You’re viewing a text-only version of this website that uses less data. View the main version of the website including all images and videos.
ਲੋਕ ਸਭਾ ਵਿੱਚ ਪਿਊਸ਼ ਗੋਇਲ ਤੇ ਹਰਸਿਰਮਤ ਬਾਦਲ ਦਰਮਿਆਨ ਕੀ ਕਹਾ-ਸੁਣੀ ਹੋਈ - 5 ਅਹਿਮ ਖ਼ਬਰਾਂ
ਸਾਬਕਾ ਕੇਂਦਰੀ ਮੰਤਰੀ ਅਤੇ ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਵਿੱਚ ਐਫ਼ਸੀਆਈ ਵੱਲੋਂ ਕਿਸਾਨਾਂ ਦੇ ਖ਼ਾਤੇ ਵਿੱਚ ਸਿੱਧੇ ਪੈਸੇ ਪਾਉਣ ਅਤੇ ਉਸ ਲਈ ਜ਼ਮੀਨ ਰਿਕਾਰਡ ਅਪਲੋਡ ਕਰਨ ਦੀ ਸ਼ਰਤ ਰੱਖੇ ਜਾਣ ਦਾ ਵਿਰੋਧ ਕੀਤਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਚਾਲ਼ੀ ਫ਼ੀਸਦੀ ਕਿਸਾਨਾਂ ਕੋਲ ਜ਼ਮੀਨ ਦੇ ਰਿਕਾਰਡ ਨਹੀਂ ਹਨ ਉਹ ਠੇਕੇ ਉੱਪਰ ਲੈ ਕੇ ਖੇਤੀ ਕਰ ਰਹੇ ਹਨ ਪਰ ਜ਼ਮੀਨ ਦੇ ਕਾਗਜ਼ ਉਨ੍ਹਾਂ ਕੋਲ ਨਹੀਂ ਹਨ।
ਹਰਸਮਿਰਤ ਕੌਰ ਬਾਦਲ ਨੇ ਕਿਹਾ ਕਿ ਇਹ ਕਹਿ ਰਹੇ ਹਨ ਕਿ ਅਸੀਂ ਏਪੀਐੱਮਸੀ ਐਕਟ ਵਿੱਚ ਸੋਧ ਨਹੀਂ ਕਰਾਂਗੇ, ਸੂਬਿਆਂ ਦੇ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਵਾਂਗੇ ਪਰ ਇਹ ਹਰ ਮਸਲੇ ਵਿੱਚ ਸੂਬਿਆਂ ਦੇ ਮਾਮਲੇ ਵਿੱਚ ਦਖ਼ਲ ਦੇ ਰਹੇ ਹਨ। ਫੈਡਰਲ ਸਟਰਕਚਰ ਵਿੱਚ ਦਖ਼ਲ ਦੇ ਰਹੇ ਹਨ।
ਪਿਊਸ਼ ਗੋਇਲ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਮੇਰੀ ਭੈਣ ਹੁਣ ਤੱਕ ਤਾਂ ਸਰਕਾਰ ਵਿੱਚ ਬੈਠ ਕੇ ਕਿ ਦੇਸ਼ ਵਿੱਚ ਪਾਰਦਰਸ਼ੀ ਤਰੀਕੇ ਨਾਲ ਕੰਮ ਹੋਵੇ, ਖ਼ਰੀਦ ਹੋਵੇ, ਉਸ ਲਈ ਬੜੀ ਉਤੇਜਨਾ ਨਾਲ ਕੰਮ ਕਰ ਰਹੇ ਸਨ ਪਰ ਹੁਣ ਉਹ ਪਤਾ ਨਹੀਂ ਕਿਵੇਂ ਭੁੱਲ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਸਾਰੇ ਦੇਸ਼ ਦੇ ਕਿਸਾਨ ਆਪਣੀ ਉਪਜ ਦਾ ਮੁੱਲ ਸਿੱਧਾ ਖਾਤੇ ਵਿੱਚ ਲੈਂਦੇ ਹਨ ਪਰ ਸਿਰਫ਼ ਇੱਕ ਸਟੇਟ ਹੈ ਜਿੱਥੇ ਕਹਿ ਰਹੇ ਹਨ ਕਿ ਅਸੀਂ ਕਿਸਾਨਾਂ ਕੋਲ ਸਿੱਧਾ ਪੈਸਾ ਨਹੀਂ ਜਾਣ ਦੇਵਾਂਗੇ। ਕੀ ਇਹ ਕਿਸਾਨਾਂ ਦਾ ਪੈਸਾ ਹੜਪ ਕਰਨਾ ਚਾਹੁੰਦੇ ਹਨ?
ਉਨ੍ਹਾਂ ਨੇ ਕਿਹਾ ਕਿ ਜਿਵੇਂ ਇਹ ਪਹਿਲਾਂ ਪੰਜਾਬ ਸਰਕਾਰ ਨੂੰ ਪੁਛਦੇ ਸਨ ਉਸੇ ਤਰ੍ਹਾਂ ਹੁਣ ਵੀ ਪੁੱਛਣ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਪਾਰਦਰਸ਼ੀ ਪ੍ਰਣਾਲੀ ਲਿਆ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਜ਼ਮੀਨ ਕਿਰਾਏ ਉੱਪਰ ਦਿੱਤੀ ਹੈ ਉਹ ਲੈਂਡ ਰਿਕਾਰਡ ਅਪਡੇਟ ਕਰੇ। ਸਾਨੂੰ ਖ਼ਰੀਦ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ
ਕੇਂਦਰ ਵੱਲੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਕੀਤੇ ਜਾਣ ਵਿੱਚ ਕਿਸਾਨ ਜਥੇਬੰਦੀਆਂ ਨੂੰ ਕਿਹੜੀ ਸਾਜਿਸ਼ ਦਿਖ ਰਹੀ ਦੱਸ ਰਹੇ ਹਨ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੀ ਮਮਤਾ ਜਾਂ ਭਾਜਪਾ ਨੂੰ ਪੱਛਮੀ ਬੰਗਾਲ ਵਿੱਚ ਸਟਾਰ ਪਾਵਰ ਜਿੱਤ ਦਵਾ ਸਕੇਗੀ?
ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਫਿਲਮ ਸਿਤਾਰਿਆਂ ਨੂੰ ਉਤਾਰਨ ਦਾ ਰੁਝਾਨ ਕੋਈ ਬਹੁਤਾ ਪੁਰਾਣਾ ਨਹੀਂ ਹੈ। ਲੈਫਟ ਫਰੰਟ ਦੇ ਸ਼ਾਸਨ ਵਿੱਚ ਰਾਜਨੀਤੀ ਅਤੇ ਸਿਨੇਮਾ ਨਾਲ ਜੁੜੇ ਲੋਕਾਂ ਵਿਚਕਾਰ ਇੱਕ ਮੋਟੀ ਵੰਡ ਰੇਖਾ ਹੁੰਦੀ ਸੀ।
ਸਾਲ 2006 ਦੇ ਬਾਅਦ ਖਾਸ ਕਰਕੇ ਨੰਦੀਗ੍ਰਾਮ ਅਤੇ ਸਿੰਗੂਰ ਅੰਦੋਲਨਾਂ ਜ਼ਰੀਏ ਮਜ਼ਬੂਤੀ ਨਾਲ ਪੈਠ ਬਣਾਉਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਨੇ ਪਹਿਲੀ ਵਾਰ ਵੱਡੇ ਪੱਧਰ 'ਤੇ ਫ਼ਿਲਮੀ ਸਿਤਾਰਿਆਂ ਨੂੰ ਰਾਜਨੀਤੀ ਵਿੱਚ ਲਿਆਉਣ ਦੀ ਪਰੰਪਰਾ ਸ਼ੁਰੂ ਕੀਤੀ ਸੀ ਅਤੇ ਇਸ ਵਿੱਚ ਉਨ੍ਹਾਂ ਨੂੰ ਕਾਫ਼ੀ ਕਾਮਯਾਬੀ ਮਿਲੀ।
ਕਿਹਾ ਜਾ ਸਕਦਾ ਹੈ ਕਿ ਇਹ ਮਮਤਾ ਲਈ ਫਾਇਦੇਮੰਦ ਸਾਬਤ ਹੁੰਦਾ ਰਿਹਾ ਹੈ। ਹੁਣ ਇਸ ਦੀ ਕਾਟ ਲਈ ਭਾਜਪਾ ਵੀ ਇਸੀ ਰਣਨੀਤੀ 'ਤੇ ਚੱਲਣ ਲੱਗੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਜੰਮੂ ਵਿੱਚ ਰਹਿਣ ਵਾਲੇ ਰੋਹਿੰਗਿਆ ਮੁਸਲਮਾਨ ਅਚਾਨਕ ਪੁਲਿਸ ਦੇ ਨਿਸ਼ਾਨੇ 'ਤੇ ਕਿਉਂ ਆ ਗਏ?
ਜੰਮੂ ਵਿੱਚ ਭਥਿੰਡੀ ਦੇ ਕਿਰਆਨੀ ਤਾਲਾਬ ਮੁਹੱਲੇ ਵਿਖੇ ਸ਼ਨੀਵਾਰ ਦੇਰ ਸ਼ਾਮ ਤੋਂ ਤਣਾਅ ਦਾ ਮਾਹੌਲ ਸੀ। ਇਸਦਾ ਮੁੱਖ ਕਾਰਨ ਇਹ ਸੀ ਕਿ 155 ਰੋਹਿੰਗਿਆ ਸ਼ਹਿਰ ਦੇ ਮੌਲਾਨਾ ਆਜ਼ਾਦ ਸਟੇਡੀਅਮ ਤੋਂ ਘਰ ਵਾਪਸ ਨਹੀਂ ਪਰਤੇ। ਇਹ ਲੋਕ ਦਿਨ ਵੇਲੇ ਪੁਲਿਸ ਦੇ ਬੁਲਾਵੇ 'ਤੇ ਆਪਣੇ ਕਾਗਜ਼ਾਤ ਚੈੱਕ ਕਰਵਾਉਣ ਗਏ ਸਨ।
ਦੇਰ ਸ਼ਾਮ ਜੰਮੂ ਕਸ਼ਮੀਰ ਪੁਲਿਸ ਦੇ ਆਈਜੀ ਰੈਂਕ ਦੇ ਅਫ਼ਸਰ ਮੁਕੇਸ਼ ਸਿੰਘ ਨੇ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਜੰਮੂ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਕੋਲ, ਪਾਸਪੋਰਟ ਐਕਟ ਦੀ ਧਾਰਾ (3) ਦੇ ਅਨੁਸਾਰ, ਯਾਤਰਾ ਦੇ ਸਹੀ ਦਸਤਾਵੇਜ਼ ਨਹੀਂ ਸਨ। ਉਨ੍ਹਾਂ ਨੂੰ ਹੀਰਾਨਗਰ ਦੇ 'ਹੋਲਡਿੰਗ ਸੈਂਟਰ' ਭੇਜਿਆ ਗਿਆ ਹੈ।
ਪੂਰਾ ਮਾਮਲਾ ਜਾਣਨ ਲਈ ਬੀਬੀਸੀ ਦੇ ਸਹਿਯੋਗੀ ਮੋਹਿਤ ਕੰਧਾਰੀ ਦੀ ਗਰਾਊਂਡ ਰਿਪੋਰਟ, ਇੱਥੇ ਕਲਿੱਕ ਕਰ ਕੇ ਪੜ੍ਹੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਪਠਾਨਕੋਟ ਵਿੱਚ ਦੋ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਸਰਚ ਆਪਰੇਸ਼ਨ
ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਮੁਕੀਮਪੁਰਾ ਵਿੱਚ ਦੋ ਸ਼ੱਕੀ ਵਿਅਕਤੀ ਦੇਖੇ ਗਏ ਹਨ। ਪਠਾਨਕੋਟ ਦੇ ਐੱਸਐੱਸਪੀ ਗੁਲਨੀਤ ਖੁਰਾਣਾ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਮੁਤਾਬਕ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ।
ਅਸਲ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਮੁਕੀਮਪੁਰ ਅਤੇ ਕੋਠੀ ਪੰਡਤਾਂ ਦੇ ਰਸਤੇ ਉੱਤੇ ਚੱਲਦੇ ਸਥਾਨਕ ਲੋਕਾਂ ਨੇ ਦੋ ਸ਼ੱਕੀ ਲੋਕਾਂ ਨੂੰ ਦੇਖਿਆ।
ਇਹ ਬੰਦੇ ਰਾਹਗੀਰਾਂ ਤੋਂ ਅੱਗੇ ਦਾ ਰਸਤਾ ਪੁੱਛ ਰਹੇ ਸਨ, ਉਨ੍ਹਾਂ ਦੇ ਪਹਿਰਾਵੇ ਅਤੇ ਬੋਲਚਾਲ ਤੋਂ ਲੋਕਾਂ ਨੂੰ ਸ਼ੱਕ ਹੁੰਦਾ ਪਿਆ ਅਤੇ ਉਨ੍ਹਾਂ ਪਠਾਨਕੋਟ ਪੁਲਿਸ ਨੂੰ ਜਾਣਕਾਰੀ ਦਿੱਤੀ।
ਤਫ਼ਸੀਲ ਲਈ ਬੀਬੀਸੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਅਤੇ ਗੁਰਪ੍ਰੀਤ ਚਾਵਲਾ ਦੀ ਇਹ ਰਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੋ।
ਮੋਦੀ ਸਰਕਾਰ ਨਾਲ ਗੱਲਬਾਤ ਲਈ 9 ਮੈਂਬਰੀ ਕਮੇਟੀ ਬਾਰੇ ਖ਼ਬਰਾਂ ਦਾ ਸੱਚ
ਕੇਂਦਰ ਸਰਕਾਰ ਨਾਲ ਗੱਲਬਾਤ ਲਈ 9 ਮੈਂਬਰੀ ਕਮੇਟੀ ਉੱਤੇ ਸੰਯੁਕਤ ਮੋਰਚੇ ਦੀ ਸਹਿਮਤੀ ਬਾਬਤ ਆ ਰਹੀ ਖ਼ਬਰ ਦਾ ਸੰਯੁਕਤ ਮੋਰਚੇ ਵਲੋਂ ਖੰਡਨ ਕੀਤਾ ਗਿਆ ਹੈ।
ਯੋਗਿੰਦਰ ਯਾਦਵ ਤੇ ਡਾਕਟਰ ਦਰਸ਼ਨਪਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 9 ਮੈਂਬਰੀ ਕਮੇਟੀ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਇਸ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਆਪੋ-ਆਪਣੇ ਹਲਕਿਆਂ ਵਿੱਚ ਜਾਕੇ ਆਪਣੇ ਵਿਧਾਇਕਾਂ ਨੂੰ ਸਰਕਾਰ ਖਿਲਾਫ਼ ਭੁਗਤਣ ਦਾ ਜ਼ੋਰ ਪਾ ਰਹੇ ਹਨ।
ਪੂਰੀ ਖ਼ਬਰ ਪੜ੍ਹਨ ਅਤੇ ਸ਼ੁੱਕਰਵਾਰ ਦਾ ਹੋਰ ਵੱਡਾ ਘਟਨਾਕ੍ਰਮ ਜਾਣਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ: