ਕਿਸਾਨ ਅੰਦੋਲਨ ਨਾਲ ਜੋੜ ਕੇ ਜਸਟਿਨ ਟਰੂਡੋ ਦਾ ਜ਼ਿਕਰ ਸੰਸਦ ਵਿੱਚ ਕਿਉਂ ਹੋਇਆ - 5 ਅਹਿਮ ਖ਼ਬਰਾਂ

ਰਾਜ ਸਭਾ ਮੈਂਬਰ ਅਨਿਲ ਦੇਸਾਈ ਨੇ ਕੇਂਦਰ ਸਰਕਾਰ ਨੂੰ ਸਦਨ ਦੀ ਕਾਰਵਾਈ ਦੌਰਾਨ ਪੁੱਛਿਆ ਕਿ ਕੀ ਭਾਰਤ ਸਰਕਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਵਿੱਚ ਜਾਰੀ ਕਿਸਾਨ ਅੰਦੋਲਨ ਬਾਰੇ ਬਿਆਨ ਦੇਣ ਬਾਰੇ ਜਾਣਕਾਰੀ ਹੈ ਤੇ ਜੇ ਹੈ ਤਾਂ ਕੀ ਉਨ੍ਹਾਂ ਨੇ ਇਸ ਬਾਰੇ ਕੈਨੇਡਾ ਦੀ ਸਰਕਾਰ ਨੂੰ ਇਤਰਾਜ਼ ਦਰਜ ਕਰਵਾਇਆ ਹੈ।

ਇਸ ਦਾ ਜਵਾਬ ਸਦਨ ਵਿੱਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਦਿੱਤਾ।

ਉਨ੍ਹਾਂ ਕਿਹਾ, "ਅਸੀਂ ਇਹ ਮੁੱਦਾ ਓਟਵਾ ਤੇ ਦਿੱਲੀ ਦੋਵੇਂ ਥਾਵਾਂ 'ਤੇ ਕੈਨੇਡਾ ਸਰਕਾਰ ਦੇ ਸਾਹਮਣੇ ਚੁੱਕਿਆ ਹੈ। ਉਨ੍ਹਾਂ ਨੂੰ ਇਹ ਦੱਸ ਦਿੱਤਾ ਗਿਆ ਹੈ ਕਿ ਅਜਿਹਾ ਬਿਆਨ ਭਾਰਤ ਦੇ ਅੰਦਰੂਣੀ ਮਾਮਲਿਆਂ ਵਿੱਚ ਦਖਲ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਨਾਲ ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਤੇ ਮਾੜਾ ਅਸਰ ਪਵੇਗਾ"

ਇਸ ਤੋਂ ਇਲਵਾ ਕਿਸਾਨ ਅੰਦੋਲਨ ਨਾਲ ਜੁੜਿਆ ਵੀਰਵਾਰ ਦਾ ਹੋਰ ਅਹਿਮ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਗਾਜ਼ੀਪੁਰ ਬਾਰਡਰ 'ਤੇ ਇੱਕ ਪਾਸੇ ਕਿਸਾਨ, ਦੂਜੇ ਪਾਸੇ ਪਹਿਰਾ - ਗਰਾਊਂਡ ਰਿਪੋਰਟ

ਯੂਪੀ ਦੇ ਬਿਜਨੌਰ ਜ਼ਿਲ੍ਹੇ ਦੇ ਰਹਿਣ ਵਾਲੇ ਦਿਲੀਪ ਕੁਮਾਰ ਦੀ ਵੀ ਡਿਊਟੀ ਇਸ ਬੈਰੀਅਰ 'ਤੇ ਲੱਗੀ ਹੈ।

ਦਿਲੀਪ ਕਹਿੰਦੇ ਹਨ, ''ਕਿਸਾਨਾਂ ਦਾ ਅੰਦੋਲਨ ਸ਼ਾਂਤੀਪੂਰਨ ਹੈ ਅਤੇ ਇਹ ਦਿੱਲੀ ਪੁਲਿਸ ਨੂੰ ਵੀ ਪਤਾ ਹੈ। 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਜੋ ਕੁਝ ਵੀ ਹੋਇਆ, ਉਸ ਦਾ ਅੰਦੋਲਨਕਾਰੀ ਕਿਸਾਨਾਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਸੀ। ਇਹ ਵੀ ਸਭ ਲੋਕ ਜਾਣ ਚੁੱਕੇ ਹਨ।''

''ਪਰ ਕੌਮਾਂਤਰੀ ਬਾਰਡਰ ਵਰਗੀ ਬੈਰੀਕੇਡਿੰਗ ਕਰਕੇ ਦਿੱਲੀ ਪੁਲਿਸ ਅਤੇ ਸਰਕਾਰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਕਿਸਾਨਾਂ ਤੋਂ ਉਨ੍ਹਾਂ ਨੂੰ ਕਿੰਨਾ ਖਤਰਾ ਹੈ।"

ਗਾਜ਼ੀਪੁਰ ਬਾਰਡਰ ਤੋਂ ਬੀਬੀਸੀ ਸਹਿਯੋਗੀ ਸਮੀਰਾਤਮਜ ਮਿਸ਼ਰ ਦੀ ਗਰਾਊਂਡ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਮਨਦੀਪ ਪੁਨੀਆ ਨੇ ਜੇਲ੍ਹ ਤੋਂ ਬਾਹਰ ਆ ਕੇ ਕੀ ਕਿਹਾ?

ਬੀਤੇ ਸ਼ਨਿੱਚਰਾਵਰ ਸਿੰਘੂ ਬਾਰਡਰ ਤੋਂ ਗ੍ਰਿਫ਼ਤਾਰ ਕੀਤੇ ਗਏ ਪੱਤਰਕਾਰ ਮਨਦੀਪ ਪੂਨੀਆ ਦਿੱਲੀ ਦੀ ਰੋਹਿਣੀ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਬੁੱਧਵਾਰ ਦੇਰ ਰਾਤ ਰਿਹਾਅ ਹੋ ਗਏ।

ਜੇਲ੍ਹ ਤੋਂ ਬਾਹਰ ਆ ਕੇ ਮਨਦੀਪ ਪੂਨੀਆ ਨੇ ਕਿਹਾ ਕਿ ਪੱਤਰਕਾਰਤਾ ਪ੍ਰਤੀ ਆਪਣੇ ਫ਼ਰਜ਼ ਨੂੰ ਨਿਭਾਉਣਾ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਣਗੇ।

ਤਿਹਾੜ ਤੋਂ ਰਿਹਾਅ ਹੋ ਕੇ ਮਨਦੀਪ ਪੂਨੀਆ ਨੇ ਆਪਣੀ ਜ਼ਮਾਨਤ ਲਈ ਅਦਾਲਤ ਦਾ ਧੰਨਵਾਦ ਕਰਦਿਆਂ ਇੱਕ ਵੱਡਾ ਸਵਾਲ ਖੜਾ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਜ਼ਮਾਨਤ ਦਿੱਤੇ ਜਾਣ ਲਈ ਅਦਾਲਤ ਦੇ ਸ਼ੁਕਰਗੁਜ਼ਾਰ ਹਨ ਪਰ ਅਹਿਮ ਸਵਾਲ ਇਹ ਹੈ ਕਿ, ਕੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਸੀ?

ਬੀਬੀਸੀ ਪੱਤਰਕਾਰ ਪ੍ਰਸ਼ਾਂਤ ਚਹਿਲ ਨੇ ਪੂਨੀਆਂ ਨਾਲ ਗੱਲਬਾਤ ਕੀਤੀ, ਪੜ੍ਹਨ ਲਈ ਇੱਥੇ ਕਲਿੱਕ ਕਰੋ।

ਗਰੇਟਾ ਥਨਬਰਗ ਨੇ ਕਦੋਂ-ਕਦੋਂ ਸਿਆਸਤਦਾਨਾਂ ਨੂੰ ਲਲਕਾਰਿਆ

ਕਿਸਾਨ ਅੰਦੋਲਨ ਦੇ ਪੱਖ ਵਿੱਚ ਰਿਹਾਨਾ ਮਗਰੋਂ ਵਾਤਾਵਰਨ ਕਾਰਕੁਨ ਗਰੇਟਾ ਥਨਬਰਗ ਨੇ ਆਪਣੀ ਹਮਾਇਤ ਜ਼ਾਹਿਰ ਕੀਤੀ। ਗਰੇਟਾ ਨੇ ਕਿਹਾ, "ਅਸੀਂ ਭਾਰਤ ਵਿੱਚ ਹੋ ਰਹੇ ਕਿਸਾਨ ਅੰਦੋਲਨ ਦੇ ਨਾਲ ਖੜ੍ਹੇ ਹਾਂ।"

ਗਰੇਟਾ ਦੇ ਇਸ ਟਵੀਟ ਨੇ ਉਨ੍ਹਾਂ ਨੂੰ ਚਰਚਾ ਵਿੱਚ ਲਿਆ ਦਿੱਤਾ। ਭਾਰਤ ਵਿੱਚ ਉਨ੍ਹਾਂ ਬਾਰੇ ਗੱਲਾਂ ਹੋਣ ਲਗੀਆਂ। ਉਨ੍ਹਾਂ ਦੀਆਂ ਸਿਫ਼ਤਾਂ ਹੋਈਆਂ ਤੇ ਉਨ੍ਹਾਂ ਦੀ ਨਿਖੇਧੀ ਵੀ ਹੋਈ।

ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਨੇ ਤਾਂ ਉਨ੍ਹਾਂ ਦੀ ਕਿਸਾਨ ਅੰਦੋਲਨ ਨੂੰ ਦਿੱਤੀ ਹਮਾਇਤ ਨੂੰ ਭਾਰਤ ਖਿਲਾਫ਼ ਕੌਮਾਂਤਰੀ ਸਾਜ਼ਿਸ਼ ਦਾ ਇੱਕ ਹਿੱਸਾ ਕਰਾਰ ਦੇ ਦਿੱਤਾ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਟਿਕੈਤ ਦਾ ਕੰਡੇਲਾ ਪਿੰਡ ਨਾਲ ਕੀ ਹੈ ਰਿਸ਼ਤਾ

ਕੰਡੇਲਾ ਪਿੰਡ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅਕਤੂਬਰ ਮਹੀਨੇ ਤੋਂ ਅਣਮਿੱਥੇ ਸਮੇਂ ਲਈ ਧਰਨਾ ਚੱਲ ਰਿਹਾ ਹੈ। ਇਹ ਖਾਪ, ਜਿਸ ਵਿੱਚ 28 ਪਿੰਡ ਆਉਂਦੇ ਹਨ, ਕਿਸਾਨ ਅੰਦੋਲਨ ਦੀ ਪੂਰੀ ਹਮਾਇਤ ਕਰ ਰਹੀ ਹੈ।

ਇਸੇ ਪਿੰਡ ਦੇ ਮੋਨੂ ਕੰਡੇਲਾ ਰੇਧੂ ਦੱਸਦੇ ਹਨ, "ਸਾਡੇ ਪਿੰਡ ਦੀ ਇੱਕ ਖ਼ਾਸੀਅਤ ਹੈ ਕਿ ਇਸ ਪਿੰਡ ਵਾਲੇ ਜ਼ੁਲਮ ਦੇ ਖ਼ਿਲਾਫ਼ ਇੱਕਜੁੱਟਤਾ ਨਾਲ ਖੜੇ ਹੋ ਜਾਂਦੇ ਹਨ।"

ਆਜ਼ਾਦ ਕੰਡੇਲਾ ਦਾ ਦਾਅਵਾ ਹੈ, "ਟਿਕੈਤ ਨੇ ਜਦੋਂ ਕੰਡੇਲਾ ਖਾਪ ਦੇ ਟਰੈਕਟਰ ਗਾਜ਼ੀਪੁਰ ਬਾਰਡਰ 'ਤੇ ਦੇਖੇ ਤਾਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਹੁਣ ਕਿਸਾਨਾਂ ਦੀ ਜਿੱਤ ਪੱਕੀ ਹੈ। ਇਸ ਗੱਲ ਦਾ ਧੰਨਵਾਦ ਕਰਨ ਟਿਕੈਤ ਕੰਡੇਲਾ ਆਏ ਸਨ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)