You’re viewing a text-only version of this website that uses less data. View the main version of the website including all images and videos.
ਦਿਸ਼ਾ ਰਵੀ ਦੀ ਗ੍ਰਿਫ਼ਤਾਰੀ 'ਤੇ ਗਰੇਟਾ ਥਨਬਰਗ ਕੀ ਬੋਲੀ- ਪ੍ਰੈੱਸ ਰਿਵੀਊ
ਕੌਮਾਂਤਰੀ ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਨੇ ਟੂਲਕਿੱਟ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ ਭਾਰਤੀ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਦੇ ਹੱਕ ਵਿੱਚ ਟਵੀਟ ਕੀਤਾ ਹੈ।
ਉਨ੍ਹਾਂ ਨੇ ਲਿਖਿਆ ਕਿ ਪ੍ਰਗਟਾਵੇ ਦੀ ਆਜ਼ਾਦੀ ਇੱਕ ਅਜਿਹਾ ਮਨੁੱਖੀ ਹੱਕ ਹੈ ਜਿਸ ਬਾਰੇ ਕਿਸੇ ਕੀਮਤ 'ਤੇ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਟਵੀਟ ਵਿੱਚ ਲਿਖਿਆ," ਪ੍ਰਗਟਾਵੇ ਦੀ ਆਜ਼ਾਦੀ ਅਤੇ ਸ਼ਾਂਤੀਪੂਰਨ ਮੁਜ਼ਾਹਰਿਆਂ ਦਾ ਹੱਕ ਅਤੇ ਇਸ ਲਈ ਇਕੱਠਿਆਂ ਹੋਣਾ ਕੁਝ ਅਜਿਹੇ ਮਨੁੱਖੀ ਹੱਕ ਹਨ ਜਿਨ੍ਹਾਂ 'ਤੇ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਹ ਵੀ ਲੋਕਤੰਤਰ ਦੇ ਬੁਨਿਆਦੀ ਹਿੱਸੇ ਹੋਣੇ ਚਾਹੀਦੇ ਹਨ।"
ਇਹ ਵੀ ਪੜ੍ਹੋ:
ਗਰੇਟਾ ਨੇ ਇਸ ਬਾਰੇ ਹੈਸ਼ਟੈਗ ਸਟੈਂਡ ਵਿਦ ਦਿਸ਼ਾ ਰਵੀ ਦੀ ਵਰਤੋਂ ਵੀ ਕੀਤੀ ਹੈ। ਦਰਅਸਲ ਗਰੇਟਾ ਨੇ ਫਰਾਈਡੇਸ ਫਾਰ ਫਿਊਚਰ ਇੰਡੀਆ ਨਾਮਕ ਸੰਗਠਨ ਦੀ ਟਵੀਟ ਨੂੰ ਰੀਟਵੀਟ ਕਰਦੇ ਹੋਏ ਇਹ ਗੱਲ ਕਹੀ ਹੈ।
ਦਿਸ਼ ਰਵੀ ਇਸ ਸੰਗਠਨ ਦੀ ਕਾਰਕੁਨ ਹਨ ਅਤੇ ਸੰਗਠਨ ਵੱਲੋਂ ਕਈ ਟਵੀਟ ਕਰਕੇ ਉਨ੍ਹਾਂ ਦੀ ਹਮਾਇਤ ਕੀਤੀ ਗਈ ਹੈ।
ਉੱਥੇ ਹੀ ਸ਼ੁੱਕਰਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਦਿਸ਼ਾ ਨੂੰ ਤਿੰਨ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਦਿਲੀ ਪੁਲਿਸ ਨੇ ਦਿਸ਼ਾ ਨੂੰ ਬੈਂਗਲੂਰੂ ਤੋਂ ਗ੍ਰਿਫ਼ਤਾਰ ਕੀਤਾ ਸੀ। ਸੁਪਰੀਮ ਕੋਰਟ ਵਿੱਚ ਕਈ ਪਟੀਸ਼ਨਰਾਂ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੂੰ ਟ੍ਰਾਂਜ਼ਿਟ ਰਿਮਾਂਡ ਤੋਂ ਬਿਨਾਂ ਹੀ ਦਿੱਲੀ ਲਿਆਂਦਾ ਗਿਆ ਹੈ ਜੋ ਕਿ ਗ਼ੈਰ-ਕਾਨੂੰਨੀ ਹੈ।
ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿਸ਼ਾ ਰਵੀ ਦੀ ਉਮਰ ਬਾਰੇ ਚੁੱਕੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਕਿਸੇ ਦਾ ਜੁਰਮ ਜਾਂ ਜੁਰਮ ਵਿੱਚ ਜ਼ਿੰਮੇਵਾਰੀ ਤੈਅ ਕਰਨ ਵਿੱਚ ਉਸ ਦੇ ਲਿੰਗ, ਉਮਰ ਜਾਂ ਪੇਸ਼ਾ ਬੇਮਾਅਨੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਦੁਨੀਆਂ ਵਿੱਚ ਦਹਿਸ਼ਤ ਤੇ ਹਿੰਸਾ ਫੈਲਾਉਣ ਵਾਲਿਆਂ ਵਿੱਚ ਪੜ੍ਹੇ ਲਿਖੇ ਵੀ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਬੋਲਦਿਆਂ ਕਿਹਾ ਹੈ ਕਿ ਦੁਨੀਆਂ ਵਿੱਚ ਹਿੰਸਾ ਅਤੇ ਦਹਿਸ਼ਤ ਫ਼ਲਾਉਣ ਵਾਲਿਆਂ ਵਿੱਚ ਕਈ ਬਹੁਤ ਜ਼ਿਆਦਾ ਸਿੱਖਿਅਤ ਹਨ ਅਤੇ ਨੌਜਵਾਨਾਂ ਨੂੰ ਸਮੱਸਿਆ ਦੇ ਹੱਲ ਲਈ "ਕੌਮ ਪਹਿਲਾਂ" ਦੀ ਸੋਚ ਰੱਖਣੀ ਚਾਹੀਦੀ ਹੈ ਨਾ ਕਿ ਇਸ ਦਾ ਹਿੱਸਾ ਬਣ ਜਾਣ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਕਨਵੋਕੇਸ਼ਨ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕੌਮੀ ਸਿੱਖਿਆ ਨੀਤੀ ਆਤਮ ਨਿਰਭਰ ਭਾਰਤ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਹੈ।
ਉਨ੍ਹਾਂ ਨੇ ਕਿਹਾ,"ਜੋ ਦੁਨੀਆਂ ਵਿੱਚ ਹਿੰਸਾ ਫੈਲਾਅ ਰਹੇ ਹਨ, ਜੋ ਦੁਨੀਆਂ ਵਿੱਚ ਆਤੰਕ ਫੈਲਾਅ ਰਹੇ ਹਨ। ਉਨ੍ਹਾਂ ਵਿੱਚ ਵੀ ਕਈ ਉੱਚ ਕੌਸ਼ਲ ਵਾਲੇ, ਪੜ੍ਹੇ ਲਿਖੇ, ਉੱਚ ਪੜ੍ਹਾਈ ਵਾਲੇ ਲੋਕ ਹਨ। ਦੂਜੇ ਪਾਸੇ ਅਜਿਹੇ ਵੀ ਲੋਕ ਹਨ ਜੋ ਕੋਰੋਨਾ ਵਰਗੀ ਮਹਾਂਮਾਰੀ ਤੋਂ ਦੁਨੀਆਂ ਨੂੰ ਮੁਕਤੀ ਦਵਾਉਣ ਲਈ ਪ੍ਰਯੋਗਸ਼ਾਲਾਵਾਂ ਵਿੱਚ ਜੁਟੇ ਹੋਏ ਹਨ।"
ਕੈਪਟਨ ਅਤੇ ਮਮਤਾ ਨਹੀਂ ਜਾਣਗੇ ਨੀਤੀ ਆਯੋਗ ਦੀ ਬੈਠਕ ਵਿੱਚ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਵਿੱਚ ਨਾ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਸਿਹਤ ਸਬੰਧੀ ਕਾਰਨਾਂ ਕਰਕੇ ਸਫ਼ਰ ਨਹੀਂ ਕਰ ਸਕਦੇ।
ਮੁੱਖ ਮੰਤਰੀ ਦੀ ਥਾਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਪੰਜਾਬ ਦੀ ਨੁਮਾਇੰਦਗੀ ਕਰਨਗੇ।
ਇਕਾਨਾਮਿਕ ਟਾਈਮਜ਼ ਨੇ ਟੀਐੱਮਸੀ ਦੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਮਮਤਾ ਬੈਨਰਜੀ ਸ਼ਾਇਦ ਨੀਤੀ ਆਯੋਗ ਦੀ ਬੈਠਕ ਵਿੱਚ ਸ਼ਾਮਲ ਨਾ ਹੋਣ।
ਮਮਤਾ ਬੈਨਰਜੀ ਪਹਿਲਾਂ ਵੀ ਨੀਤੀ ਆਯੋਗ ਦੀਆਂ ਕੁਝ ਬੈਠਕਾਂ ਵਿੱਚ ਸ਼ਾਮਲ ਨਹੀਂ ਹੋਏ ਹਨ। ਮਮਤਾ ਬੈਨਰਜੀ ਦਾ ਤਰਕ ਸੀ ਕਿ ਬਾਡੀ ਕੋਲ ਕੋਈ ਵਿੱਤੀ ਸ਼ਕਤੀਆਂ ਨਾ ਹੋਣ ਕਾਰਨ ਬੈਠਕਾਂ 'ਬੇਅਰਥ' ਹਨ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਪੱਗੜੀ ਸੰਭਾਲ ਦਿਵਸ ਮਨਾਉਣ ਦਾ ਐਲਾਨ
ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਫ਼ਰਵਰੀ ਨੂੰ ਪੱਗੜੀ ਸੰਭਾਲ ਜੱਟਾ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ।
ਉਸ ਦਿਨ ਪੱਗੜੀ ਸੰਭਾਲ ਜੱਟਾ ਦੇ ਮੋਢੀ ਅਤੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਹੈ।
ਪੰਜਾਬੀ ਟ੍ਰਿਬਿਊੂਨ ਦੀ ਖ਼ਬਰ ਮੁਤਾਬਕ ਦਿੱਲੀ ਦੇ ਬਾਰਡਰਾਂ ਉੱਪਰ ਬੈਠੇ ਕਿਸਾਨਾਂ ਦੇ ਇਕੱਠਾਂ ਵਿੱਚ 1906 ਦੌਰਾਨ ਲਿਖਿਆ ਇਹ ਗੀਤ ਗੂੰਜਦਾ ਰਹਿੰਦਾ ਹੈ।
ਇਹ ਵੀ ਪੜ੍ਹੋ: