ ਲੋਕ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕਰ ਰਹੇ ਅਤੇ ਨਾ ਹੀ ਮਾਸਕ ਪਾ ਰਹੇ ਹਨ।
  • ਬਿਨਾਂ ਲੱਛਣ ਵਾਲੇ ਕੋਵਿਡ ਪੌਜ਼ੀਟਿਵ ਮਰੀਜ਼ ਘਰਾਂ ਅੰਦਰ ਆਈਸੋਲੇਟ ਹੋਣ ਦੀ ਪਾਲਣਾ ਨਹੀਂ ਕਰ ਰਹੇ, ਪੌਜ਼ੀਟਿਵ ਮਰੀਜ਼ਾਂ ਦੇ ਬਾਹਰ ਘੁੰਮਣ ਦੀਆਂ ਉਦਾਹਰਨਾਂ ਵੀ ਸਾਹਮਣੇ ਆਈਆਂ ਹਨ।

ਡਾ ਰਾਜੇਸ਼ ਭਾਸਕਰ ਨੇ ਦੱਸਿਆ ਕਿ ਕੇਂਦਰੀ ਟੀਮ ਨੇ ਸਾਰਾ ਜਾਇਜ਼ਾ ਲੈਣ ਬਾਅਦ ਕੁਝ ਸੁਝਾਅ ਵੀ ਦਿੱਤੇ ਹਨ।

ਉਨ੍ਹਾਂ ਸੁਝਾਅ ਦਿੱਤਾ ਹੈ, "ਜਿਨ੍ਹਾਂ ਇਲਾਕਿਆਂ ਵਿੱਚ ਪੌਜ਼ੀਟਿਵ ਕੇਸ ਜ਼ਿਆਦਾ ਆ ਰਹੇ ਹਨ, ਉੱਥੇ ਟੈਸਟਿੰਗ ਵਧਾਈ ਜਾਵੇ। ਸਥਾਨਕ ਪੱਧਰ 'ਤੇ ਕੰਟੇਨਮੈਂਟ ਸਬੰਧੀ ਕੋਈ ਕਦਮ ਚੁੱਕੇ ਜਾ ਸਕਦੇ ਹਨ ਤਾਂ ਚੁੱਕੇ ਜਾਣ।"

"ਡਾ ਭਾਸਕਰ ਮੁਤਾਬਕ ਕੇਂਦਰੀ ਟੀਮ ਨੇ ਕੋਵਿਡ ਅਨੁਕੂਲ ਵਰਤਾਅ ਯਾਨੀ ਜਾਰੀ ਹਦਾਇਤਾਂ ਦੀ ਪਾਲਣਾ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ 'ਤੇ ਜ਼ੋਰ ਦਿੱਤਾ। ਨਾਲ ਹੀ ਕੋਵਿਡ ਖਿਲਾਫ਼ ਟੀਕਾਕਰਨ ਦੇ ਲਾਭਪਾਤਰੀਆਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਦੀ ਵੀ ਲੋੜ ਹੈ।"

ਘੱਟ ਟੀਕਾਕਰਨ ਵੀ ਇੱਕ ਕਾਰਨ

ਡਾ. ਰਾਜੇਸ਼ ਭਾਸਕਰ ਨੇ ਦੱਸਿਆ, "ਸੂਬੇ ਅੰਦਰ ਕੋਵਿਡ ਦੇ ਜ਼ਿਆਦਾਤਰ ਸਾਹਮਣੇ ਆ ਰਹੇ ਮਰੀਜ਼ 60 ਸਾਲ ਤੋਂ ਵੱਧ ਉਮਰ ਦੇ ਹਨ। ਅਜਿਹੇ ਲੋਕਾਂ ਨੂੰ ਕੋਵਿਡ ਟੀਕਾਕਰਨ ਲਈ ਕਿਹਾ ਜਾ ਰਿਹਾ ਹੈ ਪਰ ਲੋਕ ਉੰਨੀ ਗਿਣਤੀ ਵਿੱਚ ਟੀਕਾ ਲਗਵਾਉਣ ਲਈ ਸਾਹਮਣੇ ਨਹੀਂ ਆ ਰਹੇ।"

ਦੱਸ ਦੇਈਏ ਕਿ ਪੰਜਾਬ ਵਿੱਚ 60 ਸਾਲ ਤੋਂ ਵੱਧ ਉਮਰ ਵਾਲੇ ਅਤੇ 45 ਤੋਂ 59 ਸਾਲ ਤੱਕ ਦੀ ਉਮਰ ਵਾਲੇ ਜਿਨ੍ਹਾਂ ਲੋਕਾਂ ਨੂੰ ਹੋਰ ਬਿਮਾਰੀਆਂ ਕਾਰਨ ਲਾਭਪਾਤਰੀਆਂ ਦੀ ਯੋਗਤਾ ਵਿੱਚ ਰੱਖਿਆ ਗਿਆ ਹੈ, ਇਨ੍ਹਾਂ ਵਿੱਚੋਂ 12 ਮਾਰਚ ਸ਼ਾਮ ਤੱਕ 82,221 ਲੋਕਾਂ ਨੇ ਕੋਵਿਡ ਟੀਕਾਕਰਨ ਦੀ ਪਹਿਲੀ ਡੋਜ਼ ਲਈ ਹੈ। ਇਨ੍ਹਾਂ ਲਾਭਪਾਤਰੀਆਂ ਦਾ ਟੀਕਾਕਰਨ ਇੱਕ ਮਾਰਚ ਤੋਂ ਸ਼ੁਰੂ ਹੋ ਚੁੱਕਿਆ ਹੈ ਅਤੇ ਪੰਜਾਬ ਵਿੱਚ ਅਜਿਹੇ ਤਕਰੀਬਨ 65 ਲੱਖ ਲੋਕ ਹਨ।

ਇਹ ਵੀ ਪੜ੍ਹੋ:-

1,06,627 ਹੈਲਥ ਕੇਅਰ ਵਰਕਰ ਟੀਕਾਕਰਨ ਦੀ ਪਹਿਲੀ ਡੋਜ਼ ਲੈ ਚੁੱਕੇ ਹਨ 52,880 ਹੈਲਥ ਕੇਅਰ ਵਰਕਰਾਂ ਨੇ ਦੂਜੀ ਡੋਜ਼ ਵੀ ਲੈ ਲਈ ਹੈ। 95,499 ਫਰੰਟ ਲਾਈਨ ਵਰਕਰ ਟੀਕਾਕਰਨ ਦੀ ਪਹਿਲੀ ਡੋਜ਼ ਲੈ ਚੁੱਕੇ ਹਨ, 10,695 ਫਰੰਟ ਲਾਈਨ ਵਰਕਰ ਵੈਕਸੀਨ ਦੀ ਦੂਜੀ ਡੋਜ਼ ਵੀ ਲੈ ਚੁੱਕੇ ਹਨ। ਹੈਲਥ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਦੀ ਗਿਣਤੀ ਢਾਈ-ਤਿੰਨ ਲੱਖ ਸੀ।

ਸੂਬੇ ਅੰਦਰ ਕੋਵਿਡ-19 ਦੇ ਤਾਜ਼ਾ ਹਾਲਾਤ ਸਥਿਤੀ

12 ਮਾਰਚ ਸ਼ਾਮ ਤੱਕ ਜਾਰੀ ਰਿਪੋਰਟ ਮੁਤਾਬਕ ਪੰਜਾਬ ਅੰਦਰ 10,452 ਐਕਟਿਵ ਕੇਸ ਯਾਨੀ ਕਿ ਕੋਵਿਡ ਦੇ ਮਰੀਜ਼ ਹਨ।

12 ਮਾਰਚ ਦੀ ਰਿਪੋਰਟ ਮੁਤਾਬਕ ਇੱਕ ਦਿਨ ਵਿੱਚ 1,414 ਨਵੇਂ ਪੌਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਅਤੇ ਸੂਬੇ ਵਿੱਚ ਕੋਵਿਡ ਕਾਰਨ 34 ਮੌਤਾਂ ਹੋਈਆਂ। ਇਸੇ ਦਿਨ 191 ਮਰੀਜ਼ ਰਿਕਵਰ ਵੀ ਹੋਏ।

ਪੰਜਾਬ ਵਿੱਚ ਕੋਵਿਡ ਦੀ ਦਸਤਕ ਹੋਣ ਤੋਂ ਲੈ ਕੇ 12 ਮਾਰਚ, 2021 ਤੱਕ ਕੋਵਿਡ-19 ਦੇ ਕੁੱਲ 1,94,753 ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 1,78,271 ਮਰੀਜ਼ ਰਿਕਵਰ ਹੋ ਗਏ ਜਦੋਂਕਿ 6,030 ਮਰੀਜ਼ਾ ਦੀ ਮੌਤ ਹੋ ਗਈ।

ਪਿਛਲੇ ਕੁਝ ਦਿਨਾਂ ਤੋਂ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕੋਵਿਡ ਪੌਜ਼ੀਟਿਵ ਆਉਣ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਸੀ। ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਸਕੂਲ ਖੁੱਲ੍ਹਣ ਤੋਂ ਬਾਅਦ ਹੁਣ ਤੱਕ 1,050 ਵਿਦਿਆਰਥੀ ਅਤੇ 625 ਅਧਿਆਪਕ ਵੀ ਕੋਰੋਨਾ ਪੌਜ਼ੀਟਿਵ ਆ ਚੁੱਕੇ ਹਨ।

ਡਾ. ਰਾਜੇਸ਼ ਭਾਸਕਰ ਨੇ ਕਿਹਾ, "ਇਸ ਨੂੰ ਕੋਵਿਡ ਦੀ ਦੂਜੀ ਵੇਵ ਦੀ ਸ਼ੁਰੂਆਤ ਸਮਝੋ। ਕੇਸ ਵਧਣ ਦੇ ਬਾਵਜੂਦ ਲੋਕਾਂ ਨੇ ਸਾਵਧਾਨੀਆਂ ਵਰਤਣੀਆਂ ਸ਼ੁਰੂ ਨਹੀਂ ਕੀਤੀਆਂ। ਨਾ ਲੋਕਾਂ ਨੇ ਵੈਕਸੀਨ ਲਈ ਅੱਗੇ ਆਉਣਾ ਸ਼ੁਰੂ ਕੀਤਾ, ਨਾ ਸਮਾਜਿਕ ਦੂਰੀ ਅਤੇ ਮਾਸਕ ਪਾਉਣਾ ਵਧਾਇਆ ਅਤੇ ਨਾ ਹੀ ਸਮਾਜਿਕ ਤੇ ਧਾਰਮਿਕ ਇਕੱਠਾਂ ਨੂੰ ਘਟਾਇਆ। ਲੋਕ ਇਸੇ ਤਰ੍ਹਾਂ ਦਾ ਰਵੱਈਆ ਰੱਖਣਗੇ, ਤਾਂ ਲਾਜ਼ਮੀ ਤੌਰ 'ਤੇ ਆਉਣ ਵਾਲੇ ਸਮੇਂ ਵਿੱਚ ਕੇਸ ਵਧਣਗੇ।"

ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਚੁੱਕੇ ਗਏ ਕਦਮ

ਕੋਵਿਡ ਦਾ ਫੈਲਾਅ ਰੋਕਣ ਸਬੰਧੀ ਮਿਲੇ ਸੁਝਾਵਾਂ ਦੇ ਮੱਦੇਨਜ਼ਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੇਪਰਾਂ ਦੀ ਤਿਆਰੀ ਲਈ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਸਿਰਫ਼ ਅਧਿਆਪਕ ਸਕੂਲਾਂ ਵਿੱਚ ਆਉਂਦੇ ਰਹਿਣਗੇ।

ਫਿਲਹਾਲ ਦੀਆਂ ਹਦਾਇਤਾਂ ਮੁਤਾਬਕ, ਨਿਰਧਾਰਤ ਡੇਟ ਸ਼ੀਟ ਮੁਤਾਬਕ ਪੇਪਰ ਆਫ਼ਲਾਈਨ ਹੀ ਹੋਣਗੇ ਅਤੇ ਕੋਵਿਡ ਸਬੰਧੀ ਹਦਾਇਤਾਂ ਦਾ ਪਾਲਣ ਹੋਏਗਾ।

-23 ਫਰਵਰੀ ਨੂੰ ਕੋਵਿਡ ਦੀ ਸਮੀਖਿਆ ਸਬੰਧੀ ਹੋਈ ਉੱਚ-ਪੱਧਰੀ ਮੀਟਿੰਗ ਵਿੱਚ ਇਨਡੋਰ ਅਤੇ ਆਊਟਡੋਰ ਇਕੱਠਾਂ 'ਤੇ ਪਾਬੰਦੀਆਂ ਲਾਉਣ ਦਾ ਫੈਸਲਾ ਹੋਇਆ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਲੋੜ ਮੁਤਾਬਕ ਰਾਤ ਦਾ ਕਰਫਿਊ ਲਾਉਣ ਦਾ ਅਧਿਕਾਰ ਦਿੱਤਾ ਗਿਆ।

-ਇੱਕ ਮਾਰਚ ਤੋਂ ਲਾਗੂ ਫ਼ੈਸਲੇ ਮੁਤਾਬਕ ਇਨਡੋਰ ਹੋਣ ਵਾਲੇ ਪ੍ਰੋਗਰਾਮਾਂ ਵਿੱਚ 100 ਲੋਕਾਂ ਅਤੇ ਆਊਟਡੋਰ ਪ੍ਰੋਗਰਾਮਾਂ ਵਿੱਚ 200 ਲੋਕਾਂ ਦੇ ਇਕੱਠ ਦੀ ਇਜਾਜ਼ਤ ਹੈ।

-ਛੇ ਮਾਰਚ ਤੋਂ ਪਹਿਲਾਂ ਜਲੰਧਰ, ਕਪੂਰਥਲਾ ਅਤੇ ਨਵਾਂਸ਼ਹਿਰ ਵਿੱਚ ਨਾਈਟ ਕਰਫਿਊ ਲਾਏ ਜਾਣ ਬਾਅਦ ਕਈ ਜ਼ਿਲ੍ਹਿਆਂ ਅੰਦਰ ਡਿਪਟੀ ਕਮਿਸ਼ਨਰਾਂ ਨੇ ਰਾਤ 11 ਵਜੇ ਤੋਂ ਸਵੇਰ 5 ਤੱਕ ਦੇ ਕਰਫਿਊ ਦੇ ਹੁਕਮ ਦਿੱਤੇ ਹਨ।

-ਪੰਜਾਬ ਵਿੱਚ ਨਵਾਂਸ਼ਹਿਰ ਦੇ ਬੰਗਾਂ ਦੇ ਇੱਕ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ।

-ਬਾਕੀ ਸੂਬੇ ਵਿੱਚ ਦਸ ਜ਼ਿਲ੍ਹਿਆਂ ਅੰਦਰ 54 ਮਾਈਕਰੋ-ਕੰਟੇਨਮੈਂਟ ਜ਼ੋਨ ਬਣਾਏ ਗਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)