ਕਾਂਗਰਸ ਪਾਰਟੀ ਆਪਸੀ ਟਕਰਾਅ ਵੱਲ ਤਾਂ ਨਹੀਂ ਵੱਧ ਰਹੀ

ਕਾਂਗਰਸ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਜੰਮੂ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਾਂਗਰਸ ਆਗੂ ਕਪਿਲ ਸਿੱਬਲ ਤੇ ਗੁਲਾਮ ਨਬੀ ਆਜ਼ਾਦ
    • ਲੇਖਕ, ਸਲਮਾਨ ਰਾਵੀ
    • ਰੋਲ, ਬੀਬੀਸੀ ਪੱਤਰਕਾਰ

ਕੀ ਕਾਂਗਰਸ ਪਾਰਟੀ ਅਤੇ ਉਸ ਦੇ ਅੰਦਰ ਦੇ ਪਰੇਸ਼ਾਨ ਤੇ ਨਿਰਾਸ਼ ਸੀਨੀਅਰ ਆਗੂਆਂ ਦਾ ਸਮੂਹ ਜਾਨੀ ਕਿ 'ਜੀ-23' ਆਪਸੀ ਟਕਰਾਅ ਵੱਲ ਵਧ ਰਿਹਾ ਹੈ? ਦੋਵਾਂ ਧਿਰਾਂ ਵੱਲੋਂ ਹੋ ਰਹੀ ਬਿਆਨਬਾਜ਼ੀ ਨੂੰ ਵੇਖਦਿਆਂ, ਰਾਜਨੀਤਿਕ ਹਲਕਿਆਂ 'ਚ ਵੀ ਕੁਝ ਅਜਿਹੀਆਂ ਹੀ ਅਟਕਲਾਂ ਲਗਾਈਆ ਜਾ ਰਹੀਆਂ ਹਨ।

ਕਾਂਗਰਸ ਹਾਈ ਕਮਾਂਡ ਵੱਲੋਂ ਇਸ 'ਤੇ ਕੋਈ ਪ੍ਰਤੀਕ੍ਰਿਆ ਨਹੀਂ ਆਈ ਹੈ। ਉਹ ਭਾਵੇਂ ਸੋਨੀਆ ਗਾਂਧੀ ਹੋਣ ਜਾਂ ਫਿਰ ਪਾਰਟੀ 'ਚ ਗਾਂਧੀ ਪਰਿਵਾਰ ਦੇ ਵਫ਼ਾਦਾਰ ਜਾਣੇ ਜਾਂਦੇ ਆਗੂ ਹੀ ਕਿਉਂ ਨਾ ਹੋਣ, ਕਿਸੇ ਨੇ ਵੀ ਨਾ ਹੀ ਜੀ-23 ਦੇ ਆਗੂਆਂ ਵੱਲੋਂ ਪਿਛਲੇ ਸਾਲ ਲਿਖੀ ਚਿੱਠੀ 'ਤੇ ਕੋਈ ਪ੍ਰਤੀਕ੍ਰਿਆ ਦਿੱਤੀ ਹੈ ਅਤੇ ਨਾ ਹੀ ਜੰਮੂ 'ਚ ਇਸ ਸਮੂਹ ਦੇ ਆਗੂਆਂ ਦੇ ਪ੍ਰੋਗਰਾਮ ਬਾਰੇ ਹੀ ਕੁਝ ਕਿਹਾ ਹੈ।

ਇਹ ਵੀ ਪੜ੍ਹੋ:

ਪਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੰਮੂ 'ਚ ਹੋਏ ਸਮਾਗਮ ਦੌਰਾਨ ਜੀ-23 ਦੇ ਆਗੂਆਂ ਵੱਲੋਂ ਪ੍ਰਗਟ ਕੀਤੇ ਗਏ ਵਿਚਾਰ ਅਤੇ ਟਵਿੱਟਰ 'ਤੇ ਲੋਕ ਸਭਾ 'ਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਅਤੇ ਆਨੰਦ ਸ਼ਰਮਾ ਵਿਚਾਲੇ ਛਿੜੀ ਸ਼ਬਦੀ ਜੰਗ ਨੇ ਟਕਰਾਅ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ।

ਜੰਮੂ ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਦੀ ਸੇਵਾਮੁਕਤੀ ਮੌਕੇ ਜੰਮੂ 'ਚ ਜੀ-23 ਦੇ ਆਗੂ ਇੱਕਠੇ ਹੋਏ ਸਨ ਅਤੇ ਉਨ੍ਹਾਂ ਨੇ ਇਸ ਮੌਕੇ ਕਿਹਾ ਸੀ ਕਿ ਕਾਂਗਰਸ ਦਾ ਸੰਗਠਨ ਬਹੁਤ ਕਮਜ਼ੋਰ ਹੁੰਦਾ ਜਾ ਰਿਹਾ ਹੈ।

ਸੀਨੀਅਰ ਆਗੂ ਕਪਿਲ ਸਿੱਬਲ ਨੇ ਕਿਹਾ ਸੀ ਕਿ, "ਅਸੀਂ ਇੱਥੇ ਕਿਉਂ ਇੱਕਠੇ ਹੋਏ ਹਾਂ? ਸੱਚ ਤਾਂ ਇਹ ਹੈ ਕਿ ਅਸੀਂ ਕਾਂਗਰਸ ਨੂੰ ਕਮਜ਼ੋਰ ਹੁੰਦੇ ਹੋਏ ਵੇਖ ਰਹੇ ਹਾਂ। ਅਸੀਂ ਇਸ ਤੋਂ ਪਹਿਲਾਂ ਵੀ ਇੱਕਠੇ ਹੋਏ ਸੀ। ਸਾਨੂੰ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ।"

ਜੀ-23 ਸਮੂਹ ਦੇ ਆਗੂ

ਅਗਲੇ ਹੀ ਦਿਨ ਇੱਕ ਹੋਰ ਸਮਾਗਮ ਨੂੰ ਸੰਬੋਧਨ ਕਰਦਿਆਂ ਆਜ਼ਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ "ਇੱਕ ਸਮਾਂ ਅਜਿਹਾ ਸੀ, ਜਦੋਂ ਮੋਦੀ ਨੇ ਚਾਹ ਵੇਚ ਕੇ ਗੁਜ਼ਾਰਾ ਕੀਤਾ ਸੀ। ਪਰ ਉਨ੍ਹਾਂ ਨੇ ਆਪਣੇ ਅਤੀਤ ਨੂੰ ਕਦੇ ਵੀ ਲੁਕਾਇਆ ਨਹੀਂ।"

ਕਾਂਗਰਸ

ਤਸਵੀਰ ਸਰੋਤ, Getty Images

ਕਾਂਗਰਸ ਦੇ ਖੇਮੇ 'ਚ ਜੀ-23 ਧੜੇ ਦੇ ਆਗੂਆਂ ਦੇ ਇੱਕਠ 'ਤੇ ਨਾਰਾਜ਼ਗੀ ਤਾਂ ਵਿਖਾਈ ਦੇ ਰਹੀ ਹੈ ਪਰ ਕੋਈ ਵੀ ਇੰਨ੍ਹਾਂ ਆਗੂਆਂ ਦੇ ਖ਼ਿਲਾਫ਼ ਕੁਝ ਵੀ ਨਹੀਂ ਬੋਲ ਰਿਹਾ ਹੈ।

ਹਾਲਾਂਕਿ ਪੱਤਰਕਾਰਾਂ ਵੱਲੋਂ ਸਵਾਲ ਕੀਤੇ ਜਾਣ 'ਤੇ ਅਭਿਸ਼ੇਕ ਮਨੂੰ ਸਿੰਘਵੀ ਨੇ ਸਿਰਫ ਇੰਨਾਂ ਹੀ ਕਿਹਾ ਕਿ ਜੀ-23 ਦੇ ਸਾਰੇ ਹੀ ਆਗੂ ਕਾਂਗਰਸ ਦੇ ਸੰਗਠਨ ਦਾ ਅਨਿੱਖੜਵਾਂ ਅੰਗ ਹਨ।

ਆਪਣੀ ਪ੍ਰਤੀਕ੍ਰਿਆ ਦਿੰਦਿਆਂ ਉਨ੍ਹਾਂ ਕਿਹਾ, "ਅਸੀਂ ਉਨ੍ਹਾਂ ਸਾਰਿਆਂ ਦਾ ਇੱਜ਼ਤ ਮਾਣ ਕਰਦੇ ਹਾਂ। ਪਰ ਇਹ ਹੋਰ ਵੀ ਵਧੀਆ ਹੁੰਦਾ ਜੇ ਇਹ ਸਭ ਪੰਜ ਸੂਬਿਆਂ 'ਚ ਹੋਣ ਵਾਲੀਆਂ ਚੋਣਾਂ 'ਚ ਪਾਰਟੀ ਦੀ ਮਦਦ ਕਰਦੇ।"

ਜੀ-23 ਸਮੂਹ 'ਚ ਕਾਂਗਰਸ ਪਾਰਟੀ ਦੇ ਉਹ 23 ਸੀਨੀਅਰ ਆਗੂ ਹਨ, ਜਿੰਨ੍ਹਾਂ ਨੇ ਪਿਛਲੇ ਸਾਲ ਪਾਰਟੀ ਦੀ ਲੀਡਰਸ਼ਿਪ ਨੂੰ ਅਗਵਾਈ ਦੇ ਸਵਾਲ 'ਤੇ ਇੱਕ ਚਿੱਠੀ ਲਿਖੀ ਸੀ।

ਕਾਂਗਰਸ

ਤਸਵੀਰ ਸਰੋਤ, Twitter/Shashi Tharoor

ਇਸ ਸਮੂਹ 'ਚ ਕੇਰਲਾ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਹੋਰ ਕਈ ਵੱਡੇ ਨਾਮ ਸ਼ਾਮਲ ਹਨ, ਜਿਵੇਂ ਜਿਤਿਨ ਪ੍ਰਸਾਦ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ, ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ, ਰਾਜ ਬੱਬਰ, ਮਨੀਸ਼ ਤਿਵਾੜੀ, ਭੂਪਿੰਦਰ ਸਿੰਘ ਹੁੱਡਾ ਅਤੇ ਵਿਵੇਕ ਤਨਖਾ ਸ਼ਾਮਲ ਹਨ।

ਆਨੰਦ ਸ਼ਰਮਾ ਦਾ ਬਿਆਨ

ਪਰ ਇੰਨ੍ਹਾਂ 'ਚੋਂ ਜਿਤਿਨ ਪ੍ਰਸਾਦ ਨੂੰ ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਦੇ ਲਈ ਬਣਾਈ ਗਈ ਪਾਰਟੀ ਦੀ 'ਸਕ੍ਰੀਨਿੰਗ ਕਮੇਟੀ 'ਚ ਸ਼ਾਮਲ ਕੀਤਾ ਗਿਆ ਹੈ ਜਦਕਿ ਪ੍ਰਿਥਵੀਰਾਜ ਚੌਹਾਨ ਨੂੰ ਅਸਾਮ ਚੋਣਾਂ ਲਈ ਬਣਾਈ ਗਈ ਪਾਰਟੀ ਦੀ ਸਕ੍ਰੀਨਿੰਗ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ।

ਜ਼ਿੰਮੇਦਾਰੀ ਮਿਲਦਿਆਂ ਹੀ ਆਗੂਆਂ ਦੇ ਵਤੀਰੇ 'ਚ ਵੀ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਜੀ-23 ਦੇ ਜੰਮੂ 'ਚ ਹੋਏ ਸਮਾਗਮ ਦੌਰਾਨ ਕਈ ਵੱਡੇ ਆਗੂਆਂ ਨੇ ਸ਼ਿਰਕਤ ਨਹੀਂ ਕੀਤੀ।

ਜੀ-23 ਦੇ ਆਗੂ ਆਨੰਦ ਸ਼ਰਮਾ ਨੇ ਸੋਮਵਾਰ 1 ਮਾਰਚ ਨੂੰ ਕੋਲਕਾਤਾ ਦੀ ਬ੍ਰਿਗੇਡ ਪਰੇਡ ਗਰਾਊਂਡ 'ਚ ਆਯੋਜਿਤ ਹੋਈ ਕਾਂਗਰਸ, ਖੱਬੇ ਪੱਖੀ ਪਾਰਟੀਆਂ ਅਤੇ ਇੰਡੀਅਨ ਸੈਕੁਲਰ ਫਰੰਟ ਦੀ ਰੈਲੀ ਦੀ ਆਲੋਚਨਾ ਕਰਦਿਆਂ ਇੱਕ ਟਵੀਟ ਕਰਦਿਆਂ ਕਿਹਾ ਕਿ ਇੰਡੀਅਨ ਸੈਕੁਲਰ ਫਰੰਟ ਵਰਗੇ ਸੰਗਠਨਾਂ ਤੋਂ ਕਾਂਗਰਸ ਨੂੰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਕਾਂਗਰਸ

ਤਸਵੀਰ ਸਰੋਤ, twitter/anand sharma inc

ਤਸਵੀਰ ਕੈਪਸ਼ਨ, ਕਾਂਗਰਸ ਆਗੂ ਆਨੰਦ ਸ਼ਰਮਾ ਪ੍ਰੈੱਸ ਕਾਨਫਰੰਸ ਦੌਰਾਨ

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਚਰਿੱਤਰ ਹਮੇਸ਼ਾ ਹੀ ਧਰਮ ਨਿਰਪਖਤਾ ਵਾਲਾ ਰਿਹਾ ਹੈ, ਇਸ ਲਈ ਕਾਂਗਰਸ ਨੂੰ ਹਰ ਤਰ੍ਹਾਂ ਦੀਆਂ ਫਿਰਕੂ ਸ਼ਕਤੀਆਂ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਚਾਹੀਦਾ ਹੈ।

ਸ਼ਰਮਾ ਨੇ ਆਪਣੇ ਟਵੀਟ 'ਚ ਕਿਹਾ, "ਆਈਐਸਐਫ ਅਤੇ ਅਜਿਹੀਆਂ ਹੋਰ ਪਾਰਟੀਆਂ ਨਾਲ ਕਾਂਗਰਸ ਦਾ ਗਠਜੋੜ ਪਾਰਟੀ ਦੀ ਮੂਲ ਵਿਚਾਰਧਾਰਾ, ਗਾਂਧੀਵਾਦ ਅਤੇ ਨਹਿਰੂਵਾਦੀ ਧਰਮ ਨਿਰਪੱਖਤਾ ਦੇ ਉਲਟ ਹੈ, ਜੋ ਕਾਂਗਰਸ ਪਾਰਟੀ ਦੀ ਆਤਮਾ ਹਨ। ਇੰਨ੍ਹਾਂ ਮੁੱਦਿਆਂ 'ਤੇ ਕਾਂਗਰਸ ਦੀ ਵਰਕਿੰਗ ਕਮੇਟੀ 'ਚ ਚਰਚਾ ਹੋਣੀ ਚਾਹੀਦੀ ਸੀ।"

ਅਧੀਰ ਰੰਜਨ ਚੌਧਰੀ ਬਨਾਮ ਆਨੰਦ ਸ਼ਰਮਾ

ਸ਼ਰਮਾ ਨੇ ਇਹ ਵੀ ਕਿਹਾ ਸੀ ਕਿ ਕਾਂਗਰਸ ਫਿਰਕਾਪ੍ਰਸਤੀ ਦੇ ਖ਼ਿਲਾਫ਼ ਲੜਾਈ 'ਚ ਦੋਹਰੇ ਮਾਪਦੰਡ ਨਹੀਂ ਅਪਣਾ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਫੁਰਫੁਰਾ ਸ਼ਰੀਫ਼ ਦੇ ਧਰਮ ਗੁਰੂ ਦੀ ਅਗਵਾਈ ਵਾਲਾ ਸੰਗਠਨ- ਇੰਡੀਅਨ ਸੈਕੁਲਰ ਫਰੰਟ- ਜਿਸ ਸਮਾਗਮ 'ਚ ਸ਼ਾਮਲ ਸੀ, ਉਸ 'ਚ ਪੱਛਮੀ ਬੰਗਾਲ ਦੇ ਸੂਬਾਈ ਕਾਂਗਰਸ ਪ੍ਰਧਾਨ ਦੀ ਮੌਜੂਦਗੀ ਅਤੇ ਸਮਰਥਨ ਸ਼ਰਮਨਾਕ ਹੈ।

ਹਾਲਾਂਕਿ ਸ਼ਰਮਾ ਵੱਲੋਂ ਕੀਤੇ ਟਵੀਟ ਤੋਂ ਬਾਅਦ ਅਧੀਰ ਰੰਜਨ ਚੌਧਰੀ ਨੇ ਵੀ ਟਵਿੱਟਰ ਜ਼ਰੀਏ ਹੀ ਆਪਣਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਸ਼ਰਮਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜੋ ਗਠਜੋੜ ਪੱਛਮੀ ਬੰਗਾਲ 'ਚ ਬਣਿਆ ਹੈ, ਉਸ ਦੀ ਅਗਵਾਈ ਖੱਬੇ ਪੱਖੀ ਮੋਰਚੇ ਦੇ ਕੋਲ ਹੈ ਅਤੇ ਕਾਂਗਰਸ ਵੀ ਉਸ ਦਾ ਇੱਕ ਹਿੱਸਾ ਹੈ।

ਉਨ੍ਹਾਂ ਨੇ ਵਿਅੰਗ ਕਰਦਿਆਂ ਕਿਹਾ, "ਮੈਂ ਇੰਨ੍ਹਾਂ ਕੁਝ ਕਾਂਗਰਸੀ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਨਿੱਜੀ ਲਾਭ ਤੋਂ ਪਰਾਂ ਜਾ ਕੇ ਕੰਮ ਕਰਨ ਅਤੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕਰਨ 'ਚ ਆਪਣਾ ਸਮਾਂ ਬਰਬਾਦ ਨਾ ਕਰਨ। ਉਨ੍ਹਾਂ ਦਾ ਫਰਜ਼ ਹੈ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਨਾ ਕਿ ਉਸ ਰੁੱਖ ਨੂੰ ਹੀ ਕੱਟ ਦੇਣ, ਜਿਸ ਨੇ ਇੰਨੇ ਸਾਲਾਂ ਤੱਕ ਉਨ੍ਹਾਂ ਨੂੰ ਫਲ ਅਤੇ ਛਾਂ ਦਿੱਤੀ ਹੈ।"

ਜੀ-23 ਲਈ ਵੱਡਾ ਝਟਕਾ

ਕੁਝ ਦਿਨ ਪਹਿਲਾਂ ਜੀ-23 'ਚ ਸ਼ਾਮਲ ਜਿਤਿਨ ਪ੍ਰਸਾਦ ਨੇ ਵੀ ਸ਼ਰਮਾ ਨੂੰ ਜਵਾਬ ਦਿੰਦਿਆਂ ਕਿਹਾ ਸੀ ਕਿ ਗਠਜੋੜ ਦੇ ਫ਼ੈਸਲੇ ਸੰਗਠਨ ਅਤੇ ਵਰਕਰਾਂ ਦੇ ਹਿੱਤ ਨੂੰ ਧਿਆਨ 'ਚ ਰੱਖਦਿਆਂ ਹੀ ਲਏ ਜਾਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਾਰਿਆਂ ਨੂੰ ਇੱਕਜੁੱਟ ਹੋ ਕੇ ਰਹਿਣ ਦੀ ਜ਼ਰੂਰਤ ਹੈ ਅਤੇ ਨਾਲ ਹੀ ਜਿੰਨ੍ਹਾਂ ਰਾਜਾਂ 'ਚ ਚੋਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ 'ਚ ਪਾਰਟੀ ਦੇ ਹੱਕ 'ਚ ਨਿਤਰਨਾ ਚਾਹੀਦਾ ਹੈ।

ਜਿਤਿਨ ਪ੍ਰਸਾਦ

ਤਸਵੀਰ ਸਰੋਤ, twitter/jitinprasada

ਤਸਵੀਰ ਕੈਪਸ਼ਨ, ਜਿਤਿਨ ਪ੍ਰਸਾਦ

ਜੀ-23 ਲਈ ਇਹ ਇੱਕ ਵੱਡਾ ਝਟਕਾ ਸੀ। ਰਾਜਨੀਤਿਕ ਵਿਸ਼ਲੇਸ਼ਕ ਰਸ਼ੀਦ ਕਿਦਵਈ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕਾਂਗਰਸ ਲੀਡਰਸ਼ਿਪ ਸਿਰਫ ਚੋਣਾਂ ਦੇ ਮੱਦੇਨਜ਼ਰ ਹੀ ਇੰਨ੍ਹਾਂ ਆਗੂਆਂ 'ਤੇ ਕੋਈ ਪ੍ਰਤੀਕ੍ਰਿਆ ਨਹੀਂ ਦੇ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਿਰਫ ਕੇਰਲ ਨੂੰ ਛੱਡ ਕੇ ਜਿਹੜੇ ਦੂਜੇ ਸੂਬਿਆਂ 'ਚ ਚੋਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ 'ਚ ਕਾਂਗਰਸ ਦੀ ਸਥਿਤੀ ਪਹਿਲਾਂ ਨਾਲੋਂ ਕਮਜ਼ੋਰ ਹੋ ਗਈ ਹੈ। ਅਜਿਹੀ ਸਥਿਤੀ 'ਚ ਅਸਾਮ ਅਤੇ ਕੇਰਲ 'ਚ ਕਾਂਗਰਸ ਬਿਹਤਰ ਪ੍ਰਦਰਸ਼ਨ ਲਈ ਜ਼ੋਰ ਲਗਾ ਸਕਦੀ ਹੈ।

ਉਹ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਹਾਈ ਕਮਾਂਡ ਜੀ-23 ਸਮੂਹ ਦੇ ਆਗੂਆਂ ਖ਼ਿਲਾਫ਼ ਕੋਈ ਕਾਰਵਾਈ ਕਰੇਗੀ ਅਤੇ ਉਨ੍ਹਾਂ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ। ਇਸ ਲਈ ਹੀ ਪਾਰਟੀ ਵੱਲੋਂ ਕੋਈ ਅਧਿਕਾਰਤ ਪ੍ਰਤੀਕ੍ਰਿਆ ਨਹੀਂ ਦਿੱਤੀ ਜਾ ਰਹੀ ਹੈ। ਪਿਛਲੇ ਸਾਲ ਜੀ-23 ਦੇ ਆਗੂਆਂ ਵੱਲੋਂ ਲਿਖੀ ਚਿੱਠੀ 'ਤੇ ਵੀ ਕੋਈ ਪ੍ਰਤੀਕ੍ਰਿਆ ਨਹੀਂ ਆਈ ਹੈ।"

ਸੂਬਾਈ ਇਕਾਈ ਦਾ ਫ਼ੈਸਲਾ

ਕਿਦਵਈ ਦਾ ਕਹਿਣਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਹੀ ਜੀ-23 ਦੇ ਆਗੂਆਂ ਵਿਚਾਲੇ ਮਤਭੇਦ ਪੈਦਾ ਕਰਨ ਦਾ ਯਤਨ ਕੀਤਾ ਸੀ।

ਪਾਰਟੀ ਨੇ ਜਿਤਿਨ ਪ੍ਰਸਾਦ ਅਤੇ ਪ੍ਰਿਥਵੀਰਾਜ ਚੌਹਾਨ ਨੂੰ ਚੋਣ ਕਮੇਟੀਆਂ ਦਾ ਇੰਚਾਰਜ ਬਣਾ ਕੇ ਇੱਕ ਤਰ੍ਹਾਂ ਨਾਲ ਜੀ-23 ਦੇ ਆਗੂਆਂ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜੰਮੂ 'ਚ ਹੋਈ ਜੀ-23 ਦੀ ਬੈਠਕ 'ਚ ਵੀ ਸਮੂਹ ਦੇ ਸਾਰੇ ਆਗੂਆਂ ਨੇ ਸ਼ਿਰਕਤ ਨਹੀਂ ਕੀਤੀ ਸੀ।

ਕਾਂਗਰਸ ਦੇ ਸੀਨੀਅਰ ਆਗੂ ਬੀਕੇ ਹਰੀ ਪ੍ਰਸਾਦ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਕੀਤੇ ਜਾਣ ਵਾਲੇ ਗੱਠਜੋੜ ਲਈ ਸੂਬਾਈ ਇਕਾਈ ਨੂੰ ਹੀ ਅਧਿਕਾਰਤ ਕੀਤਾ ਜਾਂਦਾ ਹੈ।

ਰਾਹੁਲ ਗਾਂਧੀ

ਤਸਵੀਰ ਸਰੋਤ, Twitter/rahul gandhi

"ਇਹ ਫ਼ੈਸਲੇ ਰਾਜ ਪੱਧਰ 'ਤੇ ਹੀ ਹੁੰਦੇ ਹਨ ਅਤੇ ਇਸ ਦਾ ਹਾਈ ਕਮਾਂਡ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਸੂਬਾਈ ਇਕਾਈ ਨੂੰ ਹੀ ਚੰਗੀ ਤਰ੍ਹਾਂ ਨਾਲ ਪਤਾ ਹੁੰਦਾ ਹੈ ਕਿ ਖੇਤਰੀ ਪੱਧਰ 'ਤੇ ਕਿਸ ਧਿਰ ਨਾਲ ਗਠਜੋੜ ਕਰਨਾ ਪਾਰਟੀ ਦੇ ਹਿੱਤ 'ਚ ਹੋਵੇਗਾ।"

ਹਾਲਾਂਕਿ ਜੀ-23 ਦੇ ਆਗੂਆਂ ਵੱਲੋਂ ਦਿੱਤੇ ਬਿਆਨਾਂ ਦਾ ਜ਼ਿਕਰ ਕਰਦਿਆਂ ਉਹ ਕਹਿੰਦੇ ਹਨ, ''ਰਾਜਨੀਤਿਕ ਪਾਰਟੀਆਂ 'ਚ ਅਜਿਹਾ ਚਲਦਾ ਹੀ ਰਹਿੰਦਾ ਹੈ ਅਤੇ ਹਰ ਆਗੂ ਆਪਣੀ ਗੱਲ ਕਹਿਣ ਲਈ ਸੁਤੰਤਰ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਜੋ ਕੁਝ ਵੀ ਹੋ ਰਿਹਾ ਹੈ, ਉਸ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ "ਇਹ ਸਭ ਕੁਝ ਵਧੀਆ ਮਾਹੌਲ 'ਚ ਨਹੀਂ ਹੋ ਰਿਹਾ ਹੈ।"

ISWOTY

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)