ਮਨਦੀਪ ਪੁਨੀਆ: ਜੇਲ੍ਹ 'ਚ ਬੰਦ ਕਿਸਾਨਾਂ ਨਾਲ ਗੱਲਬਾਤ ਬਾਰੇ ਪੈਰਾਂ ’ਤੇ ਲਿਖੇ ਨੋਟਸ ਨੂੰ ਰਿਪੋਰਟ ’ਚ ਸ਼ਾਮਿਲ ਕਰਾਂਗਾ

ਬੀਤੇ ਸ਼ਨਿੱਚਰਾਵਰ ਸਿੰਘੂ ਬਾਰਡਰ ਤੋਂ ਗ੍ਰਿਫ਼ਤਾਰ ਕੀਤੇ ਗਏ ਪੱਤਰਕਾਰ ਮਨਦੀਪ ਪੂਨੀਆ ਦਿੱਲੀ ਦੀ ਰੋਹਿਣੀ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਬੁੱਧਵਾਰ ਦੇਰ ਰਾਤ ਰਿਹਾਅ ਹੋ ਗਏ।

ਜੇਲ੍ਹ ਤੋਂ ਬਾਹਰ ਆ ਕੇ ਮਨਦੀਪ ਪੂਨੀਆ ਨੇ ਕਿਹਾ ਕਿ ਪੱਤਰਕਾਰਤਾ ਪ੍ਰਤੀ ਆਪਣੇ ਫ਼ਰਜ਼ ਨੂੰ ਨਿਭਾਉਣਾ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਣਗੇ। ਮਨਦੀਪ ਪੂਨੀਆ ਦਿੱਲੀ ਦੀਆਂ ਹੱਦਾਂ 'ਤੇ ਚਲ ਰਹੇ ਕਿਸਾਨ ਅੰਦੋਲਨ ਨੂੰ ਕਵਰ ਕਰ ਰਹੇ ਸਨ।

ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਬੀਤੇ ਸ਼ਨਿੱਚਰਵਾਰ ਸਿੰਘੂ ਬਾਰਡਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ 'ਤੇ ਸਰਕਾਰੀ ਕਰਮਚਾਰੀ ਦੇ ਕੰਮ ਵਿੱਚ ਰੁਕਾਵਟ ਪਾਉਣ, ਸਰਕਾਰੀ ਕਰਮਚਾਰੀ 'ਤੇ ਹਮਲਾ ਕਰਨ, ਜਾਣ ਬੁੱਝ ਕੇ ਕੰਮ ਵਿੱਚ ਰੁਕਾਵਟ ਪਾਉਣ ਅਤੇ ਗ਼ੈਰ-ਕਾਨੂੰਨੀ ਦਖ਼ਲਅੰਦਾਜ਼ੀ ਕਰਨ ਦੇ ਇਲਜ਼ਾਮ ਲਗਾਏ ਗਏ ਸਨ।

ਦਿੱਲੀ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ -186, 353, 332 ਅਤੇ 341 ਅਧੀਨ ਮੁਕੱਦਮਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ:

ਕੀ ਹੈ ਮਾਮਲਾ?

ਸ਼ਨਿੱਚਰਾਵਰ ਸ਼ਾਮ ਇੱਕ ਵਾਇਰਲ ਵੀਡੀਓ ਜ਼ਰੀਏ ਪੂਨੀਆਂ ਦੀ ਗ੍ਰਿਫ਼ਤਾਰੀ ਦਾ ਪਤਾ ਲਗਿਆ ਜਿਸ ਵਿੱਚ ਪੁਲਿਸ ਇੱਕ ਵਿਅਕਤੀ ਨੂੰ ਖਿੱਚ ਕੇ ਲੈ ਜਾਣ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆ ਰਹੀ ਹੈ।

ਇਸ ਦੇ ਬਾਅਦ ਪੱਤਰਕਾਰਾਂ ਨੇ ਮਨਦੀਪ ਪੂਨੀਆਂ ਬਾਰੇ ਟਵੀਟ ਕਰਨਾ ਸ਼ੁਰੂ ਕਰ ਦਿੱਤਾ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਲੋਕਾਂ ਨੂੰ ਐਤਵਾਰ ਸਵੇਰ ਤੱਕ ਇਹ ਜਾਣਕਾਰੀ ਨਹੀਂ ਸੀ ਮਿਲ ਸਕੀ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕਿੱਥੇ ਲੈ ਜਾਇਆ ਗਿਆ ਹੈ।

ਮੈਟਰੋਪਾਲਿਟਨ ਮਜਿਸਟਰੇਟ ਨੇ ਐਤਾਵਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਉਨ੍ਹਾਂ ਨੂੰ 14 ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਦੇ ਬਾਅਦ ਮਨਦੀਪ ਪੂਨੀਆ ਤਿਹਾੜ ਦੀ ਕੇਂਦਰੀ ਜੇਲ੍ਹ ਵਿੱਚ 8 ਨੰਬਰ ਬੈਰਕ ਵਿੱਚ ਕੈਦ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਇਸ ਦਰਮਿਆਨ ਆਡੀਟਰਜ਼ ਗਿਲਡ ਤੋਂ ਲੈ ਕੇ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜੇ ਪੱਤਰਕਾਰਾਂ ਅਤੇ ਆਜ਼ਾਦ ਤੌਰ 'ਤੇ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਨੇ ਦਿੱਲੀ ਪੁਲਿਸ ਦੇ ਇਸ ਕਦਮ ਦਾ ਵਿਰੁੱਧ ਕਰਦਿਆਂ ਮਾਰਚ ਕੱਢਿਆ।

ਇਸਦੇ ਬਾਅਦ ਰੋਹਿਣੀ ਕੋਰਟ ਦੇ ਚੀਫ਼ ਮੈਟਰੋਪਾਲਿਟਨ ਮਜਿਸਟਰੇਟ ਸਤਬੀਰ ਸਿੰਘ ਲਾਂਬਾ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ 25000 ਰੁਪਏ ਦੇ ਨਿੱਜੀ ਮੁਚੱਕਲੇ 'ਤੇ ਜ਼ਮਾਨਤ ਦੇ ਦਿੱਤੀ ਸੀ।

ਜੇਲ੍ਹ ਤੋਂ ਰਿਹਾਅ ਹੋਣ ਬਾਅਦ ਪੂਨੀਆ ਨੇ ਕੀ ਕਿਹਾ?

ਤਿਹਾੜ ਤੋਂ ਰਿਹਾਅ ਹੋ ਕੇ ਮਨਦੀਪ ਪੂਨੀਆ ਨੇ ਆਪਣੀ ਜ਼ਮਾਨਤ ਲਈ ਅਦਾਲਤ ਦਾ ਧੰਨਵਾਦ ਕਰਦਿਆਂ ਇੱਕ ਵੱਡਾ ਸਵਾਲ ਖੜਾ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਜ਼ਮਾਨਤ ਦਿੱਤੇ ਜਾਣ ਲਈ ਅਦਾਲਤ ਦੇ ਸ਼ੁਕਰਗੁਜ਼ਾਰ ਹਨ ਪਰ ਅਹਿਮ ਸਵਾਲ ਇਹ ਹੈ ਕਿ, ਕੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਸੀ?

ਜੇਲ੍ਹ ਤੋਂ ਬਾਹਰ ਆਕੇ ਮਨਦੀਪ ਪੂਨੀਆ ਨੇ ਬੀਬੀਸੀ ਪੱਤਰਕਾਰ ਪ੍ਰਸ਼ਾਂਤ ਚਾਹਲ ਨਾਲ ਗੱਲਬਾਤ ਕੀਤੀ। ਪੂਨੀਆ ਕਹਿੰਦੇ ਹਨ, "ਮੈਂ ਉਨ੍ਹਾਂ ਸਾਰੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਕਰਾਂਗਾਂ ਜੋ ਮੇਰੇ ਨਾਲ ਖੜੇ ਰਹੇ। ਇਮਾਨਦਾਰ ਰਿਪੋਰਟਿੰਗ ਦੀ ਇਸ ਸਮੇਂ ਦੇਸ ਨੂੰ ਬਹੁਤ ਲੋੜ ਹੈ। ਪਰ ਅਜਿਹੇ ਸਮੇਂ ਵਿੱਚ, ਜਦੋਂ ਸਰਕਾਰ ਲੋਕਾਂ ਤੋਂ ਕੁਝ ਲੁਕਾਉਣਾ ਚਾਹੁੰਦੀ ਹੋਵੇ, ਉਸ ਸਮੇਂ ਪੱਤਰਕਾਰੀ ਕਰਨਾ ਔਖਾ ਹੋ ਜਾਂਦਾ ਹੈ।"

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ, " ਸੱਤਾ ਨੂੰ ਸੱਚ ਦਾ ਪਤਾ ਹੁੰਦਾ ਹੈ, ਪਰ ਉਹ ਸੱਚ ਲੋਕਾਂ ਨੂੰ ਪਤਾ ਲਗਣਾ ਚਾਹੀਦਾ ਹੈ। ਪੱਤਰਕਾਰੀ ਦਾ ਪੇਸ਼ਾ, ਕੋਈ ਗ਼ਲੈਮਰ ਨਾਲ ਭਰਿਆ ਪੇਸ਼ਾ ਨਹੀਂ ਹੈ। ਇਹ ਬਹੁਤ ਔਖਾ ਕੰਮ ਹੈ ਅਤੇ ਇਸ ਔਖੇ ਕੰਮ ਨੂੰ ਭਾਰਤ ਹੀ ਨਹੀਂ, ਬਲਕਿ ਦੁਨੀਆਂ ਦੇ ਕਈ ਦੇਸਾਂ ਵਿੱਚ ਬਹੁਤ ਇਮਾਨਦਾਰੀ ਨਾਲ ਕੀਤਾ ਜਾ ਰਿਹਾ ਹੈ।"

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪੂਨੀਆ ਨੇ ਖ਼ਬਰਾਂ ਦੇ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਕਰਦਿਆਂ ਆਪਣੇ ਪੈਰਾਂ 'ਤੇ ਲਿਖੇ ਨੋਟਸ ਦਿਖਾਏ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਕਿਸਾਨ ਮੁਜ਼ਾਹਰਾਕਾਰੀਆਂ ਦੇ ਨੋਟਸ ਹਨ, ਜਿਨ੍ਹਾਂ ਨੂੰ ਉਹ ਆਪਣੀ ਰਿਪੋਰਟ ਵਿੱਚ ਲਿਖਣਗੇ।

ਵੀਰਵਾਰ ਸਵੇਰ ਪੂਨੀਆ ਨੇ ਟਵੀਟ ਕਰਕੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨਾਲ ਜੋ ਕੀਤਾ, ਉਸ ਨਾਲ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਹੋਇਆ ਹੈ।

ਉਹ ਲਿਖਦੇ ਹਨ, "ਇੱਕ ਪੱਤਰਕਾਰ ਵਜੋਂ ਮੇਰੀ ਇਹ ਜ਼ਿੰਮੇਵਾਰੀ ਸੀ ਕਿ ਮੈਂ ਇਸ ਅੰਦੋਲਨ ਨੂੰ ਸੱਚਾਈ ਅਤੇ ਇਮਾਨਦਾਰੀ ਨਾਲ ਰਿਪੋਰਟ ਕਰਾਂ। ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।"

"ਮੈਂ ਅੰਦੋਲਨ ਵਾਲੀ ਥਾਂ 'ਤੇ ਕਿਸਾਨਾਂ 'ਤੇ ਹਮਲਾ ਕਰਨ ਵਾਲੇ ਲੋਕਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਗ੍ਰਿਫ਼ਤਾਰੀ ਨਾਲ ਮੇਰੇ ਕੰਮ ਵਿੱਚ ਰੁਕਾਵਟ ਪੈਦਾ ਹੋਈ ਅਤੇ ਮੇਰਾ ਕੀਮਤੀ ਸਮਾਂ ਬਰਬਾਦ ਹੋਇਆ। ਮੈਨੂੰ ਲਗਦਾ ਹੈ ਮੇਰੇ ਨਾਲ ਗ਼ਲਤ ਹੋਇਆ।"

ਉਹ ਅੱਗੇ ਲਿਖਦੇ ਹਨ, "ਪੁਲਿਸ ਨੇ ਮੈਨੂੰ ਮੇਰਾ ਕੰਮ ਕਰਨ ਤੋਂ ਰੋਕਿਆ। ਇਹ ਹੀ ਮੇਰਾ ਦੁੱਖ ਹੈ। ਉਸ ਹਿੰਸਾ ਦਾ ਨਹੀਂ ਜੋ ਮੇਰੇ ਨਾਲ ਹੋਈ। ਇਸ ਘਟਨਾ ਨੇ ਰਿਪੋਰਟਿੰਗ ਕਰਨ ਦੇ ਮੇਰੇ ਇਰਾਦੇ ਨੂੰ ਹੋਰ ਮਜ਼ਬੁਤ ਕਰ ਦਿੱਤਾ। ਗਰਾਉਂਡ ਜ਼ੀਰੋ ਤੋਂ ਰਿਪੋਰਟਿੰਗ ਕਰਨਾ ਸਭ ਤੋਂ ਵੱਧ ਖ਼ਤਰੇ ਭਰਿਆ ਹੈ, ਪਰ ਪੱਤਰਕਾਰੀ ਦਾ ਸਭ ਤੋਂ ਜ਼ਰੂਰੀ ਹਿੱਸਾ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)