ਪੰਜਾਬ-ਹਰਿਆਣਾ ਵਿੱਚ ਜੀਓ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਖੋਰਾ - ਪ੍ਰੈਸ ਰਿਵੀਊ

ਦੰਸਬਰ 2020 ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਜੀਓ ਦੇ ਗਾਹਕਾਂ ਦੀ ਗਿਣਤੀ ਨੇ ਵੱਡਾ ਗੋਤਾ ਖਾਧਾ ਹੈ। ਇਸ ਨੂੰ ਕੇਂਦਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਸੰਘਰਸ਼ ਦਾ ਇੱਕ ਅਸਰ ਮੰਨਿਆ ਜਾ ਰਿਹਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਟੈਲੀਕੌਮ ਰੈਗੂਲੇਟਰੀ ਅਥਾਰਟੀ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਪੰਜਾਬ ਅਤੇ ਹਰਿਆਣਾ ਹੀ ਉਹ ਦੋ ਸੂਬੇ ਸਨ ਜਿੱਥੇ ਜੀਓ ਦਾ ਗਾਹਕ ਅਧਾਰ ਖੁਰਿਆ ਹੈ।

ਇਹ ਵੀ ਪੜ੍ਹੋ

ਖ਼ਬਰ ਮੁਤਾਬਕ ਪੰਜਾਬ ਵਿੱਚ ਜੀਓ ਦੇ ਸਵਾ ਕਰੋੜ ਗਾਹਕ ਸਨ ਜੋ ਕਿ ਪਿਛਲੇ ਡੇਢ ਸਾਲ ਦੇ ਮੁਕਾਬਲੇ ਸਭ ਤੋਂ ਘੱਟ ਹਨ। ਨਵੰਬਰ 2020 ਵਿੱਚ ਜੀਓ ਦੇ ਗਾਹਕਾਂ ਦੀ ਗਿਣਤੀ 1.40 ਕਰੋੜ ਸੀ।

ਇਹ ਦੂਜੀ ਵਾਰ ਹੈ ਜਦੋਂ ਲਾਂਚ ਹੋਣ ਤੋਂ ਬਾਅਦ ਜੀਓ ਦੇ ਗਾਹਕਾਂ ਵਿੱਚ ਕਮੀ ਦੇਖੀ ਗਈ ਹੋਵੇ। ਇਸ ਤੋਂ ਪਹਿਲਾਂ ਨਵੰਬਰ 2019 ਵਿੱਚ ਬੀਐੱਸਐੱਨਐੱਲ ਤੋਂ ਇਲਾਵਾ ਸਾਰੀਆਂ ਕੰਪਨੀਆਂ ਨੇ ਆਪਣੇ ਗਾਹਕ ਅਧਾਰ ਵਿੱਚ ਕਮੀ ਰਿਪੋਰਟ ਕੀਤੀ ਸੀ।

ਤੋਮਰ ਨੇ ਪੰਜਾਬ ਵਿੱਚ ਭਾਜਪਾ ਦੀ ਹਾਰ ਬਾਰੇ ਕੀ ਕਿਹਾ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਪੰਜਾਬ ਦੀਆਂ ਮਿਊਂਸੀਪਲ ਚੋਣਾਂ ਦੇ ਨਤੀਜਿਆਂ ਨੂੰ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਨਾਲ ਜੋੜਨਾ ਗੈਰ-ਵਾਜਬ ਹੋਵੇਗਾ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਰ ਉਨ੍ਹਾਂ ਨੇ ਕਿਹਾ, "ਪੰਜਾਬ ਦੀਆਂ ਮਿਊਂਸੀਪਲ ਚੋਣਾਂ ਦੇ ਨਤੀਜਿਆਂ ਨੂੰ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਨਾਲ ਜੋੜਨਾ ਗੈਰ-ਵਾਜਬ ਹੋਵੇਗਾ। ਅਸੀਂ ਪੰਜਾਬ ਵਿੱਚ ਕਮਜ਼ੋਰ ਹਾਂ ਅਤੇ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜਦੇ ਰਹੇ ਹਾਂ। (ਪਰ) ਇਸ ਵਾਰ ਅਸੀਂ ਇਕੱਲੇ ਲੜੇ ਹਾਂ ਜਿਸ ਕਾਰਨ ਸਾਨੂੰ ਨੁਕਸਾਨ ਹੋਇਆ ਹੈ।

ਇਸ ਦੇ ਉਲਟ ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਇਹ ਹਾਲਤ ਕਿਸਾਨ ਅੰਦੋਲਨ ਕਾਰਨ ਹੋਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹੋਈਆਂ ਲੋਕਲਬਾਡੀ ਚੋਣਾਂ ਵਿੱਚ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਜਦ ਕਿ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੀ ਕਾਂਗਰਸ ਜੋ ਕਿ ਸੂਬੇ ਵਿੱਚ ਸੱਤਾਧਾਰੀ ਹੈ ਨੇ ਵੱਡੀ ਜਿੱਤ ਹਾਸਲ ਕੀਤੀ ਹੈ।

ਐਨਡੀਟੀਵੀ ਦੀ ਖ਼ਬਰ ਮੁਤਾਬਕ ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਭਾਜਪਾ ਨੂੰ ਸਵਾਲ ਕੀਤਾ ਹੈ, "ਕੀ ਉਹ ਪੰਜਾਬ ਦੀਆਂ ਚੋਣਾਂ ਤੋਂ ਬਾਅਦ ਵੀ ਇਹ ਸਮਝਦੀ ਹੈ ਕਿ ਖੇਤੀ ਕਾਨੂੰਨ ਪੰਸਦ ਕੀਤੇ ਜਾ ਰਹੇ ਹਨ?"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਜੁਰਮ ਤੈਅ ਕਰਨ ਵਿੱਚ ਲਿੰਗ ਤੇ ਉਮਰ ਪ੍ਰਸੰਗਿਕ ਨਹੀਂ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕਿਸੇ ਦਾ ਜੁਰਮ ਜਾਂ ਜੁਰਮ ਵਿੱਚ ਜ਼ਿੰਮੇਵਾਰੀ ਤੈਅ ਕਰਨ ਵਿੱਚ ਉਸ ਦੇ ਲਿੰਗ, ਉਮਰ ਜਾਂ ਪੇਸ਼ਾ ਬੇਮਾਅਨੇ ਹਨ।

ਦਿ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਵੀਰਵਾਰ ਨੂੰ ਸ਼ਾਹ ਨੇ ਟੂਲਕਿੱਟ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ 24 ਸਾਲਾ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦਾ ਮਜ਼ਬੂਤੀ ਨਾਲ ਬਚਾਅ ਕੀਤਾ। ਉਨ੍ਹਾਂ ਨੇ ਸਵਾਲ ਕੀਤਾ, "ਕੀ ਲਿੰਗ, ਉਮਰ ਅਤੇ ਪੇਸ਼ਾ ਪੁੱਛ ਕੇ ਗੁਨਾਹ ਤੈਅ ਹੋਵੇਗਾ?"

ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸੇ ਕ੍ਰਾਈਮ ਕੇਸ ਦੀ ਪ੍ਰਕਿਰਿਤੀ ਤੈਅ ਕਰਨ ਵੇਲੇ ਬਾਹਰੀ ਕਾਰਕਾਂ ਨੂੰ ਨਹੀਂ ਵਿਚਾਰਿਆ ਜਾਣਾ ਚਾਹੀਦਾ। ਹਾਲਾਂਕਿ ਉਨ੍ਹਾਂ ਨੇ ਜਾਂਚ ਬਾਰੇ ਕੋਈ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਤੇ ਕਿਹਾ ਕਿ ਇਸ 'ਤੇ ਦਿੱਲੀ ਪੁਲਿਸ ਵੱਲੋਂ ਡੁੰਘਾਈ ਨਾਲ ਨਿਗ੍ਹਾ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)