ਰਿਹਾਨਾ ਦੇ ਟਵੀਟ ਤੋਂ ਬਾਅਦ ਮੰਤਰੀਆਂ ਨੇ ਸਰਕਾਰ ਦਾ ਬਚਾਅ ਕਿਵੇਂ ਕੀਤਾ

ਖੇਤੀ ਕਾਨੂੰਨਾਂ ਖਿਲਾਫ਼ ਅਤੇ ਕਿਸਾਨਾਂ ਦੇ ਸਮਰਥਨ ਵਿੱਚ ਕਈ ਕੌਮਾਂਤਰੀ ਪੱਧਰ ਦੀਆਂ ਸ਼ਖਸੀਅਤਾਂ ਟਵੀਟ ਕਰਨ ਖ਼ਾਸ ਕਰ ਕੇ ਪੌਪ ਗਾਇਕਾ ਰਿਹਾਨਾ ਦੇ ਟਵੀਟ ਕਰਨ ਤੋਂ ਬਾਅਦ ਹੋਈ ਕੌਮਾਂਤਰੀ ਫਜ਼ੀਹਤ ਤੋਂ ਬਾਅਦ ਮੋਦੀ ਸਰਕਾਰ ਘਿਰੀ ਨਜ਼ਰ ਆਈ।

ਬਹਿਸ ਵਧਦੀ ਦੇਖ ਬੁੱਧਵਾਰ ਸ਼ਾਮ ਤੱਕ ਭਾਰਤ ਦੇ ਵਿਦੇਸ਼ ਮੰਤਰਾਲਾ ਵੱਲੋਂ ਇਸ ਬਾਰੇ ਬਿਆਨ ਜਾਰੀ ਕੀਤਾ ਗਿਆ ਅਤੇ ਕੌਮਾਂਤਰੀ ਹਸਤੀਆਂ ਵੱਲੋਂ ਕਿਸਾਨਾਂ ਨਾਲ ਪ੍ਰਗਟਾਈ ਹਮਾਇਤ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਅਤੇ ਪ੍ਰਾਪੇਗੰਡਾ ਦੱਸਿਆ ਗਿਆ ਗਿਆ।

ਭਾਰਤ ਦੀਆਂ ਬਾਲੀਵੁੱਡ ਅਤੇ ਖੇਡ ਜਗਤ ਨਾਲ ਜੁੜੀਆਂ ਕਈ ਹਸਤੀਆਂ ਨੇ ਸਰਕਾਰ ਵੱਲੋਂ ਜਾਰੀ ਹੈਸ਼ਟੈਗ #IndiaAgainstPropaganda, #IndiaTogether ਦੇ ਨਾਲ ਟਵੀਟ ਕੀਤੇ ਅਤੇ ਬਹੁਤਿਆਂ ਨੇ ਵਿਦੇਸ਼ ਮੰਤਰਾਲਾ ਦੇ ਬਿਆਨ ਨੂੰ ਟੈਗ ਕੀਤਾ।

ਇਹ ਵੀ ਪੜ੍ਹੋ:

ਇਸ ਵਿੱਚ ਕੇਂਦਰੀ ਮੰਤਰੀ ਵੀ ਅੱਗੇ ਆਏ ਅਤੇ ਉਨ੍ਹਾਂ ਨੇ ਆਪਣੀ ਸਰਕਾਰ ਦਾ ਬਚਾਅ ਕੀਤਾ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਦੇਸ਼ ਮੰਤਰਾਲਾ ਦਾ ਬਿਆਨ ਟੈਗ ਕਰਦਿਆਂ ਲਿਖਿਆ, "ਕੋਈ ਪ੍ਰਾਪੇਗੰਡਾ ਭਾਰਤ ਦੀ ਏਕਤਾ ਨੂੰ ਰੋਕ ਨਹੀਂ ਸਕਦਾ! ਕੋਈ ਪ੍ਰਾਪੇਗੰਡਾ ਭਾਰਤ ਨੂੰ ਨਵੀਆਂ ਉਚਾਈਆਂ ਤੇ ਜਾਣੋਂ ਨਹੀਂ ਰੋਕ ਸਕਦਾ ! ਪ੍ਰਾਪੇਗੰਡਾ ਭਾਰਤ ਦੀ ਹੋਣੀ ਤੈਅ ਨਹੀਂ ਕਰ ਸਕਦਾ ਸਿਰਫ਼ ਤਰੱਕੀ ਕਰ ਸਕਦੀ ਹੈ। ਭਾਰਤ ਵਿਕਾਸ ਹਾਸਲ ਕਰਨ ਲਈ ਇਕੱਠਾ ਤੇ ਇਕਜੁੱਟ ਹੈ।"

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਲਿਖਿਆ, "ਇਹ ਭਾਰਤ ਦਾ ਨਾਂਅ ਬਦਨਾਮ ਕਰਨ ਦੀ ਸੋਚੀ ਸਮਝੀ ਮੁਹਿੰਮ ਹੈ। ਉਨ੍ਹਾਂ ਦਾ ਪਰਦਾਫਾਸ਼ ਹੋਵੇਗਾ ਅਤੇ ਭਾਰਤ ਇਕਜੁੱਟ ਹੈ।"

ਕੇਂਦਰੀ ਮੰਤਰੀ ਸਮਰਿਤੀ ਜ਼ੂਬਿਨ ਰਾਨੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਫ਼ੋਟੋ ਟਵੀਟ ਕੀਤੀ ਜਿਸ ਉੱਪਰ ਲਿਖਿਆ ਸੀ, "ਅਸਲ ਵਿੱਚ ਉਹ ਮੇਰੇ ਨਹੀਂ ਤੁਹਾਡੇ ਪਿੱਛੇ ਹਨ, ਮੈਂ ਤਾਂ ਬਸ ਰਾਹ ਵਿੱਚ ਖੜ੍ਹਾ ਹਾਂ"।

ਆਪਣੀ ਟਵੀਟ ਵਿੱਚ ਸਮਰਿਤੀ ਨੇ ਸਰਕਾਰੀ ਹੈਸ਼ਟੈਗ ਦੀ ਵਰਤੋਂ ਕੀਤੀ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਸਰਗਰਮੀ ਦੇ ਨਾਲ ਹੋਰ ਅਹਿਮ ਲੋਕਾਂ ਦੇ ਸਰਕਾਰ ਪੱਖੀ ਟਵੀਟਾਂ ਨੂੰ ਰੀਟਵੀਟ ਕੀਤਾ।

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਤਹਿਤ ਹਿੰਦੀ ਵਿੱਚ ਤਿੰਨ ਟਵੀਟ ਕੀਤੇ।

ਪਹਿਲੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ,"ਭਾਰਤ, ਮਨੁੱਖੀ ਸੇਵਾ ਵਿੱਚ ਤਤਪਰ ਰਹਿਣ ਵਾਲਾ ਦੇਸ਼ ਹੈ। ਸਵੈ-ਪ੍ਰੇਰਣਾ ਨਾਲ ਅਨੇਕ ਦੇਸ਼ਾਂ ਨੂੰ ਕੋਰੋਨਾਵੈਕਸੀਨ ਮੁਹਈਆ ਕਰਵਾਉਣਾ ਉਸ ਦੀ ਮਿਸਾਲ ਹੈ। ਭਾਰਤ ਵਿਰੋਧੀ ਪ੍ਰਾਪੇਗੰਡਾ ਚਲਾ ਰਹੇ ਲੋਕ ਆਪਣੇ ਉਦੇਸ਼ਾਂ ਵਿੱਚ ਨਾਕਾਮ ਹੋਣਗੇ। ਦੁਨੀਆਂ ਦੀ ਲੋਕ ਰਾਇ ਭਾਰਤ ਦੇ ਨਾਲ ਖੜ੍ਹੀ ਹੈ।"

ਦੂਜੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, "ਨਿੱਜੀ ਸੁਆਰਥਾਂ ਦੇ ਚਲਦਿਆਂ ਦੇਸ਼ ਦੇ ਅੰਦਰ ਅਤੇ ਵਿਦੇਸ਼ੀ ਤਾਕਤਾਂ ਵੱਲੋਂ ਕੂੜ ਪ੍ਰਚਾਰ ਅਤੇ ਪ੍ਰਾਪੇਗੰਡਾ ਫੈਲਾਅ ਕੇ ਦੇਸ਼ ਨੂੰ ਅਸਥਿਰ ਕਰਨ ਲਈ ਕੀਤਾ ਗਿਆ ਕੋਈ ਵੀ ਕੰਮ ਭਾਰਤ ਸਵੀਕਾਰ ਨਹੀਂ ਕਰੇਗਾ। ਅਸੀਂ ਸਾਰੇ ਭਾਰਤ ਵਾਸੀ ਇਕਜੁੱਟ ਹਾਂ ਅਤੇ ਆਪਣੇ ਦੇਸ਼ ਦੇ ਨਾਲ ਖੜ੍ਹੇ ਹਾਂ।"

ਤੀਜੇ ਟਵੀਟ ਵਿੱਚ ਯੋਗੀ ਨੇ ਲਿਖਿਆ, "ਅਸੀਂ ਭਾਰਤ ਵਾਸੀ ਏਕਤਾ ਦੇ ਸੂਤਰ ਵਿੱਚ ਬੱਝੇ ਹਾਂ। ਸਾਡੀ ਏਕਤਾ, ਅਖੰਡਤਾ ਅਤੇ ਭਰੱਪਣ ਦੀ ਭਾਵਨਾ ਦੇ ਸਾਹਮਣੇ ਰਾਸ਼ਟਰ ਵਿਰੋਧੀ ਸਾਜਿਸ਼ ਨੂੰ ਨਾਕਾਮ ਹੋਣਾ ਹੀ ਪਵੇਗਾ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)